Explainer: ਕਣਕ ਦੇ ਖੇਤਾਂ 'ਚ ਵੀ ਦਿਖਣ ਲੱਗੀਆਂ CRM ਮਸ਼ੀਨਾਂ ; ਜਾਣੋਂ ਕਿਸਾਨਾਂ ਲਈ ਕਿਵੇਂ ਖੁੱਲ੍ਹਿਆ ਕਮਾਈ ਦਾ ਨਵਾਂ ਰਸਤਾ
ਪਹਿਲਾਂ ਕੇਵਲ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਵਰਤੀਆਂ ਜਾਂਦੀਆਂ ਸੀ ਆਰ ਐੱਮ ਮਸ਼ੀਨਾਂ (ਬੇਲਰ ਅਤੇ ਰੇਕਰ) ਹੁਣ ਪੰਜਾਬ ਦੇ ਕਣਕ ਦੇ ਖੇਤਾਂ ਵਿੱਚ ਕੰਬਾਇਨਾਂ ਦੇ ਨਾਲ ਦਿਖਾਈ ਦੇ ਰਹੀਆਂ ਹਨ। ਇਸ ਨਾਲ ਕਿਸਾਨਾਂ ਲਈ ਕਮਾਈ ਦਾ ਨਵਾਂ ਰਸਤਾ ਖੁੱਲ੍ਹ...
ਪਹਿਲਾਂ ਕੇਵਲ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਵਰਤੀਆਂ ਜਾਂਦੀਆਂ ਸੀ ਆਰ ਐੱਮ ਮਸ਼ੀਨਾਂ (ਬੇਲਰ ਅਤੇ ਰੇਕਰ) ਹੁਣ ਪੰਜਾਬ ਦੇ ਕਣਕ ਦੇ ਖੇਤਾਂ ਵਿੱਚ ਕੰਬਾਇਨਾਂ ਦੇ ਨਾਲ ਦਿਖਾਈ ਦੇ ਰਹੀਆਂ ਹਨ। ਇਸ ਨਾਲ ਕਿਸਾਨਾਂ ਲਈ ਕਮਾਈ ਦਾ ਨਵਾਂ ਰਸਤਾ ਖੁੱਲ੍ਹ ਗਿਆ ਹੈ।
ਕਣਕ ਦੀ ਰਹਿੰਦ-ਖੂੰਹਦ (ਤੂੜੀ) ਦੀ ਬਹੁਤ ਮੰਗ ਹੈ,ਕਿਉਂਕਿ ਇਸ ਨੂੰ ਪਸ਼ੂਆਂ ਲਈ ਪੌਸ਼ਟਿਕ ਖ਼ੁਰਾਕ ਮੰਨਿਆ ਜਾਂਦਾ ਹੈ। ਇਨ੍ਹਾਂ ਮਸ਼ੀਨਾਂ ਰਾਹੀਂ ਤੂੜੀ ਇਕੱਠੀ ਕਰਨ ਦੇ ਤਰੀਕੇ ਨੇ ਹੁਣ ਇਸ ਚੀਜ਼ ਨੂੰ ਇੱਕ ਕਮਾਈ ਦਾ ਸਾਧਨ ਬਣਾ ਦਿੱਤਾ ਹੈ, ਜਿਸ ਨੂੰ ਕਦੇ ਬੇਕਾਰ ਸਮਝਿਆ ਜਾਂਦਾ ਸੀ। ਪਹਿਲਾਂ ਕਿਸਾਨ ਕਣਕ ਦੇ ਨਾੜ ਨੂੰ ਅਕਸਰ ਕਿਸੇ ਕੰਮ ਦੀ ਨਾ ਸਮਝ ਕੇ ਖੇਤਾਂ ਵਿੱਚ ਹੀ ਸਾੜ ਦਿੰਦੇ ਸਨ।
ਕਿਸਾਨ ਹੁਣ ਕੰਬਾਇਨਾਂ ਦੇ ਨਾਲ-ਨਾਲ ਬੇਲਰ ਅਤੇ ਰੇਕਰ ਮਸ਼ੀਨਾਂ ਦੀ ਵਰਤੋਂ ਕਰਦੇ ਦੇਖੇ ਜਾ ਸਕਦੇ ਹਨ। ਜਿੱਥੇ ਕੰਬਾਈਨ ਦਾਣਿਆਂ ਨੂੰ ਵੱਖਰਾ ਕਰਦੀ ਹੈ, ਉੱਥੇ ਹੀ ਇਹ ਮਸ਼ੀਨਾਂ ਤੇਜ਼ੀ ਨਾਲ ਗੰਢਾਂ ਤਿਆਰ ਕਰ ਦਿੰਦੀਆਂ ਹਨ, ਜਿਸ ਨਾਲ ਕਣਕ ਦੀ ਤੂੜੀ ਨੂੰ ਸੰਭਾਲਣਾ ਅਤੇ ਵੇਚਣਾ ਸੌਖਾ ਹੋ ਗਿਆ ਹੈ।
ਸਾਲ 2016 ਵਿੱਚ ਆਪਣੇ ਸਟਾਰਟ-ਅੱਪ 'ਫਾਰਮ ਟੂ ਐਨਰਜੀ' ਰਾਹੀਂ ਪਰਾਲੀ ਤੋਂ ਬਿਜਲੀ ਬਣਾਉਣ ਦੇ ਮਾਡਲ ਦੀ ਸ਼ੁਰੂਆਤ ਕਰਨ ਵਾਲੇ ਸੁਖਬੀਰ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ, "ਪਰਾਲੀ ਕੂੜਾ ਨਹੀਂ, ਸਗੋਂ ਦੌਲਤ ਹੈ।"
ਉਨ੍ਹਾਂ ਕਿਹਾ ਕਿ ਕਿਸਾਨ ਹੁਣ ਤੂੜੀ ਸਾਂਭਣ ਲਈ ਪੱਕੇ ਸ਼ੈੱਡ ਬਣਾਉਣ ਨੂੰ ਪਹਿਲ ਦੇ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਮਜ਼ਦੂਰੀ ਮਹਿੰਗੀ ਹੋਣ ਕਰਕੇ ਹੁਣ ਪੁਰਾਣੇ ਤਰੀਕੇ ਨਾਲ ਤੂੜੀ ਦੇ ਕੁੱਪ ਬਣਾਉਣਾ ਕਾਫੀ ਖਰਚੀਲਾ ਹੋ ਗਿਆ ਹੈ।
ਉੱਥੇ ਹੀ ਨਵੀਆਂ ਤਕਨੀਕਾਂ ਦੇ ਬਾਵਜੂਦ ਖੇਤਾਂ ਵਿੱਚ ਅੱਗ ਲੱਗਣ ਦੀ ਸਮੱਸਿਆ ਅਜੇ ਵੀ ਬਣੀ ਹੋਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ ਪੀ ਸੀ ਬੀ) ਅਨੁਸਾਰ ਪਿਛਲੇ ਸਾਲ ਕਣਕ ਦੇ ਨਾੜ ਨੂੰ ਅੱਗ ਲਾਉਣ ਦੇ 10,000 ਤੋਂ ਵੱਧ ਮਾਮਲੇ ਸਾਹਮਣੇ ਆਏ। ਅੰਕੜਿਆਂ ਮੁਤਾਬਕ ਅਜਿਹੇ ਮਾਮਲੇ 2022 ਵਿੱਚ 14,511, 2023 ਵਿੱਚ 11,355 ਅਤੇ 2024 ਵਿੱਚ 11,904 ਦਰਜ ਕੀਤੇ ਗਏ ਸਨ।
ਪੀ ਪੀ ਸੀ ਬੀ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਉਮੀਦ ਜਤਾਈ ਕਿ ਇਸ ਸਾਲ ਹਾੜੀ ਦੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਵੱਡੀ ਗਿਰਾਵਟ ਆ ਸਕਦੀ ਹੈ। ਉਨ੍ਹਾਂ ਨੇ ਸਾਉਣੀ (ਖ਼ਰੀਫ਼) ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਆਈ ਭਾਰੀ ਕਮੀ ਦਾ ਹਵਾਲਾ ਦਿੱਤਾ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 54 ਫੀਸਦੀ ਘਟ ਕੇ 5,114 ਰਹਿ ਗਏ ਹਨ।
ਬੋਰਡ ਦੇ ਅੰਕੜਿਆਂ ਮੁਤਾਬਕ ਸਾਉਣੀ ਦੇ ਸੀਜ਼ਨ ਵਿੱਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਲਗਾਤਾਰ ਘੱਟ ਰਹੀਆਂ ਹਨ। ਇਹ ਮਾਮਲੇ 2022 ਵਿੱਚ 49,922 ਅਤੇ 2023 ਵਿੱਚ 36,663 ਸਨ, ਜੋ ਕਿ 2024 ਵਿੱਚ ਹੋਰ ਵੀ ਘਟ ਕੇ 10,909 ਰਹਿ ਗਏ।
2018 ਤੋਂ 2024 ਤੱਕ, ਪੰਜਾਬ ਨੇ ਪਰਾਲੀ ਪ੍ਰਬੰਧਨ ਮਸ਼ੀਨਾਂ 'ਤੇ ਸਬਸਿਡੀ ਵਜੋਂ 1,680 ਕਰੋੜ ਰੁਪਏ ਖਰਚ ਕੀਤੇ ਹਨ, ਜਦੋਂ ਕਿ ਕੇਂਦਰ ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਨੂੰ 3,600 ਕਰੋੜ ਰੁਪਏ ਮੁਹੱਈਆ ਕਰਵਾਏ ਹਨ।
ਇਕੱਲੇ ਪੰਜਾਬ ਵਿੱਚ ਹੀ ਪਿਛਲੇ ਸੱਤ ਸਾਲਾਂ ਵਿੱਚ 1.48 ਲੱਖ ਸੀ ਆਰ ਐੱਮ ਮਸ਼ੀਨਾਂ ਸਬਸਿਡੀ 'ਤੇ ਵੰਡੀਆਂ ਗਈਆਂ ਹਨ, ਜਿਨ੍ਹਾਂ ਵਿੱਚ 62,000 ਸੁਪਰ-ਸੀਡਰ ਸ਼ਾਮਲ ਹਨ।
ਲੁਧਿਆਣਾ ਦੇ ਜਲਾਲਦੀਵਾਲ ਵਿੱਚ ਕਸਟਮ ਹਾਇਰਿੰਗ ਸੈਂਟਰ ਚਲਾਉਣ ਵਾਲੇ ਹਰਮਿੰਦਰ ਸਿੰਘ (ਡਾਇਰੈਕਟਰ, ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ) ਨੇ ਕਿਹਾ ਕਿ ਜੇਕਰ ਮਸ਼ੀਨਾਂ ਦੀ ਵਰਤੋਂ ਇਸੇ ਤਰ੍ਹਾਂ ਵਧਦੀ ਰਹੀ, ਤਾਂ ਕਣਕ ਦੇ ਨਾੜ ਨੂੰ ਲਾਈ ਜਾਣ ਵਾਲੀ ਅੱਗ ਦੀਆਂ ਘਟਨਾਵਾਂ ਵਿੱਚ ਵੱਡੀ ਕਮੀ ਆ ਸਕਦੀ ਹੈ।
ਉਨ੍ਹਾਂ ਨੇ ਇਹ ਵੀ ਸੁਚੇਤ ਕੀਤਾ ਕਿ ਇਸ ਸੁਧਾਰ ਨੂੰ ਜਾਰੀ ਰੱਖਣ ਲਈ ਲੋਕਾਂ ਵਿੱਚ ਜਾਗਰੂਕਤਾ, ਮਸ਼ੀਨਾਂ ਦੇ ਸਹੀ ਰੇਟ ਅਤੇ ਸਮੇਂ ਸਿਰ ਉਨ੍ਹਾਂ ਦੀ ਉਪਲਬਧਤਾ ਬਹੁਤ ਜ਼ਰੂਰੀ ਹੈ।

