DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਰੰਪ ਦੀ ਸਖ਼ਤੀ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਇਮੀਗ੍ਰੇਸ਼ਨ ਸਬੰਧੀ ਸਖ਼ਤ ਕਾਰਵਾਈ, ਜੋ ਉਨ੍ਹਾਂ ਦੇ MAGA (ਮੇਕ ਅਮੈਰੀਕਾ ਗ੍ਰੇਟ ਅਗੇਨ) ਸੁਫਨੇ ਦਾ ਆਧਾਰ ਹੈ, ਨੇ ਇੱਕ ਭਿਆਨਕ ਮੋੜ ਲੈ ਲਿਆ ਹੈ। ਮਿਨੀਆਪੋਲਿਸ ਵਿੱਚ ਅਲੈਕਸ ਪ੍ਰੈਟੀ ਦੀ ਹੈਰਾਨ ਕਰਨ ਵਾਲੀ ਮੌਤ ਨੇ ਅਧਿਕਾਰੀਆਂ ਦੇ...

  • fb
  • twitter
  • whatsapp
  • whatsapp
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਇਮੀਗ੍ਰੇਸ਼ਨ ਸਬੰਧੀ ਸਖ਼ਤ ਕਾਰਵਾਈ, ਜੋ ਉਨ੍ਹਾਂ ਦੇ MAGA (ਮੇਕ ਅਮੈਰੀਕਾ ਗ੍ਰੇਟ ਅਗੇਨ) ਸੁਫਨੇ ਦਾ ਆਧਾਰ ਹੈ, ਨੇ ਇੱਕ ਭਿਆਨਕ ਮੋੜ ਲੈ ਲਿਆ ਹੈ। ਮਿਨੀਆਪੋਲਿਸ ਵਿੱਚ ਅਲੈਕਸ ਪ੍ਰੈਟੀ ਦੀ ਹੈਰਾਨ ਕਰਨ ਵਾਲੀ ਮੌਤ ਨੇ ਅਧਿਕਾਰੀਆਂ ਦੇ ਹਿੰਸਕ ਰਵੱਈਏ ਨੂੰ ਸਾਹਮਣੇ ਲਿਆਂਦਾ ਹੈ। ਫੈਡਰਲ ਏਜੰਟਾਂ ਨੇ ਪੂਰੇ ਅਮਰੀਕਾ ਵਿੱਚ ਇਮੀਗ੍ਰੇਸ਼ਨ ਨੀਤੀ ਲਾਗੂ ਕਰਨ ਦੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ, ਜਿਸ ਕਾਰਨ ਵੱਡੀ ਗਿਣਤੀ ਪਰਿਵਾਰ ਤਬਾਹ ਹੋ ਗਏ ਹਨ ਤੇ ਭਾਈਚਾਰਿਆਂ ਵਿੱਚ ਬੇਚੈਨੀ ਵਾਲਾ ਮਾਹੌਲ ਹੈ। ਇਸ ਵਧੀਕੀ, ਜਿਸ ਨੂੰ ਵੱਡੀ ਗਿਣਤੀ ਅਮਰੀਕੀ ਡਰਾਉਣ-ਧਮਕਾਉਣ ਦੀ ਇੱਕ ਤਾਨਾਸ਼ਾਹੀ ਮੁਹਿੰਮ ਵਜੋਂ ਵੇਖਦੇ ਹਨ, ਖ਼ਿਲਾਫ਼ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਤੇ ਸਰਕਾਰ ਤੋਂ ਅਜਿਹਾ ਰਵੱਈਆ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਅਲੈਕਸ, ਜੋ ਰਜਿਸਟਰਡ ਨਰਸ ਸੀ, ਨੂੰ ਸ਼ਨਿਚਰਵਾਰ ਨੂੰ ਬਾਰਡਰ ਪੈਟਰੋਲ ਏਜੰਟਾਂ ਨਾਲ ਝਗੜੇ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਹੋਮਲੈਂਡ ਸਿਕਿਓਰਿਟੀ ਵਿਭਾਗ ਦਾ ਦਾਅਵਾ ਹੈ ਕਿ ਉਹ ਹਥਿਆਰਬੰਦ ਸੀ ਤੇ ਗ੍ਰਿਫ਼ਤਾਰੀ ਦਾ ਵਿਰੋਧ ਕਰ ਰਿਹਾ ਸੀ, ਪਰ ਰਾਹਗੀਰਾਂ ਵੱਲੋਂ ਮੌਕੇ ’ਤੇ ਬਣਾਈਆਂ ਵੀਡੀਓਜ਼ ਵਿੱਚ ਉਸ ਦੇ ਹੱਥਾਂ ਵਿੱਚ ਹਥਿਆਰ ਨਹੀਂ, ਸਗੋਂ ਫੋਨ ਫੜਿਆ ਹੋਇਆ ਦਿਖਾਈ ਦੇ ਰਿਹਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਰੇਨੀ ਗੁੱਡ ਨੂੰ ਇੱਕ ਆਈ ਸੀ ਈ (ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ) ਅਧਿਕਾਰੀ ਵੱਲੋਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਨਵੇਂ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਆਈ ਸੀ ਈ ਹਿਰਾਸਤ ਕੇਂਦਰਾਂ ਵਿੱਚ ਛੇ ਜਣਿਆਂ ਦੀ ਮੌਤ ਹੋ ਚੁੱਕੀ ਹੈ। 2025 ਵਿੱਚ ਆਈ ਸੀ ਈ ਦੀ ਹਿਰਾਸਤ ਵਿੱਚ ਘੱਟੋ-ਘੱਟ 30 ਮੌਤਾਂ ਹੋਈਆਂ ਹਨ। ਇਹ ਅੰਕੜਾ ਪਿਛਲੇ ਦੋ ਦਹਾਕਿਆਂ ਵਿੱਚ ਸਭ ਤੋਂ ਵੱਧ ਹੈ। ਕਿਊਬਾ ਮੂਲ ਦੇ ਜੇਰਾਲਡੋ ਲੁਨਾਸ ਕੈਂਪੋਸ ਦਾ ਮਾਮਲਾ, ਜਿਸ ਦੀ ਮੌਤ ਨੂੰ ਕਤਲ ਵਜੋਂ ਸ਼੍ਰੇਣੀਬੱਧ ਕਰਨ ਤੋਂ ਪਹਿਲਾਂ ਸਿਹਤ ਸਬੰਧੀ ਸਮੱਸਿਆ ਗਰਦਾਨਿਆ ਗਿਆ ਸੀ, ਦਰਸਾਉਂਦਾ ਹੈ ਕਿ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਖੋਰਾ ਲੱਗ ਰਿਹਾ ਹੈ।

Advertisement

ਸਵਾਲ ਨਾ ਕੇਵਲ ਇਸ ਕਾਰਵਾਈ ਦੀ ਮਨੁੱਖੀ ਕੀਮਤ ਦਾ ਹੈ, ਸਗੋਂ ਅਮਰੀਕੀ ਲੋਕਤੰਤਰ ’ਤੇ ਇਸ ਦੇ ਪ੍ਰਭਾਵਾਂ ਬਾਰੇ ਵੀ ਹੈ। ਕੀ ਅਮਰੀਕਾ ਇਹੀ ਭਵਿੱਖ ਚਾਹੁੰਦਾ ਹੈ? ਜਿੱਥੇ ਫੈਡਰਲ ਏਜੰਟ ਆਪਣੀ ਤਾਕਤ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਅਪਰਾਧੀਆਂ ਨੂੰ ਨਹੀਂ ਸਗੋਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਅੰਤ ਇਸ ਦੇ ਦੁਖਦਾਈ ਨਤੀਜੇ ਹੀ ਸਾਹਮਣੇ ਆਉਂਦੇ ਹਨ। ਲਗਾਤਾਰ ਵਧ ਰਹੇ ਵਿਰੋਧ ਨੂੰ ਦੇਖਦੇ ਹੋਏ ਟਰੰਪ ਨੂੰ ਆਪਣੀ ਇਮੀਗ੍ਰੇਸ਼ਨ ਨੀਤੀ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ, ਜੋ ਇਸ ਵੇਲੇ ਅਮਰੀਕਾ ਦੇ ਸਮਾਜਿਕ ਤਾਣੇ-ਬਾਣੇ ਨੂੰ ਤੋੜਦੀ ਜਾਪ ਰਹੀ ਹੈ। ਹੁਣ ਵੇਲਾ ਆ ਗਿਆ ਹੈ ਕਿ ਨਿਆਂ, ਦਇਆ ਤੇ ਮਨੁੱਖੀ ਜੀਵਨ ਪ੍ਰਤੀ ਸਨਮਾਨ ’ਤੇ ਆਧਾਰਿਤ ਇੱਕ ਨਵਾਂ ਦ੍ਰਿਸ਼ਟੀਕੋਟ ਅਪਣਾਇਆ ਜਾਵੇ।

Advertisement

Advertisement
×