DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਿਸਟਰ ਸਿੰਘ ਤੇ ਨਸਲੀ ਵਿਤਕਰਾ

ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਸੋਸ਼ਲ ਮੀਡੀਆ ਉੱਤੇ ‘ਮਿਸਟਰ ਸਿੰਘ’ ਨੂੰ ਨਿਸ਼ਾਨਾ ਬਣਾਉਂਦਿਆਂ ਪਾਈ ਗਈ ਵਿਵਾਦਿਤ ਇਸ਼ਤਿਹਾਰੀ ਪੋਸਟ ਨੂੰ ਲੋਕਾਂ ਦੇ ਭਾਰੀ ਵਿਰੋਧ ਕਾਰਨ ਹਟਾਉਣਾ ਪਿਆ ਹੈ। ਪਰ ਇਸ ਘਿਣਾਉਣੀ ਘਟਨਾ ਨੂੰ ਸਿਰਫ਼ ਪੋਸਟ ਡਿਲੀਟ ਕਰਨ ਨਾਲ ਹੀ ਅਣਗੌਲਿਆ ਨਹੀਂ...

  • fb
  • twitter
  • whatsapp
  • whatsapp
Advertisement

ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਸੋਸ਼ਲ ਮੀਡੀਆ ਉੱਤੇ ‘ਮਿਸਟਰ ਸਿੰਘ’ ਨੂੰ ਨਿਸ਼ਾਨਾ ਬਣਾਉਂਦਿਆਂ ਪਾਈ ਗਈ ਵਿਵਾਦਿਤ ਇਸ਼ਤਿਹਾਰੀ ਪੋਸਟ ਨੂੰ ਲੋਕਾਂ ਦੇ ਭਾਰੀ ਵਿਰੋਧ ਕਾਰਨ ਹਟਾਉਣਾ ਪਿਆ ਹੈ। ਪਰ ਇਸ ਘਿਣਾਉਣੀ ਘਟਨਾ ਨੂੰ ਸਿਰਫ਼ ਪੋਸਟ ਡਿਲੀਟ ਕਰਨ ਨਾਲ ਹੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਬਿਨਾਂ ਲਾਇਸੈਂਸ ਤੋਂ ਕਮਰਸ਼ੀਅਲ ਗੱਡੀਆਂ ਚਲਾਉਣ ਵਾਲਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਇਸ ਇਸ਼ਤਿਹਾਰ ਵਿੱਚ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਰਾਹੀਂ ਤਿਆਰ ਕੀਤੀ ਗਈ ਦਾੜ੍ਹੀ ਵਾਲੇ ਭੂਰੇ ਰੰਗ ਦੇ ਵਿਅਕਤੀ ਦੀ ਤਸਵੀਰ ਵਰਤੀ ਗਈ ਸੀ। ਇਸ ਦੇ ਨਾਲ ਸੁਨੇਹਾ ਸੀ, “ਸਾਡੀਆਂ ਸੜਕਾਂ ਤੋਂ ਦਫ਼ਾ ਹੋ ਜਾਓ, ਤੁਹਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ, ਮਿਸਟਰ ਸਿੰਘ” ਅਤੇ ਅੱਗੇ ਧਮਕੀ ਦਿੱਤੀ ਗਈ ਸੀ, “ਆਪ ਹੀ ਦੇਸ਼ ਨਿਕਾਲਾ ਲੈ ਲਓ ਨਹੀਂ ਤਾਂ ਨਤੀਜਾ ਭੁਗਤਣ ਲਈ ਤਿਆਰ ਰਹੋ।” ਭਾਰਤੀ-ਅਮਰੀਕੀ ਅਤੇ ਸਿੱਖ ਜਥੇਬੰਦੀਆਂ ਦੇ ਨਾਲ-ਨਾਲ ਡੈਮੋਕ੍ਰੈਟਿਕ ਆਗੂਆਂ ਨੇ ਇਸ ਪੋਸਟ ਨੂੰ ਨਸਲਵਾਦੀ ਅਤੇ ਵਿਤਕਰੇ ਭਰੀ ਕਰਾਰ ਦਿੰਦਿਆਂ ਇਸ ਦੀ ਨਿਖੇਧੀ ਕੀਤੀ ਹੈ, ਜੋ ਕਿ ਬਿਲਕੁਲ ਸਹੀ ਹੈ।

ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਜਾਂ ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਵਾਲੇ ਡਰਾਈਵਰਾਂ ਨੂੰ ਜਵਾਬਦੇਹ ਬਣਾਉਣ ਵਿੱਚ ਕੋਈ ਬੁਰਾਈ ਨਹੀਂ ਹੈ। ਅਸਲ ਵਿੱਚ ਜਦੋਂ ਲਾਪਰਵਾਹੀ ਜਾਂ ਅਪਰਾਧਿਕ ਵਿਵਹਾਰ ਕਾਰਨ ਮੌਤਾਂ ਹੁੰਦੀਆਂ ਹਨ ਤਾਂ ਸਰਕਾਰਾਂ ਕਾਰਵਾਈ ਕਰਨ ਲਈ ਪਾਬੰਦ ਹੁੰਦੀਆਂ ਹਨ। ਪਰ ਕਾਨੂੰਨ ਲਾਗੂ ਕਰਨ ਦੀ ਪ੍ਰਕਿਰਿਆ ਕਿਸੇ ਵਿਅਕਤੀ ਦੇ ਆਪਣੇ ਚਾਲ-ਚਲਣ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ, ਨਾ ਕਿ ਨਸਲ, ਦਿੱਖ, ਧਰਮ ਜਾਂ ਉਪਨਾਮ (ਸਰਨੇਮ) ਉੱਤੇ। ਇੱਕ ਫੈਡਰਲ ਏਜੰਸੀ ਦੀ ਤਾਂ ਇਸ ਫ਼ਰਕ ਨੂੰ ਬਣਾਈ ਰੱਖਣ ਦੀ ਹੋਰ ਵੀ ਵੱਡੀ ਜ਼ਿੰਮੇਵਾਰੀ ਬਣਦੀ ਹੈ। ‘ਸਿੰਘ’ ਸ਼ਬਦ ਦੀ ਵਰਤੋਂ ਖ਼ਾਸ ਤੌਰ ’ਤੇ ਪ੍ਰੇਸ਼ਾਨ ਕਰਨ ਵਾਲੀ ਸੀ। ਇਹ ਉਪਨਾਮ ਸਿੱਖਾਂ ਵਿੱਚ ਆਮ ਹੈ ਅਤੇ ਕੁਝ ਹਿੰਦੂ ਵੀ ਇਸ ਦੀ ਵਰਤੋਂ ਕਰਦੇ ਹਨ। ਇਸ ਨੂੰ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਜਾਂ ਖ਼ਤਰਨਾਕ ਡਰਾਈਵਿੰਗ ਨਾਲ ਜੋੜਨ ਨਾਲ ਇੱਕ ਸਾਂਝੀ ਸੱਭਿਆਚਾਰਕ ਪਛਾਣ ਨੂੰ ਸਿਆਸੀ ਵਿਅੰਗ ਵਿੱਚ ਬਦਲਣ ਦਾ ਖ਼ਤਰਾ ਪੈਦਾ ਹੁੰਦਾ ਹੈ। ਜਿਸ ਭਾਈਚਾਰੇ ਨੂੰ 9/11 ਦੇ ਹਮਲਿਆਂ ਤੋਂ ਬਾਅਦ ਅਤਿਵਾਦੀ ਸਮਝ ਕੇ ਨਫ਼ਰਤੀ ਅਪਰਾਧਾਂ ਦਾ ਸਾਹਮਣਾ ਕਰਨਾ ਪਿਆ ਸੀ, ਉਸ ਲਈ ਅਜਿਹੀ ਤਸਵੀਰ-ਕਸ਼ੀ ਡੂੰਘੀ ਇਤਿਹਾਸਕ ਪੀੜ ਨੂੰ ਉਜਾਗਰ ਕਰਦੀ ਹੈ।

Advertisement

ਡੀ ਐੱਚ ਐੱਸ ਇਹ ਦਲੀਲ ਦੇ ਸਕਦਾ ਹੈ ਕਿ ਇਸ ਮੁਹਿੰਮ ਦਾ ਮਕਸਦ ਗੰਭੀਰ ਅਪਰਾਧਾਂ ਦੇ ਦੋਸ਼ੀ ਵਿਦੇਸ਼ੀ ਨਾਗਰਿਕਾਂ ਨਾਲ ਜੁੜੇ ਖ਼ਾਸ ਮਾਮਲਿਆਂ ਨੂੰ ਉਜਾਗਰ ਕਰਨਾ ਸੀ। ਉਨ੍ਹਾਂ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜਿੱਥੇ ਬਣਦੀ ਹੋਵੇ, ਕਾਨੂੰਨੀ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ। ਪਰ ਕਿਸੇ ਇੱਕ ਵਿਅਕਤੀ ਦੀ ਗ਼ਲਤੀ ਨੂੰ ਸਮੁੱਚੇ ਭਾਈਚਾਰੇ ਉੱਤੇ ਸ਼ੱਕ ਕਰਨ ਦਾ ਆਧਾਰ ਨਹੀਂ ਬਣਾਇਆ ਜਾ ਸਕਦਾ। ਸਰਕਾਰਾਂ ਨੂੰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਅਤੇ ਕਾਨੂੰਨੀ ਇਮੀਗ੍ਰੇਸ਼ਨ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਨਾ ਕਿ ਪੂਰੇ ਭਾਈਚਾਰੇ ਦਾ ਮਖ਼ੌਲ ਉਡਾਉਣਾ ਜਾਂ ਉਨ੍ਹਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ ਚਾਹੀਦਾ ਹੈ। ਅਮਰੀਕਾ ਨੂੰ ਕਾਨੂੰਨ ਨਿਰਪੱਖ ਤਰੀਕੇ ਨਾਲ ਲਾਗੂ ਕਰਨਾ ਚਾਹੀਦਾ ਹੈ। ਇਹੀ ਮਾਪਦੰਡ ਹਰ ਕਿਸੇ ਲਈ ਇੱਕੋ ਜਿਹਾ ਹੋਣਾ ਚਾਹੀਦਾ ਹੈ, ਭਾਵੇਂ ਉਨ੍ਹਾਂ ਦਾ ਉਪਨਾਮ (ਸਰਨੇਮ) ਕੋਈ ਵੀ ਹੋਵੇ, ਧਰਮ, ਚਮੜੀ ਦਾ ਰੰਗ ਜਾਂ ਨਾਗਰਿਕਤਾ ਦੀ ਸਥਿਤੀ ਕੁਝ ਵੀ ਹੋਵੇ। ਅਮਰੀਕੀ ਸੜਕਾਂ ਉੱਤੇ ਸੁਰੱਖਿਆ ਯਕੀਨੀ ਬਣਾਉਣਾ ਇੱਕ ਜਾਇਜ਼ ਟੀਚਾ ਹੈ, ਪਰ ਹਰ ‘ਸਿੰਘ’ ਨੂੰ ਸ਼ੱਕੀ ਬਣਾ ਦੇਣਾ ਬਿਲਕੁਲ ਵੀ ਜਾਇਜ਼ ਨਹੀਂ ਹੈ।

Advertisement

Advertisement
×