ਕਦੋਂ ਮਿਲਣਗੇ ਨਵੇਂ ਜਹਾਜ਼
ਆਸਾਮ ਵਿੱਚ ਏ ਐੱਨ-32 ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਭਾਰਤੀ ਹਵਾਈ ਸੈਨਾ ਦੇ ਪੰਜ ਜਵਾਨਾਂ ਦੀ ਸ਼ਹੀਦੀ ਨੇ ਖ਼ਤਰਨਾਕ ਹਾਲਾਤ ਵਿੱਚ ਪੁਰਾਣੇ ਫ਼ੌਜੀ ਜਹਾਜ਼ਾਂ ਨੂੰ ਉਡਾਉਣ ਦੇ ਜੋਖ਼ਮਾਂ ਨੂੰ ਇੱਕ ਵਾਰ ਫਿਰ ਸਾਹਮਣੇ ਲਿਆ ਖੜ੍ਹਾ ਕੀਤਾ ਹੈ। ਅਜਿਹੇ ਸਮੇਂ ਵਿੱਚ...
ਆਸਾਮ ਵਿੱਚ ਏ ਐੱਨ-32 ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਭਾਰਤੀ ਹਵਾਈ ਸੈਨਾ ਦੇ ਪੰਜ ਜਵਾਨਾਂ ਦੀ ਸ਼ਹੀਦੀ ਨੇ ਖ਼ਤਰਨਾਕ ਹਾਲਾਤ ਵਿੱਚ ਪੁਰਾਣੇ ਫ਼ੌਜੀ ਜਹਾਜ਼ਾਂ ਨੂੰ ਉਡਾਉਣ ਦੇ ਜੋਖ਼ਮਾਂ ਨੂੰ ਇੱਕ ਵਾਰ ਫਿਰ ਸਾਹਮਣੇ ਲਿਆ ਖੜ੍ਹਾ ਕੀਤਾ ਹੈ। ਅਜਿਹੇ ਸਮੇਂ ਵਿੱਚ ਨਵੇਂ ਜਹਾਜ਼ਾਂ ਦੀ ਖਰੀਦ ਵਿੱਚ ਹੋ ਰਹੀ ਦੇਰੀ ਅਤੇ ਸਰਕਾਰੀ ਸੁਸਤੀ ਵਰਗੇ ਕਾਰਨਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸੋਵੀਅਤ ਦੌਰ ਦਾ ਇਹ ਦੋ ਇੰਜਣ ਵਾਲਾ ਮਾਲਵਾਹਕ ਜਹਾਜ਼ (ਏ ਐੱਨ-32) ਦਹਾਕਿਆਂ ਤੋਂ ਭਾਰਤੀ ਹਵਾਈ ਸੈਨਾ ਦਾ ਇੱਕ ਭਰੋਸੇਮੰਦ ਸਾਥੀ ਰਿਹਾ ਹੈ, ਖ਼ਾਸ ਕਰਕੇ ਦੂਰ-ਦੁਰਾਡੇ ਦੇ ਪਹਾੜੀ ਅਤੇ ਉੱਚੇ ਇਲਾਕਿਆਂ ਵਿੱਚ ਇਸ ਨੇ ਚੰਗੀਆਂ ਸੇਵਾਵਾਂ ਨਿਭਾਈਆਂ ਹਨ। ਪਰ ਹੁਣ ਇਸ ਦੀ ਵਧਦੀ ਉਮਰ ਹੀ ਇਸ ਦੀ ਸਭ ਤੋਂ ਵੱਡੀ ਕਮਜ਼ੋਰੀ ਬਣ ਚੁੱਕੀ ਹੈ। ਪਿਛਲੇ ਸਾਲਾਂ ਦੌਰਾਨ ਹੋਏ ਹਾਦਸੇ ਖ਼ਾਸ ਕਰਕੇ 2009, 2016 ਅਤੇ 2019 ਦੇ ਹਾਦਸੇ ਸਾਫ਼ ਤੌਰ 'ਤੇ ਇੱਕ ਖ਼ਤਰੇ ਦੀ ਘੰਟੀ ਹਨ।
ਹਾਦਸੇ ਦੇ ਬਣੇ ਹਾਲਾਤ ਜਿਵੇਂ ਉਤਰਦੇ ਸਮੇਂ ਜਹਾਜ਼ ਤੋਂ ਕੰਟਰੋਲ ਗੁਆਉਣਾ ਤੇ ਉਸ ਤੋਂ ਬਾਅਦ ਲੱਗੀ ਅੱਗ ਦੀ ਜਾਂਚ ਤਾਂ ਕੋਰਟ ਆਫ਼ ਇਨਕੁਆਇਰੀ ਵੱਲੋਂ ਕੀਤੀ ਹੀ ਜਾਵੇਗੀ, ਪਰ ਸਿਰਫ਼ ਇੱਕ ਤਕਨੀਕੀ ਜਾਂਚ ਇਸ ਵੱਡੇ ਸਵਾਲ ਦਾ ਜਵਾਬ ਨਹੀਂ ਦੇ ਸਕਦੀ ਕਿ 1980 ਦੇ ਦਹਾਕੇ ਦੇ ਵਿਚਕਾਰ ਫ਼ੌਜ ਵਿੱਚ ਸ਼ਾਮਲ ਕੀਤੇ ਗਏ ਇਹ ਜਹਾਜ਼ ਚਾਰ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਇੰਨੇ ਮਹੱਤਵਪੂਰਨ ਅਤੇ ਜੋਖ਼ਮ ਭਰੇ ਕੰਮਾਂ ਲਈ ਕਿਉਂ ਵਰਤੇ ਜਾ ਰਹੇ ਹਨ। ਮੀਡੀਅਮ ਟ੍ਰਾਂਸਪੋਰਟ ਏਅਰਕ੍ਰਾਫਟ ਦੇ ਜਿਸ ਪ੍ਰੋਗਰਾਮ ਦਾ ਲੰਮੇ ਸਮੇਂ ਤੋਂ ਵਾਅਦਾ ਕੀਤਾ ਜਾ ਰਿਹਾ ਸੀ, ਉਹ ਕਦੇ ਬਦਲਦੀਆਂ ਤਜਵੀਜ਼ਾਂ, ਕਦੇ ਕੌਮਾਂਤਰੀ ਭਾਈਵਾਲੀਆਂ ਅਤੇ ਕਦੇ ਸਰਕਾਰੀ ਕਾਗਜ਼ੀ ਕਾਰਵਾਈਆਂ ਦੇ ਗੇੜ ਵਿੱਚ ਫਸ ਕੇ ਬਹੁਤ ਹੌਲੀ ਚੱਲ ਰਿਹਾ ਹੈ। ਨਤੀਜਾ ਇਹ ਹੈ ਕਿ ਹਵਾਈ ਸੈਨਾ ਨੂੰ ਪੁਰਾਣੇ ਜਹਾਜ਼ਾਂ ਨੂੰ ਪੂਰੀ ਤਰ੍ਹਾਂ ਬਦਲਣ ਦੀ ਬਜਾਏ ਉਨ੍ਹਾਂ ਵਿੱਚ ਹੀ ਥੋੜ੍ਹਾ-ਬਹੁਤ ਸੁਧਾਰ ਕਰ ਕੇ ਕੰਮ ਚਲਾਉਣਾ ਪੈ ਰਿਹਾ ਹੈ। ਇੰਝ ਲੱਗਦਾ ਹੈ ਜਿਵੇਂ ਮਿੱਗ-21 ਲੜਾਕੂ ਜਹਾਜ਼ਾਂ ਨਾਲ ਹੋਏ ਹਾਦਸਿਆਂ ਤੋਂ ਕੋਈ ਸਬਕ ਨਹੀਂ ਸਿੱਖਿਆ ਗਿਆ, ਜਿਸ ਨੂੰ ਛੇ ਦਹਾਕਿਆਂ ਦੀ ਲੰਮੀ ਸੇਵਾ ਤੋਂ ਬਾਅਦ ਆਖਰਕਾਰ ਪਿਛਲੇ ਸਾਲ ਹੀ ਫ਼ੌਜ ਵਿੱਚੋਂ ਬਾਹਰ ਕੀਤਾ ਗਿਆ ਹੈ।
ਕਾਰਜਕਾਰੀ ਲੋੜਾਂ ਅਤੇ ਖਰੀਦੋ-ਫਰੋਖ਼ਤ ਵਿਚਾਲੇ ਪਿਆ ਪਾੜਾ ਸਾਫ਼ ਨਜ਼ਰ ਆ ਰਿਹਾ ਹੈ। ਫ਼ੌਜੀਆਂ ਦੀ ਆਵਾਜਾਈ, ਆਫ਼ਤ ਪ੍ਰਬੰਧਨ ਅਤੇ ਸਰਹੱਦੀ ਰਸਦ-ਪਾਣੀ ਪਹੁੰਚਾਉਣ ਲਈ ਮਾਲਵਾਹਕ ਜਹਾਜ਼ ਰੀੜ੍ਹ ਦੀ ਹੱਡੀ ਹਨ। ਭਾਰਤੀ ਹਵਾਈ ਫ਼ੌਜ ਦੁਨੀਆ ਦੇ ਸਭ ਤੋਂ ਚੁਣੌਤੀਪੂਰਨ ਇਲਾਕਿਆਂ ਵਿੱਚ ਉਡਾਣਾਂ ਭਰਦੀ ਹੈ। ਅਜਿਹੇ ਹਾਲਾਤ ਵਿੱਚ ਸੁਰੱਖਿਆ ਅਤੇ ਮਜ਼ਬੂਤੀ ਸਿਰਫ਼ ਆਧੁਨਿਕ ਅਤੇ ਭਰੋਸੇਮੰਦ ਜਹਾਜ਼ਾਂ ਨਾਲ ਹੀ ਸੰਭਵ ਹੈ। ਹਰ ਹਾਦਸਾ ਫ਼ੌਜ ਦੀ ਤਿਆਰੀ ਅਤੇ ਹੌਸਲੇ ਨੂੰ ਸੱਟ ਮਾਰਦਾ ਹੈ। ਇਸ ਲਈ ਹਵਾਈ ਫ਼ੌਜ ਦੇ ਨਵੀਨੀਕਰਨ ਲਈ ਤੁਰੰਤ ਫ਼ੈਸਲੇ ਲੈਣੇ ਬੇਹੱਦ ਜ਼ਰੂਰੀ ਹਨ। ਏ ਐੱਨ-32 ਜਹਾਜ਼ਾਂ ਨੇ ਲੰਮਾ ਸਮਾਂ ਬੜੀ ਸ਼ਾਨ ਨਾਲ ਦੇਸ਼ ਦੀ ਸੇਵਾ ਕੀਤੀ ਹੈ। ਪਰ ਹੁਣ ਵੱਡਾ ਸਵਾਲ ਇਹ ਹੈ ਕਿ ਇਸ ਦੀ ਥਾਂ ਲੈਣ ਵਾਲਾ ਨਵਾਂ ਜਹਾਜ਼ ਕਿੰਨੀ ਜਲਦੀ ਅਤੇ ਕਿੰਨੀ ਸੁਰੱਖਿਆ ਨਾਲ ਸੇਵਾ ਨਿਭਾਏਗਾ।
