ਸਾਨੂੰ ਮੁਆਫ਼ੀ ਹਰਗਿਜ਼ ਨਹੀਂ ਮਿਲਣੀ ... ... ...
ਸਾਰੇ ਸਮਿਆਂ ਵਿੱਚ ਹੋਈਆਂ ਵੱਖ-ਵੱਖ ਉੱਘੀਆਂ ਸ਼ਖ਼ਸੀਅਤਾਂ ਵੱਲੋਂ ਆਪੋ-ਆਪਣੇ ਖਿੱਤੇ ਅਤੇ ਦੇਸ਼ ਦੀ ਬਿਹਤਰੀ ਲਈ ਵੱਖੋ-ਵੱਖਰੇ ਤਰੀਕੇ ਨਾਲ ਕਾਰਜ ਕੀਤੇ ਜਾਂਦੇ ਹਨ। ਕੀ ਦੇਸ਼ ਦੀਆਂ ਵੱਖ-ਵੱਖ ਉੱਘੀਆਂ ਸ਼ਖ਼ਸੀਅਤਾਂ ਵਿਚਾਲੇ ਮੁਕਾਬਲਾ ਕਰਨਾ ਅਤੇ ਇੱਕ ਸ਼ਖ਼ਸੀਅਤ ਨੂੰ ਦੂਜੀ ਦੇ ਮੁਕਾਬਲੇ ਛੁਟਿਆਉਣਾ ਸਹੀ ਮੰਨਿਆ ਜਾ ਸਕਦਾ ਹੈ? ਇਹ ਵੱਡਾ ਸਵਾਲ ਹੈ, ਜੋ ਆਏ ਦਿਨ ਵੱਖ-ਵੱਖ ਰੂਪਾਂ ’ਚ ਸਾਡੇ ਸਾਹਮਣੇ ਆ ਖਡ਼ੋਂਦਾ ਹੈ। ਦਿੱਲੀ ਦੇ ‘ਦਿਆਲ ਸਿੰਘ ਈਵਨਿੰਗ ਕਾਲਜ’ ਦਾ ਨਾਮ ਬਦਲਣ ਦੀਆਂ ਕੋਸ਼ਿਸ਼ਾਂ ਦਾ ਮੁੱਦਾ ਵੀ ਅਜੇ ਕੋਈ ਬਹੁਤਾ ਪੁਰਾਣਾ ਨਹੀਂ ਹੋਇਆ। ਉਦੋਂ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਅਤੇ ਸ. ਦਿਆਲ ਸਿੰਘ ਮਜੀਠੀਆ ਨੂੰ ਇੱਕ-ਦੂਜੇ ਦੇ ਮੁਕਾਬਲੇ ਲਿਆ ਖਡ਼੍ਹਾ ਕੀਤਾ ਗਿਆ ਸੀ।
ਉੱਘੇ ਵਿਦਵਾਨ ਅਤੇ ਪੰਜਾਬੀ ਨਾਟਕਕਾਰ ਆਤਮਜੀਤ ਹੋਰਾਂ ਨੇ ਭੋਪਾਲ ਸਥਿਤ ਬਰਕਤੁੱਲ੍ਹਾ ਯੂਨੀਵਰਸਿਟੀ ਦਾ ਨਾਮ ਬਦਲ ਕੇ ‘ਵਾਗਦੇਵੀ ਭੋਜਪਾਲ ਯੂਨੀਵਰਸਿਟੀ’ ਕਰਨ ਦੀ ਤਜਵੀਜ਼ ਬਾਰੇ ਫ਼ਿਕਰਮੰਦੀ ਜ਼ਾਹਿਰ ਕਰਦਿਆਂ ਅੱਜ ਤੋਂ ਦੋ ਹਫ਼ਤੇ ਪਹਿਲਾਂ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਅੰਕ (14 ਜੂਨ) ਵਿੱਚ ਇੱਕ ਲੇਖ ਲਿਖਿਆ ਸੀ ‘ਖਾਲਸ ਰਾਸ਼ਟਰਵਾਦੀ ਬਰਕਤੁੱਲ੍ਹਾ ਭੋਪਾਲੀ’। ਇਸ ਲੇਖ ਵਿੱਚ ਯੂਨੀਵਰਸਿਟੀ ਦਾ ਨਾਮ ਬਦਲਣ ਸਬੰਧੀ ’ਵਰਸਿਟੀ ਦੀ ਕਾਰਜਕਾਰੀ ਕੌਂਸਲ ਵੱਲੋਂ ਪਾਸ ਕੀਤੇ ਗਏ ਮਤੇ ਦੇ ਹੱਕ ’ਚ ਦਿੱਤੀਆਂ ਗਈਆਂ ਦਲੀਲਾਂ ਸਬੰਧੀ ਬੁਨਿਆਦੀ ਸਵਾਲ ਉਠਾਏ ਗਏ ਸਨ, ਜੋ ਸਵਾਲ ਧਰਮਾਂ ਦੀਆਂ ਸੌੜੀਆਂ ਵਲਗਣਾਂ ਤੋਂ ਉੱਪਰ ਉੱਠ ਕੇ ਸੋਚਣ ਵਾਲੇ ਹਰ ਹੱਸਾਸ ਵਿਅਕਤੀ ਦੇ ਮਨ ਵਿੱਚ ਸਨ। ਯੂਨੀਵਰਸਿਟੀ ਦਾ ਨਾਮ ਬਦਲਣ ਲਈ ਦਿੱਤੀਆਂ ਗਈਆਂ ਬੁਨਿਆਦੀ ਦਲੀਲਾਂ ਦੇ ਖੋਖਲੇਪਣ ਦੀ ਗੱਲ ਕਰਨ ਤੋਂ ਪਹਿਲਾਂ ਸਕੂਨ ਦੇਣ ਵਾਲੀ ਇਸ ਗੱਲ ਦਾ ਜ਼ਿਕਰ ਜ਼ਰੂਰੀ ਹੈ ਕਿ ਵਿਰੋਧੀ ਪਾਰਟੀਆਂ, ਬੁੱਧੀਜੀਵੀਆਂ, ਵਿਦਿਆਰਥੀਆਂ, ਫੈਕਲਟੀ ਮੈਂਬਰਾਂ, ਟੀਚਰ ਐਸੋਸੀਏਸ਼ਨਾਂ ਅਤੇ ਸਹੀ ਸੋਚ ਰੱਖਣ ਵਾਲੇ ਲੋਕਾਂ ਵੱਲੋਂ ਇਸ ਫ਼ੈਸਲੇ ਵਿਰੁੱਧ ਉਠਾਈ ਗਈ ਜ਼ੋਰਦਾਰ ਆਵਾਜ਼ ਕਾਰਨ ਹੁਣ ਇਹ ਤਜਵੀਜ਼ ਠੰਢੇ ਬਸਤੇ ਵਿੱਚ ਪਾ ਦਿੱਤੀ ਗਈ ਹੈ। ਏਨਾ ਹੀ ਨਹੀਂ, ਇਸ ਤਜਵੀਜ਼ ਪਿੱਛੇ ਮੁੱਖ ਭੂਮਿਕਾ ਨਿਭਾਉਣ ਵਾਲੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੁਰੇਸ਼ ਕੁਮਾਰ ਜੈਨ ਵੱਲੋਂ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ।
ਇਸ ਵਿਵਾਦ ਦਾ ਮੁੱਢ ਉਦੋਂ ਬੱਝਿਆ ਜਦੋਂ ਲੰਘੀ 3 ਜੂਨ ਨੂੰ ਬਰਕਤੁੱਲ੍ਹਾ ਯੂਨੀਵਰਸਿਟੀ ਦੀ ਕਾਰਜਕਾਰੀ ਕੌਂਸਲ ਨੇ ਇਸ ’ਵਰਸਿਟੀ ਦਾ ਨਾਂ ਬਦਲ ਕੇ ‘ਵਾਗਦੇਵੀ ਭੋਜਪਾਲ ਯੂਨੀਵਰਸਿਟੀ’ ਕਰਨ ਦੀ ਤਜਵੀਜ਼ ਪਾਸ ਕੀਤੀ। ‘ਵਾਗਦੇਵੀ’ ਵਿੱਦਿਆ ਦੀ ਦੇਵੀ ਸਰਸਵਤੀ ਦਾ ਦੂਜਾ ਨਾਂ ਹੈ ਅਤੇ ‘ਭੋਜਪਾਲ’ ਭੋਪਾਲ ਦਾ ਪੁਰਾਣਾ ਨਾਂ ਹੈ, ਜਿਸ ਨੂੰ ਪਰਮਾਰ ਵੰਸ਼ ਦੇ ਚੱਕਰਵਰਤੀ ਸਮਰਾਟ ਰਾਜਾ ਭੋਜ ਨੇ ਵਸਾਇਆ ਸੀ ਅਤੇ ਇਸ ਨੂੰ ਉਦੋਂ ਭੋਜਪਾਲ ਨਗਰ ਕਿਹਾ ਜਾਂਦਾ ਸੀ। ਖ਼ੈਰ, ਅਜੋਕੇ ਵਿਵਾਦ ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ (ਹੁਣ ਸਾਬਕਾ) ਸੁਰੇਸ਼ ਕੁਮਾਰ ਜੈਨ ਨੇ ਨਾਮ ਬਦਲਣ ਦੀ ਤਜਵੀਜ਼ ਦੇ ਹੱਕ ਵਿੱਚ ਦਲੀਲ ਦਿੱਤੀ ਸੀ ਕਿ ਭੋਪਾਲ ਦੇ ਖਿੱਤੇ ਨੂੰ ਰਾਜਾ ਭੋਜ ਦੀ ਦੇਣ ਸਾਹਮਣੇ ਭੋਪਾਲ ਦੇ ਹੀ ਪੁੱਤਰ ਬਰਕਤੁੱਲ੍ਹਾ ਦਾ ਇਸ ਸ਼ਹਿਰ ਵਾਸਤੇ ਕੋਈ ਵਿਸ਼ੇਸ਼ ਕੰਮ ਨਹੀਂ। ਕਿੰਨੀ ਕਮਾਲ ਦੀ ਦਲੀਲ ਹੈ! ਬੇਸ਼ੱਕ, ਰਾਜਾ ਭੋਜ ਉਸ ਖਿੱਤੇ ਦਾ ਹਰਮਨਪਿਆਰਾ ਸ਼ਾਸਕ ਸੀ ਅਤੇ ਨਿਸ਼ਚੇ ਹੀ ਉਸ ਨੇ ਆਪਣੇ ਖਿੱਤੇ ਤੇ ਲੋਕਾਂ ਦੀ ਭਲਾਈ ਲਈ ਅਨੇਕਾਂ ਚੰਗੇ ਕਾਰਜ ਕੀਤੇ। ਦਰਅਸਲ, ਸਾਰੇ ਸਮਿਆਂ ਵਿੱਚ ਹੋਈਆਂ ਵੱਖ-ਵੱਖ ਉੱਘੀਆਂ ਸ਼ਖ਼ਸੀਅਤਾਂ ਵੱਲੋਂ ਆਪੋ-ਆਪਣੇ ਖਿੱਤੇ ਅਤੇ ਦੇਸ਼ ਦੀ ਬਿਹਤਰੀ ਲਈ ਵੱਖੋ-ਵੱਖਰੇ ਤਰੀਕੇ ਨਾਲ ਕਾਰਜ ਕੀਤੇ ਜਾਂਦੇ ਹਨ। ਕੀ ਦੇਸ਼ ਦੀਆਂ ਵੱਖ-ਵੱਖ ਉੱਘੀਆਂ ਸ਼ਖ਼ਸੀਅਤਾਂ ਵਿਚਾਲੇ ਮੁਕਾਬਲਾ ਕਰਨਾ ਅਤੇ ਇੱਕ ਸ਼ਖ਼ਸੀਅਤ ਨੂੰ ਦੂਜੀ ਦੇ ਮੁਕਾਬਲੇ ਛੁਟਿਆਉਣਾ ਸਹੀ ਮੰਨਿਆ ਜਾ ਸਕਦਾ ਹੈ? ਇਹ ਵੱਡਾ ਸਵਾਲ ਹੈ, ਜੋ ਆਏ ਦਿਨ ਵੱਖ-ਵੱਖ ਰੂਪਾਂ ’ਚ ਸਾਡੇ ਸਾਹਮਣੇ ਆ ਖੜੋਂਦਾ ਹੈ। ਦਿੱਲੀ ਦੇ ‘ਦਿਆਲ ਸਿੰਘ ਈਵਨਿੰਗ ਕਾਲਜ’ ਦਾ ਨਾਮ ਬਦਲਣ ਦੀਆਂ ਕੋਸ਼ਿਸ਼ਾਂ ਦਾ ਮੁੱਦਾ ਵੀ ਅਜੇ ਕੋਈ ਬਹੁਤਾ ਪੁਰਾਣਾ ਨਹੀਂ ਹੋਇਆ। ਉਦੋਂ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਅਤੇ ਸ. ਦਿਆਲ ਸਿੰਘ ਮਜੀਠੀਆ ਨੂੰ ਇੱਕ-ਦੂਜੇ ਦੇ ਮੁਕਾਬਲੇ ਲਿਆ ਖੜ੍ਹਾ ਕੀਤਾ ਗਿਆ ਸੀ। ... ਤੇ ਹੁਣ ਜੂੁਨ ਮਹੀਨੇ ਬਰਕਤੁੱਲ੍ਹਾ ਯੂਨੀਵਰਸਿਟੀ ਦਾ ਵਿਵਾਦ ਉੱਠ ਖੜੋਤਾ ਜਾਂ ਖੜ੍ਹਾ ਕੀਤਾ ਗਿਆ।
ਆਤਮਜੀਤ ਹੋਰਾਂ ਨੇ ਆਪਣੇ ਲੇਖ ’ਚ ਲਿਖਿਆ ਸੀ: ‘‘ਮੁੱਖ ਸਵਾਲ ਹੈ ਕਿ ਕੀ ਇਸ ਮਤੇ ਦਾ ਮਕਸਦ ਸੱਚਮੁੱਚ ਰਾਜਾ ਭੋਜ ਨੂੰ ਯਾਦ ਕਰਨਾ ਹੈ ਜਾਂ ਇੱਕ ਮੁਸਲਿਮ ਦੇ ਨਾਂ ਤੋਂ ਯੂਨੀਵਰਸਿਟੀ ਨੂੰ ਵੱਖ ਕਰਨਾ ਹੈ?’’ ਉਨ੍ਹਾਂ ਵੱਲੋਂ ਉਠਾਏ ਗਏ ਇਸ ਸਵਾਲ ਦੇ ਅੰਦਰ ਇੱਕ ਹੋਰ ਸਵਾਲ ਲੁਕਿਆ ਹੋਇਆ ਹੈ: ਕੀ ਅਸੀਂ ਹੁਣ ਆਪਣੇ ਨਾਇਕਾਂ ਦੀ ਸ਼ਨਾਖ਼ਤ ਧਰਮ ਦੇ ਆਧਾਰ ’ਤੇ ਕਰਾਂਗੇ ਅਤੇ ਆਪਣੇ ਧਰਮ ਤੋਂ ਬਾਹਰਲੇ ਕਿਸੇ ਨਾਇਕ ਦਾ ਨਾਂ ਮਿਟਾਉਣ ਦੀ ਹੱਦ ਤੱਕ ਜਾਵਾਂਗੇ? ਧਰਮ ਦੇ ਪੱਖ ਤੋਂ ਗੱਲ ਕਰੀਏ ਤਾਂ ਕੋਈ ਵੀ ਧਰਮ ਅਜਿਹੀ ਸਿੱਖਿਆ ਨਹੀਂ ਦਿੰਦਾ ਸਗੋਂ ਹਰ ਧਰਮ ਸਮੁੱਚੀ ਮਨੁੱਖਤਾ ਦੇ ਭਲੇ ਤੇ ਸਤਿਕਾਰ ਦੀ ਗੱਲ ਕਰਦਾ ਹੈ।
ਬਰਕਤੁੱਲ੍ਹਾ ਭੋਪਾਲੀ ਵੱਲੋਂ ਦੇਸ਼ ਦੀ ਆਜ਼ਾਦੀ ਲਈ ਕੀਤੇ ਗਏ ਯਤਨਾਂ ਨੂੰ ਧਿਆਨ ’ਚ ਰੱਖ ਕੇ ਹੀ ਸਤਿਕਾਰ ਵਜੋਂ ਭੋਪਾਲ ਯੂਨੀਵਰਸਿਟੀ ਦਾ ਨਾਮ ਸੰਨ 1988 ’ਚ ਬਦਲ ਕੇ ਬਰਕਤੁੱਲ੍ਹਾ ਯੂਨੀਵਰਸਿਟੀ ਕੀਤਾ ਗਿਆ ਸੀ, ਜੋ 1970 ਵਿੱਚ ਸਥਾਪਤ ਹੋਈ ਸੀ। ਜ਼ਿਕਰਯੋਗ ਹੈ ਕਿ ਦੇਸ਼ ਦੇ ਆਜ਼ਾਦੀ ਦੇ ਸੰਘਰਸ਼ ’ਚ ਗ਼ਦਰ ਪਾਰਟੀ ਦਾ ਵਿਲੱਖਣ ਯੋਗਦਾਨ ਹੈ ਅਤੇ ਉਨ੍ਹਾਂ ਨੇ ਗ਼ਦਰ ਪਾਰਟੀ ਨਾਲ ਜੁੜ ਕੇ ਬਰਤਾਨਵੀ ਬਸਤੀਵਾਦੀ ਸਾਮਰਾਜ ਖ਼ਿਲਾਫ਼ ਕੌਮਾਂਤਰੀ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਈ। ਦਰਅਸਲ, ਸੰਨ 1914 ’ਚ ਲਾਲਾ ਹਰਦਿਆਲ ਦੀ ਗ੍ਰਿਫ਼ਤਾਰੀ ਮਗਰੋਂ ਰਾਮ ਚੰਦਰ ਨਾਲ ਮਿਲ ਕੇ ਉਨ੍ਹਾਂ ਨੇ ‘ਹਿੰਦੋਸਤਾਨ ਗ਼ਦਰ’ ਅਖ਼ਬਾਰ ਰਾਹੀਂ ਬਸਤੀਵਾਦ ਖ਼ਿਲਾਫ਼ ਪ੍ਰਚਾਰ ਜਾਰੀ ਰੱਖਿਆ। ਉਹ 1915 ਵਿੱਚ ਕਾਬੁਲ ’ਚ ਕਾਇਮ ਹੋਈ ਭਾਰਤ ਦੀ ਪਹਿਲੀ ਸਮਾਨਾਂਤਰ ਸਰਕਾਰ ਦੇ ਪ੍ਰਧਾਨ ਮੰਤਰੀ ਵੀ ਬਣੇ। ਆਪਣੇ ਦੇਸ਼ਭਗਤੀ ਦੇ ਕਾਰਜਾਂ ਕਾਰਨ ਅੰਗਰੇਜ਼ਾਂ ਦੀਆਂ ਅੱਖਾਂ ਵਿੱਚ ਰੜਕਣ ਕਰਕੇ ਉਹ ਦੇਸ਼ ਨਾ ਪਰਤ ਸਕੇ ਅਤੇ 1927 ਵਿੱਚ ਅਮਰੀਕਾ ਦੇ ਸਾਂ ਫਰਾਂਸਿਸਕੋ ਵਿੱਚ ਆਪਣੇ ਦੇਹਾਂਤ ਤੱਕ ਦੇਸ਼ ਦੀ ਆਜ਼ਾਦੀ ਲਈ ਲਗਾਤਾਰ ਸੰਘਰਸ਼ ਕਰਦੇ ਰਹੇ ਅਤੇ ਅੰਤ ਉਨ੍ਹਾਂ ਨੂੰ ਉੱਥੇ ਹੀ ਸਪੁਰਦ-ਏ-ਖ਼ਾਕ ਕੀਤਾ ਗਿਆ।
ਏਨੀ ਵੱਡੀ ਰਾਸ਼ਟਰਵਾਦੀ ਸ਼ਖ਼ਸੀਅਤ ਦੀ ਦੇਣ ਨੂੰ ਇਹ ਕਹਿ ਕੇ ਛੁਟਿਆਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਨ੍ਹਾਂ ਦੀ ‘ਭੋਪਾਲ ਖਿੱਤੇ’ ਨੂੰ ਕੋਈ ਖ਼ਾਸ ਦੇਣ ਨਹੀਂ। ਕੀ ‘ਭੋਪਾਲ’ ਹਿੰਦੋਸਤਾਨ ਤੋਂ ਕੋਈ ਬਾਹਰਲਾ ਖਿੱਤਾ ਹੈ?
ਇਸ ਤਜਵੀਜ਼ ਵਿਰੁੱਧ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ ਗਏ ਅਤੇ ਫੈਕਲਟੀ ਵੱਲੋਂ ਵੀ ਲਗਾਤਾਰ ਪਾਏ ਗਏ ਦਬਾਅ ਕਾਰਨ ਹੀ ਵਾਈਸ ਚਾਂਸਲਰ ਜੈਨ ਨੂੰ ਅਸਤੀਫ਼ਾ ਦੇਣਾ ਪਿਆ। ਯੂਨੀਵਰਸਿਟੀ ਦੇ ਸੀਨੀਅਰ ਟੀਚਿੰਗ ਫੈਕਲਟੀ ਮੈਂਬਰਾਂ ਨੇ ’ਵਰਸਿਟੀ ਪ੍ਰਸ਼ਾਸਨ ਨੂੰ ਤਿੱਖੇ ਸਵਾਲ ਪੁੱਛੇ ਸਨ ਕਿ ਨਾਮ ਤਬਦੀਲ ਕਰਨ ਪਿੱਛੇ ਉਨ੍ਹਾਂ ਦਾ ਮਕਸਦ ਕੀ ਹੈ? ਉਨ੍ਹਾਂ ਨਾਮ ਤਬਦੀਲੀ ਦੀ ਸਮੁੱਚੀ ਪ੍ਰਕਿਰਿਆ ਨੂੰ ਹੀ ਖ਼ਾਮੀਆਂ ਭਰਪੂੁਰ ਦੱਸਿਆ ਸੀ, ਜਿਸ ਸਬੰਧੀ ਫ਼ੈਸਲਾ ਲੈਣ ਸਮੇਂ ਸਬੰਧਿਤ ਧਿਰਾਂ ਨਾਲ ਵਿਆਪਕ ਵਿਚਾਰ-ਵਟਾਂਦਰਾ ਨਹੀਂ ਸੀ ਕੀਤਾ ਗਿਆ ਤੇ ਸਮੁੱਚੇ ਅਮਲ ਪ੍ਰਤੀ ਬੜੀ ਸਰਸਰੀ ਪਹੁੰਚ ਅਪਣਾਈ ਗਈ ਸੀ। ਯੂਨੀਵਰਸਿਟੀ ਦੇ ਰਜਿਸਟਰਾਰ ਸਮਰ ਬਹਾਦੁਰ ਸਿੰਘ ਵੱਲੋਂ ਮੀਡੀਆ ’ਚ ਹੁਣ ਇਹ ਬਿਆਨ ਦਿੱਤਾ ਗਿਆ ਹੈ ਕਿ ਇਸ ਸਮੁੱਚੀ ਤਜਵੀਜ਼ ਪਿੱਛੇ ਵਾਈਸ ਚਾਂਲਸਰ ਜੈਨ ਹੀ ਸਨ ਅਤੇ ਉਨ੍ਹਾਂ ਦੇ ਅਸਤੀਫ਼ੇ ਮਗਰੋਂ ਇਹ ਤਜਵੀਜ਼ ਠੰਢੇ ਬਸਤੇ ’ਚ ਪਾ ਦਿੱਤੀ ਗਈ ਹੈ। ਹੁਣ ਏਨੇ ਵਿਰੋਧ ਮਗਰੋਂ ਰਜਿਸਟਰਾਰ ਵੱਲੋਂ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਚੇਰੀ ਸਿੱਖਿਆ ਵਿਭਾਗ ਦੇ ਅਧਿਕਾਰੀ ਤਾਂ ਪਹਿਲਾਂ ਹੀ ਇਸ ਤਜਵੀਜ਼ ਦੇ ਹੱਕ ਵਿੱਚ ਨਹੀਂ ਸਨ; ਵਾਈਸ ਚਾਂਸਲਰ ਇਸ ਮੁਹਿੰਮ ਦਾ ਸਿਹਰਾ ਆਪਣੇ ਸਿਰ ਬੰਨ੍ਹਣਾ ਚਾਹੁੰਦੇ ਸਨ ਅਤੇ ਉਹ ਇਹ ਨਾਮ ਤਬਦੀਲ ਕਰਨ ਲਈ ਬਹੁਤ ਉਤਸੁਕ ਸਨ। ਇਸ ਦੇ ਨਾਲ ਹੀ ਇਹ ਤਜਵੀਜ਼ ਪਾਸ ਕਰਨ ਵਾਲੀ ਕਾਰਜਕਾਰੀ ਕੌਂਸਲ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਹੁਣ ਪੂਰਾ ਧਿਆਨ ਪ੍ਰਸ਼ਾਸਕੀ ਮਾਮਲਿਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ’ਤੇ ਹੀ ਕੇਂਦਰਿਤ ਕਰਨਗੇ। ਇਹ ਤਜਵੀਜ਼ ਠੰਢੇ ਬਸਤੇ ’ਚ ਪਾਏ ਜਾਣ ਮਗਰੋਂ ਸੋਸ਼ਲ ਮੀਡੀਆ ’ਤੇ ਇਸ ਸਮੁੱਚੇ ਘਟਨਾਕ੍ਰਮ ਬਾਰੇ ਇੱਕ ਸਟੀਕ ਟਿੱਪਣੀ ਸੀ: ‘ਕਿਸੇ ਵੀ ਗ਼ਲਤ ਫ਼ੈਸਲੇ ਖ਼ਿਲਾਫ਼ ਇਕਜੁੱਟ ਹੋ ਕੇ ਆਵਾਜ਼ ਉਠਾਉਣ ਨਾਲ ਹੀ ਇਸ ਨੂੰ ਵਾਪਸ ਕਰਵਾਇਆ ਜਾ ਸਕਦਾ ਹੈ। ਜਦੋਂ ਵੀ ਕਦੇ ਅਜਿਹਾ ਵਾਪਰੇ ਤਾਂ ਇਸ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਉਣੀ ਸਾਡੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।’
ਇਸ ਸਮੁੱਚੇ ਮਾਮਲੇ ਵਿੱਚ ਰਜਿਸਟਰਾਰ ਦੇ ਬਿਆਨ ਮਗਰੋਂ ਸਹਿਜੇ ਹੀ ਮਨ ਵਿੱਚ ਇਹ ਸਵਾਲ ਉੱਠਦਾ ਹੈ ਕਿ ਵਾਈਸ ਚਾਂਸਲਰ ਜੈਨ ਬਰਕਤੁੱਲ੍ਹਾ ਯੂਨੀਵਰਸਿਟੀ ਦਾ ਨਾਂ ਬਦਲ ਕੇ ਕਿਸ ਕਿਸਮ ਦੀ ਵਾਹ-ਵਾਹ ਖੱਟਣੀ ਚਾਹੁੰਦੇ ਸਨ? ਕੀ ਯੂਨੀਵਰਸਿਟੀ ਦੇ ਸਭ ਤੋਂ ਉੱਚੇ ਅਹੁਦੇ ’ਤੇ ਬੈਠੇ ਸ਼ਖ਼ਸ (ਵੀ ਸੀ) ਨੂੰ ਇਹ ਲੱਗਦਾ ਸੀ ਕਿ ਉਹ ਦੇਸ਼ ਦੇ ਮਾਹੌਲ ਮੁਆਫ਼ਕ ਨਾਮ ਬਦਲੀ ਕਰ ਕੇ ਇਸ ਦਾ ਸਿਹਰਾ ਆਪਣੇ ਸਿਰ ਸਜਾ ਕੇ ‘ਕੁਝ ਖ਼ਾਸ’ ਖੱਟ ਲਵੇਗਾ? ਜਦੋਂ ਵਿਦਿਅਕ ਅਦਾਰਿਆਂ ਦੇ ਉੱਚ ਅਹੁਦਿਆਂ ’ਤੇ ਬੈਠਣ ਵਾਲੇ ਵਿਅਕਤੀਆਂ ਦੀ ਸੋਚ ਉੱਤੇ ਧਾਰਮਿਕ ਸੰਕੀਰਣਤਾ ਭਾਰੂ ਹੋਵੇ ਤੇ ਉਹ ਧਰਮ ਦੇ ਨਾਂ ’ਤੇ ਨਫ਼ਰਤਾਂ ਦਾ ਬੋਝ ਆਪਣੇ ਮੋਢਿਆਂ ’ਤੇ ਚੁੱਕੀ ਫਿਰਦੇ ਹੋਣ ਤਾਂ ਉਹ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਕਿਸ ਕਿਸਮ ਦੀ ਸਿੱਖਿਆ ਤੇ ਸੇਧ ਦੇਣਗੇ? ਦਰਅਸਲ, ਜਦੋਂ ਫ਼ਿਰਕਾਪ੍ਰਸਤੀ ਸਾਡੇ ਰਵੱਈਏ ’ਤੇ ਭਾਰੂ ਹੋਣ ਲੱਗਦੀ ਹੈ ਤਾਂ ਇਹ ਸਮੁੱਚੇ ਸਮਾਜ ਅਤੇ ਦੇਸ਼ ਲਈ ਅੰਤ ਘਾਤਕ ਸਾਬਿਤ ਹੁੰਦੀ ਹੈ।
ਅਸੀਂ ਦੇਸ਼ ਨੂੰ ਇਹ ਕਿਸ ਕਿਸਮ ਦਾ ਰੂਪ ਦੇਣ ਲੱਗੇ ਹੋਏ ਹਾਂ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕਿਹੋ ਜਿਹੇ ‘ਆਦਰਸ਼’ ਪੇਸ਼ ਕਰ ਰਹੇ ਹਾਂ? ਇਹ ਗੱਲ ਪੱਕੀ ਹੈ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਇਨ੍ਹਾਂ ‘ਆਦਰਸ਼ਾਂ’ ਕਾਰਨ ਸਾਡਾ ਸਤਿਕਾਰ ਤਾਂ ਕੀ ਕਰਨਾ ਹੈ, ਉਹ ਸਾਨੂੰ ਹਰਗਿਜ਼ ਮੁਆਫ਼ ਵੀ ਨਹੀਂ ਕਰਨਗੀਆਂ।
