Chandigarh ’ਚ Ola-InDrive ਤੋਂ ਬਾਅਦ ਹੁਣ Uber-Rapido ਵੀ ਬੰਦ; ਜਾਣੋ ਕੀ ਹੈ ਪੂਰਾ ਮਾਮਲਾ ?
ਨਿਯਮਾਂ ਦੀ ਉਲੰਘਣਾ ’ਤੇ 6 ਮਹੀਨਿਆਂ ਲਈ ਲਾਇਸੈਂਸ ਮੁਅੱਤਲ; ਚੰਡੀਗੜ੍ਹ ’ਚ ਹੁਣ ‘ਭਾਰਤ ਟੈਕਸੀ’ ਵੱਡਾ ਬਦਲ
ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਉਬਰ ਇੰਡੀਆ ਸਿਸਟਮਜ਼ ਪ੍ਰਾਈਵੇਟ ਲਿਮਟਿਡ ਅਤੇ ਰੈਪਿਡੋ (ਰੋਪੇਨ ਟ੍ਰਾਂਸਪੋਰਟੇਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ) ਦੇ ਐਗਰੀਗੇਟਰ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਛੇ ਮਹੀਨਿਆਂ ਲਈ ਮੁਅੱਤਲ ਕਰ ਦਿੱਤੇ ਹਨ, ਜਿਸ ਨਾਲ ਮਾਰਚ 2027 ਤੱਕ ਕੇਂਦਰ ਸ਼ਾਸਿਤ ਪ੍ਰਦੇਸ਼ (ਯੂ.ਟੀ.) ਵਿੱਚ ਦੋਵਾਂ ਪਲੇਟਫਾਰਮਾਂ ਵੱਲੋਂ ਕੈਬਾਂ ਅਤੇ ਬਾਈਕ-ਟੈਕਸੀਆਂ ਚਲਾਉਣ ’ਤੇ ਪਾਬੰਦੀ ਲੱਗ ਗਈ ਹੈ।
ਇਸ ਨਾਲ ਟਰਾਈਸਿਟੀ ਵਿੱਚ ਕੰਮ ਕਰ ਰਹੀਆਂ ਚਾਰੇ ਪ੍ਰਮੁੱਖ ਕੈਬ ਐਗਰੀਗੇਟਰ ਕੰਪਨੀਆਂ—ਓਲਾ, ਇਨਡ੍ਰਾਈਵ, ਉਬਰ ਅਤੇ ਰੈਪਿਡੋ—ਹੁਣ ਮੁਅੱਤਲ ਹੋ ਗਈਆਂ ਹਨ। ਓਲਾ ਅਤੇ ਇਨਡ੍ਰਾਈਵ ਨੂੰ ਇਸ ਸਾਲ ਜੂਨ ਵਿੱਚ ਚੰਡੀਗੜ੍ਹ ਦੀਆਂ ਸੜਕਾਂ ਤੋਂ ਹਟਾ ਦਿੱਤਾ ਗਿਆ ਸੀ। ਹੁਣ ਸ਼ਹਿਰ ਵਿੱਚ ਸਿਰਫ਼ ਸਹਿਕਾਰੀ ਟੈਕਸੀ ਕੋਆਪ੍ਰੇਟਿਵ ਲਿਮਟਿਡ ਦੀ 'ਭਾਰਤ ਟੈਕਸੀ' (ਜੋ ਕਿ ਭਾਰਤ ਦਾ ਪਹਿਲਾ ਸਹਿਕਾਰੀ ਅਤੇ ਡਰਾਈਵਰਾਂ ਦੀ ਮਲਕੀਅਤ ਵਾਲਾ ਰਾਈਡ-ਹੇਲਿੰਗ (ਪਲੇਟਫਾਰਮ ਹੈ) ਹੀ ਚਾਲੂ ਹੈ, ਜਿਸ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਕੋਲ ਸਿਰਫ਼ ਇੱਕ ਹੀ ਮੁੱਖ ਬਦਲ ਬਚਿਆ ਹੈ।
ਰਾਜ ਟਰਾਂਸਪੋਰਟ ਅਥਾਰਟੀ (ਐੱਸ.ਟੀ.ਏ.) ਦੇ ਸਕੱਤਰ ਅਤੇ ਲਾਇਸੈਂਸਿੰਗ ਅਥਾਰਟੀ ਨਿਤੀਸ਼ ਸਿੰਗਲਾ ਵੱਲੋਂ ਜਾਰੀ ਕੀਤੇ ਗਏ ਵੱਖ-ਵੱਖ ਹੁਕਮਾਂ (ਜਿਨ੍ਹਾਂ ਦੀਆਂ ਕਾਪੀਆਂ 'ਦ ਟ੍ਰਿਬਿਊਨ' ਕੋਲ ਮੌਜੂਦ ਹਨ) ਵਿੱਚ, ਕੰਪਨੀਆਂ ਨੂੰ ਵਾਰ-ਵਾਰ ਨੋਟਿਸ ਭੇਜਣ ਅਤੇ ਇੱਕ ਸਾਲ ਤੱਕ ਚੱਲੀਆਂ ਸੁਣਵਾਈਆਂ ਦੇ ਬਾਵਜੂਦ ਨਿਯਮਾਂ ਦੀ ਲਗਾਤਾਰ ਉਲੰਘਣਾ ਕਰਨ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਮੋਟਰ ਵਹੀਕਲ ਐਗਰੀਗੇਟਰ ਰੂਲਜ਼, 2025 ਦੇ ਨਿਯਮ 17 ਤਹਿਤ ਇਹ ਕਾਰਵਾਈ ਕੀਤੀ ਗਈ ਹੈ।
ਸਿੰਗਲਾ ਨੇ 'ਦ ਟ੍ਰਿਬਿਊਨ' ਨੂੰ ਦੱਸਿਆ, “ਦੋਵਾਂ ਕੰਪਨੀਆਂ ਨੂੰ ਡਰਾਈਵਰਾਂ ਦੀ ਸਿਹਤ ਅਤੇ ਟਰਮ ਇੰਸ਼ੋਰੈਂਸ, ਸਿਖਲਾਈ ਅਤੇ ਤੈਅ ਕਿਰਾਏ ਦੇ ਢਾਂਚੇ ਨਾਲ ਜੁੜੇ ਨਿਯਮਾਂ ਦੀ ਪਾਲਣਾ ਕਰਨ ਲਈ ਕਾਫ਼ੀ ਮੌਕਾ ਦਿੱਤਾ ਗਿਆ ਸੀ, ਪਰ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੇ ਜਾਣਬ ਬੁਝ ਕੇ (ਜਾਣਬੁੱਝ ਕੇ) ਇਸ ਦੀ ਪਾਲਣਾ ਨਹੀਂ ਕੀਤੀ।”
ਉਬਰ ਦੀਆਂ ਉਲੰਘਣਾਵਾਂ
ਹੁਕਮਾਂ ਅਨੁਸਾਰ, ਉਬਰ ਨੂੰ ਸਭ ਤੋਂ ਪਹਿਲਾਂ 8 ਜੁਲਾਈ, 2025 ਨੂੰ ਪਾਲਣਾ ਰਿਪੋਰਟ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਸੀ ਅਤੇ ਇਸ ਦਾ ਜਵਾਬ ਤਸੱਲੀਬਖ਼ਸ਼ ਨਾ ਮਿਲਣ ’ਤੇ 10 ਅਕਤੂਬਰ, 2025 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਇੱਕ ਕਮੇਟੀ ਨੇ ਪਾਇਆ ਕਿ ਸੈਕਟਰ 47-ਸੀ ਵਿੱਚ ਉਬਰ ਦਾ ਸਥਾਨਕ ਦਫ਼ਤਰ ਕੰਮ ਨਹੀਂ ਕਰ ਰਿਹਾ ਸੀ ਅਤੇ ਮਈ 2026 ਵਿੱਚ ਨਿਰੀਖਣ ਦੌਰਾਨ ਇਹ ਦਫ਼ਤਰ ਬੰਦ/ਕੁੰਡਾ ਲੱਗਿਆ ਮਿਲਿਆ। ਸਪੀਡ ਪੋਸਟ ਰਾਹੀਂ ਭੇਜਿਆ ਗਿਆ ਪੱਤਰ ਵੀ “ਅਣ-ਕਲੇਮਡ” (ਵਾਪਸ) ਆ ਗਿਆ।
ਹੁਕਮਾਂ ਵਿੱਚ ਦੱਸਿਆ ਗਿਆ ਹੈ ਕਿ ਉਬਰ ਨੇ 7 ਜੁਲਾਈ, 2025 ਨੂੰ ਸੂਚਿਤ ਕੀਤੇ ਗਏ ਕਿਰਾਏ ਦੀਆਂ ਦਰਾਂ ਨੂੰ ਲਾਗੂ ਨਹੀਂ ਕੀਤਾ ਅਤੇ ਨਿਯਮ 14(iii) ਦੀ ਉਲੰਘਣਾ ਕਰਦਿਆਂ ਯਾਤਰੀਆਂ ਤੋਂ ਵੱਧ ਕਿਰਾਇਆ ਵਸੂਲਿਆ ਪਾਇਆ ਗਿਆ, ਜੋ ਕਿ ਐਗਰੀਗੇਟਰ ਦੇ ਕਿਰਾਏ ਨੂੰ ਪ੍ਰਸ਼ਾਸਨ ਵੱਲੋਂ ਤੈਅ ਸੀਮਾ ਤੱਕ ਸੀਮਤ ਕਰਦਾ ਹੈ। ਟਰਾਂਸਪੋਰਟ ਯੂਨੀਅਨਾਂ ਵੱਲੋਂ 24, 27 ਅਗਸਤ, 1 ਅਤੇ 3 ਸਤੰਬਰ ਨੂੰ ਕੀਤੀਆਂ ਗਈਆਂ ਸ਼ਿਕਾਇਤਾਂ ਅਤੇ ਚੰਡੀਗੜ੍ਹ ਕੈਬ ਡਰਾਈਵਰ ਯੂਨੀਅਨ ਵੱਲੋਂ 7 ਸਤੰਬਰ ਨੂੰ ਕੀਤੀ ਗਈ ਨਵੀਂ ਸ਼ਿਕਾਇਤ ਵਿੱਚ ਡਰਾਈਵਰਾਂ ’ਤੇ ਸਬਸਕ੍ਰਿਪਸ਼ਨ/ਰੀਚਾਰਜ ਮਾਡਲ ਥੋਪਣ ਦਾ ਖ਼ੁਲਾਸਾ ਕੀਤਾ ਗਿਆ, ਜੋ ਕਿ ਨਿਯਮਾਂ ਦੀ ਉਲੰਘਣਾ ਹੈ। ਪਲੇਟਫਾਰਮ ਨਾਲ ਗ਼ੈਰ-ਵਪਾਰਕ ਵਾਹਨ ਵੀ ਜੁੜੇ ਹੋਏ ਪਾਏ ਗਏ।
ਰੈਪਿਡੋ ਦੀਆਂ ਉਲੰਘਣਾਵਾਂ
ਰੈਪਿਡੋ ਦੇ ਹੁਕਮਾਂ ਵਿੱਚ ਵੀ ਅਜਿਹੀਆਂ ਹੀ ਕੁਤਾਹੀਆਂ ਦਰਜ ਹਨ। ਕੰਪਨੀ ਵੱਲੋਂ ਬਾਈਕ-ਟੈਕਸੀ ਕਪਤਾਨਾਂ ਲਈ ਬੀਮਾ ਕਵਰ ਸਿਰਫ਼ ਦੁਰਘਟਨਾ ਵਿੱਚ ਮੌਤ ਅਤੇ ਸੱਟ ਤੱਕ ਹੀ ਸੀਮਤ ਪਾਇਆ ਗਿਆ, ਜੋ ਕਿ 2025 ਦੇ ਨਿਯਮਾਂ ਤਹਿਤ ਲਾਜ਼ਮੀ ਕਵਰ ਤੋਂ ਘੱਟ ਹੈ। ਮਈ 2026 ਵਿੱਚ ਤਿੰਨ ਦੌਰਿਆਂ ਦੌਰਾਨ ਇਸ ਦਾ ਸੈਕਟਰ 32-ਡੀ ਦਾ ਦਫ਼ਤਰ ਵੀ ਬੰਦ ਮਿਲਿਆ।
ਹੁਕਮਾਂ ਵਿੱਚ ਨੋਟ ਕੀਤਾ ਗਿਆ ਹੈ ਕਿ ਪਾਲਣਾ ਦਾ ਜਵਾਬ ਦੇਣ ਦੀ ਬਜਾਏ, ਰੈਪਿਡੋ ਨੇ ਚੰਡੀਗੜ੍ਹ ਦੇ ਆਪਣੇ ਨਿਯਮਾਂ ਦੀ ਬਜਾਏ ਕੇਂਦਰ ਦੇ ਮੋਟਰ ਵਹੀਕਲ ਐਗਰੀਗੇਟਰ ਗਾਈਡਲਾਈਨਜ਼ (MVAG), 2025 ਨੂੰ ਲਾਗੂ ਕਰਨ ਦੀ ਮੰਗ ਕੀਤੀ। 3 ਸਤੰਬਰ ਨੂੰ ਟਰਾਈਸਿਟੀ ਕੈਬ ਡਰਾਈਵਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਵਿੱਚ ਸਬਸਕ੍ਰਿਪਸ਼ਨ ਮਾਡਲ ਅਤੇ ਵੱਧ ਕਿਰਾਇਆ ਵਸੂਲੇ ਜਾਣ ਦਾ ਮੁੱਦਾ ਉਠਾਇਆ ਗਿਆ ਸੀ, ਜਦੋਂ ਕਿ ਪਲੇਟਫਾਰਮ ਨਾਲ ਗ਼ੈਰ-ਵਪਾਰਕ ਵਾਹਨ ਵੀ ਜੁੜੇ ਹੋਏ ਸਨ।
ਲੋਕਾਂ ਦੀ ਪਰੇਸ਼ਾਨੀ ਵਧਣ ਦਾ ਖ਼ਦਸ਼ਾ
ਜੂਨ ਵਿੱਚ Ola-InDrive ’ਤੇ ਪਾਬੰਦੀ ਤੋਂ ਤੁਰੰਤ ਬਾਅਦ ਆਈਆਂ ਇਹ ਲਗਾਤਾਰ ਪਾਬੰਦੀਆਂ ਅਜਿਹੇ ਸ਼ਹਿਰ ਵਿੱਚ ਕੈਬਾਂ ਦੀ ਉਪਲਬਧਤਾ ਨੂੰ ਹੋਰ ਘਟਾ ਦੇਣਗੀਆਂ ਜੋ ਕਿ ਕਿਰਾਏ ਅਤੇ ਐਗਰੀਗੇਟਰ ਕਮੀਸ਼ਨਾਂ ਨੂੰ ਲੈ ਕੇ ਡਰਾਈਵਰਾਂ ਦੇ ਮਹੀਨਿਆਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨਾਲ ਪਹਿਲਾਂ ਹੀ ਜੂਝ ਰਿਹਾ ਹੈ। ਉਬਰ ਅਤੇ ਰੈਪਿਡੋ ਕੋਲ ਓਲਾ ਦੇ ਨਾਲ-ਨਾਲ ਰੋਜ਼ਾਨਾ ਬੁਕਿੰਗ ਦਾਾ ਕਾਫ਼ੀ ਹਿੱਸਾ ਹੋਣ ਕਾਰਨ, ਐਪ-ਆਧਾਰਿਤ ਕੈਬਾਂ ਅਤੇ ਬਾਈਕ-ਟੈਕਸੀਆਂ ’ਤੇ ਨਿਰਭਰ ਯਾਤਰੀਆਂ ਨੂੰ ਇੱਕ ਵਾਰ ਫਿਰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਸੜਕਾਂ ’ਤੇ ਹੁਣ ਸਿਰਫ਼ 'ਭਾਰਤ ਟੈਕਸੀ' ਹੀ ਇੱਕੋ-ਇੱਕ ਵੱਡਾ ਬਦਲ ਬਚੀ ਹੈ।
ਮੁੱਖ ਉਲੰਘਣਾਵਾਂ
ਓਲਾ/ਇਨਡ੍ਰਾਈਵ (ANI Technologies): ਡਰਾਈਵਰਾਂ ਦੇ ਰੋਸ ਪ੍ਰਦਰਸ਼ਨਾਂ ਦੌਰਾਨ ਐਗਰੀਗੇਟਰ ਪਾਲਸੀ ਨੂੰ ਲਾਗੂ ਨਾ ਕਰਨਾ।
ਉਬਰ ਇੰਡੀਆ ਸਿਸਟਮਜ਼: ਸਿਹਤ/ਟਰਮ ਇੰਸ਼ੋਰੈਂਸ ਦਾ ਸਬੂਤ ਨਾ ਹੋਣਾ, ਕਿਰਾਏ ਦੇ ਨਿਯਮਾਂ ਦੀ ਉਲੰਘਣਾ, ਵੱਧ ਕਿਰਾਇਆ ਵਸੂਲਣਾ, ਦਫ਼ਤਰ ਬੰਦ ਮਿਲਣਾ, ਗ਼ੈਰ-ਵਪਾਰਕ ਵਾਹਨਾਂ ਦਾ ਜੁੜਿਆ ਹੋਣਾ।
ਰੈਪਿਡੋ (Roppen Transportation): ਨਾਕਾਫ਼ੀ ਬੀਮਾ ਕਵਰ, ਕਿਰਾਏ ਦੇ ਨਿਯਮਾਂ ਦੀ ਉਲੰਘਣਾ, ਦਫ਼ਤਰ ਬੰਦ ਮਿਲਣਾ, ਯੂ.ਟੀ. ਨਿਯਮਾਂ ਦੀ ਬਜਾਏ ਕੇਂਦਰੀ ਨਿਯਮਾਂ ਦੀ ਮੰਗ ਕਰਨਾ।
ਲਾਗੂ ਕੀਤਾ ਗਿਆ ਨਿਯਮ: ਚੰਡੀਗੜ੍ਹ ਪ੍ਰਸ਼ਾਸਨ ਮੋਟਰ ਵਹੀਕਲ ਐਗਰੀਗੇਟਰ ਰੂਲਜ਼, 2025 ਦਾ ਨਿਯਮ 17।
ਮੌਜੂਦਾ ਸਮੇਂ ਵਿੱਚ ਚਾਲੂ ਸਿਰਫ਼ ਇੱਕੋ-ਇੱਕ ਐਗਰੀਗੇਟਰ: ਭਾਰਤ ਟੈਕਸੀ (ਸਹਿਕਾਰੀ ਟੈਕਸੀ ਕੋਆਪ੍ਰੇਟਿਵ ਲਿਮਟਿਡ)।

