Explainer: CBSE 2026: ਬੋਰਡ ਪ੍ਰੀਖਿਆਵਾਂ ’ਚ ਬਦਲਾਅ ਦੀ ਜਾਣਕਾਰੀ ਬਾਰੇ 13 ਫਰਵਰੀ ਨੂੰ ਹੋਵੇਗਾ ਲਾਈਵ ਵੈਬਕਾਸਟ
ਬੋਰਡ ਪ੍ਰੀਖਿਆਵਾਂ ਅਤੇ ਇਸ ਦੇ ਮੁਲਾਂਕਣ (Evaluation) ਵਿੱਚ ਕੀਤੇ ਗਏ ਬਦਲਾਅ ਬਾਰੇ ਦਿੱਤੀ ਜਾਵੇਗੀ ਜਾਣਕਾਰੀ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਵੱਲੋਂ 13 ਫਰਵਰੀ ਨੂੰ ਲਾਈਵ ਵੈਬਕਾਸਟ ਕੀਤਾ ਜਾਵੇਗਾ ਜੋ ਸਵੇਰ 11 ਵਜੇ ਸ਼ੁਰੂ ਹੋਵੇਗਾ ਤੇ ਇਕ ਵਜੇ ਸਮਾਪਤ ਹੋਵੇਗਾ ਜਿਸ ਵਿੱਚ ਇਸ ਸਾਲ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਅਤੇ ਇਸ ਦੇ ਮੁਲਾਂਕਣ (Evaluation) ਵਿੱਚ ਕੀਤੇ ਗਏ ਬਦਲਾਅ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਹੋ ਕੇ 10 ਅਪਰੈਲ ਤੱਕ ਚੱਲਣਗੀਆਂ। ਇਸ ਵਾਰ ਭਾਰਤ ਅਤੇ ਵਿਦੇਸ਼ਾਂ ਦੇ 26 ਦੇਸ਼ਾਂ ਵਿੱਚ 31,000 ਤੋਂ ਵੱਧ ਸਕੂਲਾਂ ਦੇ ਲਗਪਗ 46 ਲੱਖ ਵਿਦਿਆਰਥੀ 8,074 ਪ੍ਰੀਖਿਆ ਕੇਂਦਰਾਂ ’ਤੇ ਪ੍ਰੀਖਿਆ ਦੇਣਗੇ। ਇਹ ਲਾਈਵ ਸੈਸ਼ਨ ਬੋਰਡ ਦੇ ਯੂਟਿਊਬ ਚੈਨਲ ’ਤੇ ਪ੍ਰਸਾਰਿਤ ਕੀਤਾ ਜਾਵੇਗਾ ਜਿਸ ਸਬੰਧੀ ਸਕੂਲਾਂ ਨੂੰ ਲਿੰਕ ਭੇਜ ਦਿੱਤੇ ਗਏ ਹਨ।
CBSE ਨੇ ਦੱਸਿਆ ਕਿ ਇਸ ਵਾਰ 2026 ਦੀਆਂ ਪ੍ਰੀਖਿਆਵਾਂ ਲਈ ਤਿੰਨ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ। ਇਨ੍ਹਾਂ ਤਿੰਨਾਂ ਨਵੇਂ ਨਿਯਮਾਂ ਅਤੇ ਪ੍ਰੀਖਿਆ ਦੇ ਤਰੀਕਿਆਂ ਬਾਰੇ ਵੈਬਕਾਸਟ ਦੌਰਾਨ ਵਿਸਥਾਰ ਵਿੱਚ ਸਮਝਾਇਆ ਜਾਵੇਗਾ ਤਾਂ ਕਿ ਪ੍ਰੀਖਿਆਵਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
10ਵੀਂ ਅਤੇ 12ਵੀਂ ਜਮਾਤ ਲਈ ਲਾਗੂ ਹੋਣਗੇ ਨਵੇਂ ਨਿਯਮ
CBSE ਵੱਲੋਂ ਜਾਰੀ ਕੀਤੇ ਗਏ ਸਰਕੂਲਰ ਅਨੁਸਾਰ ਸਾਲ 2026 ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਤਿੰਨ ਬਦਲਾਅ ਕੀਤੇ ਗਏ ਹਨ। ਪਹਿਲਾ ਵੱਡਾ ਬਦਲਾਅ 10ਵੀਂ ਜਮਾਤ ਲਈ ਹੈ, ਜਿੱਥੇ ਹੁਣ ਸਾਲ ਵਿੱਚ ਦੂਜੀ ਵਾਰ ਬੋਰਡ ਪ੍ਰੀਖਿਆ ਦੇਣ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ 10ਵੀਂ ਜਮਾਤ ਦੇ ਸਮਾਜਿਕ ਸਿੱਖਿਆ (Social Studies) ਅਤੇ ਵਿਗਿਆਨ (Science) ਦੇ ਪ੍ਰਸ਼ਨ ਪੱਤਰਾਂ ਦੀ ਵੰਡ ਵਿੱਚ ਵੀ ਤਬਦੀਲੀ ਕੀਤੀ ਗਈ ਹੈ। 12ਵੀਂ ਜਮਾਤ ਲਈ ਬੋਰਡ ਨੇ ਆਨ-ਸਕ੍ਰੀਨ ਮਾਰਕਿੰਗ (OSM) ਪ੍ਰਣਾਲੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਜਿਸ ਰਾਹੀਂ ਉੱਤਰ ਪੱਤਰੀਆਂ ਦੀ ਜਾਂਚ ਡਿਜੀਟਲ ਤਰੀਕੇ ਨਾਲ ਕੀਤੀ ਜਾਵੇਗੀ।
ਬੋਰਡ ਦਾ ਕਹਿਣਾ ਹੈ ਕਿ ਇੰਨੇ ਵੱਡੇ ਪੱਧਰ ’ਤੇ ਪ੍ਰੀਖਿਆਵਾਂ ਕਰਵਾਉਣ ਲਈ ਬਿਹਤਰ ਤਿਆਰੀ ਅਤੇ ਤਾਲਮੇਲ ਦੀ ਲੋੜ ਹੈ। ਇਨ੍ਹਾਂ ਸਾਰੇ ਸੁਧਾਰਾਂ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਪ੍ਰੀਖਿਆ ਕੇਂਦਰਾਂ ਅਤੇ ਮੁਲਾਂਕਣ ਕੇਂਦਰਾਂ ਵਿਚਾਲੇ ਪੂਰੀ ਯੋਜਨਾਬੰਦੀ ਕੀਤੀ ਗਈ ਹੈ। ਇਨ੍ਹਾਂ ਨਵੀਆਂ ਨੀਤੀਆਂ ਅਤੇ ਬਦਲਾਵਾਂ ਬਾਰੇ ਪ੍ਰੀਖਿਆ ਪ੍ਰਕਿਰਿਆ ਨਾਲ ਜੁੜੇ ਹਰ ਜਣੇ ਨੂੰ ਜਾਣੂ ਕਰਵਾਉਣ ਲਈ ਹੀ 13 ਫਰਵਰੀ ਨੂੰ ਵੈਬਕਾਸਟ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਗਲਤੀ ਦੀ ਗੁੰਜਾਇਸ਼ ਨਾ ਰਹੇ।

