Explainer: 7 ਦੇ ‘ਜਾਦੂਈ ਅੰਕੜੇ’ ਨਾਲ ਢਹਿ-ਢੇਰੀ ਹੋਈ ‘AAP’
ਅਣਗੌਲੇ ਕੀਤੇ ਜਾਣ ਦੀ ਚੋਭ ਜਾਂ ਏਜੰਸੀਆਂ ਦਾ ਡਰ? ਜਾਣੋ AAP ’ਚ ਵੱਡੀ ਬਗ਼ਾਵਤ ਦੇ ਚਾਰ ਮੁੱਖ ਕਾਰਨ
ਭਾਰਤ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਭੂਚਾਲ ਆ ਗਿਆ ਜਦੋਂ ਆਮ ਆਦਮੀ ਪਾਰਟੀ (ਆਪ) ਦੇ 10 ਵਿੱਚੋਂ 7 ਰਾਜ ਸਭਾ ਮੈਂਬਰਾਂ ਨੇ ਇਕੱਠੇ ਪਾਰਟੀ ਛੱਡ ਗਏ ਤੇ ਇਨ੍ਹਾਂ ਵਿੱਚੋਂ ਹੁਣ ਤੱਕ 3 ਨੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਆਓ ਸਮਝਦੇ ਹਾਂ ਇਸ ਪੂਰੇ ਮਾਮਲੇ ਦੇ ਕਾਨੂੰਨੀ ਅਤੇ ਸਿਆਸੀ ਪਹਿਲੂ ਕੀ ਹਨ:
1. ਦਲ-ਬਦਲੀ ਵਿਰੋਧੀ ਕਾਨੂੰਨ (Anti-Defection Law) ਕੀ ਕਹਿੰਦਾ ਹੈ?
ਭਾਰਤੀ ਸੰਵਿਧਾਨ ਦੀ 10ਵੀਂ ਲੜੀ ਮੁਤਾਬਿਕ, ਜੇਕਰ ਕਿਸੇ ਪਾਰਟੀ ਦਾ ਕੋਈ ਇੱਕ ਜਾਂ ਕੁੱਝ ਵਿਧਾਇਕ/ਸੰਸਦ ਮੈਂਬਰ ਦੂਜੀ ਪਾਰਟੀ ਵਿੱਚ ਜਾਂਦੇ ਹਨ, ਤਾਂ ਉਨ੍ਹਾਂ ਦੀ ਮੈਂਬਰੀ ਰੱਦ ਹੋ ਸਕਦੀ ਹੈ। ਪਰ, ਜੇਕਰ ਪਾਰਟੀ ਦੇ ਦੋ-ਤਿਹਾਈ (2/3) ਮੈਂਬਰ ਇਕੱਠੇ ਦੂਜੀ ਪਾਰਟੀ ਵਿੱਚ ਸ਼ਾਮਲ ਹੁੰਦੇ ਹਨ, ਤਾਂ ਉਨ੍ਹਾਂ ਦੀ ਮੈਂਬਰੀ ਬਚੀ ਰਹਿੰਦੀ ਹੈ। 'ਆਪ' ਦੇ ਰਾਜ ਸਭਾ ਵਿੱਚ 10 ਮੈਂਬਰ ਹਨ। ਕਾਨੂੰਨੀ ਬਚਾਅ ਲਈ ਘੱਟੋ-ਘੱਟ 7 ਮੈਂਬਰਾਂ (6.67 ਦਾ ਅੰਕੜਾ) ਦੀ ਲੋੜ ਸੀ। ਰਾਘਵ ਚੱਢਾ ਸਮੇਤ 7 ਮੈਂਬਰਾਂ ਨੇ ਇਕੱਠੇ ਜਾਣ ਦਾ ਫ਼ੈਸਲਾ ਕੀਤਾ, ਜਿਸ ਕਾਰਨ ਉਨ੍ਹਾਂ ਦੀ ਮੈਂਬਰੀ ਖ਼ਤਰੇ ਵਿੱਚ ਨਹੀਂ ਪਵੇਗੀ।
2. ਬਗ਼ਾਵਤ ਦੇ ਮੁੱਖ ਚਿਹਰੇ ਕੌਣ ਹਨ?
ਪਾਰਟੀ ਛੱਡਣ ਵਾਲਿਆਂ ਵਿੱਚ ਸਿਰਫ਼ ਸਿਆਸਤਦਾਨ ਹੀ ਨਹੀਂ, ਸਗੋਂ ਵੱਡੇ ਕਾਰੋਬਾਰੀ ਅਤੇ ਸੈਲੀਬ੍ਰਿਟੀ ਵੀ ਸ਼ਾਮਲ ਹਨ:
ਰਾਘਵ ਚੱਢਾ: ਪਾਰਟੀ ਦਾ ਮੁੱਖ ਚਿਹਰਾ ਅਤੇ ਅਰਵਿੰਦ ਕੇਜਰੀਵਾਲ ਦੇ ਕਰੀਬੀ ਰਹੇ ਹਨ।
ਸੰਦੀਪ ਪਾਠਕ: ਪੰਜਾਬ ਅਤੇ ਗੁਜਰਾਤ ਲਈ 'ਆਪ' ਦੇ ਸਾਬਕਾ ਇੰਚਾਰਜ ਸਨ।
ਸਵਾਤੀ ਮਾਲੀਵਾਲ: ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ।
ਉਦਯੋਗਪਤੀ: ਅਸ਼ੋਕ ਮਿੱਤਲ (LPU), ਰਾਜਿੰਦਰ ਗੁਪਤਾ (ਟ੍ਰਾਈਡੈਂਟ) ਅਤੇ ਵਿਕਰਮਜੀਤ ਸਾਹਨੀ।
ਹਰਭਜਨ ਸਿੰਘ: ਸਾਬਕਾ ਕ੍ਰਿਕਟ ਖਿਡਾਰੀ।
3. ਇਹ ਬਗ਼ਾਵਤ ਕਿਉਂ ਹੋਈ? (ਮੁੱਖ ਕਾਰਨ)
ਆਗੂਆਂ ਨੂੰ ਨੁੱਕਰੇ ਲਗਾਉਣਾ: ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਰਾਘਵ ਚੱਢਾ ਅਤੇ ਸੰਦੀਪ ਪਾਠਕ ਵਰਗੇ ਆਗੂਆਂ ਦਾ ਪ੍ਰਭਾਵ ਘੱਟ ਹੋ ਰਿਹਾ ਸੀ। ਚੱਢਾ ਨੂੰ ਰਾਜ ਸਭਾ ਵਿੱਚ ਉਪ-ਨੇਤਾ ਦੇ ਅਹੁਦੇ ਤੋਂ ਹਟਾਉਣਾ ਇੱਕ ਵੱਡਾ ਮੋੜ ਸਾਬਤ ਹੋਇਆ।
ਸਵਾਤੀ ਮਾਲੀਵਾਲ ਵਿਵਾਦ: ਸਵਾਤੀ ਮਾਲੀਵਾਲ ਪਹਿਲੀ ਆਗੂ ਸੀ ਜਿਸ ਨੂੰ ਮੁੱਖ ਮੰਤਰੀ ਕੇਜਰੀਵਾਲ ਦੇ ਪੀਏ ਬਿਭਵ ਕੁਮਾਰ ਨਾਲ ਹੋਏ ਵਿਵਾਦ ਤੋਂ ਬਾਅਦ ਪਾਰਟੀ ਵਿੱਚ ਇਕੱਲਿਆਂ ਕਰ ਦਿੱਤਾ ਗਿਆ ਸੀ।
ਕੇਂਦਰੀ ਏਜੰਸੀਆਂ ਦਾ ਦਬਾਅ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਚਾਂਸਲਰ ਅਸ਼ੋਕ ਮਿੱਤਲ ਦੇ ਟਿਕਾਣਿਆਂ 'ਤੇ ਈਡੀ (ED) ਦੀ ਛਾਪੇਮਾਰੀ ਨੂੰ ਵੀ ਇਸ ਦਲ-ਬਦਲੀ ਦੀ ਇੱਕ ਅਹਿਮ ਵਜ੍ਹਾ ਮੰਨਿਆ ਜਾ ਰਿਹਾ ਹੈ।
4. ਭਾਜਪਾ ਦਾ ਪੱਖ ਅਤੇ ਭਵਿੱਖ ਦੀ ਸਿਆਸਤ
ਭਾਜਪਾ ਇਸ ਨੂੰ 'ਆਪ' ਦੇ ਪਤਨ ਦੀ ਸ਼ੁਰੂਆਤ ਦੱਸ ਰਹੀ ਹੈ। ਸੁਨੀਲ ਜਾਖੜ ਨੇ ਪਹਿਲਾਂ ਹੀ ਇਸ਼ਾਰਾ ਕਰ ਦਿੱਤਾ ਸੀ ਕਿ ਰਾਘਵ ਚੱਢਾ ਜਲਦ ਹੀ ਪਾਰਟੀ ਛੱਡ ਸਕਦੇ ਹਨ। ਦਿੱਲੀ ਵਿੱਚ ਭਾਜਪਾ ਦੀ ਪਿਛਲੇ ਸਾਲ ਦੀ ਜਿੱਤ ਅਤੇ ਹੁਣ ਰਾਜ ਸਭਾ ਵਿੱਚ 'ਆਪ' ਦੀ ਘਟਦੀ ਤਾਕਤ ਪੰਜਾਬ ਅਤੇ ਦਿੱਲੀ ਦੀ ਸਿਆਸਤ ਵਿੱਚ ਵੱਡਾ ਬਦਲਾਅ ਲਿਆ ਸਕਦੀ ਹੈ।
‘ਆਪ’ ਲਈ ਵਜੂਦ ਦੀ ਲੜਾਈ ਅਤੇ ਸਿਆਸੀ ਸਮੀਕਰਨਾਂ ਵਿੱਚ ਤਬਦੀਲੀ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੋਰ ਟੀਮ ਦੇ ਅਹਿਮ ਮੈਂਬਰਾਂ ਅਤੇ ਵੱਡੇ ਉਦਯੋਗਪਤੀਆਂ ਦਾ ਇਕੱਠੇ ਪਾਰਟੀ ਛੱਡਣਾ ਇਹ ਸਪੱਸ਼ਟ ਕਰਦਾ ਹੈ ਕਿ ਪਾਰਟੀ ਅੰਦਰੂਨੀ ਖਿੱਚੋਤਾਣ ਅਤੇ ਕੇਂਦਰੀ ਏਜੰਸੀਆਂ ਦੇ ਦਬਾਅ ਨਾਲ ਜੂਝ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸਦਨ ਦੇ ਚੇਅਰਮੈਨ ਇਸ ਦਲ-ਬਦਲੀ ’ਤੇ ਕੀ ਕਾਨੂੰਨੀ ਫ਼ੈਸਲਾ ਸੁਣਾਉਂਦੇ ਹਨ। ਜੇਕਰ ਇਹ 'ਰਲੇਵਾਂ' ਪ੍ਰਵਾਨ ਹੁੰਦਾ ਹੈ, ਤਾਂ ਇਸ ਦਾ ਸਿੱਧਾ ਅਸਰ ਪੰਜਾਬ ਅਤੇ ਦਿੱਲੀ ਦੀ ਸਿਆਸਤ ’ਤੇ ਪਵੇਗਾ, ਜਿੱਥੇ ਭਾਜਪਾ ਹੁਣ ‘ਆਪ’ ਦੇ ਗੜ੍ਹ ਵਿੱਚ ਸੰਨ੍ਹ ਲਾਉਣ ਦੀ ਪੂਰੀ ਕੋਸ਼ਿਸ਼ ਕਰੇਗੀ। ਪਾਰਟੀ ਲਈ ਹੁਣ ਸਭ ਤੋਂ ਵੱਡੀ ਚੁਣੌਤੀ ਆਪਣੇ ਬਾਕੀ ਰਹਿੰਦੇ ਆਗੂਆਂ ਨੂੰ ਇੱਕਜੁੱਟ ਰੱਖਣਾ ਹੋਵੇਗੀ।

