ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਦੇ ਪੁੱਤਰ ਅਤੇ ਹਾਕਮ ਪਾਰਟੀ ਡੀਐੱਮਕੇ ਦੇ ਆਗੂ ਉਦੈਨਿਧੀ ਸਟਾਲਿਨ ਨੇ ਸਨਾਤਨ ਧਰਮ ਨੂੰ ਕਰੋਨਾਵਾਇਰਸ, ਮਲੇਰੀਆ ਤੇ ਡੇਂਗੂ ਵਰਗੀਆਂ ਬਿਮਾਰੀਆਂ ਨਾਲ ਜੋੜ ਕੇ ਅਤੇ ਇਹ ਆਖ ਕੇ ਕਿ ਸਨਾਤਨ ਧਰਮ ਨੂੰ ਖ਼ਤਮ ਕਰ ਦਿੱਤਾ ਜਾਣਾ ਚਾਹੀਦਾ ਹੈ, ਵਿਵਾਦ ਪੈਦਾ ਕਰ ਲਿਆ ਹੈ। ਉਸ ਦਾ ਇਹ ਨਿੰਦਣਯੋਗ ਬਿਆਨ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੀ ਮੁੰਬਈ ਵਿਚ ਹੋਈ ਮੀਟਿੰਗ ਤੋਂ ਇਕ ਦਿਨ ਬਾਅਦ ਆਇਆ ਹੈ। ਇਸ ਨੂੰ ‘ਨਫ਼ਰਤੀ ਬਿਆਨ’ ਕਰਾਰ ਦਿੰਦਿਆਂ ਭਾਜਪਾ ਨੇ ਦੋਸ਼ ਲਾਇਆ ਹੈ ਕਿ ਵਿਰੋਧੀ ਧਿਰ ਦੇ ਨਵੇਂ ਬਣੇ ਗੱਠਜੋੜ ਦਾ ਮੁੱਖ ਏਜੰਡਾ ਹੀ ਹਿੰਦੂ ਧਰਮ ਦਾ ‘ਮੁਕੰਮਲ ਖ਼ਾਤਮਾ’ ਹੈ। ਆਪਣੀ ਆਲੋਚਨਾ ਦੀ ਪਰਵਾਹ ਨਾ ਕਰਦਿਆਂ ਉਦੈਨਿਧੀ ਨੇ ਕਿਹਾ ਹੈ ਕਿ ਉਸ ਨੇ ਇਨ੍ਹਾਂ ਟਿੱਪਣੀਆਂ ਰਾਹੀਂ ਦੱਬੇ-ਕੁਚਲੇ ਲੋਕਾਂ ਦੀਆਂ ਭਾਵਨਾਵਾਂ ਦਾ ਹੀ ਪ੍ਰਗਟਾਵਾ ਕੀਤਾ ਹੈ ਅਤੇ ਉਹ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਹੈ।
ਉਦੈਨਿਧੀ ਦੇ ਇਸ ਭੜਕਾਊ ਬਿਆਨ ਨੇ ਡੀਐੱਮਕੇ ਅਤੇ ਵਿਰੋਧੀ ਗੱਠਜੋੜ ਨੂੰ ਬਹੁਤ ਕਸੂਤੀ ਸਥਿਤੀ ਵਿਚ ਫਸਾ ਦਿੱਤਾ ਹੈ। ਜੇ ਡੀਐਮਕੇ ਆਗੂ ਨੇ ਇਸ ਦੀ ਥਾਂ ਹਿੰਦੂਤਵ ਨੂੰ ਨਿਸ਼ਾਨਾ ਬਣਾਇਆ ਹੁੰਦਾ, ਜੋ ਕਿ ਇਕ ਸਿਆਸੀ ਪ੍ਰਾਜੈਕਟ ਹੈ, ਤਾਂ ਉਸ ਦੀ ਸਥਿਤੀ ਕਾਫ਼ੀ ਮਜ਼ਬੂਤ ਹੋਣੀ ਸੀ ਪਰ ਉਸ ਨੇ ਇਸ ਦੀ ਥਾਂ ਸਨਾਤਨ ਧਰਮ ਖ਼ਿਲਾਫ਼ ਗ਼ਲਤ ਟਿੱਪਣੀ ਕਰਨ ਦਾ ਰਾਹ ਚੁਣਿਆ ਜਿਸ ਨਾਲ ਲੋਕਾਂ ਦੇ ਮਨ ਨੂੰ ਠੇਸ ਪਹੁੰਚੀ ਹੈ। ਇਹ ਸ਼ਬਦ ਅਮਲੀ ਤੌਰ ’ਤੇ ਹਿੰਦੂ ਧਰਮ ਅਤੇ ਜੀਵਨ ਸ਼ੈਲੀ ਦਾ ਸਮਾਨਾਰਥੀ ਹੈ। ਉਦੈਨਿਧੀ ਨੇ ਸਨਾਤਨ ਧਰਮ ਨੂੰ ਵੱਖੋ-ਵੱਖ ਸਮਾਜਿਕ ਬੁਰਾਈਆਂ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਇਸ ਮਾੜੀ ਟਿੱਪਣੀ ਨੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਮਹਿਜ਼ ਤਿੰਨ ਮਹੀਨੇ ਪਹਿਲਾਂ ਭਾਜਪਾ ਨੂੰ ਵਿਰੋਧੀ ਧਿਰ ਨੂੰ ਘੇਰਨ ਅਤੇ ਉਸ ਉੱਤੇ ਹਮਲੇ ਕਰਨ ਦਾ ਮੌਕਾ ਦੇ ਦਿੱਤਾ ਹੈ। ਅਯੁੱਧਿਆ ਵਿਚ ਉਸਾਰੀ ਅਧੀਨ ਰਾਮ ਮੰਦਰ ਵਿਚ ਅਗਲੇ ਸਾਲ ਜਨਵਰੀ ਮਹੀਨੇ ਦੌਰਾਨ ਰਾਮ ਲੱਲਾ ਦੀ ਮੂਰਤੀ ਦੇ ਹੋਣ ਵਾਲੇ ਅਭਿਸ਼ੇਕ ਸਮਾਰੋਹ ਮੌਕੇ ਸੱਤਾਧਾਰੀ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਿੰਦੂ ਵੋਟ ਬੈਂਕ ਨੂੰ ਮਜ਼ਬੂਤ ਕਰਨ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੇਗੀ। ਵਿਰੋਧੀ ਗੱਠਜੋੜ ਲਈ ਇਸ ਨਾਜ਼ੁਕ ਸਥਿਤੀ ਨਾਲ ਸਿੱਝਣਾ ਬਹੁਤ ਚੁਣੌਤੀਪੂਰਨ ਹੋਵੇਗਾ ਖ਼ਾਸਕਰ ਇਸ ਗੱਲ ਦੇ ਮੱਦੇਨਜ਼ਰ ਕਿ ਡੀਐੱਮਕੇ ਦੱਖਣੀ ਭਾਰਤ ਵਿਚ ਭਾਜਪਾ-ਵਿਰੋਧੀ ਗੱਠਜੋੜ ਦੀ ਬੜੀ ਅਹਿਮ ਭਾਈਵਾਲ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਈਚਾਰੇ ਵਿਚ ਮੌਜੂਦ ਸਮਾਜਿਕ ਬੁਰਾਈਆਂ ਬਾਰੇ ਬਹਿਸ ਹੋਣੀ ਚਾਹੀਦੀ ਹੈ ਪਰ ਇਸ ਦੇ ਨਾਲ ਨਾਲ ਹਰ ਤਰ੍ਹਾਂ ਦੇ ਵਿਰੋਧ ਨੂੰ ਸੁਹਿਰਦਤਾ ਨਾਲ ਦਰਜ ਕੀਤਾ ਜਾਣਾ ਚਾਹੀਦਾ ਹੈ। ਬੇਲੋੜੇ ਵਿਵਾਦਾਂ ਤੋਂ ਬਚਣ ਲਈ ਧਾਰਮਿਕ ਮਾਮਲਿਆਂ ਸਬੰਧੀ ਟਿੱਪਣੀਆਂ ਕਰਦੇ ਸਮੇਂ ਕਿਸੇ ਨੂੰ ਵੀ ਸੰਵੇਦਨਸ਼ੀਲਤਾ ਦਾ ਲੜ ਨਹੀਂ ਛੱਡਣਾ ਚਾਹੀਦਾ ਪ੍ਰੰਤੂ ਇਸ ਦਾ ਮਤਲਬ ਇਹ ਵੀ ਨਹੀਂ ਕਿ ਤਰਕ ਆਧਾਰਿਤ ਬਹਿਸ ਤੋਂ ਮੂੰਹ ਮੋੜਿਆ ਜਾਵੇ।