ਅਮਰੀਕਾ-ਇਰਾਨ ਸੰਕਟ
ਇਸਲਾਮਾਬਾਦ ਵਿੱਚ ਅਮਰੀਕਾ-ਇਰਾਨ ਵਿਚਾਲੇ ਸ਼ਾਂਤੀ ਵਾਰਤਾ ਟੁੱਟਣੀ ਲਗਪਗ ਤੈਅ ਜਾਪਦੀ ਸੀ। ਕਰੀਬ 21 ਘੰਟੇ ਲੰਮੀ ਵਾਰਤਾ ਤੋਂ ਬਾਅਦ ਆਪੋ-ਆਪਣੇ ਵਫ਼ਦ ਦੀ ਅਗਵਾਈ ਕਰਨ ਵਾਲੇ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਂਸ ਅਤੇ ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਗ਼ੇਰ ਕਾਲੀਬਾਫ਼ ਬਗ਼ੈਰ ਕਿਸੇ...
ਇਸਲਾਮਾਬਾਦ ਵਿੱਚ ਅਮਰੀਕਾ-ਇਰਾਨ ਵਿਚਾਲੇ ਸ਼ਾਂਤੀ ਵਾਰਤਾ ਟੁੱਟਣੀ ਲਗਪਗ ਤੈਅ ਜਾਪਦੀ ਸੀ। ਕਰੀਬ 21 ਘੰਟੇ ਲੰਮੀ ਵਾਰਤਾ ਤੋਂ ਬਾਅਦ ਆਪੋ-ਆਪਣੇ ਵਫ਼ਦ ਦੀ ਅਗਵਾਈ ਕਰਨ ਵਾਲੇ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵੈਂਸ ਅਤੇ ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਗ਼ੇਰ ਕਾਲੀਬਾਫ਼ ਬਗ਼ੈਰ ਕਿਸੇ ਸਿੱਟੇ ’ਤੇ ਪੁੱਜਿਆਂ ਇਸਲਾਮਾਬਾਦ ਤੋਂ ਪਰਤ ਚੁੱਕੇ ਹਨ। ਇਸ ਨਾਲ ਜੰਗਬੰਦੀ ਦਾ ਸਿਰੇ ਨਾ ਚੜ੍ਹਨ ਦਾ ਖ਼ਤਰਾ ਹੋਰ ਵਧ ਗਿਆ ਹੈ।
ਇਰਾਨ ਦਾ ਕਹਿਣਾ ਬਿਲਕੁਲ ਠੀਕ ਹੈ ਕਿ ਇੱਕ ਗੇੜ ਦੀ ਗੱਲਬਾਤ ਨਾਲ ਕਿਸੇ ਨਤੀਜੇ ’ਤੇ ਪੁੱਜਣ ਦੀ ਉਮੀਦ ਨਹੀਂ ਸੀ ਕਰਨੀ ਚਾਹੀਦੀ। ਇਸ ਤੋਂ ਅਗਲੇ ਗੇੜ ਦੀ ਗੱਲਬਾਤ ਹੋਣ ਦਾ ਰਸਤਾ ਖੁੱਲ੍ਹਾ ਹੋਣ ਦੇ ਸੰਕੇਤ ਮਿਲਦੇ ਹਨ। ਹਾਲਾਂਕਿ ਦੋਵੇਂ ਧਿਰਾਂ ’ਚ ਆਪਸੀ ਬੇਇਤਬਾਰੀ ਫੌਰੀ ਜੰਗ ਖ਼ਤਮ ਕਰਨ ਦੇ ਯਤਨਾਂ ’ਤੇ ਭਾਰੂ ਜਾਪਦੀ ਹੈ। ਇਸ ਜੰਗ ਨੇ ਆਲਮੀ ਬਾਜ਼ਾਰਾਂ ਵਿੱਚ ਊਰਜਾ ਸੰਕਟ ਖੜ੍ਹਾ ਕਰ ਦਿੱਤਾ ਹੈ ਅਤੇ ਖਿੱਤੇ ਵਿੱਚ ਤਣਾਅ ਵਧਾ ਦਿੱਤਾ ਹੈ। ਇਸ ਸੰਕਟ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਅਮਰੀਕੀ ਸਦਰ ਡੋਨਲਡ ਟਰੰਪ ਦੀ ਅਗਵਾਈ ’ਚ ਅਮਰੀਕਾ ਚਾਹੁੰਦਾ ਹੈ ਕਿ ਇਰਾਨ ਆਪਣਾ ਪਰਮਾਣੂ ਪ੍ਰੋਗਰਾਮ ਤਿਆਗ ਦੇਵੇ। ਵਾਸ਼ਿੰਗਟਨ ਲਈ ਕਿਸੇ ਵੀ ਸਮਝੌਤੇ ਵਿੱਚ ਇਸ ਗੱਲ ਦੀ ਪੁਖ਼ਤਾ ਗਾਰੰਟੀ ਨਹੀਂ ਹੋਣੀ ਚਾਹਦੀ ਕਿ ਤਹਿਰਾਨ ਭਵਿੱਖ ਵਿੱਚ ਪਰਮਾਣੂ ਹਥਿਆਰ ਬਣਾਏਗਾ। ਹਾਲਾਂਕਿ, ਇਰਾਨ ਇਸ ਟਕਰਾਅ ਅਤੇ ਪਾਬੰਦੀਆਂ ਵਾਲੇ ਦੌਰ ਵਿੱਚ ਇਨ੍ਹਾਂ ਮੰਗਾਂ ਨੂੰ ਲੋੜੋਂ ਵੱਧ ਦਬਾਅ ਅਤੇ ਸਿਆਸੀ ਨਜ਼ਰੀਏ ਤੋਂ ਦੇਖਦਾ ਹੈ। ਇਰਾਨੀ ਲੀਡਰਸ਼ਿਪ ਦਾ ਪਾਬੰਦੀਆਂ ਹਟਾਉਣ ਅਤੇ ਹੋਰਮੁਜ਼ ਜਲਮਾਰਗ ਵਰਗੀਆਂ ਰਣਨੀਤਕ ਸੰਪਤੀਆਂ ’ਤੇ ਕੰਟਰੋਲ ਲਈ ਜ਼ੋਰ ਦੇਣਾ ਭੂ-ਸਿਆਸੀ ਦ੍ਰਿੜਤਾ ਨੂੰ ਦਰਸਾਉਂਦਾ ਹੈ। ਦੂਜੇ ਪਾਸੇ ਹਠੀ ਇਜ਼ਰਾਈਲ ਲਗਾਤਾਰ ਲੈਬਨਾਨ ’ਤੇ ਹਮਲੇ ਕਰ ਰਿਹਾ ਹੈ ਅਤੇ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਇਸਲਾਮਾਬਾਦ ਦੀ ਅਸਫ਼ਲਤਾ ਦੇ ਬਾਵਜੂਦ ਪਾਕਿਸਤਾਨ ਦੀ ਸਾਲਸੀ ਵਾਲੀ ਭੂਮਿਕਾ ਨੇ ਜੰਗੀ ਧਿਰਾਂ ਨੂੰ ਗੱਲਬਾਤ ਲਈ ਰਾਜ਼ੀ ਕਰਨਾ ਖੇਤਰੀ ਤਾਕਤਾਂ ਦੀ ਵਧ ਰਹੀ ਮਹੱਤਤਾ ਨੂੰ ਦਰਸਾਉਂਦਾ ਹੈ। ਭਾਰਤ ਵਰਗੇ ਦੇਸ਼ਾਂ ਨੂੰ ਇਸ ਘਟਨਾਕ੍ਰਮ ਤੋਂ ਸੇਧ ਲੈਣੀ ਚਾਹੀਦੀ ਹੈ।
ਇਹ ਪ੍ਰਤੱਖ ਹੈ ਕਿ ਕੂਟਨੀਤਕ ਰਾਹ ਰਸਮੀ ਤੌਰ ’ਤੇ ਗੱਲਬਾਤ ਲਈ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ। ਹਾਲਾਂਕਿ ਇਹ ਹਾਲੇ ਤੱਕ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਸਾਬਤ ਨਹੀਂ ਹੋ ਸਕਿਆ। ਜੰਗੀ ਮਾਹੌਲ ਤੋਂ ਅੱਗੇ ਵਧਣ ਲਈ ਨਾ ਸਿਰਫ਼ ਨਵੀਆਂ ਤਜਵੀਜ਼ਾਂ ਦੀ ਲੋੜ ਹੈ ਬਲਕਿ ਹਠ ਛੱਡ ਕੇ ਆਪਸੀ ਭਰੋਸਾ ਬਹਾਲ ਕਰਨ ਅਤੇ ਇੱਛਾਵਾਂ ਦੇ ਪੁਨਰਮੁਲਾਂਕਣ ਦੀ ਵੀ ਮੰਗ ਕਰਦਾ ਹੈ। ਹਜ਼ਾਰਾਂ ਲੋਕਾਂ ਦੀਆਂ ਜਾਨਾਂ ਜਾਣ ਅਤੇ ਆਲਮੀ ਅਰਥਵਿਵਸਥਾ ਦਾਅ ’ਤੇ ਲੱਗੀ ਹੋਣ ਕਾਰਨ ਅਮਰੀਕਾ, ਇਜ਼ਰਾਈਲ ਅਤੇ ਇਰਾਨ ਨੂੰ ਵਿਚਕਾਰਲਾ ਰਾਹ ਕੱਢਣ ਲਈ ਕੂਟਨੀਤੀ ਨੂੰ ਇੱਕ ਮੌਕਾ ਦੇਣਾ ਚਾਹੀਦਾ ਹੈ।

