ਸੁਰੱਖਿਆ ਬਲਾਂ ਵਿੱਚ ਹਿੰਸਾ
ਕਠੂਆ (ਜੰਮੂ ਕਸ਼ਮੀਰ) ਵਿੱਚ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ (ਸੀ ਆਈ ਐੱਸ ਐੱਫ) ਦੇ ਇੱਕ ਜਵਾਨ ਵੱਲੋਂ ਆਪਣੇ ਹੀ ਸਾਥੀਆਂ ਨੂੰ ਕਤਲ ਕਰ ਦੇਣਾ ਇਸ ਭਿਆਨਕ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਅੱਜ ਸੁਰੱਖਿਆ ਬਲਾਂ ਅੰਦਰ ਵੀ ਕਿੰਨੇ ਗੰਭੀਰ ਖ਼ਤਰੇ ਛੁਪੇ...
ਕਠੂਆ (ਜੰਮੂ ਕਸ਼ਮੀਰ) ਵਿੱਚ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ (ਸੀ ਆਈ ਐੱਸ ਐੱਫ) ਦੇ ਇੱਕ ਜਵਾਨ ਵੱਲੋਂ ਆਪਣੇ ਹੀ ਸਾਥੀਆਂ ਨੂੰ ਕਤਲ ਕਰ ਦੇਣਾ ਇਸ ਭਿਆਨਕ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਅੱਜ ਸੁਰੱਖਿਆ ਬਲਾਂ ਅੰਦਰ ਵੀ ਕਿੰਨੇ ਗੰਭੀਰ ਖ਼ਤਰੇ ਛੁਪੇ ਹੋਏ ਹਨ। ਇੱਕ ਹੈੱਡ ਕਾਂਸਟੇਬਲ ਨੇ ਕਥਿਤ ਤੌਰ ’ਤੇ ਆਪਣੇ ਬੱਚੇ ਨੂੰ ਡਿਊਟੀ ਵਾਲੀ ਥਾਂ ’ਤੇ ਨਾਲ ਲਿਆਉਣ ਨੂੰ ਲੈ ਕੇ ਹੋਈ ਤਲਖ਼ ਬਹਿਸ ਤੋਂ ਬਾਅਦ ਆਪਣੀ ਸਰਕਾਰੀ ਏ ਕੇ-47 ਰਾਈਫਲ ਨਾਲ ਆਪਣੇ ਹੀ ਸਾਥੀਆਂ ਉੱਤੇ ਗੋਲੀਆਂ ਚਲਾ ਦਿੱਤੀਆਂ। ਕੰਮਕਾਜੀ ਨਿਯਮਾਂ ਨੂੰ ਲੈ ਕੇ ਸ਼ੁਰੂ ਹੋਇਆ ਮਾਮੂਲੀ ਮਤਭੇਦ ਆਖ਼ਰਕਾਰ ਜਾਨਲੇਵਾ ਹਿੰਸਾ ਤੱਕ ਜਾ ਪਹੁੰਚਿਆ। ਇਸ ਦੁਖਦਾਈ ਘਟਨਾ ਨੇ ਦੇਸ਼ ਭਰ ਵਿੱਚ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਸ ਤੋਂ ਬਾਅਦ ਹਥਿਆਰਬੰਦ ਬਲਾਂ ’ਚ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਅਤੇ ਮਸਲਿਆਂ ਨਾਲ ਨਜਿੱਠਣ ਵਾਲੇ ਪ੍ਰਬੰਧਾਂ ਦੀ ਫੌਰੀ ਗੰਭੀਰਤਾ ਨਾਲ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ।
ਇਹ ਘਟਨਾ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਵਿੱਚ ਕੰਮ ਦੇ ਹਾਲਾਤ ਬਾਰੇ ਵੀ ਕਈ ਸਵਾਲ ਖੜ੍ਹੇ ਕਰਦੀ ਹੈ। ਦੂਰ-ਦੁਰਾਡੇ ਤਾਇਨਾਤ ਜਵਾਨਾਂ ਨੂੰ ਡਿਊਟੀ ਕਰਨ ਲਈ ਪਰਿਵਾਰਕ ਮੁਸ਼ਕਿਲਾਂ ਦੇ ਬਾਵਜੂਦ ਲੰਮੇ ਸਮੇਂ ਤੱਕ ਘਰ ਤੋਂ ਦੂਰ ਰਹਿਣਾ ਪੈਂਦਾ ਹੈ। ਹਥਿਆਰਾਂ ਤੱਕ ਪਹੁੰਚ ਉਨ੍ਹਾਂ ਦੀ ਡਿਊਟੀ ਦਾ ਅਨਿੱਖੜਵਾਂ ਅੰਗ ਹੈ, ਪਰ ਇਸ ਦਾ ਮਤਲਬ ਇਹ ਵੀ ਹੈ ਕਿ ਕੰਮ ਵਾਲੀ ਥਾਂ ਦੀਆਂ ਆਮ ਬਹਿਸਾਂ ਦੇ ਨਤੀਜੇ ਬਹੁਤ ਭਿਆਨਕ ਹੋ ਸਕਦੇ ਹਨ। ਇਸ ਦਾ ਹੱਲ ਇਹ ਨਹੀਂ ਹੋ ਸਕਦਾ ਕਿ ਹਰ ਵਿਵਾਦ ਨੂੰ ਸੁਰੱਖਿਆ ਖ਼ਤਰਾ ਮੰਨ ਲਿਆ ਜਾਵੇ ਅਤੇ ਨਾ ਹੀ ਇਹ ਹੋ ਸਕਦਾ ਹੈ ਕਿ ਕਿਸੇ ਹੋਰ ਦੁਖਾਂਤ ਦੇ ਵਾਪਰਨ ਦਾ ਇੰਤਜ਼ਾਰ ਕੀਤਾ ਜਾਵੇ। ਸ਼ਿਕਾਇਤਾਂ ਦੇ ਨਿਪਟਾਰੇ ਦਾ ਮਜ਼ਬੂਤ ਸਿਸਟਮ, ਪ੍ਰਭਾਵਸ਼ਾਲੀ ਨਿਗਰਾਨੀ, ਹਥਿਆਰਾਂ ਦੀ ਵਰਤੋਂ ਲਈ ਢੁਕਵੇਂ ਸੁਰੱਖਿਆ ਉਪਰਾਲੇ ਅਤੇ ਆਸਾਨੀ ਨਾਲ ਮਿਲਣ ਵਾਲੀ ਮਾਨਸਿਕ ਸਹਾਇਤਾ- ਇਹ ਸਭ ਰੋਕਥਾਮ ਰਣਨੀਤੀ ਦਾ ਹਿੱਸਾ ਹੋਣੇ ਚਾਹੀਦੇ ਹਨ। ਅਜਿਹੇ ਉਪਰਾਲੇ ਅਨੁਸ਼ਾਸਨ ਅਤੇ ਕਾਰਜਸ਼ੀਲ ਤਿਆਰੀ ਦਾ ਬਦਲ ਨਹੀਂ ਹੋਣੇ ਚਾਹੀਦੇ ਸਗੋਂ ਉਨ੍ਹਾਂ ਦੇ ਪੂਰਕ ਹੋਣੇ ਚਾਹੀਦੇ ਹਨ।
ਕੁਝ ਸਾਲ ਪਹਿਲਾਂ ਗ੍ਰਹਿ ਮੰਤਰਾਲੇ ਵੱਲੋਂ ਬਣਾਈ ਗਈ ਟਾਸਕ ਫੋਰਸ ਨੇ ਸੀ ਏ ਪੀ ਐੱਫ ਵਿੱਚ ਅਜਿਹੀਆਂ ਅੰਦਰੂਨੀ ਹਿੰਸਕ ਘਟਨਾਵਾਂ ਦੇ ਮੁੱਖ ਕਾਰਨਾਂ ਦੀ ਪਛਾਣ ਕੀਤੀ ਸੀ, ਜਿਨ੍ਹਾਂ ਵਿੱਚ ਸਰਵਿਸ ਦੇ ਔਖੇ ਹਾਲਾਤ, (ਖ਼ਾਸਕਰ ਪਰਿਵਾਰਕ ਐਮਰਜੈਂਸੀ ਦੌਰਾਨ) ਛੁੱਟੀ ਮਿਲਣ ਵਿੱਚ ਦੇਰੀ, ਕਿਸੇ ਦੀ ਨੁਕਤਾਚੀਨੀ ਜਾਂ ਤੰਗ-ਪ੍ਰੇਸ਼ਾਨ ਕੀਤੇ ਜਾਣ ’ਤੇ ਮਾਨਸਿਕ ਪ੍ਰਤੀਕਿਰਿਆ ਅਤੇ ਸਾਥੀਆਂ ਦੇ ਰਵੱਈਏ ਕਾਰਨ ਅਣਸੁਲਝੇ ਮਸਲਿਆਂ ਦਾ ਵਧ ਜਾਣਾ ਸ਼ੁਮਾਰ ਸਨ। ਕਠੂਆ ਘਟਨਾ ਦੀ ਜਾਂਚ ਦੌਰਾਨ ਇਹ ਜ਼ਰੂਰ ਦੇਖਿਆ ਜਾਣਾ ਚਾਹੀਦਾ ਹੈ ਕਿ ਕੀ ਤੈਅਸ਼ੁਦਾ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ? ਦੇਸ਼ ਦੇ ਇੱਕ ਪ੍ਰਮੁੱਖ ਸੁਰੱਖਿਆ ਬਲ ਨੇ ਆਪਣੇ ਉਹ ਜਵਾਨ ਗੁਆ ਲਏ ਹਨ, ਜਿਨ੍ਹਾਂ ਉੱਤੇ ਅਹਿਮ ਬੁਨਿਆਦੀ ਢਾਂਚੇ ਦੀ ਰਾਖੀ ਦੀ ਜ਼ਿੰਮੇਵਾਰੀ ਸੀ। ਇਨ੍ਹਾਂ ਮੌਤਾਂ ਲਈ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇਸ ਗੱਲ ਦੀ ਵੀ ਨਿਰੰਤਰ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਹਥਿਆਰਬੰਦ ਬਲਾਂ ਦੇ ਅੰਦਰੂਨੀ ਮਤਭੇਦ ਕਦੇ ਵੀ ਅਜਿਹੇ ਜਾਨਲੇਵਾ ਮੋੜ ਤੱਕ ਨਾ ਪਹੁੰਚਣ।

