DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਟਸਐਪ ਅਤੇ ਨਿੱਜਤਾ

ਕਈ ਸਾਲਾਂ ਤੋਂ ਵਟਸਐਪ ਐਂੱਡ-ਟੂ-ਐਂੱਡ ਐਨਕ੍ਰਿਪਸ਼ਨ ਦਾ ਦਾਅਵਾ ਕਰਦਾ ਆ ਰਿਹਾ ਹੈ, ਜਿਸ ਤਹਿਤ ਵਰਤੋਂਕਾਰਾਂ ਨੂੰ ਇਹ ਭਰੋਸਾ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦੇ ਮੈਸੇਜ ਪੂਰੀ ਤਰ੍ਹਾਂ ਨਿੱਜੀ ਰਹਿੰਦੇ ਹਨ। ਫਿਰ ਵੀ ਇਸ ਦੀ ਸੁਰੱਖਿਆ ਵਿੱਚ ਇਹ ਵੱਡੀ ਕਮੀ ਸਾਫ਼...

  • fb
  • twitter
  • whatsapp
  • whatsapp
Advertisement

ਕਈ ਸਾਲਾਂ ਤੋਂ ਵਟਸਐਪ ਐਂੱਡ-ਟੂ-ਐਂੱਡ ਐਨਕ੍ਰਿਪਸ਼ਨ ਦਾ ਦਾਅਵਾ ਕਰਦਾ ਆ ਰਿਹਾ ਹੈ, ਜਿਸ ਤਹਿਤ ਵਰਤੋਂਕਾਰਾਂ ਨੂੰ ਇਹ ਭਰੋਸਾ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦੇ ਮੈਸੇਜ ਪੂਰੀ ਤਰ੍ਹਾਂ ਨਿੱਜੀ ਰਹਿੰਦੇ ਹਨ। ਫਿਰ ਵੀ ਇਸ ਦੀ ਸੁਰੱਖਿਆ ਵਿੱਚ ਇਹ ਵੱਡੀ ਕਮੀ ਸਾਫ਼ ਦਿਖਾਈ ਦੇ ਰਹੀ ਸੀ ਕਿ ਜੇ ਕਿਸੇ ਨੇ ਵੀ ਨਵੀਂ ਚੈਟ ਸ਼ੁਰੂ ਕਰਨੀ ਹੁੰਦੀ ਸੀ ਤਾਂ ਉਸ ਕੋਲ ਦੂਜੇ ਬੰਦੇ ਦਾ ਫੋਨ ਨੰਬਰ ਹੋਣਾ ਲਾਜ਼ਮੀ ਸੀ। ਹੁਣ ਵਰਤੋਂਕਾਰਾਂ ਲਈ ਇੱਕ ਵਿਲੱਖਣ ‘ਯੂਜ਼ਰਨੇਮ’ ਦੀ ਸਹੂਲਤ ਦੇ ਕੇ (ਜਿਸ ਨਾਲ ਬਿਨਾਂ ਮੋਬਾਈਲ ਨੰਬਰ ਦੱਸੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ) ਵਟਸਐਪ ਨੇ ਆਖ਼ਰਕਾਰ ਆਪਣੀ ਇਸ ਪੁਰਾਣੀ ਖ਼ਾਮੀ ਨੂੰ ਦੂਰ ਕਰ ਦਿੱਤਾ ਹੈ। ਇਹ ਬਦਲਾਅ ਅੱਜ ਦੇ ਦੌਰ ਵਿੱਚ ਡਿਜੀਟਲ ਨਿੱਜਤਾ ਦੀ ਵਧ ਰਹੀ ਅਹਿਮੀਅਤ ਨੂੰ ਦਰਸਾਉਂਦਾ ਹੈ। ਅੱਜ ਦੇ ਸਮੇਂ ਵਿੱਚ ਫੋਨ ਨੰਬਰ ਸਿਰਫ਼ ਗੱਲਬਾਤ ਦਾ ਸਾਧਨ ਨਹੀਂ ਰਹਿ ਗਿਆ ਸਗੋਂ ਇਹ ਬੈਂਕ ਖਾਤਿਆਂ, ਸਰਕਾਰੀ ਸੇਵਾਵਾਂ ਅਤੇ ਅਣਗਿਣਤ ਔਨਲਾਈਨ ਖਾਤਿਆਂ ਨਾਲ ਜੁੜਿਆ ਹੋਇਆ ਹੈ। ਅਣਜਾਣ ਲੋਕਾਂ ਨਾਲ ਆਪਣਾ ਨੰਬਰ ਸਾਂਝਾ ਕਰਨ ਨਾਲ ਫਾਲਤੂ ਦੇ ਮੈਸੇਜ, ਠੱਗੀਆਂ ਅਤੇ ਨਿੱਜੀ ਜ਼ਿੰਦਗੀ ਵਿੱਚ ਦਖ਼ਲਅੰਦਾਜ਼ੀ ਦਾ ਖ਼ਤਰਾ ਵਧ ਜਾਂਦਾ ਹੈ। ਇਹ ਯੂਜ਼ਰਨੇਮ ਲੋਕਾਂ ਨੂੰ ਆਪਣੀ ਡਿਜੀਟਲ ਪਛਾਣ ’ਤੇ ਵਧੇਰੇ ਕੰਟਰੋਲ ਦਿੰਦੇ ਹਨ ਅਤੇ ਇਸ ਨਾਲ ਵਟਸਐਪ ਦੀ ਸੁਰੱਖਿਅਤ ਮੈਸੇਜਿੰਗ ਪ੍ਰਣਾਲੀ ’ਤੇ ਵੀ ਕੋਈ ਫ਼ਰਕ ਨਹੀਂ ਪੈਂਦਾ।

ਇਸ ਕਦਮ ਨਾਲ ਵਟਸਐਪ ਹੁਣ ਟੈਲੀਗ੍ਰਾਮ ਵਰਗੇ ਆਪਣੇ ਵਿਰੋਧੀ ਐਪਸ ਦੇ ਬਰਾਬਰ ਆ ਗਿਆ ਹੈ, ਜੋ ਲੰਮੇ ਸਮੇਂ ਤੋਂ ਯੂਜ਼ਰਨੇਮ ਰਾਹੀਂ ਗੱਲਬਾਤ ਕਰਨ ਦੀ ਸਹੂਲਤ ਦੇ ਰਹੇ ਹਨ। ਤਿੰਨ ਅਰਬ ਤੋਂ ਵੱਧ ਵਰਤੋਂਕਾਰਾਂ ਦੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਮੈਸੇਜਿੰਗ ਪਲੇਟਫਾਰਮ ਵਜੋਂ ਮੈਟਾ ਵੱਲੋਂ ਪ੍ਰਾਈਵੇਸੀ ਦੀ ਇਸ ਪੁਰਾਣੀ ਖ਼ਾਮੀ ਨੂੰ ਦੂਰ ਕਰਨਾ ਤਾਂ ਤੈਅ ਹੀ ਸੀ। ਪੇਸ਼ੇਵਰਾਂ, ਫ੍ਰੀਲਾਂਸਰਾਂ, ਛੋਟੇ ਕਾਰੋਬਾਰੀਆਂ ਅਤੇ ਕੰਟੈਂਟ ਕ੍ਰੀਏਟਰਾਂ ਲਈ ਇਹ ਫੀਚਰ ਆਪਣੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖਦੇ ਹੋਏ ਗਾਹਕਾਂ ਅਤੇ ਦਰਸ਼ਕਾਂ ਨਾਲ ਜੁੜਨਾ ਆਸਾਨ ਬਣਾਉਂਦਾ ਹੈ। ਇਸ ਦਾ ਸਭ ਤੋਂ ਵੱਧ ਫ਼ਾਇਦਾ ਔਰਤਾਂ ਅਤੇ ਨੌਜਵਾਨਾਂ ਨੂੰ ਹੋਵੇਗਾ, ਜੋ ਅਕਸਰ ਔਨਲਾਈਨ ਪਰੇਸ਼ਾਨੀ ਝੱਲਦੇ ਹਨ। ਹਾਲਾਂਕਿ ਇਹ ਬਦਲਾਅ ਹਰ ਸਮੱਸਿਆ ਦਾ ਪੱਕਾ ਹੱਲ ਨਹੀਂ ਹੈ। ਹੁਣ ਕਿਸੇ ਦੂਜੇ ਦੇ ਨਾਂ ’ਤੇ ਫਰਜ਼ੀ ਪ੍ਰੋਫਾਈਲ ਬਣਾਉਣ ਵਰਗੀਆਂ ਨਵੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਹਨ। ਮੈਟਾ ਨੂੰ ਇਸ ਫੀਚਰ ਦੇ ਨਾਲ-ਨਾਲ ਮਜ਼ਬੂਤ ਵੈਰੀਫਿਕੇਸ਼ਨ, ਸ਼ਿਕਾਇਤ ਕਰਨ ਦਾ ਪ੍ਰਭਾਵਸ਼ਾਲੀ ਸਿਸਟਮ ਅਤੇ ਦੁਰਵਿਹਾਰ ਖ਼ਿਲਾਫ਼ ਤੁਰੰਤ ਕਾਰਵਾਈ ਵਰਗੇ ਸਖ਼ਤ ਕਦਮ ਚੁੱਕਣੇ ਪੈਣਗੇ।

Advertisement

ਨਿੱਜਤਾ ਦਾ ਮਤਲਬ ਸਿਰਫ਼ ਮੈਸੇਜ ਨੂੰ ਗੁਪਤ ਰੱਖਣਾ ਨਹੀਂ ਹੈ ਸਗੋਂ ਇਹ ਤੈਅ ਕਰਨਾ ਹੈ ਕਿ ਅਸੀਂ ਆਪਣੀ ਕਿਹੜੀ ਨਿੱਜੀ ਜਾਣਕਾਰੀ ਕਿਸ ਨਾਲ ਸਾਂਝੀ ਕਰਨੀ ਹੈ। ਵਟਸਐਪ ਦਾ ਇਹ ‘ਯੂਜ਼ਰਨੇਮ’ ਫੀਚਰ ਵਰਤੋਂਕਾਰਾਂ ਨੂੰ ਕੇਂਦਰ ਵਿੱਚ ਰੱਖ ਕੇ ਨਿੱਜਤਾ ਦੇਣ ਵੱਲ ਇੱਕ ਸ਼ਲਾਘਾਯੋਗ ਕਦਮ ਹੈ। ਅੱਜ ਦੇ ਦੌਰ ਵਿੱਚ ਜਿੱਥੇ ਨਿੱਜੀ ਡੇਟਾ ਦੀ ਦੁਰਵਰਤੋਂ ਲਗਾਤਾਰ ਵਧ ਰਹੀ ਹੈ, ਉੱਥੇ ਲੋਕਾਂ ਨੂੰ ਉਨ੍ਹਾਂ ਦੀ ਡਿਜੀਟਲ ਪਛਾਣ ’ਤੇ ਵੱਧ ਕੰਟਰੋਲ ਦੇਣਾ ਸਮੇਂ ਦੀ ਮੁੱਖ ਲੋੜ ਹੈ।

Advertisement

Advertisement
×