ਪੰਜਾਬ ਦੇ ਪੁੱਤਰ ਨੂੰ ਇਹ ਕੇਹੀ ਸ਼ਰਧਾਂਜਲੀ ?
ਨਾਮ ਬਦਲਣ ਦੀ ਇਹ ਕੇਹੀ ਸਿਆਸਤ ਹੈ? ਵੱਖ ਵੱਖ ਥਾਵਾਂ ਦਾ ਨਾਂ ਬਦਲਣ ਦਾ ਤਰਕ ਸਮਝ ਨਹੀਂ ਆਉਂਦਾ। ਬੀਤੇ ਸਮੇਂ ਵਿੱਚ ਜਿੰਨੀਆਂ ਸੰਸਥਾਵਾਂ, ਸ਼ਹਿਰਾਂ, ਪਿੰਡਾਂ, ਥਾਵਾਂ ਆਦਿ ਦੇ ਨਾਂ ਬਦਲੇ ਗਏ ਹਨ, ਉਹ ਕਿਸੇ ਵੀ ਸੰਵੇਦਨਸ਼ੀਲ ਮਨੁੱਖ ਨੂੰ ਪ੍ਰੇਸ਼ਾਨ ਕਰਨ ਲਈ ਕਾਫ਼ੀ ਹਨ। ਜਿਸ ਤਰ੍ਹਾਂ ਇਹ ਨਾਮ ਬਦਲਣ ਦਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਕੀ ਇਸ ਦਾ ਮਕਸਦ ਭਾਰਤੀ ਮਨੁੱਖ ਦੀ ਮਾਨਸਿਕਤਾ ’ਚੋਂ ਹੌਲੀ ਹੌਲੀ ਇਤਿਹਾਸ ਨੂੰ ਮਨਫ਼ੀ ਕਰਨ ਦੀ ਕਵਾਇਦ ਤਾਂ ਨਹੀਂ? ... ... ... ਰਾਸ਼ਟਰਵਾਦ ਦੀ ਗੱਲ ਵਾਰ ਵਾਰ ਕੀਤੀ ਜਾਂਦੀ ਹੈ ਪਰ ਕੀ ਅਸੀਂ ਸੰਜੀਦਗੀ ਨਾਲ ਉਸ ਦੇ ਮਾਅਨੇ ਸਮਝਦੇ ਹਾਂ?
ਲਗਭਗ ਦੋ ਹਫ਼ਤੇ ਬਾਅਦ 2 ਫਰਵਰੀ ਦਾ ਦਿਹਾੜਾ ਆਉਣ ਵਾਲਾ ਹੈ ਜਦੋਂ ‘ਦਿ ਟ੍ਰਿਬਿਊਨ’ ਦੇ ਬਾਨੀ ਸ. ਦਿਆਲ ਸਿੰਘ ਮਜੀਠੀਆ ਦਾ ਜਨਮ ਦਿਹਾੜਾ ਸਮੁੱਚੇ ਟ੍ਰਿਬਿਊਨ ਪਰਿਵਾਰ ਵੱਲੋਂ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਂਦਿਆਂ ਉਨ੍ਹਾਂ ਨੂੰ ਅਕੀਦਤ ਦੇ ਫੁੱਲ ਭੇਟ ਕੀਤੇ ਜਾਣਗੇ। ਇਹ ਦਿਹਾੜਾ ਸਾਨੂੰ ਸਭ ਨੂੰ ਇਹ ਗੱਲ ਯਾਦ ਦਿਵਾਉਂਦਾ ਹੈ ਕਿ ਅਸੀਂ ਉਸ ਦੂਰਅੰਦੇਸ਼ ਸ਼ਖ਼ਸੀਅਤ ਦੇ ਵਡੇਰੇ ਪਰਿਵਾਰ ਦਾ ਹਿੱਸਾ ਹਾਂ, ਜਿਨ੍ਹਾਂ ਨੇ ਸਿੱਖਿਆ ਅਤੇ ਪੱਤਰਕਾਰੀ ਰਾਹੀਂ ਦੇਸ਼ ਤੇ ਖ਼ਾਸਕਰ ਪੰਜਾਬ ਦੇ ਲੋਕਾਂ ਦੇ ਜੀਵਨ ’ਚ ਤਬਦੀਲੀ ਲਿਆਉਣ ਦਾ ਰਾਹ ਚੁਣਿਆ। ਉਨ੍ਹਾਂ ਸੰਨ 1881 ਵਿੱਚ ਲਾਹੌਰ ਤੋਂ ਅੰਗਰੇਜ਼ੀ ਵਿੱਚ ‘ਦਿ ਟ੍ਰਿਬਿਊਨ’ ਅਖ਼ਬਾਰ ਕੱਢਿਆ, ਜਿਸ ਨੇ ਬੇਖ਼ੌਫ਼ ਪੱਤਰਕਾਰੀ ਰਾਹੀਂ ਦੇਸ਼ ਦੇ ਆਜ਼ਾਦੀ ਦੇ ਅੰਦੋਲਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ। ਫਿਰ ਅਦਾਰੇ ਵੱਲੋਂ ਸਾਲ 1978 ਵਿੱਚ ਦੋ ਹੋਰ ਅਖ਼ਬਾਰ ਹਿੰਦੀ ਵਿੱਚ ‘ਦੈਨਿਕ ਟ੍ਰਿਬਿਊਨ’ ਅਤੇ ਪੰਜਾਬੀ ਵਿੱਚ ‘ਪੰਜਾਬੀ ਟ੍ਰਿਬਿਊਨ’ ਕੱਢੇ ਗਏ। ਪੱਤਰਕਾਰੀ ਦੀਆਂ ਆਪਣੀਆਂ ਉਨ੍ਹਾਂ ਉੱਚੀਆਂ-ਸੁੱਚੀਆਂ ਰਵਾਇਤਾਂ ਉੱਤੇ ‘ਟ੍ਰਿਬਿਊਨ ਪ੍ਰਕਾਸ਼ਨ ਸਮੂਹ’ ਅੱਜ ਵੀ ਲਗਾਤਾਰ ਪਹਿਰਾ ਦੇ ਰਿਹਾ ਹੈ। ਇਸ ਪਰਿਵਾਰ ਦਾ ਹਿੱਸਾ ਹੋਣਾ ਆਪਣੇ ਆਪ ਵਿੱਚ ਮਾਣਮੱਤਾ ਅਹਿਸਾਸ ਹੈ।
ਨਿਰਸੰਦੇਹ, ਸ. ਦਿਆਲ ਸਿੰਘ ਮਜੀਠੀਆ ਪੰਜਾਬ ਦੀ ਅਜਿਹੀ ਵੱਡੀ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਪੰਜਾਬੀਆਂ ਦੇ ਜੀਵਨ ’ਤੇ ਵਿਆਪਕ ਹਾਂ-ਪੱਖੀ ਅਸਰ ਪਾਇਆ। ਸ. ਮਜੀਠੀਆ ਦੇ 178ਵੇਂ ਜਨਮ ਦਿਹਾੜੇ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਵਿਰਾਸਤ ਸਾਹਮਣੇ ਇੱਕ ਵਾਰ ਫਿਰ ਫ਼ਿਕਰ ਦੀਆਂ ਘੜੀਆਂ ਆ ਖਲੋਈਆਂ ਹਨ। ਇਸ ਨਵੀਂ ਪ੍ਰੇਸ਼ਾਨੀ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਹਾਲ ਹੀ ਵਿੱਚ ‘ਵੀਰ ਬਾਲ ਦਿਵਸ’ ਮੌਕੇ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਇਸ ਕਾਲਜ ਦਾ ਨਾਂ ਬਦਲਣ ਦੀ ਤਜਵੀਜ਼ ਬਾਰੇ ਜਨਤਕ ਤੌਰ ’ਤੇ ਐਲਾਨ ਕੀਤਾ। ਅਜਿਹੇ ਯਤਨ ਕੋਈ ਨਵੇਂ ਨਹੀਂ। ਇਸ ਕਾਲਜ ਦਾ ਨਾਂ ਬਦਲਣ ਦੇ ਯਤਨਾਂ ਦਾ ਸਿਲਸਿਲਾ ਅੱਗੇ ਵਧਾਉਣ ਦੀ ਇਹ ਨਵੇਂ ਸਿਰਿਓਂ ਸ਼ੁਰੂਆਤ ਸੀ। ਸ਼ਾਇਦ ਅਜਿਹਾ ਐਲਾਨ ਕਰ ਕੇ ਮੁੜ ਦੇਖਿਆ ਜਾ ਰਿਹਾ ਹੈ ਕਿ ਇਸ ਦਾ ਪ੍ਰਤੀਕਰਮ ਕੀ ਹੋਵੇਗਾ? ਖ਼ੈਰ, ਇਸ ਖ਼ਿਲਾਫ਼ ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ, ਬੁੱਧੀਜੀਵੀਆਂ, ਸਿਆਸਤਦਾਨਾਂ, ਸੰਸਦ ਮੈਂਬਰਾਂ ਅਤੇ ਸਾਹਿਤਕਾਰਾਂ ਨੇ ਤਿੱਖਾ ਰੋਸ ਪ੍ਰਗਟਾਇਆ ਹੈ। ਤੁਹਾਨੂੰ ਯਾਦ ਹੀ ਹੋਵੇਗਾ ਕਿ ਅੱਜ ਤੋਂ ਲਗਭਗ ਅੱਠ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ ਸੀ ਜਦੋਂ ਇਸੇ ਕਾਲਜ ਦੀ ਗਵਰਨਿੰਗ ਬੌਡੀ ਦੇ ਚੇਅਰਮੈਨ ਅਮਿਤਾਭ ਸਿਨਹਾ ਨੇ ਇਸ ਦਾ ਨਾਂ ਬਦਲ ਕੇ ‘ਵੰਦੇ ਮਾਤਰਮ ਮਹਾਵਿਦਿਆਲਯ’ (ਉਦੋਂ ਇਸੇ ਨਾਂ ਦੀ ਤਜਵੀਜ਼ ਪੇਸ਼ ਕੀਤੀ ਗਈ ਸੀ) ਰੱਖੇ ਜਾਣ ਪਿਛਲਾ ਤਰਕ ਦਿੰਦਿਆਂ ਕਿਹਾ ਸੀ ਕਿ ਇਸ ਨਾਮ ਨਾਲ ਵਿਦਿਆਰਥੀਆਂ ਵਿੱਚ ਸਕਾਰਾਤਮਕ ਅਤੇ ਰਾਸ਼ਟਰਵਾਦੀ ਸੋਚ ਪੈਦਾ ਹੋਵੇਗੀ ਅਤੇ ਕਾਲਜ ਦਾ ਨਾਂ ‘ਵੰਦੇ ਮਾਤਰਮ’ ਰੱਖਣਾ ਹੀ ਸ. ਦਿਆਲ ਸਿੰਘ ਮਜੀਠੀਆ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਦਾ ਕਹਿਣਾ ਸੀ, ‘‘ਅਸੀਂ ਲੋਕਾਂ ਦਾ ਜੁੜਾਵ ਭਾਵਨਾਤਮਕ ਰੂਪ ’ਚ ਇਸ ਮੁੱਦੇ ’ਤੇ ਕਰਨਾ ਚਾਹੁੰਦੇ ਹਾਂ ਕਿ ਦੇਸ਼ ਅਤੇ ਰਾਸ਼ਟਰ ਦਾ ਪ੍ਰਤੀਕ ਕੀ ਹੋਵੇ?’’ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸ. ਦਿਆਲ ਸਿੰਘ ਮਜੀਠੀਆ ਈਵਨਿੰਗ ਕਾਲਜ ਦਾ ਨਾਂ ਬਦਲਣ ਦੀ ਕੋਸ਼ਿਸ਼ ਵੇਲੇ ਉਦੋਂ ਵੀ ਜਵਾਹਰਲਾਲ ਨਹਿਰੂ ਦਾ ਨਾਂ ਜਿਵੇਂ ਕਿਵੇਂ ਵਲ ਕੇ ਇਸ ਵਿਵਾਦ ’ਚ ਲਿਆਂਦਾ ਗਿਆ ਸੀ। ਦੇਸ਼ ਵਿਚਲੇ ਨਹਿਰੂਵਾਦੀ ਮਾਡਲ ਦੀ ਗੱਲ ਕਰਦਿਆਂ ਅਮਿਤਾਭ ਸਿਨਹਾ ਨੇ ਕਿਹਾ ਸੀ ਕਿ ਨਹਿਰੂ ਜੀ ਵੇਲੇ ਰਾਸ਼ਟਰੀਅਤਾ (ਰਾਸ਼ਟਰਵਾਦ) ਦੇ ਸਾਰੇ ਪ੍ਰਤੀਕਾਂ ਨੂੰ ਬੁਰੀ ਤਰ੍ਹਾਂ ਕੁਚਲਿਆ ਗਿਆ ਅਤੇ ਰਾਸ਼ਟਰੀਅਤਾ ਦੇ ਪ੍ਰਤੀਕਾਂ ਬਗੈਰ ਰਾਸ਼ਟਰਵਾਦ ਦਾ ਵਿਕਾਸ ਨਹੀਂ ਹੋ ਸਕਦਾ। ਉਨ੍ਹਾਂ ਦੇ ਕਹਿਣ ਮੁਤਾਬਿਕ, ‘‘ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਇੱਕ ਰਾਸ਼ਟਰ ਦੇ ਨਾਤੇ ਸਾਡੇ ਕੀ ਪ੍ਰਤੀਕ (symbol) ਹੋਣ? ਸਾਡੀ ਮਾਨਤਾ ਹੈ ਕਿ ਅਸੀਂ ‘ਵੰਦੇ ਮਾਤਰਮ’ ਨੂੰ ਪ੍ਰਤੀਕ ਦੇ ਤੌਰ ’ਤੇ ਮੰਨਦੇ ਹਾਂ।’’
ਇਹ ਗੱਲ ਸਮਝ ਨਹੀਂ ਪੈਂਦੀ ਕਿ ਸ. ਦਿਆਲ ਸਿੰਘ ਮਜੀਠੀਆ ਦਾ ਨਾਂ ਰਾਸ਼ਟਰੀਅਤਾ (ਰਾਸ਼ਟਰਵਾਦ) ਦੇ ਪ੍ਰਤੀਕ ਦੇ ਉਲਟ ਕਿਵੇਂ ਹੈ? ਸ. ਦਿਆਲ ਸਿੰਘ ਮਜੀਠੀਆ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਆਧੁਨਿਕ ਤਾਲੀਮ ਦੀ ਰੌਸ਼ਨੀ ਨਾਲ ਪੰਜਾਬ ਅਤੇ ਦੇਸ਼ ਵਾਸੀਆਂ ਦਾ ਭਵਿੱਖ ਰੁਸ਼ਨਾਇਆ। ਉਹ ਸਰ ਸੱਯਦ ਅਹਿਮਦ ਖ਼ਾਨ ਵਾਂਗ ਦੇਸ਼ ਦੇ ਲੋਕਾਂ ਲਈ ਅੰਗਰੇਜ਼ੀ ਤਾਲੀਮ ਦੇ ਹਾਮੀ ਸਨ ਤਾਂ ਕਿ ਸਾਡੇ ਦਿਲ-ਦਿਮਾਗ਼ ਦੇ ਬੂਹੇ ਦੁਨੀਆ ਵੱਲ ਖੁੱਲ੍ਹ ਸਕਣ ਅਤੇ ਅਸੀਂ ਜਾਣ ਸਕੀਏ ਕਿ ਗਿਆਨ-ਵਿਗਿਆਨ ਅਤੇ ਹੋਰ ਵੱਖ ਵੱਖ ਖੇਤਰਾਂ ’ਚ ਦੁਨੀਆ ਭਰ ਵਿੱਚ ਕੀ ਪ੍ਰਗਤੀ ਹੋ ਰਹੀ ਹੈ? ਇਸ ਦੇ ਨਾਲ ਨਾਲ ਅਸੀਂ ਦੁਨੀਆ ਭਰ ਦੇ ਭੂ-ਸਿਆਸੀ ਹਾਲਾਤ ਦੀ ਵੀ ਚੰਗੀ ਸੂਝ ਹਾਸਲ ਕਰ ਸਕੀਏ। ਇਸ ਦੇ ਨਾਲ ਹੀ ਸ. ਮਜੀਠੀਆ ਦਾ ਨਾਂ ਪੰਜਾਬ ਨੈਸ਼ਨਲ ਬੈਂਕ ਦੇ ਬਾਨੀਆਂ ’ਚ ਸ਼ੁਮਾਰ ਹੈ।
ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਂ ਬਦਲਣ ਪਿਛਲੀ ਸਮੁੱਚੀ ਸੋਚ ਦਾ ਝਲਕਾਰਾ ਉਦੋਂ ਵੀ ਮਿਲਿਆ ਜਦੋਂ ਅਮਿਤਾਭ ਸਿਨਹਾ ਨੇ ਇਹ ਕਿਹਾ ਸੀ, ‘‘ਸਿੱਖਿਆ ਇੱਕ ਤਪੱਸਿਆ ਹੈ ਜੋ ਬਗੈਰ ਭਾਵਨਾ ਦੇ ਹੋ ਹੀ ਨਹੀਂ ਸਕਦੀ। ਇਸੇ ਲਈ ਮਹਾਂਪੁਰਖਾਂ ਦੇ ਨਾਂ ’ਤੇ ਵਿਦਿਅਕ ਸੰਸਥਾਵਾਂ ਦੇ ਨਾਂ ਰੱਖੇ ਜਾਂਦੇ ਹਨ ਤਾਂ ਕਿ ਬੱਚੇ ਉਸ ਨਾਂ ਨੂੰ ਆਪਣੇ ਨਾਲ ਜੋੜ ਕੇ ਸਕਾਰਾਤਮਕ ਊਰਜਾ ਲੈਣ।’’ ਜੇ ਇਹ ਦਲੀਲ ਵੀ ਮੰਨ ਲਈ ਜਾਵੇ ਤਾਂ ਸ. ਦਿਆਲ ਸਿੰਘ ਮਜੀਠੀਆ ਪੰਜਾਬ ਦੀ ਪ੍ਰੇਰਣਾਮਈ ਸ਼ਖ਼ਸੀਅਤ ਹਨ, ਖ਼ਾਸ ਕਰ ਕੇ ਸਿੱਖਿਆ ਦੇ ਖੇਤਰ ਵਿੱਚ। ਉਨ੍ਹਾਂ ਆਧੁਨਿਕ ਸੋਚ ਨਾਲ ਪੰਜਾਬ ਅਤੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਨਵੀਂ ਸੇਧ ਦਿੱਤੀ।
ਉਦੋਂ ਇਸ ਕਾਲਜ ਦਾ ਨਾਂ ‘ਵੰਦੇ ਮਾਤਰਮ ਮਹਾਵਿਦਿਆਲਯ’ ਰੱਖੇ ਜਾਣ ਬਾਰੇ ਆਰ ਐੱਸ ਐੱਸ ਚਿੰਤਕ, ਦਿੱਲੀ ਯੂਨੀਵਰਸਿਟੀ ਦੇ ਇੱਕ ਕਾਲਜ ਦੇ ਸਾਬਕਾ ਪ੍ਰੋਫੈਸਰ ਅਤੇ ਉਦੋਂ ਰਾਜ ਸਭਾ ਦੇ ਮੈਂਬਰ ਡਾ. ਰਾਕੇਸ਼ ਸਿਨਹਾ ਨੇ ਸਮੁੱਚੇ ਯਤਨਾਂ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਸੀ ਕਿ ਸ. ਦਿਆਲ ਸਿੰਘ ਮਜੀਠੀਆ, ਜੋ ਖ਼ੁਦ ਸੁਤੰਤਰਤਾ ਸੈਨਾਨੀ ਸਨ, ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਜਿੱਥੇ ਉਨ੍ਹਾਂ ਦੇ ਨਾਂ ’ਤੇ ਇੱਕ ਪਾਸੇ ਦਿਆਲ ਸਿੰਘ ਮੌਰਨਿੰਗ ਕਾਲਜ ਹੈ, ਉੱਥੇ ਦੂਜੇ ਪਾਸੇ ‘ਵੰਦੇ ਮਾਤਰਮ ਮਹਾਵਿਦਿਆਲਯ’ (ਦਿਆਲ ਸਿੰਘ ਈਵਨਿੰਗ ਕਾਲਜ) ਹੋਵੇਗਾ। ਉਦੋਂ ਚਾਰੋਂ ਪਾਸਿਓਂ ਤਿੱਖੇ ਵਿਰੋਧ ਮਗਰੋਂ ਇਹ ਮਾਮਲਾ ਠੰਢੇ ਬਸਤੇ ’ਚ ਪਾ ਦਿੱਤਾ ਗਿਆ ਸੀ ਪਰ ਹੁਣ ਇਸ ਨੂੰ ਮੁੜ ਬਸਤਿਓਂ ਬਾਹਰ ਕੱਢ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਯੂਨੀਵਰਸਿਟੀ ਨੇ ਜਦੋਂ 1978 ਵਿੱਚ ਇਸ ਕਾਲਜ ਨੂੰ ਆਪਣੇ ਅਧੀਨ ਲਿਆ ਸੀ, ਉਦੋਂ ਕਲਾਜ਼-12 ਤਹਿਤ ਇਹ ਤੈਅ ਹੋਇਆ ਸੀ ਕਿ ਯੂਨੀਵਰਸਿਟੀ ਦੇ ਅਧੀਨ ਆਉਣ ਤੋਂ ਬਾਅਦ ਵੀ ਇਹ ਕਾਲਜ ‘ਦਿਆਲ ਸਿੰਘ ਕਾਲਜਿਜ਼’ (ਮੌਰਨਿੰਗ, ਈਵਨਿੰਗ) ਵਜੋਂ ਹੀ ਜਾਣੇ ਜਾਣਗੇ। ਜੇਕਰ ਇਨ੍ਹਾਂ ਦਾ ਨਾਂ ਬਦਲਿਆ ਗਿਆ ਤਾਂ ਸਰਕਾਰ ਵੱਲੋਂ ਇਨ੍ਹਾਂ ਨੂੰ ਦਿੱਤੀ ਗਈ ਜਗ੍ਹਾ ਖਾਲੀ ਕਰਨੀ ਪਵੇਗੀ। ਇਉਂ ਨਾਮ ਬਦਲਣ ਨਾਲ ਕਾਲਜ ਦੀ ਸਮੁੱਚੀ ਸਥਿਤੀ ਬਦਲ ਜਾਵੇਗੀ।
ਨਾਮ ਬਦਲਣ ਦੀ ਇਹ ਕੇਹੀ ਸਿਆਸਤ ਹੈ? ਵੱਖ ਵੱਖ ਥਾਵਾਂ ਦਾ ਨਾਂ ਬਦਲਣ ਦਾ ਤਰਕ ਸਮਝ ਨਹੀਂ ਆਉਂਦਾ। ਬੀਤੇ ਸਮੇਂ ਵਿੱਚ ਜਿੰਨੀਆਂ ਸੰਸਥਾਵਾਂ, ਸ਼ਹਿਰਾਂ, ਥਾਵਾਂ ਆਦਿ ਦੇ ਨਾਂ ਬਦਲੇ ਗਏ ਹਨ, ਉਹ ਕਿਸੇ ਵੀ ਸੰਵੇਦਨਸ਼ੀਲ ਮਨੁੱਖ ਨੂੰ ਪ੍ਰੇਸ਼ਾਨ ਕਰਨ ਲਈ ਕਾਫ਼ੀ ਹਨ। ਜਿਸ ਤਰ੍ਹਾਂ ਇਹ ਨਾਮ ਬਦਲਣ ਦਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਕੀ ਇਸ ਦਾ ਮਕਸਦ ਭਾਰਤੀ ਮਨੁੱਖ ਦੀ ਮਾਨਸਿਕਤਾ ’ਚੋਂ ਹੌਲੀ ਹੌਲੀ ਇਤਿਹਾਸ ਨੂੰ ਮਨਫ਼ੀ ਕਰਨ ਦੀ ਕਵਾਇਦ ਤਾਂ ਨਹੀਂ?
ਰਾਸ਼ਟਰ ਪਿਤਾ ਦੇ ਨਾਂ ’ਤੇ ਚਲਦੀ ਰਹੀ ‘ਮਗਨਰੇਗਾ’ (ਮਹਾਤਮਾ ਗਾਂਧੀ ਕੌਮੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਐਕਟ) ਯੋਜਨਾ ਦਾ ਨਾਂ ਵੀ ਹਾਲ ਹੀ ਵਿੱਚ ਬਦਲ ਕੇ ‘ਜੀ ਰਾਮ ਜੀ’ ਕਰ ਦਿੱਤਾ ਗਿਆ ਹੈ। ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਂ ਬਦਲਣ ’ਤੇ ਅੱਠ ਸਾਲ ਪਹਿਲਾਂ ਜਦੋਂ ਸਵਾਲ ਉੱਠੇ ਸਨ ਤਾਂ ਉਦੋਂ ਜਵਾਬ ਸੀ ਕਿ ਸ. ਦਿਆਲ ਸਿੰਘ ਮਜੀਠੀਆ ਸੁਤੰਤਰਤਾ ਸੈਨਾਨੀ ਸਨ ਜੋ ਭਾਰਤ ਮਾਤਾ ਨੂੰ ਪਿਆਰ ਕਰਦੇ ਸਨ। ਹੁਣ ਮਗਨਰੇਗਾ ਯੋਜਨਾ ਦਾ ਨਾਂ ਬਦਲਣ ਦੀ ਦਲੀਲ ਵੀ ਕੁਝ ਇਨ੍ਹਾਂ ਲੀਹਾਂ ’ਤੇ ਹੀ ਹੈ: ‘ਰਾਮ’ ਬਾਪੂ ਦੇ ਅਰਾਧਯ (ਪੂਜਨੀਕ) ਸਨ, ਇਸ ਲਈ ਯੋਜਨਾ ਦਾ ਨਾਂ ‘ਜੀ ਰਾਮ ਜੀ’ ਰੱਖਣ ਨਾਲ ਬਾਪੂ ਨੂੰ ਨੀਵਾਂ ਦਿਖਾਉਣ ਵਾਲੀ ਗੱਲ ਕਿੱਥੋਂ ਆ ਗਈ? ਇਸ ਵਾਰੀ ਨਵੀਂ ਯੋਜਨਾਬੰਦੀ ਅਨੁਸਾਰ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਂ ਪੰਜਾਬ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ’ਤੇ ਰੱਖਣ ਦੀ ਤਜਵੀਜ਼ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਯੋਗਦਾਨ ਨੂੰ ਪੰਜਾਬੀ ਨਾ ਕਦੇ ਭੁੱਲੇ ਹਨ ਅਤੇ ਨਾ ਹੀ ਕਦੇ ਭੁਲਾ ਸਕਦੇ ਹਨ। ਬਾਬਾ ਬੰਦਾ ਸਿੰਘ ਦੇ ਨਾਂ ’ਤੇ ਹੋਰ ਵਡੇਰੀਆਂ ਸੰਸਥਾਵਾਂ ਉਸਾਰ ਕੇ ਉਨ੍ਹਾਂ ਲਈ ਸਤਿਕਾਰ ਪ੍ਰਗਟਾਇਆ ਜਾ ਸਕਦਾ ਹੈ। ਪੰਜਾਬ ਦੇ ਇੱਕ ਪੁੱਤਰ ਦੇ ਨਾਂ ’ਤੇ ਪਹਿਲੋਂ ਹੀ ਚੱਲ ਰਹੇ ਕਾਲਜ ਦਾ ਨਾਂ ਬਦਲ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ’ਤੇ ਰੱਖਣਾ ਉਨ੍ਹਾਂ ਨਾਲ ਵੀ ਨਾਇਨਸਾਫ਼ੀ ਹੋਵੇਗੀ ਕਿਉਂਕਿ ਇਨ੍ਹਾਂ ਦੋਵਾਂ ਸ਼ਖ਼ਸੀਅਤਾਂ ਦੀ ਪੰਜਾਬੀ ਮਾਨਸਿਕਤਾ ’ਚ ਆਪੋ ਆਪਣੀ ਵਿਲੱਖਣ ਥਾਂ ਹੈ।
ਕਾਲਜ ਦਾ ਨਾਂ ਬਦਲਣ ਦੀ ਤਜਵੀਜ਼ ਬਾਰੇ ‘ਦਿ ਟ੍ਰਿਬਿਊਨ ਟਰੱਸਟ’ ਦੇ ਚੇਅਰਮੈਨ ਸ੍ਰੀ ਐੱਨ ਐੱਨ ਵੋਹਰਾ ਦਾ ਇਹ ਕਹਿਣਾ ਬਿਲਕੁਲ ਸਹੀ ਹੈ ਕਿ ਇਹ ਤਜਵੀਜ਼ ਬੇਹੱਦ ਗ਼ੈਰ-ਵਾਜਬ ਅਤੇ ਗ਼ੈਰ-ਸੰਜੀਦਾ ਹੈ।
ਰਾਸ਼ਟਰਵਾਦ ਦੀ ਗੱਲ ਵਾਰ ਵਾਰ ਕੀਤੀ ਜਾਂਦੀ ਹੈ ਪਰ ਕੀ ਅਸੀਂ ਸੰਜੀਦਗੀ ਨਾਲ ਉਸ ਦੇ ਮਾਅਨੇ ਸਮਝਦੇ ਹਾਂ? ਪਾਕਿਸਤਾਨ ਜਿਹੇ ਕੱਟੜਵਾਦੀ ਮੁਲਕ ’ਚ ਵੀ ਸ. ਦਿਆਲ ਸਿੰਘ ਮਜੀਠੀਆ ਨੂੰ ਸਹਿਜ ਸੁਭਾਅ ‘ਪੰਜਾਬ ਦਾ ਪੁੱਤਰ’ ਤੇ ‘ਲਾਹੌਰ ਦਾ ਪੁੱਤਰ’ ਕਿਹਾ ਜਾਂਦਾ ਹੈ। ਲਾਹੌਰ ਵਿੱਚ ਅੱਜ ਵੀ ਨਾ ਤਾਂ ‘ਦਿਆਲ ਸਿੰਘ ਕਾਲਜ’ ਦਾ ਨਾਂ ਬਦਲਿਆ ਗਿਆ ਹੈ ਅਤੇ ਨਾ ਹੀ ਦਿਆਲ ਸਿੰਘ ਲਾਇਬ੍ਰੇਰੀ ਦਾ ਨਾਂ। ਉਹ ਅੱਜ ਵੀ ਸ. ਦਿਆਲ ਸਿੰਘ ਦੇ ਯੋਗਦਾਨ ਨੂੰ ਵਡਿਆਉਂਦਿਆਂ ਉਨ੍ਹਾਂ ਦੀ ਵਿਰਾਸਤ ’ਤੇ ਮਾਣ ਕਰਦੇ ਹਨ।
ਤੇ ਏਧਰ ਸਾਡਾ, ਉਦਾਰਵਾਦੀ ਮੁਲਕ ਦੇ ਬਾਸ਼ਿੰਦਿਆਂ ਦਾ ਹਾਲ ਦੇਖੋ... ਕੀ ਅਸੀਂ ਆਪਣੇ ‘ਪੰਜਾਬ ਦੇ ਪੁੱਤਰ’ ਦਾ ਹੀ ਨਾਮ ਮਿਟਾ ਦੇਣਾ ਚਾਹੁੰਦੇ ਹਾਂ?

