DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੰਗਾਲ ਚੋਣਾਂ ਤੋਂ ਬਾਅਦ ਹਿੰਸਾ

ਇਹ ਤ੍ਰਾਸਦੀ ਹੈ ਕਿ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੇ ਮੁਕੰਮਲ ਹੋਣ ਤੋਂ ਮਹਿਜ਼ ਕੁਝ ਦਿਨਾਂ ਬਾਅਦ ਹੀ ਹਿੰਸਾ ਦਾ ਨੰਗਾ ਨਾਚ ਸ਼ੁਰੂ ਹੋ ਗਿਆ ਹੈ ਜਦੋਂਕਿ ਚੋਣਾਂ ਦੌਰਾਨ ਕੋਈ ਵੱਡੀ ਅਣਸੁਖਾਵੀਂ ਘਟਨਾ ਨਹੀਂ ਸੀ ਵਾਪਰੀ। ਭਾਜਪਾ ਆਗੂ ਸ਼ੁਭੇਂਦੂ...

  • fb
  • twitter
  • whatsapp
  • whatsapp
Advertisement

ਇਹ ਤ੍ਰਾਸਦੀ ਹੈ ਕਿ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੇ ਮੁਕੰਮਲ ਹੋਣ ਤੋਂ ਮਹਿਜ਼ ਕੁਝ ਦਿਨਾਂ ਬਾਅਦ ਹੀ ਹਿੰਸਾ ਦਾ ਨੰਗਾ ਨਾਚ ਸ਼ੁਰੂ ਹੋ ਗਿਆ ਹੈ ਜਦੋਂਕਿ ਚੋਣਾਂ ਦੌਰਾਨ ਕੋਈ ਵੱਡੀ ਅਣਸੁਖਾਵੀਂ ਘਟਨਾ ਨਹੀਂ ਸੀ ਵਾਪਰੀ। ਭਾਜਪਾ ਆਗੂ ਸ਼ੁਭੇਂਦੂ ਅਧਿਕਾਰੀ ਦੇ ਕਰੀਬੀ ਚੰਦਰਨਾਥ ਰਥ ਦੇ ਸਨਸਨੀਖ਼ੇਜ਼ ਕਤਲ ਨੇ ਭਗਵਾ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਤਣਾਅ ਨੂੰ ਸਿਖ਼ਰਾਂ ’ਤੇ ਪਹੁੰਚਾ ਦਿੱਤਾ ਹੈ। ਮੁੱਖ ਮੰਤਰੀ ਦੇ ਅਹੁਦੇ ਲਈ ਮੋਹਰੀ ਦਾਅਵੇਦਾਰ ਮੰਨੇ ਜਾਂਦੇ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਚੰਦਰਨਾਥ ਨੂੰ ਉਨ੍ਹਾਂ ਨਾਲ ਨੇੜਤਾ ਰੱਖਣ ਕਾਰਨ ਹੀ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ। ਦੂਜੇ ਪਾਸੇ, ਪੀੜਤ ਦੀ ਮਾਂ ਅਨੁਸਾਰ ਇਹ ਕਤਲ ਭਵਾਨੀਪੁਰ ਸੀਟ ਤੋਂ ਮਮਤਾ ਬੈਨਰਜੀ ਦੀ ਅਧਿਕਾਰੀ ਹੱਥੋਂ ਹੋਈ ਹਾਰ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ। ਚੋਣਾਂ ਤੋਂ ਬਾਅਦ ਹੋਏ ਇਨ੍ਹਾਂ ਹਮਲਿਆਂ ਵਿੱਚ ਤ੍ਰਿਣਮੂਲ ਕਾਂਗਰਸ ਦੇ ਦੋ ਕਾਰਕੁਨਾਂ ਆਬਿਰ ਸ਼ੇਖ ਤੇ ਬਿਸਵਜੀਤ ਪਟਨਾਇਕ ਅਤੇ ਭਾਜਪਾ ਦੇ ਦੋ ਸਮਰਥਕਾਂ ਮਧੂ ਮੰਡਲ ਤੇ ਜਾਧਵ ਬੋਰ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ।

ਭਾਜਪਾ ਦੀ ਵੱਡੀ ਜਿੱਤ ਨੇ 15 ਸਾਲਾਂ ਤੋਂ ਚਲੇ ਆ ਰਹੇ ਤ੍ਰਿਣਮੂਲ ਕਾਂਗਰਸ ਦੇ ਰਾਜ ਦਾ ਭੋਗ ਪਾ ਦਿੱਤਾ ਹੈ, ਜਿਸ ਕਾਰਨ ਦੋਵਾਂ ਧਿਰਾਂ ਵਿਚਾਲੇ ਖਿੱਚੋਤਾਣ ਹੋਰ ਤਿੱਖੀ ਹੋ ਗਈ ਹੈ। ਚੋਣ ਕਮਿਸ਼ਨ ਵਿਰੁੱਧ ਮੋਰਚਾ ਖੋਲ੍ਹਦਿਆਂ ਮਮਤਾ ਬੈਨਰਜੀ ਨੇ ਨਾ ਸਿਰਫ਼ ਚੋਣ ਨਤੀਜਿਆਂ ਨੂੰ ਨਕਾਰ ਦਿੱਤਾ ਹੈ, ਸਗੋਂ ਮੁੱਖ ਮੰਤਰੀ ਦੀ ਕੁਰਸੀ ਛੱਡਣ ਤੋਂ ਵੀ ਨਾਂਹ ਕਰ ਦਿੱਤੀ ਹੈ। ਉਨ੍ਹਾਂ ਦੇ ਇਸ ਅੜੀਅਲ ਰਵੱਈਏ ਨੇ ਵਰਕਰਾਂ ਦੀ ਹਿੰਮਤ ਵਧਾ ਦਿੱਤੀ ਹੈ, ਜਿਸ ਕਾਰਨ ਉਹ ਆਪਣਾ ਗੁੱਸਾ ਜੇਤੂਆਂ ’ਤੇ ਕੱਢ ਰਹੇ ਹਨ। ਦੂਜੇ ਪਾਸੇ, ਭਾਜਪਾ ਲਈ ਵੀ ਆਪਣੇ ਵਰਕਰਾਂ ਨੂੰ ਨੱਥ ਪਾਉਣੀ ਔਖੀ ਹੋ ਰਹੀ ਹੈ, ਜੋ ਤ੍ਰਿਣਮੂਲ ਕਾਂਗਰਸ ਨਾਲ ਪੁਰਾਣੇ ਹਿਸਾਬ-ਕਿਤਾਬ ਕਰਨ ਲਈ ਹਿੰਸਾ ਦਾ ਰਾਹ ਫੜ ਰਹੇ ਹਨ।

Advertisement

ਭਾਰਤੀ ਚੋਣ ਕਮਿਸ਼ਨ ਵੱਲੋਂ ਜੇਤੂ ਜਲੂਸਾਂ ’ਤੇ ਪਾਬੰਦੀ ਲਾਉਣ ਦੇ ਸਪੱਸ਼ਟ ਹੁਕਮਾਂ ਦੇ ਬਾਵਜੂਦ ਅਜਿਹੀਆਂ ਖ਼ੂਨੀ ਝੜਪਾਂ ਹੋਣਾ ਮੁਆਫ਼ੀਯੋਗ ਨਹੀਂ ਹੈ। ਸੂਬੇ ਵਿੱਚ ਅਮਨ-ਚੈਨ ਦੀ ਬਹਾਲੀ ਲਈ ਪੁਲੀਸ ਅਤੇ ਕੇਂਦਰੀ ਸੁਰੱਖਿਆ ਬਲਾਂ ਨੂੰ ਰਲ ਕੇ ਕੰਮ ਕਰਨਾ ਪਵੇਗਾ। ਪੂਰੇ ਬੰਗਾਲ, ਖ਼ਾਸ ਕਰਕੇ ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚ ਚੌਕਸੀ ਹੋਰ ਵਧਾਉਣ ਦੀ ਲੋੜ ਹੈ। ਕਤਲੋ-ਗਾਰਤ ਅਤੇ ਭੰਨ-ਤੋੜ ਕਰਨ ਵਾਲੇ ਅਨਸਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਤੁਰੰਤ ਜੇਲ੍ਹ ਵਿੱਚ ਸੁੱਟਿਆ ਜਾਵੇ। ਵੇਲੇ ਦੀ ਲੋੜ ਹੈ ਕਿ ਸਿਆਸੀ ਪੱਖਪਾਤ ਤੋਂ ਉੱਪਰ ਉੱਠ ਕੇ ਸ਼ਰਾਰਤੀ ਅਨਸਰਾਂ ਨੂੰ ਸਖ਼ਤੀ ਨਾਲ ਨੱਥ ਪਾਈ ਜਾਵੇ। ਦੋਵਾਂ ਪਾਰਟੀਆਂ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਰਕਰਾਂ ਨੂੰ ਭੜਕਾਉਣ ਤੋਂ ਗੁਰੇਜ਼ ਕਰਨ। ਚੋਣ ਹਿੰਸਾ ਦੇ ਲੰਮੇ ਅਤੇ ਕਾਲੇ ਇਤਿਹਾਸ ਵਾਲੇ ਬੰਗਾਲ ਲਈ ਹੁਣ ਇਸ ਖ਼ੂਨੀ ਅਧਿਆਇ ਨੂੰ ਪਲਟ ਕੇ ਨਵੀਂ ਸ਼ੁਰੂਆਤ ਕਰਨੀ ਬੇਹੱਦ ਜ਼ਰੂਰੀ ਹੈ।

Advertisement

Advertisement
×