ਸੁਪਰੀਮ ਕੋਰਟ ਨੇ ਫ਼ੌਜ ਵਿਚ ਮਹਿਲਾ ਅਧਿਕਾਰੀਆਂ ਦੇ ਹੱਕ ਵਿਚ ਫ਼ੈਸਲਾ ਦਿੰਦੇ ਹੋਏ ਕੇਂਦਰ ਸਰਕਾਰ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਕਿ ਉਹ ਸੀਮਤ ਸਮੇਂ ਲਈ ਭਰਤੀ ਕੀਤੀਆਂ ਮਹਿਲਾ ਅਧਿਕਾਰੀਆਂ ਨੂੰ ਪੱਕੇ ਕਰਨ ਦੇ ਮਾਮਲੇ ਬਾਰੇ ਦੁਬਾਰਾ ਵਿਚਾਰ ਕਰੇ। ਇਸ ਤੋਂ ਪਹਿਲਾਂ ਸਰਬਉੱਚ ਅਦਾਲਤ ਨੇ ਫਰਵਰੀ 2020 ਵਿਚ ਫ਼ੈਸਲਾ ਦਿੱਤਾ ਸੀ ਕਿ ਸੀਮਤ ਸਮੇਂ ਲਈ ਭਰਤੀ ਕੀਤੀਆਂ ਗਈਆਂ ਮਹਿਲਾ ਅਧਿਕਾਰੀਆਂ ਨੂੰ ਪੱਕੇ ਕਰਨ ਲਈ ਕਦਮ ਚੁੱਕੇ ਜਾਣ। ਉਸ ਤੋਂ ਬਾਅਦ ਫ਼ੌਜ ਨੇ ਮਹਿਲਾ ਅਧਿਕਾਰੀਆਂ ਨੂੰ ਪੱਕੇ ਕਰਨ ਲਈ ਕੁਝ ਮਾਪਦੰਡ ਬਣਾਏ ਅਤੇ ਕੁਝ ਮਹਿਲਾ ਅਧਿਕਾਰੀਆਂ ਨੂੰ ਪੱਕੇ ਵੀ ਕੀਤਾ ਗਿਆ ਪਰ ਕੁਝ ਅਧਿਕਾਰੀ ਜਿਹੜੀਆਂ ਪੱਕੇ ਹੋਣ ਵਿਚ ਸਫ਼ਲ ਨਹੀਂ ਸੀ ਹੋਈਆਂ, ਨੇ ਮਾਪਦੰਡਾਂ ਨੂੰ ਵਿਤਕਰੇ ਭਰਿਆ ਦੱਸਦਿਆਂ ਸੁਪਰੀਮ ਕੋਰਟ ਵਿਚ ਪਹੁੰਚ ਕੀਤੀ। ਅਦਾਲਤ ਨੇ ਉਨ੍ਹਾਂ ਦੀ ਦਲੀਲ ਨੂੰ ਸਹੀ ਮੰਨਦਿਆਂ ਉਹ ਵਿਤਕਰੇ ਦੂਰ ਕਰਨ ਲਈ ਕਿਹਾ ਹੈ।
ਫ਼ੌਜਾਂ ਅਤੇ ਯੁੱਧ ਸਦੀਆਂ ਤੋਂ ਸਮਾਜ ਵਿਚ ਸੱਤਾ ਪ੍ਰਾਪਤੀ ਦੇ ਸਾਧਨ ਰਹੇ ਹਨ। ਇਤਿਹਾਸ ਵਿਚ ਔਰਤਾਂ ਦੀਆਂ ਫ਼ੌਜੀ ਟੁਕੜੀਆਂ ਦਾ ਜ਼ਿਕਰ ਮਿਲਦਾ ਹੈ ਪਰ ਉਨ੍ਹਾਂ ਦੀ ਗਿਣਤੀ ਹਮੇਸ਼ਾ ਸੀਮਤ ਰਹੀ ਹੈ। ਅਕਬਰ ਕੋਲ ਲਗਭੱਗ 5000 ਔਰਤਾਂ ਦੀ ਫ਼ੌਜੀ ਟੁਕੜੀ ਸੀ ਜਿਸ ਵਿਚ ਤਾਤਾਰ, ਤੁਰਕ, ਕਸ਼ਮੀਰ ਅਤੇ ਅਫ਼ਰੀਕੀ ਨਸਲਾਂ ਦੀਆਂ ਔਰਤਾਂ ਸਨ। ਇਸ ਟੁਕੜੀ ਨੂੰ ਬਾਦਸ਼ਾਹਾਂ ਦੇ ਹਰਮ ਅਤੇ ਬਾਦਸ਼ਾਹ ਦੀ ਸੁਰੱਖਿਆ ਦਾ ਕੰਮ ਦਿੱਤਾ ਗਿਆ ਸੀ। ਚੀਨੀ, ਯੂਨਾਨੀ, ਈਰਾਨੀ ਅਤੇ ਕਈ ਹੋਰ ਸਭਿਆਤਾਵਾਂ ਦੇ ਇਤਿਹਾਸ ਵਿਚ ਮਹਿਲਾ ਫ਼ੌਜੀਆਂ ਅਤੇ ਅਧਿਕਾਰੀਆਂ ਬਾਰੇ ਜ਼ਿਕਰ ਕੀਤਾ ਗਿਆ ਹੈ ਪਰ ਦੁਨੀਆ ਵਿਚ ਬਹੁਤੇ ਸਮਾਜਾਂ ਦਾ ਵਿਕਾਸ ਇਸ ਢੰਗ ਨਾਲ ਹੋਇਆ ਕਿ ਫ਼ੌਜਾਂ ਮਰਦਾਂ ਦੇ ਅਧਿਕਾਰ ਖੇਤਰ ਦਾ ਪੱਕਾ ਹਿੱਸਾ ਬਣ ਗਈਆਂ। ਕਈ ਸਮਾਜ ਜਿਨ੍ਹਾਂ ਵਿਚ ਜਾਇਦਾਦ ਦਾ ਅਧਿਕਾਰ ਔਰਤਾਂ ਕੋਲ ਅਤੇ ਵੰਸ਼ ਵੀ ਔਰਤਾਂ ਦੇ ਨਾਮ ’ਤੇ ਚੱਲਦਾ ਹੈ, ਵਿਚ ਵੀ ਫ਼ੌਜਾਂ ਜ਼ਿਆਦਾਤਰ ਮਰਦਾਂ ਦੇ ਅਧਿਕਾਰ ਖੇਤਰ ਵਿਚ ਹੀ ਰਹੀਆਂ। ਕਈ ਵਿਗਿਆਨੀ ਇਸ ਰੁਝਾਨ ਨੂੰ ਮਨੁੱਖੀ ਵਿਕਾਸ ਦੇ ਸਮੇਂ ਦੇ ਸ਼ੁਰੂਆਤੀ ਸਮਿਆਂ ਨਾਲ ਜੋੜਦਿਆਂ ਕਹਿ ਦਿੰਦੇ ਹਨ ਕਿ ਉਸ ਸਮੇਂ ਮਰਦ ਸ਼ਿਕਾਰ ਕਰਦੇ ਸਨ ਜਦੋਂ ਕਿ ਔਰਤਾਂ ਅੰਨ ਇਕੱਠਾ ਕਰਦੀਆਂ, ਮੁੱਢਲੀ ਤਰ੍ਹਾਂ ਦੀ ਖੇਤੀ ਕਰਦੀਆਂ ਅਤੇ ਬਾਲ ਬੱਚਿਆਂ ਨੂੰ ਸੰਭਾਲਦੀਆਂ ਸਨ। ਉਨ੍ਹਾਂ ਅਨੁਸਾਰ ਇਸ ਰੁਝਾਨ ਕਾਰਨ ਮਰਦ ਜ਼ਿਆਦਾ ਹਿੰਸਾਤਮਕ ਹੁੰਦੇ ਗਏ ਅਤੇ ਉਨ੍ਹਾਂ ਨੇ ਜ਼ਮੀਨਾਂ, ਇਲਾਕੇ, ਪਸ਼ੂ ਅਤੇ ਤਾਕਤ ਹਥਿਆਉਣ ਲਈ ਫ਼ੌਜਾਂ ਬਣਾਈਆਂ।
ਅਜੋਕੇ ਸਮਿਆਂ ’ਚ ਔਰਤਾਂ ਦੀ ਬਰਾਬਰੀ ਦਾ ਵਿਸ਼ਾ ਮਨੁੱਖਤਾ ਦਾ ਕੇਂਦਰੀ ਵਿਸ਼ਾ ਹੈ। ਔਰਤਾਂ ਨੇ ਵੱਖ ਵੱਖ ਖੇਤਰਾਂ ’ਚ ਬਰਾਬਰੀ ਪ੍ਰਾਪਤ ਕਰਨ ਲਈ ਸੰਘਰਸ਼ ਕੀਤੇ ਤੇ ਇਨ੍ਹਾਂ ਖੇਤਰਾਂ ’ਚ ਆਪਣੀ ਯੋਗਤਾ ਤੇ ਸਮਰੱਥਾ ਸਿੱਧ ਕੀਤੀ ਹੈ। ਔਰਤਾਂ ਫ਼ੌਜਾਂ ਵਿਚ ਵੀ ਬਰਾਬਰੀ ਦੇ ਅਧਿਕਾਰ ਚਾਹੁੰਦੀਆਂ ਹਨ ਪਰ ਫ਼ੌਜੀ ਮਾਹਿਰਾਂ ਅਨੁਸਾਰ ਇਤਿਹਾਸਕ ਗਵਾਹੀ ਉਨ੍ਹਾਂ ਦੇ ਵਿਰੁੱਧ ਹੈ। ਮੁਸ਼ਕਿਲ ਇਹ ਕਿ ਇਹ ਸਾਰੇ ਮਾਹਿਰ ਮਰਦ ਹਨ। ਅਮਰੀਕਾ ਅਤੇ ਯੂਰਪੀ ਦੇਸ਼ਾਂ ਦੀਆਂ ਫ਼ੌਜਾਂ ਵਿਚ ਔਰਤਾਂ ਕਾਫ਼ੀ ਤਾਦਾਦ ਵਿਚ ਹਨ ਪਰ ਉਨ੍ਹਾਂ ਦੇ ਪ੍ਰਬੰਧ ਵੱਖਰੀ ਤਰ੍ਹਾਂ ਦੇ ਹਨ ਅਤੇ ਬਹੁਤ ਸਾਰੇ ਮਰਦ ਅਤੇ ਮਹਿਲਾ ਫ਼ੌਜੀ ਜ਼ਿਆਦਾ ਦੇਰ ਤਕ ਫ਼ੌਜ ਵਿਚ ਨੌਕਰੀ ਨਹੀਂ ਕਰਦੇ। ਇਸ ਵੇਲੇ ਭਾਰਤੀ ਫ਼ੌਜ, ਹਵਾਈ ਫ਼ੌਜ ਅਤੇ ਸਮੁੰਦਰੀ ਸੈਨਾ ਵਿਚ 9000 ਤੋਂ ਵੱਧ ਔਰਤਾਂ ਹਨ। ਉਨ੍ਹਾਂ ਨੇ ਸੈਨਾਵਾਂ ਦੇ ਵੱਖ ਵੱਖ ਮਹਿਕਮਿਆਂ ਵਿਚ ਸਫ਼ਲਤਾ ਨਾਲ ਕੰਮ ਕੀਤਾ ਹੈ। ਉਹ ਉਨ੍ਹਾਂ ਖੇਤਰਾਂ ਵਿਚ ਵੀ ਤਾਇਨਾਤ ਰਹੀਆਂ ਹਨ ਜਿਨ੍ਹਾਂ ਵਿਚ ਕੰਮ ਕਰਨਾ ਜੋਖ਼ਮ ਭਰਿਆ ਸਮਝਿਆ ਜਾਂਦਾ ਹੈ। ਸਰਕਾਰ ਨੂੰ ਇਨ੍ਹਾਂ ਸਾਰੇ ਪੱਖਾਂ ਨੂੰ ਸਾਹਮਣੇ ਰੱਖ ਕੇ ਅਤੇ ਭਵਿੱਖਮਈ ਸੋਚ ਅਪਣਾਉਂਦੇ ਹੋਏ, ਔਰਤਾਂ ਪ੍ਰਤੀ ਵਿਤਕਰਿਆਂ ਨੂੰ ਖ਼ਤਮ ਕਰਨ ਲਈ ਸੁਚੇਤ ਫ਼ੈਸਲੇ ਕਰਨੇ ਚਾਹੀਦੇ ਹਨ।