ਪੱਛਮੀ ਬੰਗਾਲ ਦੀਆਂ ਚੋਣਾਂ

ਪੱਛਮੀ ਬੰਗਾਲ ਦੀਆਂ ਚੋਣਾਂ

 ਸ਼ੁੱਕਰਵਾਰ ਕੇਂਦਰੀ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ, ਤਾਮਿਲ ਨਾਡੂ, ਅਸਾਮ, ਕੇਰਲ ਅਤੇ ਪੁੱਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ। ਇਹ ਚੋਣਾਂ 27 ਮਾਰਚ ਨੂੰ ਸ਼ੁਰੂ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 2 ਮਈ ਨੂੰ ਕੀਤੀ ਜਾਵੇਗੀ। ਚਾਰੇ ਸੂਬੇ ਪੱਛਮੀ ਬੰਗਾਲ, ਕੇਰਲ, ਅਸਾਮ ਅਤੇ ਤਾਮਿਲ ਨਾਡੂ ਮਹੱਤਵਪੂਰਨ ਹਨ ਪਰ ਪੱਛਮੀ ਬੰਗਾਲ ਦੀਆਂ ਚੋਣਾਂ ਲੋਕਾਂ ਦੇ ਧਿਆਨ ਦਾ ਕੇਂਦਰ ਬਣੀਆਂ ਹੋਈਆਂ ਹਨ। ਇਸ ਦਾ ਕਾਰਨ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਆਗੂਆਂ ਵੱਲੋਂ ਕੀਤੇ ਗਏ ਇਹ ਐਲਾਨ ਹਨ ਕਿ ਇਸ ਵਾਰ ਉਹ ਮਮਤਾ ਬੈਨਰਜੀ ਵਾਲੀ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਨੂੰ ਹਰਾ ਕੇ ਦਮ ਲੈਣਗੇ। ਤ੍ਰਿਣਮੂਲ ਕਾਂਗਰਸ ਨੇ 2011 ਵਿਚ 34 ਸਾਲ ਲਗਾਤਾਰ ਸੱਤਾ ਵਿਚ ਰਹੀ ਖੱਬੇ-ਪੱਖੀ ਸਰਕਾਰ ਨੂੰ ਹਰਾ ਕੇ ਇਤਿਹਾਸ ਵਿਚ ਆਪਣੀ ਥਾਂ ਬਣਾਈ। ਇਸ ਪਿੱਛੋਂ ਪੱਛਮੀ ਬੰਗਾਲ ਵਿਚ ਅਜਿੱਤ ਸਮਝੀ ਜਾਣ ਵਾਲੀ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਿਸਟ-ਸੀਪੀਐੱਮ) ਦਾ ਕਾਡਰ ਏਨੀ ਤੇਜ਼ੀ ਨਾਲ ਖੁਰਿਆ ਕਿ ਮਮਤਾ ਬੈਨਰਜੀ ਨੂੰ 2016 ਵਿਚ ਚੋਣਾਂ ਜਿੱਤਣ ਵਿਚ ਕੋਈ ਮੁਸ਼ਕਿਲ ਨਾ ਆਈ ਅਤੇ ਉਸ ਦੀ ਪਾਰਟੀ ਨੇ ਲਗਭਗ 45 ਫ਼ੀਸਦੀ ਵੋਟਾਂ ਪ੍ਰਾਪਤ ਕਰ ਕੇ 295 ਸੀਟਾਂ ਵਿਚੋਂ 211 ਸੀਟਾਂ ਜਿੱਤੀਆਂ। ਕਾਂਗਰਸ ਨੇ 44, ਖੱਬੇ-ਪੱਖੀ ਗੱਠਜੋੜ ਨੇ 29 ਅਤੇ ਭਾਜਪਾ ਨੇ 3 ਸੀਟਾਂ ਜਿੱਤੀਆਂ।

ਮਮਤਾ ਬੈਨਰਜੀ ਦੀ 2011 ਵਿਚ ਹੋਈ ਜਿੱਤ ਨੂੰ ਖੱਬੇ-ਪੱਖੀ ਸਰਕਾਰ ਦੁਆਰਾ ਸਿੰਗੂਰ ਅਤੇ ਨੰਦੀਗ੍ਰਾਮ ਵਿਚ ਕਿਸਾਨਾਂ ਦੀ ਜ਼ਮੀਨ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਅਤੇ ਲੰਮਾ ਚਿਰ ਸੱਤਾ ਵਿਚ ਰਹਿਣ ਕਾਰਨ ਖੱਬੇ-ਪੱਖੀ ਪਾਰਟੀਆਂ ਵਿਚ ਹੋਏ ਨੈਤਿਕ ਪਤਨ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਕਈ ਸਿਆਸੀ ਮਾਹਿਰਾਂ ਅਨੁਸਾਰ ਮਮਤਾ ਬੈਨਰਜੀ ਨੇ ਅਜਿਹੀ ਸਿਆਸਤ ਸਾਹਮਣੇ ਲਿਆਂਦੀ ਜਿਸ ਵਿਚ ਉਸ ਦੀ ਪਾਰਟੀ ਨੇ ਖੱਬੇ-ਪੱਖੀ ਪਾਰਟੀਆਂ ਦੇ ਸਿਆਸੀ ਸਟੈਂਡ ਤੋਂ ਜ਼ਿਆਦਾ ਖੱਬੇ-ਪੱਖੀ ਸਟੈਂਡ ਲਿਆ। ਉਹ ਕਿਸਾਨਾਂ ਦੇ ਹੱਕ ਵਿਚ ਖਲੋਤੇ। ਮਮਤਾ ਬੈਨਰਜੀ ਦੀ ਸਿਆਸਤ ਵਿਚ ਨਵੇਂ ਖੱਬੇ-ਪੱਖੀ ਮੁਹਾਜ਼ ਦੀ ਪੇਸ਼ਕਾਰੀ ਅਤੇ ਉਸ ਦੀ ਇਮਾਨਦਾਰੀ ਤੇ ਸਾਦਾ ਜ਼ਿੰਦਗੀ ਬਿਤਾਉਣ ਦਾ ਸਲੀਕਾ ਅਜਿਹਾ ਫਾਰਮੂਲਾ ਬਣ ਗਿਆ ਜਿਸ ਕਾਰਨ ਖੱਬੇ-ਪੱਖੀ ਪਾਰਟੀਆਂ, ਕਾਂਗਰਸ ਅਤੇ ਭਾਜਪਾ ਨੂੰ ਕਰਾਰੀ ਹਾਰ ਮਿਲੀ।

ਭਾਜਪਾ ਨੇ ਪੱਛਮੀ ਬੰਗਾਲ ਵਿਚ ਜਿੱਤਣ ਦੇ ਵੱਡੇ ਦਾਅਵੇ ਕੀਤੇ ਹਨ। ਭਾਜਪਾ ਦੇ ਦਾਅਵਿਆਂ ਵਿਚ ਇਹ ਵਿਸ਼ਵਾਸ ਉਸ ਦੀ ਤ੍ਰਿਪੁਰਾ ਵਿਚ ਕੀਤੀ ਗਈ ਸਿਆਸਤ, ਜਿੱਥੇ 2018 ਵਿਚ ਭਾਜਪਾ ਨੇ 43 ਫ਼ੀਸਦੀ ਵੋਟਾਂ ਅਤੇ 60 ਵਿਚੋਂ 36 ਸੀਟਾਂ ਜਿੱਤ ਕੇ ਸੀਪੀਐੱਮ ਦੀ ਅਗਵਾਈ ਵਾਲੇ ਖੱਬੇ-ਪੱਖੀ ਗੱਠਜੋੜ ਨੂੰ ਹਾਰ ਦਿੱਤੀ ਸੀ, ਦੇ ਕਾਰਨ ਹੈ। ਉਸ ਤੋਂ ਪਹਿਲੀਆਂ ਚੋਣਾਂ (2013) ਵਿਚ ਸੀਪੀਐੱਮ ਦੀਆਂ 49 ਸੀਟਾਂ ਸਨ ਅਤੇ ਕਾਂਗਰਸ ਦੀਆਂ ਦਸ। ਤ੍ਰਿਪੁਰਾ ਵਿਚ ਵੀ ਖੱਬੇ-ਪੱਖੀ ਗੱਠਜੋੜ ਲਗਾਤਾਰ 25 ਸਾਲ ਸੱਤਾ ਵਿਚ ਰਿਹਾ ਸੀ। ਭਾਜਪਾ ਸਮਝਦੀ ਹੈ ਕਿ ਉਸ ਕੋਲ ਸਮਾਜ ਨੂੰ ਫ਼ਿਰਕਿਆਂ ਦੇ ਆਧਾਰ ’ਤੇ ਵੰਡ ਕੇ ਚੋਣਾਂ ਜਿੱਤਣ ਦਾ ਮਹਾਂ-ਮੰਤਰ ਹੈ। ਇਸ ਮਹਾਂ-ਮੰਤਰ ਨੇ ਉਸ ਨੂੰ ਕਰਨਾਟਕ ਤੋਂ ਲੈ ਕੇ ਜੰਮੂ ਕਸ਼ਮੀਰ ਅਤੇ ਹਰਿਆਣੇ ਤੋਂ ਲੈ ਕੇ ਤ੍ਰਿਪੁਰਾ ਤਕ ਸੱਤਾ ਜਾਂ ਸੱਤਾ ਵਿਚ ਭਾਈਵਾਲੀ ਦਿਵਾਈ ਹੈ। ਇਸ ਵੇਲੇ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ, ਪਾਰਟੀ ਪ੍ਰਧਾਨ, ਹੋਰ ਕੇਂਦਰੀ ਮੰਤਰੀ, ਭਾਜਪਾ ਦੇ ਮੁੱਖ ਮੰਤਰੀ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਅਤੇ ਉਸ ਨਾਲ ਜੁੜੀਆਂ ਜਥੇਬੰਦੀਆਂ ਲੋਕ-ਰਾਏ ਭਾਜਪਾ ਦੇ ਹੱਕ ਵਿਚ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਭਾਜਪਾ ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ ’ਤੇ ਵੋਟਾਂ ਦਾ ਧਰੁਵੀਕਰਨ ਕਰਨਾ ਚਾਹੁੰਦੀ ਹੈ। ਕਈ ਸਿਆਸੀ ਮਾਹਿਰਾਂ ਦਾ ਖ਼ਿਆਲ ਹੈ ਕਿ ਖੱਬੇ-ਪੱਖੀ ਗੱਠਜੋੜ ਅਤੇ ਕਾਂਗਰਸ ਨੂੰ ਭਾਜਪਾ ਨੂੰ ਪੱਛਮੀ ਬੰਗਾਲ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਤ੍ਰਿਣਮੂਲ ਕਾਂਗਰਸ ਦਾ ਸਾਥ ਦੇਣਾ ਚਾਹੀਦਾ ਸੀ/ਹੈ। ਕਾਂਗਰਸ ਅਤੇ ਖੱਬੇ-ਪੱਖੀਆਂ ਦਾ ਪੱਛਮੀ ਬੰਗਾਲ ਵਿਚ ਇਕੱਠੇ ਹੋਣਾ ਵੀ ਦਿਲਚਸਪ ਸਿਆਸੀ ਗੱਠਜੋੜ ਹੈ ਜਿਹੜਾ ਦੇਸ਼ ਦੀ ਬਦਲੀ ਹੋਈ ਸਿਆਸੀ ਹਕੀਕਤ ਦਾ ਸੰਕੇਤ ਦਿੰਦਾ ਹੈ। ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਵੋਟਾਂ ਦੀ ਗਿਣਤੀ ਸਮੇਂ ਈਵੀਐੱਮ ਦੇ ਨਾਲ ਨਾਲ ਈਵੀਐੱਮ ਤੋਂ ਨਿਕਲਦੀਆਂ ਚੋਣ-ਪੱਤਰੀਆਂ (ਵੀਵੀਪੈਟ) ਦੀ 100 ਫ਼ੀਸਦੀ ਗਿਣਤੀ ਕੀਤੀ ਜਾਵੇ। ਲੋਕਾਂ ਵਿਚ ਈਵੀਐੱਮ ਮਸ਼ੀਨਾਂ ਪ੍ਰਤੀ ਬੇਯਕੀਨੀ ਵਧੀ ਹੈ। ਸਿਆਸੀ ਮਾਹਿਰ ਭਾਵੇਂ ਇਹ ਸੰਕੇਤ ਦੇ ਰਹੇ ਹਨ ਕਿ ਜ਼ਮੀਨੀ ਪੱਧਰ ’ਤੇ ਇਸ ਵੇਲੇ ਤ੍ਰਿਣਮੂਲ ਸਭ ਸਿਆਸੀ ਪਾਰਟੀਆਂ ਤੋਂ ਅੱਗੇ ਹੈ ਪਰ ਭਾਜਪਾ ਵੱਲੋਂ ਝੋਕੀ ਜਾ ਰਹੀ ਅਪਾਰ ਸ਼ਕਤੀ ਕਾਰਨ ਉਹ ਨਤੀਜਿਆਂ ਬਾਰੇ ਯਕੀਨ ਨਾਲ ਕੁਝ ਵੀ ਦੱਸਣ ਤੋਂ ਗੁਰੇਜ਼ ਕਰ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All