ਲਕਸ਼ਦੀਪ ’ਚ ਬੇਚੈਨੀ

ਲਕਸ਼ਦੀਪ ’ਚ ਬੇਚੈਨੀ

ਰਬ ਸਾਗਰ ਵਿਚ ਸਥਿਤ ਦੀਪ-ਸਮੂਹ ਲਕਸ਼ਦੀਪ ਭਾਰਤ ਦਾ ਸਭ ਤੋਂ ਛੋਟਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਇਸ ਦੀਪ ਸਮੂਹ ਵਿਚ 36 ਟਾਪੂ ਹਨ ਜਿਨ੍ਹਾਂ ਵਿਚੋਂ ਕੁਝ ਵਿਚ ਕੋਈ ਵਸੋਂ ਨਹੀਂ ਹੈ। 1956 ਵਿਚ ਕੇਂਦਰ ਸ਼ਾਸਿਤ ਬਣਾਏ ਗਏ ਇਸ ਪ੍ਰਦੇਸ਼ ਦੀ ਕੁੱਲ ਆਬਾਦੀ 70,000 ਦੇ ਕਰੀਬ ਹੈ ਜਿਨ੍ਹਾਂ ਵਿਚ ਲਗਭੱਗ 93 ਫ਼ੀਸਦੀ ਸੁੰਨੀ ਮੁਸਲਮਾਨ ਹਨ। ਇਹ ਲੋਕ ਮਲਿਆਲਮ ਬੋਲਦੇ ਹਨ ਅਤੇ ਕੇਰਲ ਤੇ ਮੋਪਲਾ ਮੁਸਲਮਾਨਾਂ ਨਾਲ ਮਿਲਦੇ ਜੁਲਦੇ ਹਨ। ਇੱਥੇ ਇਸਲਾਮ ਦਾ ਪ੍ਰਚਾਰ ਸੱਤਵੀਂ ਸਦੀ ਵਿਚ ਮਸ਼ਹੂਰ ਅਰਬੀ ਸੰਤ ਮਦੀਨਾ ਦੇ ਸ਼ੇਖ ਅਬੈਦੁਲਾਹ ਨੇ ਕੀਤਾ ਜਦ ਉਹ ਆਪਣੇ ਜਹਾਜ਼ ਦੇ ਸਮੁੰਦਰ ਵਿਚ ਡੁੱਬ ਜਾਣ ਬਾਅਦ ਇੱਥੇ ਪਹੁੰਚਿਆ। ਇਹ ਦੀਪ ਸਮੂਹ ਦੱਖਣ ਦੀਆਂ ਚੇਰਾ, ਚੋਲਾ ਅਤੇ ਕਨੂਰ ਰਾਜਾ ਸ਼ਾਹੀਆਂ ਦਾ ਹਿੱਸਾ ਰਿਹਾ ਹੈ। ਇਸ ਦਾ ਰਾਜ ਕਾਜ ਦਾ ਕੰਮ ਐਡਮਨਿਸਟਰੇਟਰ ਦੁਆਰਾ ਚਲਾਇਆ ਜਾਂਦਾ ਹੈ। 5 ਦਸੰਬਰ 2020 ਤੋਂ ਗੁਜਰਾਤ ਦਾ ਸਾਬਕਾ ਗ੍ਰਹਿ ਮੰਤਰੀ ਪ੍ਰਫ਼ੁਲ ਖੋਦਾ ਪਟੇਲ ਇੱਥੋਂ ਦਾ ਐਡਮਨਿਸਟਰੇਟਰ ਹੈ।

ਪ੍ਰਫ਼ੁਲ ਪਟੇਲ ਦੁਆਰਾ ਚੁੱਕੇ ਕਈ ਕਦਮਾਂ ਕਰ ਕੇ ਇਹ ਦੀਪ ਸਮੂਹ ਅੱਜਕੱਲ੍ਹ ਖ਼ਬਰਾਂ ਵਿਚ ਹੈ। ਉਸ ਦੀਆਂ ਪਹਿਲਕਦਮੀਆਂ ਵਿਚ ਗਊ ਹੱਤਿਆ ਅਤੇ ਗਊ ਮਾਸ ’ਤੇ ਪਾਬੰਦੀ ਲਗਾਈ ਜਾਣਾ, ਕੋਸਟ ਗਾਰਡ ਐਕਟ ਤਹਿਤ ਮਛੇਰਿਆਂ ਦੇ ਘਰਾਂ ਨੂੰ ਉਜਾੜਨਾ ਅਤੇ ਸ਼ਰਾਬ ’ਤੇ ਲੱਗੀਆਂ ਪਾਬੰਦੀਆਂ ਨੂੰ ਖ਼ਤਮ ਕਰਨਾ ਸ਼ਾਮਿਲ ਹਨ। ਪ੍ਰਫੁਲ ਪਟੇਲ ਦੇ ਇਨ੍ਹਾਂ ਹੁਕਮਾਂ ਦੀ ਆਲੋਚਨਾ ਹੋ ਰਹੀ ਹੈ। ਆਲੋਚਨਾ ਕਰਨ ਵਾਲਿਆਂ ਵਿਚ ਭਾਰਤੀ ਜਨਤਾ ਪਾਰਟੀ ਦੇ ਲਕਸ਼ਦੀਪ ਯੂਨਿਟ ਦਾ ਜਨਰਲ ਸਕੱਤਰ ਮੁਹੰਮਦ ਕਾਸਿਮ ਅਤੇ ਕਈ ਹੋਰ ਭਾਜਪਾ ਆਗੂ ਵੀ ਸ਼ਾਮਲ ਹਨ। ਭਾਜਪਾ ਦੇ ਯੂਥ ਵਿੰਗ ਦੇ ਕੁਝ ਮੈਂਬਰਾਂ ਨੇ ਉਸ ਦੁਆਰਾ ਚੁੱਕੇ ਗਏ ਕਦਮਾਂ ਦਾ ਵਿਰੋਧ ਕਰਦਿਆਂ ਅਸਤੀਫ਼ੇ ਵੀ ਦਿੱਤੇ ਹਨ। ਪਫ਼ੁਲ ਪਟੇਲ ਕੁਝ ਹੋਰ ਕਾਰਨਾਂ ਕਰ ਕੇ ਵੀ ਖ਼ਬਰਾਂ ਵਿਚ ਰਿਹਾ ਹੈ। ਦਾਦਰਾ ਅਤੇ ਨਗਰ ਹਵੇਲੀ ਲੋਕ ਸਭਾ ਹਲਕੇ ਤੋਂ ਸੱਤ ਵਾਰ ਲੋਕ ਸਭਾ ਦੇ ਮੈਂਬਰ ਰਹਿ ਚੁੱਕੇ ਮੋਹਨ ਦੇਲਕਰ ਨੇ ਫਰਵਰੀ 2021 ਵਿਚ ਖੁਦਕਸ਼ੀ ਕਰ ਲਈ ਸੀ। ਉਸ ਨੇ ਖ਼ੁਦਕਸ਼ੀ ਕਰਨ ਤੋਂ ਪਹਿਲਾਂ ਲਿਖੇ ਪੱਤਰ ਵਿਚ ਇਲਜ਼ਾਮ ਲਗਾਇਆ ਸੀ ਕਿ ਸਥਾਨਕ ਪ੍ਰਸ਼ਾਸਨ ਅਤੇ ਖ਼ਾਸ ਕਰ ਕੇ ਪ੍ਰਫ਼ੁਲ ਪਟੇਲ ਦੁਆਰਾ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਦੇ ਪੁੱਤਰ ਅਭਿਨਵ ਦੇਲਕਰ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਪਟੇਲ ਨੂੰ ਦਾਦਰਾ ਨਗਰ ਹਵੇਲੀ ਦੇ ਐਡਮਨਿਸਟਰੇਟਰ (ਪਟੇਲ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਮੁੱਖ ਪ੍ਰਸ਼ਾਸਕ ਵੀ ਹੈ) ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ।

ਕੇਰਲ ਦੇ ਮੁੱਖ ਮੰਤਰੀ ਅਤੇ ਲੋਕ ਸਭਾ ਵਿਚ ਕੇਰਲ ਦੇ ਨੁਮਾਇੰਦਿਆਂ ਨੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖ ਕੇ ਪਟੇਲ ਦੀਆਂ ਕਾਰਵਾਈਆਂ ਦਾ ਵਿਰੋਧ ਕੀਤਾ ਹੈ। ਰਾਹੁਲ ਗਾਂਧੀ ਨੇ ਵੀ ਪਟੇਲ ਨੂੰ ਹਟਾਉਣ ਦੀ ਮੰਗ ਕੀਤੀ ਹੈ। ਭਾਜਪਾ ਦੇ ਲਕਸ਼ਦੀਪ ਦੇ ਜਨਰਲ ਸਕੱਤਰ ਮੁਹੰਮਦ ਕਾਸਿਮ ਅਨੁਸਾਰ ‘‘ਉਹ (ਪਟੇਲ) ਰਾਜੇ ਵਾਂਗ ਕੰਮਕਾਜ ਚਲਾ ਰਿਹਾ ਹੈ। ਉਸ ਨੇ ਇਨ੍ਹਾਂ ਪਹਿਲਕਦਮੀਆਂ ਬਾਰੇ ਕਿਸੇ ਆਗੂ ਨਾਲ ਗੱਲਬਾਤ ਨਹੀਂ ਕੀਤੀ ਅਤੇ ਨਾ ਹੀ ਕਿਸੇ ਨੂੰ ਵਿਸ਼ਵਾਸ ਵਿਚ ਲਿਆ ਹੈ।’’ ਸਪੱਸ਼ਟ ਹੈ ਕਿ ਪਟੇਲ ਦੁਆਰਾ ਚੁੱਕੇ ਗਏ ਕਦਮ ਇਸ ਦੀਪ ਸਮੂਹ ਦੇ ਲੋਕਾਂ ਦੇ ਜੀਵਨ ਜਾਚ ਵਿਚ ਬੇਲੋੜਾ ਦਖ਼ਲ ਹਨ। ਭਾਰਤ ਦੇ ਬਹੁਤ ਸਾਰੇ ਸੂਬਿਆਂ ਜਿਨ੍ਹਾਂ ਵਿਚ ਕੇਰਲ, ਗੋਆ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ ਅਤੇ ਉੱਤਰ ਪੂਰਬ ਦੇ ਹੋਰ ਪ੍ਰਾਂਤ ਸ਼ਾਮਲ ਹਨ, ਵਿਚ ਗਊ ਮਾਸ ਖਾਣ ’ਤੇ ਕੋਈ ਪਾਬੰਦੀ ਨਹੀਂ ਹੈ। ਹਰ ਮਨੁੱਖ ਨੂੰ ਆਪਣੇ ਵਿਸ਼ਵਾਸਾਂ ਅਤੇ ਧਾਰਮਿਕ ਅਕੀਦਿਆਂ ਅਨੁਸਾਰ ਜਿਊਣ ਦਾ ਅਧਿਕਾਰ ਹੈ। ਕਿਸੇ ਵੀ ਖ਼ਿੱਤੇ ਦੀ ਜੀਵਨ ਜਾਚ ਅਤੇ ਸਭਿਆਚਾਰ ਲੰਮੇ ਸਮੇਂ ਤੋਂ ਚੱਲੀਆਂ ਆਉਂਦੀਆਂ ਰਵਾਇਤਾਂ ਅਨੁਸਾਰ ਬਣਦੇ ਹਨ। ਉਸ ਜੀਵਨ ਜਾਚ ਅਤੇ ਸਭਿਆਚਾਰ ’ਤੇ ਓਪਰੀਆਂ ਕਦਰਾਂ ਕੀਮਤਾਂ ਥੋਪਣਾ ਉੱਥੋਂ ਦੇ ਲੋਕਾਂ ਦੇ ਜੀਵਨ ਵਿਚ ਖਲਲ ਪਾਉਂਦਾ ਹੈ। ਭਾਜਪਾ ਆਗੂਆਂ ਦੇ ਮਨਾਂ ਵਿਚ ਆਪਣੇ ਵਿਸ਼ਵਾਸਾਂ ਨੂੰ ਸਭ ਤੋਂ ਸ੍ਰੇਸ਼ਠ ਸਮਝਣ ਦੀ ਭਾਵਨਾ ਹਮੇਸ਼ਾ ਹਾਵੀ ਰਹੀ ਹੈ। ਪਟੇਲ ਦੀਆਂ ਇਹ ਪਹਿਲਕਦਮੀਆਂ ਲਕਸ਼ਦੀਪ ਵਿਚ ਸ਼ਾਂਤ ਵਸਦੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੀਆਂ ਹਨ। ਕੇਂਦਰ ਸਰਕਾਰ ਨੂੰ ਦਖ਼ਲ ਦੇ ਕੇ ਪਟੇਲ ਨੂੰ ਅਜਿਹੇ ਕਦਮ ਚੁੱਕਣ ਤੋਂ ਰੋਕਣਾ ਚਾਹੀਦਾ ਹੈ ਜਾਂ ਉਸ ਦੀ ਥਾਂ ’ਤੇ ਕੋਈ ਯੋਗ ਪ੍ਰਸ਼ਾਸਕ/ਐਡਮਨਿਸਟਰੇਟਰ ਲਗਾਉਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All