Explainer : ਡਿਜੀਟਲ 'ਜਨਗਣਨਾ-2027' ਦੀ ਸ਼ੁਰੂਆਤ; ਜਾਣੋ ਘਰ ਬੈਠੇ ਕਿਵੇਂ ਦਰਜ ਕਰ ਸਕਦੇ ਹੋ ਵੇਰਵਾ
ਭਾਰਤ ਦੇ ਵਿਕਾਸ ਦੀ ਭਵਿੱਖੀ ਰੂਪਰੇਖਾ ਤੈਅ ਕਰਨ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਮੁਹਿੰਮ 'ਜਨਗਣਨਾ-2027' ਦੀ ਸ਼ੁਰੂਆਤ ਬੁੱਧਵਾਰ ਤੋਂ ਹੋ ਗਈ ਹੈ। ਇਹ ਦੇਸ਼ ਦੇ ਇਤਿਹਾਸ ਦੀ ਪਹਿਲੀ ਅਜਿਹੀ ਜਨਗਣਨਾ ਹੈ ਜੋ ਪੂਰੀ ਤਰ੍ਹਾਂ ਡਿਜੀਟਲ ਹੋਵੇਗੀ। ਖਾਸ ਗੱਲ...
Advertisement
ਭਾਰਤ ਦੇ ਵਿਕਾਸ ਦੀ ਭਵਿੱਖੀ ਰੂਪਰੇਖਾ ਤੈਅ ਕਰਨ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਮੁਹਿੰਮ 'ਜਨਗਣਨਾ-2027' ਦੀ ਸ਼ੁਰੂਆਤ ਬੁੱਧਵਾਰ ਤੋਂ ਹੋ ਗਈ ਹੈ। ਇਹ ਦੇਸ਼ ਦੇ ਇਤਿਹਾਸ ਦੀ ਪਹਿਲੀ ਅਜਿਹੀ ਜਨਗਣਨਾ ਹੈ ਜੋ ਪੂਰੀ ਤਰ੍ਹਾਂ ਡਿਜੀਟਲ ਹੋਵੇਗੀ। ਖਾਸ ਗੱਲ ਇਹ ਹੈ ਕਿ ਇਸ ਵਾਰ ਕਾਗਜ਼ੀ ਫਾਰਮਾਂ ਦੀ ਥਾਂ ਲੋਕਾਂ ਨੂੰ 'ਸਵੈ-ਗਣਨਾ' (Self-Enumeration) ਦੀ ਸਹੂਲਤ ਦਿੱਤੀ ਗਈ ਹੈ, ਜਿਸ ਰਾਹੀਂ ਉਹ ਖ਼ੁਦ ਆਪਣੀ ਜਾਣਕਾਰੀ ਦਰਜ ਕਰ ਸਕਣਗੇ।
ਦੇਸ਼ ਦੀ ਪਹਿਲੀ ਨਾਗਰਿਕ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਔਨਲਾਈਨ ਮਾਧਿਅਮ ਰਾਹੀਂ ਆਪਣਾ ਵੇਰਵਾ ਦਰਜ ਕਰਕੇ ਦੇਸ਼ ਦੀ ਪਹਿਲੀ ਡਿਜੀਟਲ ਜਨਗਣਨਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੇ ਨਾਲ ਹੀ ਉਪ-ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪੋਰਟਲ ਰਾਹੀਂ ਆਪਣੀ ਜਾਣਕਾਰੀ ਖੁਦ ਭਰੀ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਇਸ ਇਤਿਹਾਸਕ ਕੰਮ ਵਿੱਚ ਹਿੱਸਾ ਲੈਣ ਅਤੇ ਆਪਣੇ ਪਰਿਵਾਰ ਦਾ ਵੇਰਵਾ ਆਪ ਦਰਜ ਕਰਨ।
ਜਨਗਣਨਾ-2027 ਦੇ ਪਹਿਲੇ ਪੜਾਅ, 'ਮਕਾਨਾਂ ਦੀ ਸੂਚੀ ਅਤੇ ਗਣਨਾ' (HLO) ਦੀ ਸ਼ੁਰੂਆਤ ਹੋ ਗਈ ਹੈ। ਪਹਿਲੇ ਪੜਾਅ ਵਿੱਚ ਇਸ ਨੂੰ 8 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ (ਗੋਆ, ਕਰਨਾਟਕ, ਓਡੀਸ਼ਾ, ਮਿਜ਼ੋਰਮ, ਸਿੱਕਮ, ਅੰਡੇਮਾਨ-ਨਿਕੋਬਾਰ, ਲਕਸ਼ਦੀਪ ਅਤੇ ਦਿੱਲੀ ਦੇ ਕੁਝ ਖੇਤਰਾਂ) ਵਿੱਚ ਸ਼ੁਰੂ ਕੀਤਾ ਗਿਆ ਹੈ। ਬੁੱਧਵਾਰ ਰਾਤ ਤੱਕ ਲਗਪਗ 55,000 ਪਰਿਵਾਰਾਂ ਨੇ ਔਨਲਾਈਨ ਪੋਰਟਲ ਰਾਹੀਂ ਆਪਣਾ ਵੇਰਵਾ ਖ਼ੁਦ ਦਰਜ ਕਰ ਦਿੱਤਾ ਹੈ।
ਕੀ ਹੈ 'ਸਵੈ-ਗਣਨਾ' (Self-Enumeration) ਅਤੇ ਇਹ ਕਿਵੇਂ ਕੰਮ ਕਰੇਗੀ?
ਸਵੈ-ਗਣਨਾ ਇੱਕ ਅਜਿਹੀ ਸਹੂਲਤ ਹੈ ਜਿਸ ਰਾਹੀਂ ਆਮ ਲੋਕ ਜਨਗਣਨਾ ਮੁਲਾਜ਼ਮਾਂ ਦੇ ਘਰ ਆਉਣ ਦਾ ਇੰਤਜ਼ਾਰ ਕੀਤੇ ਬਿਨਾਂ ਖੁਦ ਆਪਣੀ ਜਾਣਕਾਰੀ ਸਰਕਾਰੀ ਪੋਰਟਲ 'ਤੇ ਦਰਜ ਕਰ ਸਕਦੇ ਹਨ। ਪਹਿਲਾਂ ਇਹ ਕੰਮ ਸਿਰਫ਼ ਕਾਗਜ਼ੀ ਫਾਰਮਾਂ ਰਾਹੀਂ ਹੁੰਦਾ ਸੀ ਪਰ ਹੁਣ ਤੁਸੀਂ ਆਪਣੇ ਮੋਬਾਈਲ ਜਾਂ ਕੰਪਿਊਟਰ ਰਾਹੀਂ ਘਰ ਬੈਠੇ ਹੀ ਆਪਣਾ ਅਤੇ ਆਪਣੇ ਪਰਿਵਾਰ ਦਾ ਵੇਰਵਾ ਔਨਲਾਈਨ ਭਰ ਸਕਦੇ ਹੋ।
ਇਸ ਦੀ ਪ੍ਰਕਿਰਿਆ ਬਹੁਤ ਸੌਖੀ ਹੈ:
ਪੋਰਟਲ 'ਤੇ ਜਾਓ: ਸਰਕਾਰ ਦੇ ਅਧਿਕਾਰਤ ਜਨਗਣਨਾ ਪੋਰਟਲ se.census.gov.in 'ਤੇ ਜਾਣਾ ਹੋਵੇਗਾ।
ਭਾਸ਼ਾ ਦੀ ਚੋਣ: ਇਹ ਪੋਰਟਲ ਹਿੰਦੀ ਅਤੇ ਅੰਗਰੇਜ਼ੀ ਸਮੇਤ ਕੁੱਲ 16 ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਹੈ।
ਲੌਗਇਨ: ਆਪਣੇ ਮੋਬਾਈਲ ਨੰਬਰ ਅਤੇ ਬੁਨਿਆਦੀ ਜਾਣਕਾਰੀ ਦੀ ਵਰਤੋਂ ਕਰਕੇ ਪੋਰਟਲ 'ਤੇ ਲੌਗਇਨ ਕਰੋ।
ਫਾਰਮ ਭਰੋ: ਪੋਰਟਲ 'ਤੇ ਦਿੱਤੇ ਗਏ ਸਵਾਲਾਂ ਦੇ ਜਵਾਬ ਆਪਣੀ ਸਹੂਲਤ ਅਨੁਸਾਰ ਭਰੋ।
ਯੂਨੀਕ ਆਈ ਡੀ ਮਿਲੇਗੀ: ਜਿਵੇਂ ਹੀ ਤੁਸੀਂ ਸਫਲਤਾਪੂਰਵਕ ਫਾਰਮ ਸਬਮਿਟ ਕਰੋਗੇ, ਸਿਸਟਮ ਤੁਹਾਨੂੰ ਇੱਕ 'ਸੈਲਫ-ਐਨੂਮਰੇਸ਼ਨ ਆਈ ਡੀ' (SE ID) ਜਨਰੇਟ ਕਰਕੇ ਦੇਵੇਗਾ।
ਪੁਸ਼ਟੀ: ਜਦੋਂ ਜਨਗਣਨਾ ਮੁਲਾਜ਼ਮ ਤੁਹਾਡੇ ਘਰ ਆਵੇਗਾ ਤਾਂ ਤੁਹਾਨੂੰ ਕੇਵਲ ਇਹ ਆਈ ਡੀ ਦਿਖਾਉਣੀ ਹੋਵੇਗੀ। ਇਸ ਨਾਲ ਤੁਹਾਡੀ ਜਾਣਕਾਰੀ ਦੀ ਤਸਦੀਕ ਹੋ ਜਾਵੇਗੀ ਅਤੇ ਤੁਹਾਨੂੰ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ
ਘਰ-ਘਰ ਸਰਵੇਖਣ ਤੋਂ ਪਹਿਲਾਂ ਮਿਲਣਗੇ 15 ਵਾਧੂ ਦਿਨ
ਜਨਗਣਨਾ-2027 ਦਾ ਇਹ ਪਹਿਲਾ ਪੜਾਅ 1 ਅਪਰੈਲ ਤੋਂ ਸ਼ੁਰੂ ਹੋ ਚੁੱਕਿਆ ਹੈ ਜੋ ਕਿ 30 ਸਤੰਬਰ 2026 ਤੱਕ ਪੂਰੇ ਦੇਸ਼ ਵਿੱਚ ਚਲਾਇਆ ਜਾਵੇਗਾ। ਇਸ ਛੇ ਮਹੀਨਿਆਂ ਦੀ ਮਿਆਦ ਦੇ ਦੌਰਾਨ ਹਰੇਕ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਇਹ ਕੰਮ 30 ਦਿਨਾਂ ਦੇ ਅੰਦਰ ਪੂਰਾ ਕਰਨਾ ਹੋਵੇਗਾ। ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਜਨਗਣਨਾ ਕਰਮਚਾਰੀਆਂ ਦੇ ਘਰ-ਘਰ ਜਾਣ ਦੀ ਜੋ ਵੀ ਤਰੀਕ ਤੈਅ ਹੋਵੇਗੀ, ਉਸ ਤੋਂ ਠੀਕ 15 ਦਿਨ ਪਹਿਲਾਂ 'ਸਵੈ-ਗਣਨਾ' ਦਾ ਪੋਰਟਲ ਉਸ ਖੇਤਰ ਦੇ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ।
ਕਿਹੜੇ 33 ਸਵਾਲ ਪੁੱਛੇ ਜਾਣਗੇ ਅਤੇ ਕਿਉਂ?
ਜਨਗਣਨਾ ਦੇ ਪਹਿਲੇ ਪੜਾਅ ਵਿੱਚ ਲੋਕਾਂ ਦੀ ਗਿਣਤੀ ਨਹੀਂ ਹੁੰਦੀ ਬਲਕਿ ਉਨ੍ਹਾਂ ਦੇ ਰਹਿਣ-ਸਹਿਣ ਅਤੇ ਸਹੂਲਤਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ। ਇਸ ਲਈ 33 ਸਵਾਲ ਤੈਅ ਕੀਤੇ ਗਏ ਹਨ, ਜਿਨ੍ਹਾਂ ਵਿੱਚ ਵਿੱਚ ਮੁੱਖ ਤੌਰ 'ਤੇ ਰਿਹਾਇਸ਼ ਦੀ ਸਥਿਤੀ (ਕੱਚਾ/ਪੱਕਾ), ਬੁਨਿਆਦੀ ਸਹੂਲਤਾਂ (ਪਾਣੀ, ਬਿਜਲੀ, ਪਖਾਨੇ ਆਦਿ) ਅਤੇ ਪਰਿਵਾਰ ਕੋਲ ਉਪਲਬਧ ਸੰਪਤੀਆਂ ਦੀ ਜਾਣਕਾਰੀ ਮੰਗੀ ਜਾਵੇਗੀ। ਇਹ ਅੰਕੜੇ ਇਸ ਲਈ ਅਹਿਮ ਹਨ ਕਿਉਂਕਿ ਇਨ੍ਹਾਂ ਦੇ ਆਧਾਰ 'ਤੇ ਹੀ ਸਰਕਾਰ ਅਗਲੇ 10 ਸਾਲਾਂ ਲਈ ਦੇਸ਼ ਦੇ ਵਿਕਾਸ ਦੀਆਂ ਯੋਜਨਾਵਾਂ ਅਤੇ ਨੀਤੀਆਂ ਤਿਆਰ ਕਰੇਗੀ।
Advertisement
Advertisement
×

