Explainer: ਹਰਿਆਣਾ ਦਾ ਅਜਿਹਾ ਪਿੰਡ ਜਿੱਥੇ ਵਾਲੀਬਾਲ ਹੀ ਹੈ ਲੋਕਾਂ ਦੀ ਰੋਜ਼ੀ-ਰੋਟੀ ਦਾ ਸਾਧਨ
ਹਰਿਆਣਾ ਦੇ ਪੇਂਡੂ ਇਲਾਕਿਆਂ ਵਿੱਚ ਖੇਡਾਂ ਪ੍ਰਤੀ ਲੋਕਾਂ ਦਾ ਉਤਸ਼ਾਹ ਦੇਖਣਯੋਗ ਹੈ। ਕੁਸ਼ਤੀ ਅਤੇ ਮੁੱਕੇਬਾਜ਼ੀ ਤੋਂ ਲੈ ਕੇ ਹਾਕੀ, ਫੁੱਟਬਾਲ ਅਤੇ ਹੋਰਨਾਂ ਖੇਡਾਂ ਵਿੱਚ ਸੂਬੇ ਦੇ ਵੱਖ-ਵੱਖ ਖੇਤਰਾਂ ਨੇ ਆਪਣਾ ਦਬਦਬਾ ਸਾਬਤ ਕੀਤਾ ਹੈ। ਹਾਲਾਂਕਿ, ਚਰਖੀ ਦਾਦਰੀ ਜ਼ਿਲ੍ਹੇ ਦੇ ਇੱਕ...
ਹਰਿਆਣਾ ਦੇ ਪੇਂਡੂ ਇਲਾਕਿਆਂ ਵਿੱਚ ਖੇਡਾਂ ਪ੍ਰਤੀ ਲੋਕਾਂ ਦਾ ਉਤਸ਼ਾਹ ਦੇਖਣਯੋਗ ਹੈ। ਕੁਸ਼ਤੀ ਅਤੇ ਮੁੱਕੇਬਾਜ਼ੀ ਤੋਂ ਲੈ ਕੇ ਹਾਕੀ, ਫੁੱਟਬਾਲ ਅਤੇ ਹੋਰਨਾਂ ਖੇਡਾਂ ਵਿੱਚ ਸੂਬੇ ਦੇ ਵੱਖ-ਵੱਖ ਖੇਤਰਾਂ ਨੇ ਆਪਣਾ ਦਬਦਬਾ ਸਾਬਤ ਕੀਤਾ ਹੈ।
ਹਾਲਾਂਕਿ, ਚਰਖੀ ਦਾਦਰੀ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਚਾਂਦਵਾਸ ਦੀ ਖੇਡ ਕਹਾਣੀ ਥੋੜੀ ਵੱਖਰੀ ਹੈ। ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਇਸ ਪਿੰਡ ਦੇ ਨੌਜਵਾਨਾਂ ਵਿੱਚ ਵਾਲੀਬਾਲ ਖੇਡਣ ਦੀ ਰਵਾਇਤ ਰਹੀ ਹੈ। ਅਸਲ ਵਿੱਚ ਇੱਥੇ ਵਾਲੀਬਾਲ ਸਿਰਫ਼ ਇੱਕ ਖੇਡ ਨਹੀਂ ਹੈ, ਇਹ ਇਸ ਪਿੰਡ ਦੇ ਨੌਜਵਾਨਾਂ ਲਈ ਰੋਜ਼ੀ-ਰੋਟੀ ਕਮਾਉਣ ਦਾ ਇੱਕੋ-ਇੱਕ ਸਾਧਨ ਹੈ। ਪਿੰਡ ਵਿੱਚ ਅਜਿਹਾ ਕੋਈ ਘਰ ਨਹੀਂ ਹੈ ਜਿਸ ਵਿੱਚ ਫੌਜ ਜਾਂ ਕਿਸੇ ਹੋਰ ਨੌਕਰੀ ਵਿੱਚ ਸੇਵਾ ਨਿਭਾ ਰਿਹਾ ਜਾਂ ਸੇਵਾਮੁਕਤ ਕਰਮਚਾਰੀ ਨਾ ਹੋਵੇ, ਇਹ ਸਭ ਵਾਲੀਬਾਲ ਦੀ ਬਦੌਲਤ ਹੈ।
ਲਗਪਗ 500 ਘਰਾਂ ਵਾਲੇ ਇਸ ਪਿੰਡ ਦੇ ਤਕਰੀਬਨ ਹਰ ਪਰਿਵਾਰ ਨੇ ਵਾਲੀਬਾਲ ਖੇਡਣ ਦੇ ਆਧਾਰ 'ਤੇ ਫੌਜ ਜਾਂ ਕਿਸੇ ਹੋਰ ਥਾਂ 'ਤੇ ਨੌਕਰੀ ਪ੍ਰਾਪਤ ਕੀਤੀ ਹੈ। ਪਿੰਡ ਦੇ ਇੱਕ ਵਾਲੀਬਾਲ ਕੋਚ ਨੇ ਦੱਸਿਆ, "ਵਾਲੀਬਾਲ ਸਾਡੇ ਲਈ ਆਮਦਨ ਦਾ ਇੱਕੋ ਇੱਕ ਸਰੋਤ ਹੈ। ਅਸੀਂ ਰੋਜ਼ੀ-ਰੋਟੀ ਕਮਾਉਣ ਲਈ ਇਹ ਖੇਡ ਖੇਡਦੇ ਹਾਂ। ਇਹ ਪਰੰਪਰਾ ਪਿਛਲੇ 40 ਸਾਲਾਂ ਤੋਂ ਵੀ ਵਧੇਰੇ ਸਮੇਂ ਤੋਂ ਚੱਲੀ ਆ ਰਹੀ ਹੈ।"
ਕੌਮਾਂਤਰੀ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਅਤੇ ਕੌਮੀ ਪੱਧਰ ਤੱਕ ਖੇਡਣ ਵਾਲੇ ਖਿਡਾਰੀਆਂ ਤੋਂ ਲੈ ਕੇ ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਆਮਦਨ ਤੇ ਮੌਕਿਆਂ ਦਾ ਕੋਈ ਹੋਰ ਸਾਧਨ ਨਾ ਹੋਣ ਕਰਕੇ, ਉਨ੍ਹਾਂ ਨੇ ਫਿੱਟ ਰਹਿਣ ਲਈ ਵਾਲੀਬਾਲ ਖੇਡਣੀ ਸ਼ੁਰੂ ਕੀਤੀ ਅਤੇ ਹੌਲੀ-ਹੌਲੀ ਫੌਜ, ਨੇਵੀ, ਏਅਰ ਫੋਰਸ, ਅਰਧ ਸੈਨਿਕ ਬਲਾਂ ਅਤੇ ਰੇਲਵੇ ਵਿੱਚ ਭਰਤੀ ਲਈ ਟਰਾਇਲਾਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਭਾਰਤ ਦੇ ਵਾਲੀਬਾਲ ਕੋਚ ਅਜੈ ਜਾਂਗੜਾ ਇਸੇ ਪਿੰਡ ਦੇ ਰਹਿਣ ਵਾਲੇ ਹਨ।
ਪਿੰਡ ਦੇ ਕੋਚ ਕੁਨਾਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਕਰੀਬ 100 ਨੌਜਵਾਨ ਰੋਜ਼ਾਨਾ ਖੇਡ ਮੈਦਾਨ ਵਿੱਚ ਅਭਿਆਸ ਕਰਦੇ ਹਨ ਜੋ ਸਿਰਫ਼ ਨੌਕਰੀਆਂ ਲੈਣ ਲਈ ਖੁਦ ਨੂੰ ਤਿਆਰ ਕਰਨ ਵਾਸਤੇ ਵਾਲੀਬਾਲ ਖੇਡਦੇ ਹਨ। ਉਨ੍ਹਾਂ ਦੱਸਿਆ ਕਿ ਚਾਂਦਵਾਸ ਪਿੰਡ ਦੇ ਵਾਲੀਬਾਲ ਖਿਡਾਰੀ ਆਪਣੀ ਸ਼ਾਨਦਾਰ ਖੇਡ ਕਾਰਨ ਫੌਜ , ਅਰਧ ਸੈਨਿਕ ਬਲਾਂ ਅਤੇ ਰੇਲਵੇ ਵਰਗੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਬਹੁਤ ਮਸ਼ਹੂਰ ਹਨ।
ਪਿੰਡ ਦੇ ਸਰਪੰਚ ਪਰਦੀਪ ਕੁਮਾਰ ਨੇ ਦੱਸਿਆ ਕਿ ਪਿਛਲੇ 40 ਤੋਂ 50 ਸਾਲਾਂ ਵਿੱਚ ਪਿੰਡ ਦੇ ਜਿੰਨੇ ਵੀ ਲੋਕਾਂ ਨੂੰ ਨੌਕਰੀਆਂ ਮਿਲੀਆਂ ਹਨ, ਉਨ੍ਹਾਂ ਵਿੱਚੋਂ ਲਗਪਗ 99 ਫੀਸਦੀ ਵਸਨੀਕਾਂ ਦੀ ਚੋਣ ਵਾਲੀਬਾਲ ਖੇਡ ਦੇ ਆਧਾਰ 'ਤੇ ਹੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਲਈ ਵਾਲੀਬਾਲ ਹੀ ਕਮਾਈ ਦਾ ਇੱਕੋ-ਇੱਕ ਰਸਤਾ ਹੈ, ਕਿਉਂਕਿ ਹੋਰ ਕੋਈ ਸਾਧਨ ਨਹੀਂ ਹੈ। ਪਿੰਡ ਦੀ ਲਗਪਗ 1800 ਏਕੜ ਵਾਹੀਯੋਗ ਜ਼ਮੀਨ ਰੇਤਲੀ ਹੋਣ ਅਤੇ ਸਿੰਚਾਈ ਦੀ ਸਹੂਲਤ ਨਾ ਹੋਣ ਕਾਰਨ ਬੰਜਰ ਵਰਗੀ ਹੈ। ਪਿੰਡ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ 225 ਫੁੱਟ ਤੱਕ ਡੂੰਘਾ ਚਲਾ ਗਿਆ ਹੈ ਅਤੇ ਖੇਤਾਂ ਲਈ ਨਹਿਰੀ ਪਾਣੀ ਵੀ ਬਹੁਤ ਮੁਸ਼ਕਲ ਨਾਲ ਮਿਲਦਾ ਹੈ।
ਵਾਲੀਬਾਲ ਦੇ ਇਤਿਹਾਸ ਨੂੰ ਯਾਦ ਕਰਦਿਆਂ ਇੱਕ ਸਥਾਨਕ ਨਿਵਾਸੀ ਸੰਜੀਵ ਸ਼ਿਓਰਾਨ ਨੇ ਦੱਸਿਆ ਕਿ ਪਿੰਡ ਦੇ ਭਾਰਤ ਸਿੰਘ ਨੇ ਫੌਜ ਤੋਂ ਸੇਵਾਮੁਕਤ ਹੋ ਕੇ ਵਾਪਸ ਆਉਣ ਤੋਂ ਬਾਅਦ ਪਿੰਡ ਵਾਸੀਆਂ ਨੂੰ ਵਾਲੀਬਾਲ ਖੇਡਣ ਲਈ ਪ੍ਰੇਰਿਤ ਕੀਤਾ ਸੀ। ਸ਼ਿਓਰਾਨ ਨੇ ਦੱਸਿਆ, "60 ਦੇ ਦਹਾਕੇ ਦੇ ਅੱਧ ਵਿੱਚ ਵਾਲੀਬਾਲ ਦੇ ਅਧਾਰ 'ਤੇ ਸਭ ਤੋਂ ਪਹਿਲਾਂ ਦਇਆਨੰਦ ਫੌਜ ਵਿੱਚ ਭਰਤੀ ਹੋਇਆ ਸੀ। ਜਦੋਂ ਉਸ ਨੇ ਫੌਜ ਵਿੱਚ ਖਿਡਾਰੀਆਂ ਦਾ ਖੇਡ ਪੱਧਰ ਦੇਖਿਆ, ਤਾਂ ਉਸ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਆਪਣੇ ਪਿੰਡ ਦੇ ਖਿਡਾਰੀਆਂ ਬਾਰੇ ਦੱਸਿਆ। ਬਾਅਦ ਵਿੱਚ ਉਹ ਕੁਝ ਹੋਰ ਖਿਡਾਰੀਆਂ ਨੂੰ ਵੀ ਫੌਜ 'ਚ ਲੈ ਗਿਆ।" ਸੰਜੀਵ ਦੇ ਪਿਤਾ ਈਸ਼ਵਰ ਸਿੰਘ ਖੁਦ ਵਾਲੀਬਾਲ ਦੇ ਖਿਡਾਰੀ ਸਨ, ਜਿਸ ਸਦਕਾ ਸਾਲ 1969 ਵਿੱਚ ਉਨ੍ਹਾਂ ਦੀ ਚੋਣ ਭਾਰਤੀ ਫੌਜ ਵਿੱਚ ਹੋਈ ਸੀ।
ਹੁਣ, ਫੌਜ ਵੀ ਆਪਣੀਆਂ ਟੀਮਾਂ ਨੂੰ ਅਭਿਆਸ ਲਈ ਇਸ ਪਿੰਡ ਵਿੱਚ ਭੇਜਦੀ ਹੈ। ਮੌਜੂਦਾ ਸਮੇਂ ਵਿੱਚ ਫੌਜ ਦੀਆਂ ਵੱਖ-ਵੱਖ ਬਟਾਲੀਅਨਾਂ ਦੇ ਕਰੀਬ 40 ਖਿਡਾਰੀ ਪਿਛਲੇ ਕਈ ਦਿਨਾਂ ਤੋਂ ਅਭਿਆਸ ਲਈ ਪਿੰਡ ਵਿੱਚ ਰਹਿ ਰਹੇ ਹਨ।
ਸਾਬਕਾ ਕੌਮੀ ਖਿਡਾਰੀ ਅਤੇ ਇੱਥੇ ਪ੍ਰਾਈਵੇਟ ਕੋਚਿੰਗ ਅਕੈਡਮੀ ਚਲਾਉਂਣ ਵਾਲੇ ਓਮਵੀਰ ਸਿੰਘ ਨੇ ਦੱਸਿਆ ਕਿ ਫੌਜ ਦੇ ਲਗਪਗ 40 ਖਿਡਾਰੀ ਉਨ੍ਹਾਂ ਦੀ ਅਕੈਡਮੀ ਵਿੱਚ ਰਹਿ ਰਹੇ ਹਨ ਜੋ ਫੌਜ ਦੀਆਂ ਖੇਡਾਂ ਤੋਂ ਪਹਿਲਾਂ ਇੱਥੇ ਅਭਿਆਸ ਲਈ ਆਏ ਹਨ।
ਹਾਲਾਂਕਿ, ਪਿੰਡ ਵਾਸੀ ਇਸ ਗੱਲ ਤੋਂ ਨਿਰਾਸ਼ ਹਨ ਕਿ ਵਾਲੀਬਾਲ ਲਈ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਸਮਰਪਣ ਦੇ ਬਾਵਜੂਦ, ਉਨ੍ਹਾਂ ਕੋਲ ਇਨਡੋਰ ਖੇਡ ਸਟੇਡੀਅਮ ਅਤੇ ਖਿਡਾਰੀਆਂ ਲਈ ਕੋਚ ਨਹੀਂ ਹਨ। ਪਿੰਡ ਦੇ ਸਰਪੰਚ ਪਰਦੀਪ ਕੁਮਾਰ ਨੇ ਦੱਸਿਆ, "ਸੂਬਾ ਸਰਕਾਰ ਨੇ ਕੁਝ ਸਮਾਂ ਪਹਿਲਾਂ ਇੱਕ ਵਾਲੀਬਾਲ ਅਕੈਡਮੀ ਸਥਾਪਤ ਕੀਤੀ ਸੀ ਪਰ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ।" ਉਨ੍ਹਾਂ ਨੇ ਮੰਗ ਕੀਤੀ ਕਿ ਪਿੰਡ ਵਿੱਚ ਇੱਕ ਇਨਡੋਰ ਸਟੇਡੀਅਮ ਬਣਾਇਆ ਜਾਵੇ ਅਤੇ ਕੌਮੀ ਪੱਧਰ ਦੇ ਕੋਚ ਤਾਇਨਾਤ ਕੀਤੇ ਜਾਣ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪਿੰਡ ਵਿੱਚ ਬਹੁਤ ਹੀ ਹੋਣਹਾਰ ਖਿਡਾਰੀ ਹਨ ਜੋ ਸਹੀ ਸਹੂਲਤਾਂ ਮਿਲਣ 'ਤੇ ਭਾਰਤੀ ਵਾਲੀਬਾਲ ਨੂੰ ਦੁਨੀਆ ਭਰ ਵਿੱਚ ਮਸ਼ਹੂਰ ਕਰ ਸਕਦੇ ਹਨ।

