ਦਿੱਲੀ ਦੰਗਿਆਂ ਨਾਲ ਸਬੰਧਿਤ ਇਕ ਕੇਸ ਵਿਚ ਉਮਰ ਖਾਲਿਦ ਦੀ ਗ੍ਰਿਫ਼ਤਾਰੀ ਬਾਰੇ ਟਿੱਪਣੀ ਕਰਦਿਆਂ ਕੰਨੜ ਫ਼ਿਲਮ ਅਦਾਕਾਰ ਪ੍ਰਕਾਸ਼ ਰਾਜ ਨੇ ਕਿਹਾ ਹੈ, ‘‘ਸ਼ਰਮਨਾਕ… ਜੇ ਅਸੀਂ ਇਸ ‘ਵਿਚ ਹੰਟ’ (Witch Hunt ਭਾਵ ਅਤਿਅੰਤ ਬਦਲਾਲਊ ਕਾਰਵਾਈ) ਵਿਰੁੱਧ ਆਵਾਜ਼ ਨਾ ਉਠਾਈ ਤਾਂ ਸਾਨੂੰ ਖ਼ੁਦ ’ਤੇ ਸ਼ਰਮਿੰਦਾ ਹੋਣਾ ਪਵੇਗਾ।’’ ਪ੍ਰਕਾਸ਼ ਰਾਜ ਨੂੰ ਤਾਮਿਲ, ਹਿੰਦੀ, ਤੇਲਗੂ ਫ਼ਿਲਮਾਂ ਵਿਚ ਜ਼ਿਆਦਾ ਪਛਾਣ ਅਤੇ ਮਸ਼ਹੂਰੀ ਮਿਲੀ ਹੈ। ਉਮਰ ਖਾਲਿਦ ਨੂੰ ਦਿੱਲੀ ਪੁਲੀਸ ਵੱਲੋਂ ਕੇਸ ਨੰਬਰ 59/2020 ਵਿਚ ਨਾਮਜ਼ਦ ਕੀਤਾ ਗਿਆ, ਜੋ ਇਕ ਗੁੰਮਨਾਮ ਪੁਲੀਸ ਮੁਖ਼ਬਰ ਦੁਆਰਾ ਦਿੱਤੀ ਜਾਣਕਾਰੀ ’ਤੇ ਆਧਾਰਿਤ ਹੈ ਜਿਸ ਵਿਚ ਉਮਰ ਖਾਲਿਦ ਅਤੇ ਦਿੱਲੀ ਦੀ ਭਜਨਪੁਰਾ ਆਬਾਦੀ ਦੇ ਦਾਨਿਸ਼ ਨਾਮਕ ਵਿਅਕਤੀ ’ਤੇ ਇਹ ਦੋਸ਼ ਲਗਾਏ ਗਏ ਹਨ ਕਿ ਉਨ੍ਹਾਂ ਦਿੱਲੀ ਵਿਚ ਦੰਗੇ ਭੜਕਾਉਣ ਲਈ ਸਾਜ਼ਿਸ਼ ਰਚੀ। ਇਸ ਤੋਂ ਬਿਨਾਂ ਉਸ ਦਾ ਨਾਂ ਕੁਝ ਹੋਰ ਕੇਸਾਂ ਵਿਚ ਤਫ਼ਤੀਸ਼ ਤੋਂ ਬਾਅਦ ਫਾਈਲ ਕੀਤੀਆਂ ਗਈਆਂ ਚਾਰਜਸ਼ੀਟਾਂ ਵਿਚ ਵੀ ਦਰਜ ਕੀਤਾ ਗਿਆ ਹੈ ਜਿਨ੍ਹਾਂ ਵਿਚ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਿਸਟ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ, ਸਵਰਾਜ ਇੰਡੀਆ ਪਾਰਟੀ ਦੇ ਯੋਗੇਂਦਰ ਯਾਦਵ, ਫ਼ਿਲਮ ਨਿਰਮਾਤਾ ਅਤੇ ਅਦਾਕਾਰ ਰਾਹੁਲ ਰੌਏ, ਪ੍ਰੋਫ਼ੈਸਰ ਜਯਤੀ ਘੋਸ਼, ਪ੍ਰੋ. ਅਪੂਰਵਾਨੰਦ ਆਦਿ ਵੀ ਸ਼ਾਮਲ ਹਨ।
ਉੱਘੇ ਸਮਾਜਿਕ ਕਾਰਕੁਨ ਅਤੇ ਸਾਬਕਾ ਆਈਏਐੱਸ ਅਧਿਕਾਰੀ ਹਰਸ਼ ਮੰਦਰ, ਪ੍ਰੋ. ਅਪੂਰਵਾਨੰਦ ਅਤੇ 10 ਹੋਰ ਵਿਦਵਾਨਾਂ ਤੇ ਸਮਾਜਿਕ ਕਾਰਕੁਨਾਂ ਨੇ ਉਮਰ ਖਾਲਿਦ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕਰਦਿਆਂ ਉਸ ਨੂੰ ਦੇਸ਼ ਦੀਆਂ ਉਨ੍ਹਾਂ ਸਾਹਸੀ ਨੌਜਵਾਨ ਆਵਾਜ਼ਾਂ ਵਿਚੋਂ ਇਕ ਦੱਸਿਆ ਹੈ ਜਿਹੜੀਆਂ ਦੇਸ਼ ਦੀਆਂ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਬੁਲੰਦ ਹੋ ਰਹੀਆਂ ਹਨ। ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲੀਸ ਜੂਲੀਓ ਰਬਿੇਰੋ ਨੇ ਦਿੱਲੀ ਪੁਲੀਸ ਦੇ ਕਮਿਸ਼ਨਰ ਨੂੰ ਲਿਖੀ ਚਿੱਠੀ ਵਿਚ ਇਹ ਖ਼ਦਸ਼ਾ ਪ੍ਰਗਟਾਇਆ ਹੈ ਕਿ ਦਿੱਲੀ ਦੰਗਿਆਂ ਬਾਰੇ ‘‘ਪੁਲੀਸ ਦੁਆਰਾ ਰਜਿਸਟਰ ਕੀਤੇ ਗਏ 753 ਕੇਸਾਂ ਵਿਚ ਹੋ ਰਹੀ ਤਫ਼ਤੀਸ਼ ਸ਼ਾਂਤਮਈ ਢੰਗ ਨਾਲ ਅੰਦੋਲਨ ਕਰਨ ਵਾਲਿਆਂ ਵਿਰੁੱਧ ਕੀਤੀ ਜਾ ਰਹੀ ਹੈ ਅਤੇ ਇਹ ਵਿਤਕਰਾ ਇਕ ਘੱਟਗਿਣਤੀ ਫ਼ਿਰਕੇ ਵਿਰੁੱਧ ਘਿਰਣਾ ਤੋਂ ਪੈਦਾ ਹੋਇਆ ਹੈ।’’ ਰਬਿੇਰੋ ਨੇ ਇਹ ਸਵਾਲ ਵੀ ਉਠਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਕਪਿਲ ਮਿਸ਼ਰਾ, ਅਨੁਰਾਗ ਠਾਕੁਰ ਅਤੇ ਪਰਵੇਸ਼ ਵਰਮਾ ਵਿਰੁੱਧ ਕੇਸ ਕਿਉਂ ਨਹੀਂ ਦਰਜ ਕੀਤੇ ਗਏ। ਅਨੁਰਾਗ ਠਾਕੁਰ ਅਤੇ ਪਰਵੇਸ਼ ਵਰਮਾ ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਨਫ਼ਰਤ ਫੈਲਾਉਣ ਵਾਲੇ ਭਾਸ਼ਨ ਦਿੱਤੇ ਸਨ ਜਿਨ੍ਹਾਂ ਵਿਚ ‘ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ… ਕੋ’ ਜਿਹੇ ਨਾਅਰੇ ਵੀ ਲਗਾਏ ਗਏ ਸਨ। ਰਬਿੇਰੋ ਨੇ ਹਰਸ਼ ਮੰਦਰ ਅਤੇ ਅਪੂਰਵਾਨੰਦ ਨੂੰ ਦੇਸ਼ ਭਗਤ ਦੱਸਦਿਆਂ ਅਜਿਹੇ ਵਿਅਕਤੀਆਂ ਨੂੰ ਦੰਗਿਆਂ ਬਾਬਤ ਦਰਜ ਕੀਤੇ ਕੇਸਾਂ ਵਿਚ ਘਸੀਟਣ ਨੂੰ ਚਿੰਤਾਜਨਕ ਦੱਸਿਆ ਹੈ।
ਦਿੱਲੀ ਦੰਗਿਆਂ ਬਾਰੇ ਪੁਲੀਸ ਨੇ 1500 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿਚੋਂ 1150 ਤੋਂ ਵੱਧ ਨੂੰ ਚਾਰਜਸ਼ੀਟ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਜਾਣ ਵਾਲਿਆਂ ਵਿਚ ਦਿੱਲੀ, ਜਾਮੀਆ ਮਿਲੀਆ ਇਸਲਾਮੀਆ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀਆਂ ਦੀਆਂ ਵਿਦਿਆਰਥਣਾਂ ਵੀ ਸ਼ਾਮਲ ਹਨ। ਦਿੱਲੀ ਪੁਲੀਸ ਫਾਈਲ ਕੀਤੀਆਂ ਗਈਆਂ ਚਾਰਜਸ਼ੀਟਾਂ ਵਿਚ ਅਜਿਹਾ ਬਿਰਤਾਂਤ ਬੁਣਨ ਦਾ ਯਤਨ ਕਰ ਰਹੀ ਹੈ ਜਿਸ ਵਿਚ ਇਹ ਦਰਸਾਇਆ ਜਾ ਰਿਹਾ ਹੈ ਕਿ ਸ਼ਾਹੀਨ ਬਾਗ ਅਤੇ ਹੋਰ ਥਾਵਾਂ ’ਤੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋਏ ਅੰਦੋਲਨਾਂ ਨੇ ਦਿੱਲੀ ਵਿਚ ਦੰਗਿਆਂ ਲਈ ਆਧਾਰ ਤਿਆਰ ਕੀਤਾ ਹੈ। ਜਿਵੇਂ ਜੂਲੀਓ ਰਬਿੇਰੋ ਨੇ ਸੰਕੇਤ ਦਿੱਤਾ ਹੈ, ਇਸ ਬਿਰਤਾਂਤ ਵਿਚੋਂ ਅਨੁਰਾਗ ਠਾਕੁਰ, ਕਪਿਲ ਮਿਸ਼ਰਾ ਅਤੇ ਪਰਵੇਸ਼ ਵਰਮਾ ਜਿਹੇ ਆਗੂਆਂ ਦੇ ਨਫ਼ਰਤ ਭੜਕਾਉਣ ਵਾਲੇ ਬਿਆਨ ਗ਼ੈਰਹਾਜ਼ਰ ਹਨ। ਫ਼ਿਲਮ ਅਦਾਕਾਰ ਪ੍ਰਕਾਸ਼ ਰਾਜ ਦਾ ਕਹਿਣਾ ਬਿਲਕੁਲ ਠੀਕ ਹੈ ਕਿ ਸਾਰੇ ਜਾਗਰੂਕ ਲੋਕਾਂ ਨੂੰ ਇਸ ਵਰਤਾਰੇ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ। ਸਮਾਜਿਕ ਕਾਰਕੁਨਾਂ, ਵਿਦਵਾਨਾਂ, ਨੌਜਵਾਨਾਂ, ਵਿਦਿਆਰਥੀਆਂ ਅਤੇ ਹੋਰ ਲੋਕਾਂ ਦੀ ਸਮੂਹਿਕ ਆਵਾਜ਼ ਹੀ ਅਜਿਹੇ ਰੁਝਾਨਾਂ ਨੂੰ ਠੱਲ੍ਹ ਪਾ ਸਕਦੀ ਹੈ।