Earthquake Today India: Explainer: ਭੂਚਾਲ ਕਿਉਂ ਆਉਂਦੇ ਹਨ? ਜਾਣੋ ਇਸ ਦੇ ਕਾਰਨ ਅਤੇ ਬਚਾਅ ਦੇ ਤਰੀਕੇ
ਚੰਡੀਗੜ੍ਹ ਸਣੇ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਮਹਿਸੂਸ ਹੋਏ ਝਟਕੇ
Earthquake Today India: ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸ਼ਨਿਚਰਵਾਰ ਸ਼ਾਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦਾ ਹਿੰਦੂ ਕੁਸ਼ ਖੇਤਰ ਸੀ। ਯੂਰਪੀਅਨ-ਮੈਡੀਟੇਰੀਅਨ ਭੂਚਾਲ ਕੇਂਦਰ (EMSC) ਮੁਤਾਬਕ ਅਫਗਾਨਿਸਤਾਨ ਦੇ ਹਿੰਦੂ ਕੁਸ਼ ਖੇਤਰ ਵਿੱਚ ਰਿਕਟਰ ਪੈਮਾਨੇ ’ਤੇ 6.2 ਤੀਬਰਤਾ ਵਾਲਾ ਭੂਚਾਲ ਆਇਆ।
ਭੂਚਾਲ ਦੇ ਝਟਕੇ ਚੰਡੀਗੜ੍ਹ ਸਣੇ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਫਿਲਹਾਲ ਭੂਚਾਲ ਕਾਰਨ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਤੁਰੰਤ ਸੂਚਨਾ ਸਾਹਮਣੇ ਨਹੀਂ ਆਈ ਹੈ। ਭੂਚਾਲ ਦੇ ਝਟਕੇ ਸ਼ਾਮ ਦੇ 7:08 ਵਜੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਰਿਹਾ ਤੇ ਇਸ ਭੂਚਾਲ ਦੀ ਡੂੰਘਾਈ ਧਰਤੀ ਤੋਂ 215 ਕਿਲੋਮੀਟਰ ਦੂਰ ਸੀ। ਭੂਚਾਲ ਦੇ ਝਟਕਿਆਂ ਦਾ ਚੰਡੀਗੜ੍ਹ ਤੇ ਨੇੜਲੇ ਇਲਾਕਿਆਂ ਵਿਚ ਅਸਰ ਮਾਮੂਲੀ ਰਿਹਾ ਪਰ ਇਹ ਝਟਕੇ ਦਿੱਲੀ ਤਕ ਮਹਿਸੂਸ ਕੀਤੇ ਗਏ।
ਕਿਉਂ ਆਉਂਦੇ ਹਨ ਭੂਚਾਲ ਦੇ ਝਟਕੇ
ਜ਼ਮੀਨ ਹੇਠਲੀਆਂ ਟੈਕਨੋਨਿਕ ਪਲੇਟਾਂ ਦੇ ਟਕਰਾਉਣ ਕਾਰਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ। ਧਰਤੀ ਦੀ ਸਤਹਿ ਇੱਕੋ ਟੁਕੜੇ ਦੀ ਨਹੀਂ ਹੈ ਸਗੋਂ ਇਹ ਕਈ ਵੱਡੀਆਂ ਚੱਟਾਨੀ ਪਲੇਟਾਂ (ਟੈਕਟੋਨਿਕ ਪਲੇਟਾਂ) ਨਾਲ ਬਣੀ ਹੋਈ ਹੈ। ਇਹ ਪਲੇਟਾਂ ਲਗਾਤਾਰ ਹੌਲੀ-ਹੌਲੀ ਹਿੱਲਦੀਆਂ ਰਹਿੰਦੀਆਂ ਹਨ। ਜਦੋਂ ਦੋ ਪਲੇਟਾਂ ਆਪਸ ਵਿੱਚ ਟਕਰਾਉਂਦੀਆਂ, ਇੱਕ-ਦੂਜੇ ਦੇ ਨਾਲ ਰਗੜ ਖਾਂਦੀਆਂ ਜਾਂ ਇੱਕ ਪਲੇਟ ਦੂਜੀ ਦੇ ਹੇਠਾਂ ਖਿਸਕਦੀ ਹੈ ਤਾਂ ਬਹੁਤ ਜ਼ਿਆਦਾ ਦਬਾਅ ਪੈਦਾ ਹੁੰਦਾ ਹੈ। ਜਦੋਂ ਇਹ ਦਬਾਅ ਅਚਾਨਕ ਟੁੱਟਦਾ ਹੈ ਤਾਂ ਊਰਜਾ ਭੂਚਾਲੀ ਲਹਿਰਾਂ ਦੇ ਰੂਪ ਵਿੱਚ ਬਾਹਰ ਨਿਕਲਦੀ ਹੈ, ਜਿਸ ਕਾਰਨ ਧਰਤੀ ਕੰਬਦੀ ਹੈ। ਇਸੇ ਨੂੰ ਭੂਚਾਲ ਕਿਹਾ ਜਾਂਦਾ ਹੈ।
ਭੂਚਾਲ ਦਾ ਜਿਸ ਥਾਂ ਤੋਂ ਆਰੰਭ ਹੁੰਦਾ ਹੈ, ਉਸ ਨੂੰ ਕੇਂਦਰ (Focus) ਕਿਹਾ ਜਾਂਦਾ ਹੈ, ਜਦਕਿ ਧਰਤੀ ਦੀ ਸਤਹਿ ’ਤੇ ਇਸ ਦੇ ਬਿਲਕੁਲ ਉੱਪਰ ਵਾਲੇ ਸਥਾਨ ਨੂੰ Epicentre ਕਿਹਾ ਜਾਂਦਾ ਹੈ, ਇਸ ਦੇ ਨੇੜੇ ਜਿਹੜਾ ਇਲਾਕਾ ਹੋਵੇਗਾ, ਉੱਥੇ ਝਟਕੇ ਆਮ ਤੌਰ ’ਤੇ ਓਨੇ ਹੀ ਜ਼ਿਆਦਾ ਮਹਿਸੂਸ ਹੁੰਦੇ ਹਨ।
ਭਾਰਤ ਦਾ ਉੱਤਰੀ ਹਿੱਸਾ ਖ਼ਾਸ ਕਰਕੇ ਹਿਮਾਲਿਆ ਨਾਲ ਲੱਗਦੇ ਸੂਬੇ, ਭੂਚਾਲ ਦੇ ਨਜ਼ਰੀਏ ਨਾਲ ਸੰਵੇਦਨਸ਼ੀਲ ਮੰਨੇ ਜਾਂਦੇ ਹਨ। ਇਸ ਦਾ ਕਾਰਨ ਭਾਰਤੀ ਅਤੇ ਯੂਰੇਸ਼ੀਅਨ ਟੈਕਟੋਨਿਕ ਪਲੇਟਾਂ ਦਾ ਲਗਾਤਾਰ ਟਕਰਾਉਣਾ ਹੈ। ਅਫਗਾਨਿਸਤਾਨ ਅਤੇ ਹਿੰਦੂਕੁਸ਼ ਖੇਤਰ ਵਿੱਚ ਵੀ ਅਕਸਰ ਭੂਚਾਲ ਆਉਂਦੇ ਹਨ, ਜਿਨ੍ਹਾਂ ਦੇ ਝਟਕੇ ਉੱਤਰੀ ਭਾਰਤ ਤੱਕ ਮਹਿਸੂਸ ਹੋ ਸਕਦੇ ਹਨ।
ਇਹ ਵੀ ਪੜ੍ਹੋ: Breaking News: Earthquake Today Chandigarh: ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਵਿੱਚ ਭੂਚਾਲ ਦੇ ਝਟਕੇ
ਘਬਰਾਉਣ ਦੀ ਥਾਂ ਚੌਕਸ ਰਹੋ ਤੇ ਇਹਤਿਆਤ ਵਰਤੋਂ
ਭੂਚਾਲ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਇਹਤਿਆਤ ਵਰਤਣ ਨਾਲ ਨੁਕਸਾਨ ਘਟਾਇਆ ਜਾ ਸਕਦਾ ਹੈ। ਝਟਕੇ ਆਉਣ ਸਮੇਂ ਘਬਰਾਉਣ ਦੀ ਬਜਾਏ ਮਜ਼ਬੂਤ ਥਾਂ ਹੇਠ ਪਨਾਹ ਲੈਣੀ ਚਾਹੀਦੀ ਹੈ, ਲਿਫ਼ਟ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ ਅਤੇ ਝਟਕੇ ਰੁਕਣ ਤੋਂ ਬਾਅਦ ਹੀ ਖੁੱਲ੍ਹੀ ਥਾਂ ਵੱਲ ਜਾਣਾ ਚਾਹੀਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਭੂਚਾਲ-ਰੋਧੀ ਇਮਾਰਤਾਂ ਅਤੇ ਲੋਕਾਂ ਵਿੱਚ ਜਾਗਰੂਕਤਾ ਹੀ ਇਸ ਕੁਦਰਤੀ ਆਫ਼ਤ ਤੋਂ ਬਚਾਅ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ।
