Punjab Agriculture: ਡਾਵਾਂਡੋਲ ਖੇਤੀ ਆਰਥਿਕਤਾ
ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਦਾ ਬਦਲਦਾ ਮਿਜ਼ਾਜ ਹੁਣ ਇੱਕ ਸਥਾਈ ਵਰਤਾਰਾ ਬਣਦਾ ਜਾ ਰਿਹਾ ਹੈ। ਖੇਤਰ ਵਿੱਚ ਬੇਵਕਤੀ ਮੀਂਹ ਅਤੇ ਤੇਜ਼ ਹਵਾਵਾਂ ਨੇ ਇੱਕ ਵਾਰ ਫਿਰ ਉੱਤਰੀ ਭਾਰਤ ਦੀ ਖੇਤੀਬਾੜੀ ਆਰਥਿਕਤਾ ਦੀ ਨਾਜ਼ੁਕ ਹਾਲਤ ਬਾਰੇ ਸਭ ਨੂੰ...
ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਦਾ ਬਦਲਦਾ ਮਿਜ਼ਾਜ ਹੁਣ ਇੱਕ ਸਥਾਈ ਵਰਤਾਰਾ ਬਣਦਾ ਜਾ ਰਿਹਾ ਹੈ। ਖੇਤਰ ਵਿੱਚ ਬੇਵਕਤੀ ਮੀਂਹ ਅਤੇ ਤੇਜ਼ ਹਵਾਵਾਂ ਨੇ ਇੱਕ ਵਾਰ ਫਿਰ ਉੱਤਰੀ ਭਾਰਤ ਦੀ ਖੇਤੀਬਾੜੀ ਆਰਥਿਕਤਾ ਦੀ ਨਾਜ਼ੁਕ ਹਾਲਤ ਬਾਰੇ ਸਭ ਨੂੰ ਹੋਰ ਫ਼ਿਕਰਮੰਦ ਕਰ ਦਿੱਤਾ ਹੈ। ਇਹ ਕੁਦਰਤੀ ਕਰੋਪੀ ਉਸ ਸਮੇਂ ਆਈ ਹੈ ਜਦੋਂ ਕਣਕ ਦੀ ਖ਼ਰੀਦ ਆਪਣੇ ਸਿਖਰ ’ਤੇ ਹੈ। ਫ਼ਸਲ ਦਾ ਨੁਕਸਾਨ ਸਿਰਫ਼ ਖੇਤਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਮੰਡੀਆਂ ਵਿੱਚ ਵੀ ਵੱਡੀ ਮਾਤਰਾ ਵਿੱਚ ਪਈ ਜਿਣਸ ਦੇ ਨਮੀ ਨਾਲ ਖ਼ਰਾਬ ਹੋਣ ਦਾ ਖ਼ਤਰਾ ਹੈ। ਕਿਸਾਨਾਂ ਲਈ ਇਹ ਵਾਢੀ ਤੋਂ ਬਾਅਦ ਵੱਡੀ ਮਾਰੂ ਸੱਟ ਹੈ ਕਿਉਂਕਿ ਫ਼ਸਲ ਵਿਕ ਚੁੱਕੀ ਹੈ, ਪਰ ਇਸ ਦੀ ਗੁਣਵੱਤਾ ਅਤੇ ਮੁੱਲ ਹੁਣ ਅਨਿਸ਼ਚਿਤਤਾ ਦੇ ਘੇਰੇ ਵਿੱਚ ਹੈ।
ਭਾਵੇਂ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ’ਤੇ ਖ਼ਰੀਦ ਦਾ ਦਾਇਰਾ ਵਧਿਆ ਹੈ, ਪਰ ਭੰਡਾਰਨ ਅਤੇ ਢੋਆ-ਢੁਆਈ ਦੇ ਪ੍ਰਬੰਧ ਉਸ ਰਫ਼ਤਾਰ ਨਾਲ ਵਿਕਸਿਤ ਨਹੀਂ ਹੋ ਸਕੇ। ਭਾਰਤੀ ਖ਼ੁਰਾਕ ਨਿਗਮ (ਐੱਫ ਸੀ ਆਈ) ਵਰਗੀਆਂ ਏਜੰਸੀਆਂ ਅਜੇ ਵੀ ਪੁਰਾਣੇ ਅਤੇ ਖਸਤਾ-ਹਾਲ ਗੋਦਾਮਾਂ ’ਤੇ ਨਿਰਭਰ ਹਨ, ਜਦੋਂਕਿ ਮੰਡੀਆਂ ਵਿੱਚੋਂ ਫ਼ਸਲ ਦੀ ਚੁਕਾਈ ਵਿੱਚ ਹੁੰਦੀ ਦੇਰੀ ਅਨਾਜ ਨੂੰ ਖੁੱਲ੍ਹੇ ਆਸਮਾਨ ਹੇਠ ਰੁਲਣ ਲਈ ਮਜਬੂਰ ਕਰਦੀ ਹੈ। ਤਰਪਾਲਾਂ ਦੀ ਵਰਤੋਂ ਅਤੇ ਆਰਜ਼ੀ ਢੇਰੀਆਂ ਲਗਾਉਣ ਵਰਗੇ ਫ਼ੌਰੀ ਹੱਲ ਅਜਿਹੇ ਆਧੁਨਿਕ ਅਤੇ ਬੁਨਿਆਦੀ ਢਾਂਚੇ ਦਾ ਬਦਲ ਨਹੀਂ ਹੋ ਸਕਦੇ, ਜਿਸ ਉੱਤੇ ਮੌਸਮੀ ਤਬਦੀਲੀਆਂ ਦਾ ਅਸਰ ਨਾ ਹੋਵੇ।
ਇਹ ਖੇਤਰ ਜਲਵਾਯੂ ਬਦਲਾਅ ਦੇ ਇੱਕ ਅਸਥਿਰ ਚੱਕਰ ਦੀ ਗ੍ਰਿਫ਼ਤ ਵਿੱਚ ਹੈ, ਜਿੱਥੇ ਸਮੇਂ ਤੋਂ ਪਹਿਲਾਂ ਪਈ ਅਤਿ ਦੀ ਗਰਮੀ ਅਤੇ ਫਿਰ ਅਚਾਨਕ ਆਏ ਝੱਖੜਾਂ ਨੇ ਹਾਲਾਤ ਪੇਚੀਦਾ ਬਣਾ ਦਿੱਤੇ ਹਨ। ਮੌਸਮ ਦੇ ਇਹ ਤੇਜ਼ ਬਦਲਾਅ ਆਉਣ ਵਾਲੀ ਝੋਨੇ ਦੀ ਫ਼ਸਲ ਲਈ ਵੀ ਵੱਡਾ ਖ਼ਤਰਾ ਬਣ ਰਹੇ ਹਨ, ਜਿਸ ਲਈ ਮਿੱਟੀ ਦੀ ਨਮੀ ਅਤੇ ਬਿਜਲੀ ’ਤੇ ਨਿਰਭਰ ਸਿੰਚਾਈ ਪ੍ਰਣਾਲੀ ਬੇਹੱਦ ਅਹਿਮ ਹੁੰਦੀ ਹੈ। ਦੂਜੇ ਪਾਸੇ, ਤੇਜ਼ ਹਵਾਵਾਂ ਕਾਰਨ ਪੇਂਡੂ ਖੇਤਰਾਂ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਨੇ ਖੇਤੀਬਾੜੀ ਦੀ ਸਿਖਰਲੀ ਮੰਗ ਤੋਂ ਪਹਿਲਾਂ ਹੀ ਡਾਵਾਂਡੋਲ ਸਥਿਤੀ ਪੈਦਾ ਕਰ ਦਿੱਤੀ ਹੈ। ਆਸਮਾਨੀਂ ਚੜ੍ਹ ਰਿਹਾ ਪਾਰਾ ਜਿੱਥੇ ਬਿਜਲੀ ਦੀ ਖਪਤ ਵਿੱਚ ਬੇਤਹਾਸ਼ਾ ਵਾਧਾ ਕਰ ਰਿਹਾ ਹੈ, ਉੱਥੇ ਹੀ ਜਲ ਸਰੋਤਾਂ ’ਤੇ ਵੀ ਭਾਰੀ ਦਬਾਅ ਪਾ ਰਿਹਾ ਹੈ।
ਹਿਮਾਚਲ ਦੇ ਪਹਾੜੀ ਖੇਤਰਾਂ ਵਿੱਚ ਮੌਸਮ ਦਾ ਇਹੀ ਮਿਜ਼ਾਜ ਵੱਖਰੀ ਕਿਸਮ ਦੇ ਜੋਖ਼ਮ ਪੈਦਾ ਕਰ ਰਿਹਾ ਹੈ; ਜਿੱਥੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਅਤੇ ਸੈਰ-ਸਪਾਟੇ ਵਿੱਚ ਪੈਂਦੇ ਵਿਘਨ ਨੇ ਚਿੰਤਾ ਵਧਾਈ ਹੈ, ਉੱਥੇ ਹੀ ਬਾਗ਼ਬਾਨੀ, ਖ਼ਾਸ ਕਰਕੇ ਪੱਕ ਕੇ ਤਿਆਰ ਪਈ ਫ਼ਲਾਂ ਦੀ ਫ਼ਸਲ ਲਈ ਵੀ ਵੱਡਾ ਖ਼ਤਰਾ ਖੜ੍ਹਾ ਹੋ ਗਿਆ ਹੈ। ਖੇਤੀਬਾੜੀ ’ਤੇ ਵੱਡੀ ਨਿਰਭਰਤਾ ਕਾਰਨ ਇਹ ਖੇਤਰ ਮੌਸਮੀ ਤਬਦੀਲੀਆਂ ਦੀ ਮਾਰ ਹੇਠ ਸਭ ਤੋਂ ਵੱਧ ਆ ਰਹੇ ਹਨ।
ਅਜਿਹੇ ਸਮੇਂ ਇੱਕ ਤਾਲਮੇਲ ਭਰਪੂਰ ਅਤੇ ਦੂਰਅੰਦੇਸ਼ ਪਹੁੰਚ ਅਪਣਾਉਣ ਦੀ ਸਖ਼ਤ ਲੋੜ ਹੈ। ਸੂਬਾਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਜਲਵਾਯੂ-ਅਨੁਕੂਲ ਖੇਤੀਬਾੜੀ ਵਿੱਚ ਨਿਵੇਸ਼ ਵਧਾਉਣ, ਸਥਾਨਕ ਪੱਧਰ ’ਤੇ ਮੌਸਮ ਦੀ ਪੇਸ਼ੀਨਗੋਈ ਕਰਨ ਵਾਲੇ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਮੌਸਮੀ ਸਲਾਹ-ਮਸ਼ਵਰੇ ਅਸਲ ਸਮੇਂ ਵਿੱਚ ਕਿਸਾਨਾਂ ਤੱਕ ਪਹੁੰਚਣ। ਇਸ ਦੇ ਨਾਲ ਹੀ ਸਾਂਝੇ ਭੂਗੋਲਿਕ ਅਤੇ ਆਰਥਿਕ ਸਰੋਕਾਰਾਂ ਦੇ ਮੱਦੇਨਜ਼ਰ ਗੁਆਂਢੀ ਸੂਬਿਆਂ ਵਿਚਾਲੇ ਆਪਸੀ ਤਾਲਮੇਲ ਵੀ ਬੇਹੱਦ ਲਾਜ਼ਮੀ ਹੈ ਤਾਂ ਜੋ ਕੁਦਰਤੀ ਆਫ਼ਤਾਂ ਦੇ ਸਾਂਝੇ ਸੰਕਟ ਦਾ ਟਾਕਰਾ ਮਿਲ ਕੇ ਕੀਤਾ ਜਾ ਸਕੇ।

