ਅਰੁਣਾਚਲ ਵਿੱਚ ਹਿੰਸਾ
ਚੀਨ ਦੀ ਸਰਹੱਦ ਨਾਲ ਲੱਗਦੇ ਰਣਨੀਤਕ ਤੌਰ ’ਤੇ ਅਹਿਮ ਸੂਬੇ ਅਰੁਣਾਚਲ ਪ੍ਰਦੇਸ਼ ਵਿੱਚ 11,200 ਮੈਗਾਵਾਟ ਦਾ ਤਜਵੀਜ਼ਤ ‘ਸਿਆਂਗ ਅੱਪਰ ਮਲਟੀਪਰਪਜ਼ ਪ੍ਰੋਜੈਕਟ’ ਇੱਕ ਚਿੰਤਾਜਨਕ ਮੁੱਦਾ ਬਣ ਗਿਆ ਹੈ। ਇਸ ਪ੍ਰੋਜੈਕਟ ਦੇ ਵਿਰੋਧ ਵਿੱਚ ਹੋ ਰਹੇ ਪ੍ਰਦਰਸ਼ਨਾਂ ਦੌਰਾਨ, ਪੂਰਬੀ ਸਿਆਂਗ ਜ਼ਿਲ੍ਹੇ ਵਿੱਚ...
ਚੀਨ ਦੀ ਸਰਹੱਦ ਨਾਲ ਲੱਗਦੇ ਰਣਨੀਤਕ ਤੌਰ ’ਤੇ ਅਹਿਮ ਸੂਬੇ ਅਰੁਣਾਚਲ ਪ੍ਰਦੇਸ਼ ਵਿੱਚ 11,200 ਮੈਗਾਵਾਟ ਦਾ ਤਜਵੀਜ਼ਤ ‘ਸਿਆਂਗ ਅੱਪਰ ਮਲਟੀਪਰਪਜ਼ ਪ੍ਰੋਜੈਕਟ’ ਇੱਕ ਚਿੰਤਾਜਨਕ ਮੁੱਦਾ ਬਣ ਗਿਆ ਹੈ। ਇਸ ਪ੍ਰੋਜੈਕਟ ਦੇ ਵਿਰੋਧ ਵਿੱਚ ਹੋ ਰਹੇ ਪ੍ਰਦਰਸ਼ਨਾਂ ਦੌਰਾਨ, ਪੂਰਬੀ ਸਿਆਂਗ ਜ਼ਿਲ੍ਹੇ ਵਿੱਚ ਇੱਕ ਭੀੜ ਨੇ ਪੁਲੀਸ ਸਟੇਸ਼ਨ ਅਤੇ ਨੈਸ਼ਨਲ ਹਾਈਡਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ (ਐੱਨ ਐੱਚ ਪੀ ਸੀ) ਦੇ ਦਫ਼ਤਰ ਨੂੰ ਅੱਗ ਲਗਾ ਦਿੱਤੀ ਅਤੇ ਸਿਆਸੀ ਆਗੂਆਂ ਦੇ ਘਰਾਂ ਦੀ ਭੰਨ-ਤੋੜ ਕੀਤੀ। ਹਿੰਸਕ ਮੋੜ ਲੈ ਗਿਆ ਇਹ ਮਾਮਲਾ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਸਥਾਨਕ ਭਾਈਚਾਰਿਆਂ ਦੇ ਤੌਖ਼ਲਿਆਂ ਨੂੰ ਸੁਣੇ ਬਿਨਾਂ ਵਿਕਾਸ ਕਾਰਜ ਸ਼ੁਰੂ ਕਰਨ ਦੇ ਕਿੰਨੇ ਵੱਡੇ ਖ਼ਤਰੇ ਹੋ ਸਕਦੇ ਹਨ। ਸਿਆਂਗ ਪ੍ਰੋਜੈਕਟ ਦਾ ਵਿਰੋਧ ਇੱਥੋਂ ਦੇ ਵਸਨੀਕਾਂ ਦੇ ਆਪਣੀ ਜ਼ਮੀਨ, ਰੁਜ਼ਗਾਰ, ਸੱਭਿਆਚਾਰਕ ਪਛਾਣ ਅਤੇ ਵੱਡੇ ਪੱਧਰ ’ਤੇ ਉਸਾਰੇ ਜਾ ਰਹੇ ਬੁਨਿਆਦੀ ਢਾਂਚੇ ਦੇ ਮਾੜੇ ਵਾਤਾਵਰਣਕ ਪ੍ਰਭਾਵਾਂ ਨੂੰ ਲੈ ਕੇ ਵਧ ਰਹੀ ਬੇਚੈਨੀ ਨੂੰ ਦਰਸਾਉਂਦਾ ਹੈ।
ਸਰਕਾਰ ਦੀ ਦਲੀਲ ਹੈ ਕਿ ਉੱਪਰਲੇ ਪਾਸੇ ਚੀਨ ਵੱਲੋਂ ਬਣਾਏ ਜਾ ਰਹੇ ਵੱਡੇ ਡੈਮ ਨੂੰ ਲੈ ਕੇ ਕਾਫ਼ੀ ਚਿੰਤਾਵਾਂ ਬਣੀਆਂ ਹੋਈਆਂ ਹਨ ਤਾਂ ਇਹ ਪ੍ਰੋਜੈਕਟ ਪਾਣੀ ਦੇ ਵਹਾਅ ਨੂੰ ਕਾਬੂ ਰੱਖਣ, ਹੜ੍ਹਾਂ ਤੋਂ ਬਚਾਅ ਅਤੇ ਭਾਰਤ ਦੀ ਜਲ ਤੇ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰ ਸਕਦਾ ਹੈ। ਹਾਲਾਂਕਿ, ਇਨ੍ਹਾਂ ਰਣਨੀਤਕ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਦੌੜ ਵਿੱਚ ਵਾਤਾਵਰਣ ਸਬੰਧੀ ਖ਼ਤਰਿਆਂ, ਸਮਾਜਿਕ ਲਾਗਤਾਂ ਅਤੇ ਪ੍ਰਭਾਵਿਤ ਭਾਈਚਾਰਿਆਂ ’ਤੇ ਪੈਣ ਵਾਲੇ ਲੰਮੇ ਸਮੇਂ ਦੇ ਪ੍ਰਭਾਵਾਂ ਦਾ ਪਾਰਦਰਸ਼ੀ ਢੰਗ ਨਾਲ ਮੁਲਾਂਕਣ ਕਰਨ ਦੀ ਲੋੜ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਸਰਕਾਰ ਵੱਲੋਂ ਲੋਕਾਂ ਦੀ ਸਹਿਮਤੀ ਬਣਾਉਣ ਦੇ ਕੀਤੇ ਗਏ ਦਾਅਵਿਆਂ ਨੂੰ ਅਸਲ ਵਿੱਚ ਗੱਲਬਾਤ ਅਤੇ ਵਿਚਾਰ-ਵਟਾਂਦਰੇ ਵਿੱਚ ਬਦਲਣ ਦੀ ਲੋੜ ਹੈ। ਇਸ ਲਈ ਸੁਤੰਤਰ ਵਾਤਾਵਰਣਕ ਜਾਂਚ, ਪ੍ਰੋਜੈਕਟ ਨਾਲ ਜੁੜੇ ਦਸਤਾਵੇਜ਼ਾਂ ਤੱਕ ਆਸਾਨ ਪਹੁੰਚ ਅਤੇ ਸਥਾਨਕ ਨੁਮਾਇੰਦਿਆਂ ਦੀ ਅਸਲ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਹਾਲਾਤ ਵਿਗੜਨ ਤੋਂ ਬਾਅਦ ਗੱਲਬਾਤ ਕਰਨ ਦੀ ਬਜਾਏ ਅਜਿਹੇ ਕਦਮ ਪਹਿਲਾਂ ਹੀ ਚੁੱਕੇ ਜਾਣੇ ਚਾਹੀਦੇ ਹਨ। ਸੁਰੱਖਿਆ ਬਲ ਤਾਇਨਾਤ ਕਰਨ ਨਾਲ ਭਾਵੇਂ ਹਿੰਸਾ ਕੁਝ ਸਮੇਂ ਲਈ ਰੁਕ ਸਕਦੀ ਹੈ, ਪਰ ਬੇਵਿਸਾਹੀ ’ਤੇ ਆਧਾਰਿਤ ਇਸ ਵਿਵਾਦ ਦਾ ਕੋਈ ਪੱਕਾ ਹੱਲ ਨਹੀਂ ਨਿਕਲ ਸਕਦਾ। ਇਸ ਤੋਂ ਇਲਾਵਾ ਜਦੋਂ ਸਰਕਾਰੀ ਜਾਣਕਾਰੀ ਵਿੱਚ ਕਮੀ ਹੁੰਦੀ ਹੈ ਤਾਂ ਅਫ਼ਵਾਹਾਂ ਅਤੇ ਗ਼ਲਤ ਜਾਣਕਾਰੀ ਨੂੰ ਫੈਲਣ ਤੋਂ ਰੋਕਣਾ ਵੀ ਲਾਜ਼ਮੀ ਹੈ। ਇਹ ਲੋੜ ਇਸ ਲਈ ਵੀ ਹੋਰ ਵਧ ਜਾਂਦੀ ਹੈ ਕਿਉਂਕਿ ਆਈ ਟੀ ਬੀ ਪੀ ਦੇ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਦੇ ਬਿਆਨ ਅਨੁਸਾਰ, ਅਰੁਣਾਚਲ ਦੀ ਸਰਹੱਦ ’ਤੇ ਕਈ ਥਾਵਾਂ ’ਤੇ ਚੀਨੀ ਫ਼ੌਜ ਨਾਲ ਟਕਰਾਅ ਦੀਆਂ ਸਥਿਤੀਆਂ ਅਜੇ ਵੀ ਬਣੀਆਂ ਹੋਈਆਂ ਹਨ। ਇਸ ਉੱਤਰ-ਪੂਰਬੀ ਸੂਬੇ ਵਿੱਚ ਸ਼ਾਂਤੀ ਬਣਾਈ ਰੱਖਣਾ ਨਾ ਸਿਰਫ਼ ਵਿਕਾਸ ਦੀ ਰਫ਼ਤਾਰ ਨੂੰ ਜਾਰੀ ਰੱਖਣ ਲਈ ਸਗੋਂ ਅਸਲ ਕੰਟਰੋਲ ਰੇਖਾ (ਐੱਲ ਏ ਸੀ) ’ਤੇ ਮਜ਼ਬੂਤ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਬਹੁਤ ਜ਼ਰੂਰੀ ਹੈ।

