ਜਾਨ ਬਚਾਉਣ ਵਾਲਿਆਂ ਨੂੰ ਕੌਣ ਬਚਾਵੇ?
ਇਸ ਵਾਰ ਦੇ ਰਾਸ਼ਟਰੀ ਡਾਕਟਰ ਦਿਵਸ (1 ਜੁਲਾਈ) ਦਾ ਮੁੱਖ ਵਿਸ਼ਾ ਸੀ ‘ਜਾਨਾਂ ਬਣਾਉਣ ਵਾਲਿਆਂ ਨੂੰ ਕੌਣ ਬਚਾਵੇ?’। ਇਹ ਸਵਾਲ ਉਸ ਵੇਲੇ ਹੋਰ ਵੀ ਗੰਭੀਰ ਤੇ ਅਹਿਮ ਹੋ ਗਿਆ ਜਦੋਂ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਇੱਕ ਹਸਪਤਾਲ ਦੇ ਦੋ ਡਾਕਟਰਾਂ...
ਇਸ ਵਾਰ ਦੇ ਰਾਸ਼ਟਰੀ ਡਾਕਟਰ ਦਿਵਸ (1 ਜੁਲਾਈ) ਦਾ ਮੁੱਖ ਵਿਸ਼ਾ ਸੀ ‘ਜਾਨਾਂ ਬਣਾਉਣ ਵਾਲਿਆਂ ਨੂੰ ਕੌਣ ਬਚਾਵੇ?’। ਇਹ ਸਵਾਲ ਉਸ ਵੇਲੇ ਹੋਰ ਵੀ ਗੰਭੀਰ ਤੇ ਅਹਿਮ ਹੋ ਗਿਆ ਜਦੋਂ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਇੱਕ ਹਸਪਤਾਲ ਦੇ ਦੋ ਡਾਕਟਰਾਂ ’ਤੇ ਸ਼ਿਵ ਸੈਨਾ ਦੇ ਕਾਰਪੋਰੇਟਰ ਰਮੇਸ਼ ਮਹਾਤਰੇ ਵੱਲੋਂ ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਹਾਲਾਂਕਿ ਮਹਾਤਰੇ ਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਪਰ ਧਮਕੀ ਭਰੇ ਫੋਨ ਅਤੇ ਸੁਨੇਹੇ ਆਉਣ ਤੋਂ ਬਾਅਦ ਪੀੜਤ ਡਾਕਟਰਾਂ ਵਿੱਚੋਂ ਇੱਕ ਨੇ ਦਹਿਸ਼ਤ ਵਿੱਚ ਆ ਕੇ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਅਜੇ ਕੁਝ ਮਹੀਨੇ ਪਹਿਲਾਂ ਹੀ ਬਿਦਰ (ਕਰਨਾਟਕ) ਅਤੇ ਬੀਕਾਨੇਰ (ਰਾਜਸਥਾਨ) ਦੇ ਹਸਪਤਾਲਾਂ ਵਿੱਚ ਵੀ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਡਾਕਟਰਾਂ ਦੀ ਕੁੱਟਮਾਰ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ।
ਇਹ ਘਟਨਾਵਾਂ ਭਾਰਤ ਦੇ ਸਿਹਤ ਢਾਂਚੇ ਵਿੱਚ ਪੈਦਾ ਹੋ ਚੁੱਕੇ ਇੱਕ ਚਿੰਤਾਜਨਕ ਅਤੇ ਖ਼ਤਰਨਾਕ ਰੁਝਾਨ ਵੱਲ ਇਸ਼ਾਰਾ ਕਰਦੀਆਂ ਹਨ। ਡਾਕਟਰਾਂ ਤੋਂ ਦੂਜਿਆਂ ਦੀਆਂ ਜਾਨਾਂ ਬਚਾਉਣ ਦੀ ਉਮੀਦ ਤਾਂ ਕੀਤੀ ਜਾਂਦੀ ਹੈ, ਪਰ ਅਜੋਕੇ ਹਾਲਾਤ ’ਚ ਉਨ੍ਹਾਂ ਨੂੰ ਖ਼ੁਦ ਆਪਣੀ ਜਾਨ ਦੀ ਸਲਾਮਤੀ ਦਾ ਭੈਅ ਸਤਾਉਂਦਾ ਰਹਿੰਦਾ ਹੈ। ਠਾਣੇ ਦੀ ਘਟਨਾ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਸਾਡਾ ਮੈਡੀਕਲ ਸਟਾਫ ਸਿਆਸੀ ਧੌਂਸ ਅੱਗੇ ਕਿੰਨਾ ਬੇਵੱਸ ਹੈ। ਇਹ ਹਮਲਾ ਮਹਿਜ਼ ਇਸ ਗੁੱਸੇ ਵਿੱਚ ਕੀਤਾ ਗਿਆ ਕਿ ਹਸਪਤਾਲ ਵਿੱਚ ਨਵਜੰਮੇ ਬੱਚਿਆਂ ਵਾਲਾ ਆਈ ਸੀ ਯੂ ਬੈੱਡ ਖਾਲੀ ਨਹੀਂ ਸੀ। ਡਾਕਟਰਾਂ ਲਈ ਕੋਈ ਹੋਰ ਰਾਹ ਨਹੀਂ ਸੀ ਕਿਉਂਕਿ ਇੱਕੋ-ਇੱਕ ਉਪਲਬਧ ਐਮਰਜੈਂਸੀ ਬੈੱਡ ’ਤੇ ਪਹਿਲਾਂ ਹੀ ਗੰਭੀਰ ਰੂਪ ਵਿੱਚ ਬਿਮਾਰ ਨਵਜੰਮਿਆ ਬੱਚਾ ਜ਼ੇਰੇ-ਇਲਾਜ ਸੀ। ਡਾਕਟਰਾਂ ਨੇ ਤਾਂ ਮਰੀਜ਼ ਨੂੰ ਦੂਜੇ ਹਸਪਤਾਲ ਭੇਜਣ ਦਾ ਪ੍ਰਬੰਧ ਵੀ ਕਰ ਦਿੱਤਾ ਸੀ। ਇਸ ਦੇ ਬਾਵਜੂਦ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਮੂਹਰਲੀ ਸਫ਼ ਦੇ ਉਨ੍ਹਾਂ ਸਿਹਤ ਕਰਮਚਾਰੀਆਂ ਨੂੰ ਹੋਣਾ ਪਿਆ, ਜੋ ਵਸੀਲਿਆਂ ਦੀ ਭਾਰੀ ਘਾਟ ਦੇ ਬਾਵਜੂਦ ਦਿਨ-ਰਾਤ ਆਪਣੀ ਡਿਊਟੀ ਨਿਭਾ ਰਹੇ ਹਨ।
ਜਦੋਂ ਲੋਕਾਂ ਦਾ ਗੁੱਸਾ ਭੜਕਿਆ, ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਅਤੇ ਮੈਡੀਕਲ ਜਗਤ ਨੇ ਇਕਜੁੱਟ ਹੋ ਕੇ ਪ੍ਰਸ਼ਾਸਨ ’ਤੇ ਲਗਾਤਾਰ ਦਬਾਅ ਬਣਾਇਆ ਤਾਂ ਜਾ ਕੇ ਇਸ ਮਾਮਲੇ ਵਿੱਚ ਐੱਫ ਆਈ ਆਰ ਦਰਜ ਹੋਈ। ਹਾਲਾਂਕਿ, ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ ਨੇ ਇਸ ਕਾਰਪੋਰੇਟਰ ਦੇ ਮਾੜੇ ਵਤੀਰੇ ਦੀ ਨਿੰਦਾ ਕਰਦਿਆਂ ਅਨੁਸ਼ਾਸਨੀ ਕਾਰਵਾਈ ਦਾ ਭਰੋਸਾ ਦਿੱਤਾ ਹੈ, ਪਰ ਪੀੜਤਾਂ ਨੂੰ ਇਨਸਾਫ਼ ਮਿਲਣਾ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਪੁਲੀਸ ਨੂੰ ਬਿਨਾਂ ਕਿਸੇ ਸਿਆਸੀ ਦਬਾਅ ਜਾਂ ਦਖ਼ਲਅੰਦਾਜ਼ੀ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਦਿੱਤੀ ਜਾਂਦੀ ਹੈ ਜਾਂ ਨਹੀਂ। ਡਾਕਟਰਾਂ ਅਤੇ ਮੈਡੀਕਲ ਸਟਾਫ ’ਤੇ ਹੁੰਦੇ ਹਮਲਿਆਂ ਕਾਰਨ ਹੜਤਾਲਾਂ ਹੁੰਦੀਆਂ ਹਨ, ਜਿਸ ਨਾਲ ਮੈਡੀਕਲ ਸੇਵਾਵਾਂ ਠੱਪ ਹੋਣ ਨਾਲ ਮਰੀਜ਼ਾਂ ਦਾ ਹੀ ਨੁਕਸਾਨ ਹੁੰਦਾ ਹੈ। ਭਾਰਤ ਨੂੰ ਸਿਹਤ ਸੰਸਥਾਵਾਂ ਵਿੱਚ ਹਿੰਸਾ ਰੋਕਣ ਲਈ ਫੌਰੀ ਮਜ਼ਬੂਤ ਕਾਨੂੰਨੀ ਢਾਂਚੇ ਦੀ ਲੋੜ ਹੈ। ਇਸ ਦੇ ਨਾਲ ਹੀ ਹਸਪਤਾਲਾਂ ਦੀ ਸੁਰੱਖਿਆ ਵਧਾਉਣ, ਅਜਿਹੇ ਅਪਰਾਧਾਂ ਦੀ ਫੌਰੀ ਜਾਂਚ ਕਰਨ ਅਤੇ ਵਸੀਲਿਆਂ ਦੀ ਘਾਟ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਵੀ ਵੱਡੀ ਲੋੜ ਹੈ। ਕੋਈ ਵੀ ਦੇਸ਼ ਆਪਣੇ ਡਾਕਟਰਾਂ ਨੂੰ ਬੇਵੱਸ ਅਤੇ ਬੇਸਹਾਰਾ ਛੱਡ ਕੇ ਉਨ੍ਹਾਂ ਤੋਂ ਨਿਡਰ ਹੋ ਕੇ ਸਿਹਤ ਸੇਵਾਵਾਂ ਨਿਭਾਉਣ ਦੀ ਉਮੀਦ ਨਹੀਂ ਰੱਖ ਸਕਦਾ।

