ਸਰਦ ਰੁੱਤ ਸੈਸ਼ਨ ਦਾ ਆਗਾਜ਼
ਸੰਸਦ ਦਾ ਸਰਦ ਰੁੱਤ ਸੈਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਰੋਧੀ ਧਿਰ ਨੂੰ ‘ਡਰਾਮਾ ਨਹੀਂ, ਕੰਮ ਕਰਕੇ ਦਿਖਾਉਣ’ ਦੀ ਟਿੱਪਣੀ ਨਾਲ ਸ਼ੁਰੂ ਹੋ ਗਿਆ ਹੈ। ਇਹ ਵਿਰੋਧੀ ਧਿਰ ਨੂੰ ਭੰਡਣ ਵਾਲੀ ਤਿੱਖੀ ਟਿੱਪਣੀ ਹੈ, ਜਿਸ ਦਾ ਅੱਗਿਉਂ ਤਿੱਖਾ ਪ੍ਰਤੀਕਰਮ ਹੋਇਆ ਹੈ। ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਦੀ ਇਸ ਟਿੱਪਣੀ ਦਾ ਜਵਾਬ ਦਿੰਦਿਆਂ ਆਖਿਆ ਹੈ ਕਿ ਅਜਿਹਾ ਕਰਕੇ ਉਨ੍ਹਾਂ ਨੇ ਲੋਕਾਂ ਦੇ ਅਸਲ ਮੁੱਦਿਆਂ ’ਤੇ ਧਿਆਨ ਦੇਣ ਦੀ ਥਾਂ ਮੁੜ ‘ਡਰਾਮੇਬਾਜ਼ੀ’ ਕੀਤੀ ਹੈ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਇਹ ਹਕੀਕਤ ਹੈ ਕਿ ਸਰਕਾਰ ਗਿਆਰਾਂ ਸਾਲਾਂ ਤੋਂ ਸੰਸਦੀ ਮਰਿਆਦਾ ਦੀ ਲਗਾਤਾਰ ਉਲੰਘਣਾ ਕਰ ਰਹੀ ਹੈ ਅਤੇ ਦੋਸ਼ ਉਲਟਾ ਵਿਰੋਧੀ ਧਿਰ ’ਤੇ ਮੜ੍ਹ ਰਹੀ ਹੈ।
ਇਸ ਤਕਰਾਰ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ 19 ਦਿਨਾਂ ਦੇ ਸੰਖੇਪ ਪਰ ਮਹੱਤਵਪੂਰਨ ਸੈਸ਼ਨ ਦੀ ਦਸ਼ਾ ਤੇ ਦਿਸ਼ਾ ਕੀ ਹੋਵੇਗੀ। ਸਿਰਫ਼ 15 ਬੈਠਕਾਂ ਵਾਲੇ ਸੈਸ਼ਨ ਦੇ ਪਹਿਲਾਂ ਹੀ ਜ਼ਿਆਦਾ ਦਬਾਅ ਵਾਲਾ ਰਹਿਣ ਦੀ ਉਮੀਦ ਸੀ। ਪਹਿਲੇ ਦਿਨ ਹੀ ਚੋਣ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਦੇ ਵਿਵਾਦਪੂਰਨ ਮੁੱਦੇ ’ਤੇ ਕਾਰਵਾਈ ਮੁਲਤਵੀ ਹੋ ਗਈ, ਜੋ ਉਸਾਰੂ ਬਹਿਸ ਦੀ ਬਜਾਏ ਸ਼ੋਰ-ਸ਼ਰਾਬੇ ਵਾਲੇ ਟਕਰਾਅ ਕਾਰਨ ਇੱਕ ਹੋਰ ਸੈਸ਼ਨ ਅਜਾਈਂ ਜਾਣ ਦਾ ਸੰਕੇਤ ਦਿੰਦੀ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਾਣਬੁੱਝ ਕੇ ‘ਡਰਾਮੇ’ ਜਿਹੀਆਂ ਟਿੱਪਣੀਆਂ ਕਰਕੇ ਵਿਵਾਦ ਪੈਦਾ ਕਰਨਾ ਚਾਹੁੰਦੇ ਹਨ ਤਾਂ ਜੋ ਸੈਸ਼ਨ ਵਿੱਚ ਚਰਚਾ ਲਈ ਉਠਾਏ ਜਾਣ ਵਾਲੇ ਗੰਭੀਰ ਮੁੱਦਿਆਂ ’ਤੇ ਸੱਤਾਧਾਰੀ ਧਿਰ ਨੂੰ ਕੋਈ ਜਵਾਬ ਨਾ ਦੇਣਾ ਪਵੇ। ਸਰਕਾਰ ਦਾ ਦਾਅਵਾ ਹੈ ਕਿ ਇਹ ਇਸ ਸੈਸ਼ਨ ਵਿੱਚ ਲੰਬਿਤ ਆਰਥਿਕ ਸੁਧਾਰਾਂ ਅਤੇ ਟੈਕਸ ਸੋਧਾਂ ਤੋਂ ਲੈ ਕੇ ਸਿਹਤ ਸੁਰੱਖਿਆ ਅਤੇ ਆਬਕਾਰੀ ਪ੍ਰਸਤਾਵਾਂ ਤੱਕ ਵਿਧਾਨਕ ਏਜੰਡੇ ਨੂੰ ਅੱਗੇ ਵਧਾਉਣ ਦੀ ਤਿਆਰੀ ਕਰ ਰਹੀ ਹੈ ਅਤੇ ਇਸ ਸੈਸ਼ਨ ’ਚ ਸਰਕਾਰ ਜੀ ਐੱਸ ਟੀ ਢਾਂਚੇ ਤੇ ਸਿਹਤ ਖੇਤਰ ਦੇ ਨਿਯਮਾਂ ਵਿੱਚ ਸੋਧਾਂ ਕਰਨੀਆਂ ਚਾਹੁੰਦੀ ਹੈ। ਨਿਰੰਤਰ ਸ਼ੋਰ-ਸ਼ਰਾਬੇ ਦੇ ਮਾਹੌਲ ਵਿੱਚ ਸੰਸਦ ਕਾਨੂੰਨ ਨਹੀਂ ਬਣਾ ਸਕਦੀ।
ਵਿਰੋਧੀ ਧਿਰ ਐੱਸ ਆਈ ਆਰ ਦੇ ਮੁੱਦੇ ’ਤੇ ਆਕ੍ਰਮਕ ਹੈ ਅਤੇ ਇਸ ਬਾਰੇ ਤੁਰੰਤ ਬਹਿਸ ਦੀ ਮੰਗ ਸਿਧਾਂਤਕ ਤੌਰ ’ਤੇ ਜਾਇਜ਼ ਹੈ, ਪਰ ਜਿਸ ਤਰੀਕੇ ਨਾਲ ਸਦਨ ਦੀ ਕਾਰਵਾਈ ਨੂੰ ਵਾਰ-ਵਾਰ ਮੁਲਤਵੀ ਕੀਤਾ ਜਾ ਰਿਹਾ ਹੈ, ਉਹ ਸਹੀ ਨਹੀਂ ਹੈ। ਸਰਕਾਰ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਸੈਸ਼ਨ ਦਾ ਮਿਜ਼ਾਜ ਤੈਅ ਕਰਨਾ ਬਿਰਤਾਂਤ ਨੂੰ ਕੰਟਰੋਲ ਕਰਨ ਦੇ ਬਰਾਬਰ ਨਹੀਂ ਹੈ। ਐੱਸ ਆਈ ਆਰ ’ਤੇ ਪਾਰਦਰਸ਼ਤਾ, ਅਸਹਿਮਤੀ ਨੂੰ ਜਗ੍ਹਾ ਦੇਣਾ ਅਤੇ ਤਿੱਖੇ ਸਵਾਲਾਂ ਲਈ ਗੁੰਜਾਇਸ਼ ਕਾਇਮ ਰੱਖਣਾ ਸੰਸਦੀ ਭਰੋਸੇਯੋਗਤਾ ਨੂੰ ਬਣਾਈ ਰੱਖਣ ਲਈ ਜ਼ਰੂਰੀ ਹੈ। ਇੱਕ ਸੈਸ਼ਨ ਜੋ ਆਪਣੇ ਆਪ ਨੂੰ ਸਿਰਫ਼ ਬਿਆਨਬਾਜ਼ੀ ਅਤੇ ਵਾਕਆਊਟ ਤੱਕ ਸੀਮਤ ਕਰ ਲੈਂਦਾ ਹੈ, ਉਹ ਆਰਥਿਕ ਸੁਧਾਰ ਦੀਆਂ ਜ਼ਰੂਰਤਾਂ, ਅਸਥਿਰ ਵਿਸ਼ਵਵਿਆਪੀ ਹਾਲਾਤ ਅਤੇ ਗੁੰਝਲਦਾਰ ਅੰਦਰੂਨੀ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਦੇਸ਼ ਦੀਆਂ ਉਮੀਦਾਂ ਨਾਲ ਕੋਈ ਨਿਆਂ ਨਹੀਂ ਕਰੇਗਾ।
ਇਸ ਸਰਦ ਰੁੱਤ ਸੈਸ਼ਨ ਨੂੰ ਪੁਰਾਣੇ ਤੌਰ ਤਰੀਕਿਆਂ ਤੋਂ ਉੱਪਰ ਉੱਠਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਵੱਲੋਂ ਕੰਮ ਕਰਨ ਦਾ ਸੱਦਾ ਦੇਣ ਅਤੇ ਸਪੀਕਰ ਵੱਲੋਂ ਫਰਜ਼ ਨਿਭਾਉਣ ਤੇ ਸੰਜਮ ਦੀ ਅਪੀਲ ਕਰਨ ਦੇ ਨਾਲ ਇਹ ਪ੍ਰੀਖਿਆ ਹੁਣ ਭਾਵੇਂ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੋਵਾਂ ਦੀ ਹੈ ਪਰ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਦੀ ਵਧੇਰੇ ਜ਼ਿੰਮੇਵਾਰੀ ਸੱਤਾਧਾਰੀ ਧਿਰ ਦੀ ਹੈ। ਦੇਸ਼ ਦੇ ਲੋਕ ਉਸਾਰੂ ਚਰਚਾ ਦੀ ਉਮੀਦ ਕਰਦੇ ਹਨ, ਨਾ ਕਿ ਸ਼ੋਰ-ਸ਼ਰਾਬੇ ਦੀ।
