CBSE Three Language Policy 2026: Explainer: ਤੀਜੀ ਭਾਸ਼ਾ ਦਾ ਨਿਯਮ ਇਸ ਵੇਲੇ ਦਸਵੀਂ ਕਰ ਰਹੇ ਵਿਦਿਆਰਥੀਆਂ ’ਤੇ ਲਾਗੂ ਨਹੀਂ ਹੋਵੇਗਾ: ਸੀ ਬੀ ਐੱਸ ਈ
ਸੱਤਵੀਂ, ਅੱਠਵੀਂ ਅਤੇ ਨੌਵੀਂ ਜਮਾਤ ਕਰ ਰਹੇ ਵਿਦਿਆਰਥੀਆਂ ਲਈ ਵਿਸ਼ੇਸ਼ ਛੋਟ; ਤੀਜੀ ਭਾਸ਼ਾ ਦੀ ਬੋਰਡ ਪ੍ਰੀਖਿਆ ਨਹੀਂ ਹੋਵੇਗੀ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਨੇ ਅੱਜ ਭਾਸ਼ਾ ਨੀਤੀ ਨੂੰ ਲੈ ਕੇ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਹੈ। ਬੋਰਡ ਨੇ ਸਪਸ਼ਟ ਕੀਤਾ ਹੈ ਕਿ ਸਾਲ 2026-27 ਦੌਰਾਨ ਦਸਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀਆਂ ’ਤੇ ਨਵੀਂ ਤਿੰਨ-ਭਾਸ਼ਾ ਨੀਤੀ ਲਾਗੂ ਨਹੀਂ ਹੋਵੇਗੀ। ਇਹ ਵਿਦਿਆਰਥੀ ਪਹਿਲਾਂ ਵਾਂਗ ਸਿਰਫ਼ ਦੋ ਭਾਸ਼ਾਵਾਂ ਨਾਲ ਹੀ ਆਪਣੀ ਬੋਰਡ ਪ੍ਰੀਖਿਆ ਦੇਣਗੇ ਅਤੇ ਉਨ੍ਹਾਂ ਲਈ ਤੀਜੀ ਭਾਸ਼ਾ ਲਾਜ਼ਮੀ ਨਹੀਂ ਹੋਵੇਗੀ।
ਸੀਬੀਐੱਸਈ ਨੇ ਇਹ ਵੀ ਐਲਾਨ ਕੀਤਾ ਹੈ ਕਿ ਮੌਜੂਦਾ ਸਮੇਂ ਸੱਤਵੀਂ, ਅੱਠਵੀਂ ਅਤੇ ਨੌਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵੀ ਇਕ ਵਾਰ ਦੀ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ। ਜਦੋਂ ਇਹ ਵਿਦਿਆਰਥੀ ਦਸਵੀਂ ਵਿੱਚ ਪਹੁੰਚਣਗੇ ਤਾਂ ਤੀਜੀ ਭਾਸ਼ਾ ਦੀ ਕੋਈ ਬੋਰਡ ਪ੍ਰੀਖਿਆ ਨਹੀਂ ਹੋਵੇਗੀ। ਇਸ ਭਾਸ਼ਾ ਦਾ ਮੁਲਾਂਕਣ ਸਿਰਫ਼ ਸਕੂਲ ਵੱਲੋਂ ਅੰਦਰੂਨੀ ਪ੍ਰੀਖਿਆ ਰਾਹੀਂ ਕੀਤਾ ਜਾਵੇਗਾ।
ਕੌਮੀ ਸਿੱਖਿਆ ਨੀਤੀ (ਐੱਨਈਪੀ) 2020 ਅਨੁਸਾਰ ਹਰ ਵਿਦਿਆਰਥੀ ਨੂੰ ਤਿੰਨ ਭਾਸ਼ਾਵਾਂ ਪੜ੍ਹਨੀਆਂ ਹੋਣਗੀਆਂ ਜਿਨ੍ਹਾਂ ਵਿੱਚੋਂ ਘੱਟੋ-ਘੱਟ ਦੋ ਭਾਰਤੀ ਭਾਸ਼ਾਵਾਂ ਹੋਣੀਆਂ ਲਾਜ਼ਮੀ ਹਨ। ਜੇਕਰ ਦੋ ਭਾਸ਼ਾਵਾਂ ਭਾਰਤੀ ਹਨ ਤਾਂ ਤੀਜੀ ਭਾਸ਼ਾ ਵਜੋਂ ਅੰਗਰੇਜ਼ੀ ਜਾਂ ਫਰੈਂਚ ਵਰਗੀ ਗੈਰ-ਭਾਰਤੀ ਭਾਸ਼ਾ ਵੀ ਚੁਣੀ ਜਾ ਸਕਦੀ ਹੈ।
ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਸਾਲ 2026-27 ਦੌਰਾਨ ਨੌਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਇੱਕ ਵਾਰ ਦੀ ਵਿਸ਼ੇਸ਼ ਰਾਹਤ ਦਿੱਤੀ ਗਈ ਹੈ। ਜੇਕਰ ਕੋਈ ਵਿਦਿਆਰਥੀ ਪਹਿਲਾਂ ਹੀ ਦੋ ਹੋਰ ਭਾਰਤੀ ਭਾਸ਼ਾਵਾਂ ਪੜ੍ਹ ਰਿਹਾ ਹੈ ਤਾਂ ਉਸ ਨੂੰ ਸਿਰਫ਼ ਇੱਕ ਵਾਧੂ ਭਾਰਤੀ ਭਾਸ਼ਾ ਸ਼ਾਮਲ ਕਰਨੀ ਹੋਵੇਗੀ।
ਬੋਰਡ ਨੇ ਕਿਹਾ ਹੈ ਕਿ ਮੌਜੂਦਾ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀ ਵੀ ਤਿੰਨ ਭਾਸ਼ਾਵਾਂ ਦੀ ਪੜ੍ਹਾਈ ਜਾਰੀ ਰੱਖਣਗੇ, ਜਿਨ੍ਹਾਂ ਵਿੱਚੋਂ ਦੋ ਭਾਰਤੀ ਭਾਸ਼ਾਵਾਂ ਹੋਣੀਆਂ ਲਾਜ਼ਮੀ ਹਨ। ਜੇਕਰ ਇਨ੍ਹਾਂ ਵਿਦਿਆਰਥੀਆਂ ਨੇ ਪਹਿਲਾਂ ਹੀ ਦੋ ਗੈਰ-ਭਾਰਤੀ ਭਾਸ਼ਾਵਾਂ ਚੁਣੀਆਂ ਹੋਈਆਂ ਹਨ ਤਾਂ ਉਨ੍ਹਾਂ ਨੂੰ ਇੱਕ ਵਾਧੂ ਭਾਰਤੀ ਭਾਸ਼ਾ ਪੜ੍ਹਨੀ ਹੋਵੇਗੀ। ਇਸ ਤੀਜੀ ਭਾਸ਼ਾ ਦੀ ਵੀ ਸਿਰਫ਼ ਸਕੂਲ ਪੱਧਰ 'ਤੇ ਅੰਦਰੂਨੀ ਪ੍ਰੀਖਿਆ ਹੋਵੇਗੀ ਅਤੇ ਦਸਵੀਂ ਵਿੱਚ ਇਸ ਦਾ ਕੋਈ ਬੋਰਡ ਪੇਪਰ ਨਹੀਂ ਹੋਵੇਗਾ।
ਵਿਦਿਆਰਥੀਆਂ ਦੇ ਮਾਪਿਆਂ ਦਾ ਤਬਾਦਲਾ ਹੋਣ ’ਤੇ ਸਕੂਲ ਕਰਨਗੇ ਤੀਜੀ ਭਾਸ਼ਾ ਦੀ ਪੜ੍ਹਾਈ ਦੇ ਪ੍ਰਬੰਧ
ਸੀ ਬੀ ਐੱਸ ਈ ਨੇ ਕਿਹਾ ਹੈ ਕਿ ਜੇਕਰ ਕਿਸੇ ਵਿਦਿਆਰਥੀ ਦੇ ਮਾਪਿਆਂ ਦਾ ਤਬਾਦਲਾ ਕਿਸੇ ਹੋਰ ਰਾਜ ਵਿੱਚ ਹੋ ਜਾਂਦਾ ਹੈ ਤਾਂ ਵਿਦਿਆਰਥੀ ਪਹਿਲਾਂ ਚੁਣੀ ਗਈ ਤੀਜੀ ਭਾਸ਼ਾ (ਆਰ-3) ਨੂੰ ਨੌਵੀਂ ਜਮਾਤ ਵਿੱਚ ਵੀ ਜਾਰੀ ਰੱਖ ਸਕਣਗੇ। ਅਜਿਹੇ ਮਾਮਲਿਆਂ ਵਿੱਚ ਸਕੂਲਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਵਿਦਿਆਰਥੀਆਂ ਦੀ ਚੁਣੀ ਹੋਈ ਭਾਸ਼ਾ ਦੀ ਪੜ੍ਹਾਈ ਲਈ ਲੋੜੀਂਦੇ ਸਾਰੇ ਪ੍ਰਬੰਧ ਯਕੀਨੀ ਬਣਾਉਣ।
ਹੁਣ ਛੇਵੀਂ ਜਮਾਤ ਵਿਚ ਪੜ੍ਹ ਰਹੇ ਵਿਦਿਆਰਥੀ ਦਸਵੀਂ ਵਿਚ ਦੇਣਗੇ ਤੀਜੀ ਭਾਸ਼ਾ ਦੀ ਬੋਰਡ ਪ੍ਰੀਖਿਆ
ਹਾਲਾਂਕਿ ਮੌਜੂਦਾ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਹ ਛੋਟ ਲਾਗੂ ਨਹੀਂ ਹੋਵੇਗੀ। ਜਦੋਂ ਇਹ ਵਿਦਿਆਰਥੀ ਦਸਵੀਂ ਵਿੱਚ ਪਹੁੰਚਣਗੇ ਤਾਂ ਉਨ੍ਹਾਂ ਨੂੰ ਤੀਜੀ ਭਾਸ਼ਾ ਦੀ ਬੋਰਡ ਪ੍ਰੀਖਿਆ ਦੇਣੀ ਹੋਵੇਗੀ। ਇਸ ਬੈਚ ਅਤੇ ਅਗਲੇ ਸਾਰੇ ਬੈਚਾਂ ਲਈ ਤਿੰਨ ਭਾਸ਼ਾਵਾਂ ਵਿੱਚੋਂ ਦੋ ਭਾਰਤੀ ਭਾਸ਼ਾਵਾਂ ਲਾਜ਼ਮੀ ਰਹਿਣਗੀਆਂ। ਸੀਬੀਐੱਸਈ ਨੇ ਇਹ ਵੀ ਦੱਸਿਆ ਹੈ ਕਿ ਛੇਵੀਂ ਜਮਾਤ ਲਈ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ ਦਰਜ 22 ਭਾਰਤੀ ਭਾਸ਼ਾਵਾਂ ਦੀਆਂ ਨਵੀਆਂ ਪਾਠ ਪੁਸਤਕਾਂ ਵੀ ਉਪਲਬਧ ਕਰਵਾਈਆਂ ਜਾਣਗੀਆਂ।
ਵਿਦੇਸ਼ ਵਿਚ ਰਹਿਣ ਵਾਲਿਆਂ ਨੂੰ ਤੀਜੀ ਭਾਸ਼ਾ ਪੜ੍ਹਨੀ ਲਾਜ਼ਮੀ ਨਹੀਂ
ਸੀ ਬੀ ਐਸ ਈ ਨੇ ਵਿਦੇਸ਼ਾਂ ਵਿੱਚ ਸਥਿਤ ਸੀਬੀਐੱਸਈ ਸਕੂਲਾਂ ਲਈ ਪੂਰੀ ਛੋਟ ਦਿੱਤੀ ਹੈ। ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਲਈ ਤੀਜੀ ਭਾਸ਼ਾ ਵਜੋਂ ਭਾਰਤੀ ਭਾਸ਼ਾ ਪੜ੍ਹਨਾ ਲਾਜ਼ਮੀ ਨਹੀਂ ਹੋਵੇਗਾ। ਇਸੇ ਤਰ੍ਹਾਂ ਵਿਦੇਸ਼ ਤੋਂ ਵਾਪਸ ਭਾਰਤ ਆਉਣ ਵਾਲੇ ਵਿਦਿਆਰਥੀਆਂ ਨੂੰ ਵੀ ਤੀਜੀ ਭਾਸ਼ਾ ਵਜੋਂ ਭਾਰਤੀ ਭਾਸ਼ਾ ਪੜ੍ਹਨ ਤੋਂ ਛੋਟ ਦਿੱਤੀ ਗਈ ਹੈ।
