DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਨਦਾਤੇ ਨੂੰ ਮੌਸਮ ਦੀ ਮਾਰ

ਪੰਜਾਬ ਦੇ ਕਿਸਾਨ ਇਸ ਵੇਲੇ ਫ਼ਿਕਰਾਂ ਵਿੱਚ ਘਿਰੇ ਹੋਏ ਹਨ। ਬੇਮੌਸਮੇ ਮੀਂਹ ਤੇ ਗੜਿਆਂ ਨੇ ਖੇਤਾਂ ਵਿੱਚ ਖੜ੍ਹੀ ਕਣਕ ਦੀ ਪੱਕੀ ਫ਼ਸਲ ਮਧੋਲ ਦਿੱਤੀ ਹੈ। ਇਨ੍ਹਾਂ ਦਿਨਾਂ ਵਿੱਚ ਤਾਂ ਕਿਸਾਨ ਆਪਣੀ ਫ਼ਸਲ ਸੁੱਖ-ਸਾਂਦ ਨਾਲ ਮੰਡੀ ਵਿੱਚ ਪੁੱਜਣ ਦੀਆਂ ਅਰਦਾਸਾਂ ਕਰਦਾ...

  • fb
  • twitter
  • whatsapp
  • whatsapp
Advertisement

ਪੰਜਾਬ ਦੇ ਕਿਸਾਨ ਇਸ ਵੇਲੇ ਫ਼ਿਕਰਾਂ ਵਿੱਚ ਘਿਰੇ ਹੋਏ ਹਨ। ਬੇਮੌਸਮੇ ਮੀਂਹ ਤੇ ਗੜਿਆਂ ਨੇ ਖੇਤਾਂ ਵਿੱਚ ਖੜ੍ਹੀ ਕਣਕ ਦੀ ਪੱਕੀ ਫ਼ਸਲ ਮਧੋਲ ਦਿੱਤੀ ਹੈ। ਇਨ੍ਹਾਂ ਦਿਨਾਂ ਵਿੱਚ ਤਾਂ ਕਿਸਾਨ ਆਪਣੀ ਫ਼ਸਲ ਸੁੱਖ-ਸਾਂਦ ਨਾਲ ਮੰਡੀ ਵਿੱਚ ਪੁੱਜਣ ਦੀਆਂ ਅਰਦਾਸਾਂ ਕਰਦਾ ਹੈ। ਇਸ ਵੇਲੇ ਝੁੱਲੇ ਝੱਖੜ ਨੇ ਸਿਰਫ਼ ਫ਼ਸਲ ਦਾ ਹੀ ਨੁਕਸਾਨ ਨਹੀਂ ਕੀਤਾ, ਸਗੋਂ ਮਾਨਸਿਕ ਤੌਰ ’ਤੇ ਕਿਸਾਨਾਂ ਨੂੰ ਹੋਰ ਪ੍ਰੇਸ਼ਾਨ ਕਰ ਦਿੱਤਾ ਹੈ। ਕਿਸਾਨਾਂ ਨੇ ਇਹ ਫ਼ਸਲ ਵੇਚ ਕੇ ਬੈਂਕ ਦੇ ਕਰਜ਼ੇ ਮੋੜਨੇ ਸਨ, ਸ਼ਾਹੂਕਾਰਾਂ ਨਾਲ ਹਿਸਾਬ ਕਰਨਾ ਸੀ ਤੇ ਆਪਣੀ ਕਬੀਲਦਾਰੀ ਦੀਆਂ ਹੋਰ ਜ਼ਿੰਮੇਵਾਰੀਆਂ ਨਿਭਾਉਣੀਆਂ ਸਨ। ਪਰ ਖਰਾਬ ਮੌਸਮ ਕਾਰਨ ਉਸ ਦਾ ਸਭ ਕੁਝ ਦਾਅ ’ਤੇ ਲੱਗ ਗਿਆ ਹੈ।

ਦੇਸ਼ ਦੇ ਅੰਨ ਭੰਡਾਰ ਵਿੱਚ ਪੰਜਾਬ ਵੱਡਾ ਹਿੱਸਾ ਪਾਉਂਦਾ ਹੈ। ਇਸ ਵਾਰ ਪੰਜਾਬ ਵਿੱਚ ਕਰੀਬ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੋਈ ਸੀ ਅਤੇ 122 ਲੱਖ ਟਨ ਕਣਕ ਖ਼ਰੀਦਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਵਾਰ ਭਰਵੇਂ ਝਾੜ ਦੀ ਉਮੀਦ ਸੀ ਪਰ ਬੇਮੌਸਮੇ ਮੀਂਹ ਨੇ ਸਾਰੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ। ਖੇਤਾਂ ਵਿੱਚ ਡਿੱਗੀ ਕਣਕ ਦਾ ਝਾੜ ਘੱਟ ਸਕਦਾ ਹੈ। ਮਸ਼ੀਨ ਨਾਲ ਵਾਢੀ ਕਰਨ ਵਿੱਚ ਦਿੱਕਤ ਆਵੇਗੀ ਅਤੇ ਕਿਸਾਨਾਂ ਨੂੰ ਵਾਢੀ ਲਈ ਵੱਧ ਭੁਗਤਾਨ ਕਰਨਾ ਪੈ ਸਕਦਾ ਹੈ। ਮੌਸਮ ਸਿੱਲ੍ਹਾ ਰਹਿਣ ਕਾਰਨ ਧਰਤੀ ’ਤੇ ਵਿਛੀ ਕਣਕ ਦਾ ਦਾਣਾ ਕਾਲਾ ਹੋ ਸਕਦਾ ਹੈ ਅਤੇ ਬੱਲੀਆਂ ਵਿੱਚ ਦਾਣੇ ਜੰਮ ਸਕਦੇ ਹਨ। ਖ਼ਰਾਬ ਹੋਈ ਫ਼ਸਲ ਨੂੰ ਮੰਡੀਆਂ ਵਿੱਚ ਵੇਚਣ ਦਾ ਸੰਕਟ ਵੀ ਖੜ੍ਹਾ ਹੋ ਸਕਦਾ ਹੈ।

Advertisement

ਮੌਸਮ ਖ਼ਰਾਬ ਰਹਿਣ ਦੀ ਪੇਸ਼ੀਨਗੋਈ ਆਉਂਦੇ ਦਿਨਾਂ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧਾ ਸਕਦੀ ਹੈ। ਪੰਜਾਬ ਦਾ ਅਰਥਚਾਰਾ ਮੁੱਖ ਤੌਰ ’ਤੇ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ। ਫ਼ਸਲ ਦਾ ਝਾੜ ਘਟਣ ਦਾ ਅਸਰ ਖੇਤਾਂ ਤੋਂ ਲੈ ਕੇ ਮੰਡੀਆਂ ਤੱਕ ਜੁੜੇ ਵਰਗ ’ਤੇ ਪੈ ਸਕਦਾ ਹੈ। ਫ਼ਸਲ ਪੱਕਣ ਵੇਲੇ ਕਿਸਾਨਾਂ ਨੂੰ ਅਕਸਰ ਕੁਦਰਤ ਦੀ ਮਾਰ ਸਹਿਣੀ ਪੈਂਦੀ ਹੈ। ਕਦੇ ਫ਼ਸਲ ਨੂੰ ਬਿਮਾਰੀ ਪੈ ਜਾਂਦੀ ਹੈ, ਕਦੇ ਮੀਂਂਹ-ਝੱਖੜ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਦੇ ਹੜ੍ਹਾਂ ਦੀ ਮਾਰ ਪੈ ਜਾਂਦੀ ਹੈ। ਕੁਦਰਤ ਦੀ ਕਰੋਪੀ ਅੱਗੇ ਭਾਵੇਂ ਕਿਸੇ ਦਾ ਵਸ ਨਹੀਂ ਚੱਲਦਾ ਪਰ ਅੰਨਦਾਤੇ ਨੂੰ ਹੁੰਦੇ ਨੁਕਸਾਨ ਦੀ ਪੂਰਤੀ ਕੀਤੀ ਜਾਣੀ ਬਣਦੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੀ ਕਿਸੇ ਵੀ ਮੁਸੀਬਤ ਵੇਲੇ ਉਹ ਕਿਸਾਨ ਦੀ ਬਾਂਹ ਫੜਨ ਤਾਂ ਜੋ ਹੋਰਾਂ ਦਾ ਢਿੱਡ ਭਰਨ ਵਾਲੇ ਅੰਨਦਾਤੇ ਦਾ ਪਰਿਵਾਰ ਵੀ ਆਪਣਾ ਗੁਜ਼ਰ-ਬਸਰ ਸੌਂਖਿਆਂ ਕਰ ਸਕੇ।

Advertisement

ਦੂਜੇ ਪਾਸੇ, ਕਰਜ਼ੇ ਦੇ ਬੋਝ ਹੇਠ ਦੱਬਿਆ ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਖ਼ੁਦਕੁਸ਼ੀਆਂ ਕਰ ਰਿਹਾ ਹੈ। ਜੇਕਰ ਸਰਕਾਰਾਂ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਖੇਤੀਬਾੜੀ ਗੰਭੀਰ ਚੁਣੌਤੀਆਂ ’ਚ ਘਿਰ ਸਕਦੀ ਹੈ। ਕੁਦਰਤੀ ਆਫ਼ਤਾਂ ਕਾਰਨ ਹੁੰਦੇ ਫ਼ਸਲਾਂ ਦੇ ਨੁਕਸਾਨ ਦੀ ਭਰਪਾਈ ਕਰਨ ਵਾਸਤੇ ਸਰਕਾਰ ਫੌਰੀ ਰਾਹਤ ਦੇਣ ਵਾਲੀਆਂ ਸਕੀਮਾਂ ਸ਼ੁਰੂ ਕਰੇ।

Advertisement
×