ਵਿਨੇਸ਼ ਬਨਾਮ ਸਿਆਸੀ ਘੋਲ
ਖੇਡ ਵਿੱਚ ਵਾਪਸੀ ਕਰ ਰਹੀ ਚੈਂਪੀਅਨ ਪਹਿਲਵਾਨ ਵਿਨੇਸ਼ ਫੋਗਾਟ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ ਐੱਫ ਆਈ) ਵਿਚਾਲੇ ਟਕਰਾਅ ਭਾਰਤੀ ਖੇਡ ਜਗਤ ਦੇ ਇਤਿਹਾਸ ਵਿੱਚ ਸਭ ਤੋਂ ਮਾੜੇ ਪੱਧਰ ’ਤੇ ਪੁੱਜ ਗਿਆ ਜਾਪਦਾ ਹੈ। ਯੋਗਤਾ ਨਿਯਮਾਂ ਸਬੰਧੀ ਸ਼ੁਰੂ ਹੋਇਆ ਇਹ ਵਿਵਾਦ...
ਖੇਡ ਵਿੱਚ ਵਾਪਸੀ ਕਰ ਰਹੀ ਚੈਂਪੀਅਨ ਪਹਿਲਵਾਨ ਵਿਨੇਸ਼ ਫੋਗਾਟ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ ਐੱਫ ਆਈ) ਵਿਚਾਲੇ ਟਕਰਾਅ ਭਾਰਤੀ ਖੇਡ ਜਗਤ ਦੇ ਇਤਿਹਾਸ ਵਿੱਚ ਸਭ ਤੋਂ ਮਾੜੇ ਪੱਧਰ ’ਤੇ ਪੁੱਜ ਗਿਆ ਜਾਪਦਾ ਹੈ। ਯੋਗਤਾ ਨਿਯਮਾਂ ਸਬੰਧੀ ਸ਼ੁਰੂ ਹੋਇਆ ਇਹ ਵਿਵਾਦ ਸਿਆਸੀ ਘੋਲ ਵਿੱਚ ਤਬਦੀਲ ਹੋ ਗਿਆ ਹੈ। ਇਹ ਭਾਰਤੀ ਖੇਡ ਪ੍ਰਸ਼ਾਸਨ ਦੀ ਪਾਰਦਰਸ਼ਤਾ, ਨਿਰਪੱਖਤਾ ਅਤੇ ਭਰੋਸੇਯੋਗਤਾ ਦੀ ਪ੍ਰੀਖਿਆ ਦਾ ਸਮਾਂ ਹੈ। ਵਿਨੇਸ਼ ਦੀ ਸੋਮਵਾਰ ਨੂੰ ਗੌਂਡਾ (ਉੱਤਰ ਪ੍ਰਦੇਸ਼) ਵਿੱਚ ਕਰਵਾਏ ਗਏ ਓਪਨ ਰੈਂਕਿੰਗ ਟੂਰਨਾਮੈਂਟ ਵਿੱਚ ਹਿੱਸਾ ਲੈਣ ਦੀ ਕੋਸ਼ਿਸ਼ ਅਸਫ਼ਲ ਹੋ ਗਈ। ਉਸ ਨਾਲ ਕੀਤੇ ਗਏ ਦੁਰਵਿਹਾਰ ਤੋਂ ਸਪੱਸ਼ਟ ਝਲਕਦਾ ਹੈ ਕਿ ਅਧਿਕਾਰੀ ਮਸਲਾ ਸੁਲਝਾਉਣ ਦੀ ਬਜਾਏ ਅਮਲੀ ਰੂਪ ਵਿੱਚ ਨਿਯੰਤਰਣ ’ਤੇ ਵਧੇਰੇ ਧਿਆਨ ਕੇਂਦਰਿਤ ਕਰ ਰਹੇ ਹਨ। ਇਸ ਮਾਮਲੇ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਤਰਕ ਹੈ ਕਿ ਡੋਪਿੰਗ ਵਿਰੋਧੀ ਨੇਮਾਂ ਅਤੇ ਮੁਕਾਬਲੇ ਵਿੱਚ ਵਾਪਸੀ ਦੇ ਨਿਯਮਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਖੇਡ ਵਿਵਸਥਾ ਇਹ ਯਕੀਨੀ ਬਣਾਉਣ ਲਈ ਕਾਇਮ ਕੀਤੀ ਗਈ ਹੈ ਕਿ ਖਿਡਾਰੀਆਂ ਨੂੰ ਬਰਾਬਰ ਮੌਕੇ ਮਿਲਣ ਅਤੇ ਕਿਸੇ ਵੀ ਖਿਡਾਰੀ, ਭਾਵੇਂ ਉਹ ਕਿੰਨਾ ਹੀ ਹੋਣਹਾਰ ਕਿਉਂ ਨਾ ਹੋਵੇ, ਨੂੰ ਨਿਯਮਾਂ ਦੀ ਪਾਲਣਾ ਤੋਂ ਛੋਟ ਨਹੀਂ ਹੋਣੀ ਚਾਹੀਦੀ।
ਖ਼ੈਰ, ਸੇਵਾਮੁਕਤੀ ਪ੍ਰੋਟੋਕੋਲ ਅਤੇ ਅਨੁਸ਼ਾਸਨੀ ਰਵੱਈਏ ਨਾਲ ਸਬੰਧਿਤ ਸਵਾਲਾਂ ਦੇ ਜਵਾਬ ਜ਼ਰੂਰ ਮਿਲਣੇ ਚਾਹੀਦੇ ਹਨ। ਹਾਲਾਂਕਿ, ਹਰਿਆਣਾ ਤੋਂ ਕਾਂਗਰਸ ਦੀ ਵਿਧਾਇਕਾ ਵਿਨੇਸ਼ ਦੇ ਮਾਮਲੇ ਵਿੱਚ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਸਮੇਂ ’ਤੇ ਵੀ ਸ਼ੱਕ ਹੋਣਾ ਸੁਭਾਵਿਕ ਹੈ। ਜੇਕਰ ਦਸੰਬਰ 2025 ਵਿੱਚ ਉੁਸ ਦੇ ਖੇਡ ਵਿੱਚ ਵਾਪਸੀ ਕਰਨ ਦੇ ਐਲਾਨ ਤੋਂ ਬਾਅਦ ਕੁਸ਼ਤੀ ਫੈਡਰੇਸ਼ਨ ਨੂੰ ਉਸ ਦੀ ਯੋਗਤਾ ’ਤੇ ਕਿਸੇ ਤਰ੍ਹਾਂ ਦਾ ਸ਼ੱਕ ਸੀ ਤਾਂ ਫਿਰ ਹੁਣ ਵੱਡੇ ਟੂਰਨਾਮੈਂਟ ਤੋਂ ਮਹਿਜ਼ ਕੁਝ ਦਿਨ ਪਹਿਲਾਂ ਹੀ ਫ਼ੈਸਲਾਕੁਨ ਕਾਰਵਾਈ ਕਿਉਂ ਕੀਤੀ ਗਈ? ਪ੍ਰਸ਼ਾਸਨਿਕ ਪਾਰਦਰਸ਼ਤਾ ਦੀ ਘਾਟ ਨੇ ਪੱਖਪਾਤ ਦੇ ਦੋਸ਼ਾਂ ਨੂੰ ਹਵਾ ਦਿੱਤੀ ਹੈ। ਵਿਨੇਸ਼ ਡਬਲਿਊ ਐੱਫ ਆਈ ਦੇ ਸਾਬਕਾ ਮੁਖੀ ਅਤੇ ਭਾਜਪਾ ਆਗੂ ਬ੍ਰਿਜ ਭੂਸ਼ਣ ਸ਼ਰਣ ਸਿੰਘ ਦੇ ਖ਼ਿਲਾਫ਼ ਹੋਏ ਰੋਸ ਮੁਜ਼ਾਹਰਿਆਂ ਵਿੱਚ ਪ੍ਰਮੁੱਖ ਚਿਹਰਾ ਰਹੀ ਹੈ। ਬ੍ਰਿਜ ਭੂਸ਼ਣ ’ਤੇ ਕੁਝ ਪਹਿਲਵਾਨਾਂ ਨੇ ਜਿਸਮਾਨੀ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਸੀ। ‘ਰਾਸ਼ਟਰ ਵਿਰੋਧੀ’ ਕਹੇ ਜਾਣ ਬਾਰੇ ਵਿਨੇਸ਼ ਦੀਆਂ ਭਾਵੁਕ ਟਿੱਪਣੀਆਂ ਇਸ ਗੱਲ ਨੂੰ ਉਜਾਗਰ ਕਰਦੀਆਂ ਹਨ ਕਿ ਅਥਾਰਿਟੀ ਨੂੰ ਚੁਣੌਤੀ ਦੇਣ ਵਾਲੇ ਖਿਡਾਰੀ ਕਿੰਨੀ ਛੇਤੀ ਜਨਤਕ ਤੌਰ ’ਤੇ ਬਦਨਾਮੀ ਦਾ ਸ਼ਿਕਾਰ ਹੋ ਸਕਦੇ ਹਨ। ਹਾਲਾਂਕਿ ਜਮਹੂਰੀ ਵਿਵਸਥਾ ਖਿਡਾਰੀਆਂ ਨੂੰ ਪੇਸ਼ੇਵਰ ਬਦਲਾਖੋਰੀ ਜਾਂ ਕਿਰਦਾਰਕੁਸ਼ੀ ਦੇ ਡਰ ਤੋਂ ਬਗ਼ੈਰ ਅਨਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਖੁੱਲ੍ਹ ਦਿੰਦੀ ਹੈ। ਵਿਸ਼ੇਸ਼ ਰੂਪ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਇੱਕ ਸੁਤੰਤਰ, ਭਰੋਸੇਯੋਗ ਵਿਵਾਦ ਸੁਲਝਾਊ ਵਿਵਸਥਾ ਬਣਾਉਣ ਦੀ ਲੋੜ ਹੈ, ਜਿਸ ’ਤੇ ਖਿਡਾਰੀ ਭਰੋਸਾ ਕਰ ਸਕਣ। ਸੰਸਥਾਗਤ ਨਿਰਪੱਖਤਾ ਕਾਇਮ ਰੱਖਣ ਦੀ ਥਾਂ ਅਨੁਸ਼ਾਸਨੀ ਕਾਰਵਾਈ ਬਦਲਾਖੋਰੀ ਦੀ ਭਾਵਨਾ ਨਾਲ ਕੀਤੀ ਗਈ ਜਾਪਦੀ ਹੈ, ਜਿਸ ਨਾਲ ਖੇਡ ਲਈ ਸਿਆਸਤ ਤੋਂ ਪੈਦਾ ਹੋਣ ਵਾਲੇ ਖ਼ਤਰੇ ਪ੍ਰਤੱਖ ਦਿਸਦੇ ਹਨ।

