ਟਰੰਪ ਦਾ ਨਰਮ ਰੁਖ਼
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਐਲਾਨ ਕਿ ਵਾਸ਼ਿੰਗਟਨ ਅਤੇ ਇਰਾਨ ਨੇ ਗੱਲਬਾਤ ਮੁੜ ਸ਼ੁਰੂ ਕਰ ਦਿੱਤੀ ਹੈ, ਹਫ਼ਤਿਆਂ ਦੇ ਫ਼ੌਜੀ ਹਮਲਿਆਂ ਅਤੇ ਜਵਾਬੀ ਹਮਲਿਆਂ ਤੋਂ ਬਾਅਦ ਰਾਹਤ ਦੇ ਸਵਾਗਤਯੋਗ ਸੰਕੇਤ ਵਜੋਂ ਆਇਆ ਹੈ। ਕੂਟਨੀਤਕ ਸਫ਼ਲਤਾ ਦੀ ਸੰਭਾਵਨਾ ਨੇ ਪੱਛਮੀ ਏਸ਼ੀਆ...
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਐਲਾਨ ਕਿ ਵਾਸ਼ਿੰਗਟਨ ਅਤੇ ਇਰਾਨ ਨੇ ਗੱਲਬਾਤ ਮੁੜ ਸ਼ੁਰੂ ਕਰ ਦਿੱਤੀ ਹੈ, ਹਫ਼ਤਿਆਂ ਦੇ ਫ਼ੌਜੀ ਹਮਲਿਆਂ ਅਤੇ ਜਵਾਬੀ ਹਮਲਿਆਂ ਤੋਂ ਬਾਅਦ ਰਾਹਤ ਦੇ ਸਵਾਗਤਯੋਗ ਸੰਕੇਤ ਵਜੋਂ ਆਇਆ ਹੈ। ਕੂਟਨੀਤਕ ਸਫ਼ਲਤਾ ਦੀ ਸੰਭਾਵਨਾ ਨੇ ਪੱਛਮੀ ਏਸ਼ੀਆ ਵਿੱਚ ਦੁਸ਼ਮਣੀ ਘਟਾਉਣ ਦੀਆਂ ਉਮੀਦਾਂ ਫਿਲਹਾਲ ਵਧਾ ਦਿੱਤੀਆਂ ਹਨ। ਇਸ ਗੱਲ ਤੋਂ ਬਹੁਤੇ ਆਸਵੰਦ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਟਰੰਪ ਆਵੇਗ ’ਚ ਆ ਕੇ ਵੱਖ-ਵੱਖ ਸਮੇਂ ਵੱਖ-ਵੱਖ ਪੈਂਤੜੇ ਲੈਂਦੇ ਰਹਿੰਦੇ ਹਨ। ਹੁਣ ਅਮਰੀਕਾ ਨੇ ਦਬਾਅ ਨੂੰ ਘਟਾਉਂਦਿਆਂ ਹੋਰਮੁਜ਼ ਜਲਡਮਰੂ ਨੂੰ ਦੁਬਾਰਾ ਖੋਲ੍ਹਣ ਲਈ ਇਰਾਨ ਲਈ ਆਪਣੀ ਸਮਾਂ ਸੀਮਾ ਵਧਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਹੋਰਮੁਜ਼ ਜਲਡਮਰੂ ਕੌਮਾਂਤਰੀ ਸ਼ਿਪਿੰਗ ਲਈ ਅਹਿਮ ਹੋਣ ਕਰਕੇ ਜੰਗ ਰੋਕਣ ਦੀ ਦਿਸ਼ਾ ਵਿੱਚ ਹੋਰ ਮੁਲਕਾਂ ਤੋਂ ਅਮਰੀਕਾ ਅਤੇ ਇਜ਼ਰਾਈਲ ’ਤੇ ਦਬਾਅ ਪੁਆਉਣ ਲਈ ਇਰਾਨ ਵਾਸਤੇ ਬਹੁਤ ਮਹੱਤਵਪੂਰਨ ਹੈ। ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ, ਇਰਾਨੀ ਪਾਵਰ ਪਲਾਂਟਾਂ ’ਤੇ ਹਮਲਾ ਕਰਨ ਦੀ ਆਪਣੀ ਧਮਕੀ ਨੂੰ ਪੰਜ ਦਿਨਾਂ ਲਈ ਮੁਲਤਵੀ ਕਰ ਦੇਵੇਗਾ। ਇਹ ਨਰਮ ਰੁਖ਼ ਊਰਜਾ ਬੁਨਿਆਦੀ ਢਾਂਚੇ ਦੇ ਸਬੰਧ ਵਿੱਚ ਅਮਰੀਕਾ ਅਤੇ ਇਰਾਨ ਵਿਚਕਾਰ ਇੱਕ-ਦੂਜੇ ਨੂੰ ਧਮਕੀਆਂ ਦੇਣ ਮਗਰੋਂ ਸਾਹਮਣੇ ਆਇਆ ਹੈ। ਜੇਕਰ ਤਣਾਅ ਹੋਰ ਵਧਦਾ ਹੈ ਤਾਂ ਇਸ ਖਿੱਤੇ ਅਤੇ ਪੂਰੀ ਦੁਨੀਆ ਲਈ ਇਸ ਦੇ ਨਤੀਜੇ ਵਿਨਾਸ਼ਕਾਰੀ ਹੋ ਸਕਦੇ ਹਨ।
ਅਮਰੀਕੀ ਰਾਸ਼ਟਰਪਤੀ ਨੇ ਦੱਸਿਆ ਕਿ ਉਨ੍ਹਾਂ ਦੇ ਮੱਧ ਪੂਰਬ ਦੇ ਸਫ਼ੀਰ ਸਟੀਵ ਵਿਟਕੌਫ ਅਤੇ ਨਜ਼ਦੀਕੀ ਸਹਿਯੋਗੀ ਜੈਰੇਡ ਕੁਸ਼ਨਰ ‘ਇੱਕ ਉੱਚ ਇਰਾਨੀ ਅਧਿਕਾਰੀ’ ਨਾਲ ਗੱਲਬਾਤ ਵਿੱਚ ਰੁੱਝੇ ਹੋਏ ਹਨ। ਹਾਲਾਂਕਿ, ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਟਰੰਪ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਕਿ ਵਾਸ਼ਿੰਗਟਨ ਅਤੇ ਤਹਿਰਾਨ ਵਿਚਕਾਰ ਇਸ ਸਮੇਂ ਗੱਲਬਾਤ ਚੱਲ ਰਹੀ ਹੈ। ਇਰਾਨੀ ਮੰਤਰਾਲੇ ਨੇ ਟਰੰਪ ਦੀਆਂ ਟਿੱਪਣੀਆਂ ਨੂੰ ਹੋਰ ਅਮਰੀਕੀ ਫ਼ੌਜੀ ਕਾਰਵਾਈਆਂ ਲਈ ਸਮਾਂ ਲੈਣ ਅਤੇ ਟਕਰਾਅ ਕਾਰਨ ਵਧਦੀਆਂ ਕੀਮਤਾਂ ਦਰਮਿਆਨ ਊਰਜਾ ਬਾਜ਼ਾਰਾਂ ’ਤੇ ਪੈਣ ਵਾਲੇ ਮਾੜੇ ਅਸਰ ਨੂੰ ਰੋਕਣ ਦੀ ਕੋਸ਼ਿਸ਼ ਵਜੋਂ ਦਰਸਾਇਆ ਹੈ।
ਬੇਭਰੋਸਗੀ, ਬਦਲਦੇ ਰੁਖ਼ ਅਤੇ ਕਮਜ਼ੋਰ ਵਚਨਬੱਧਤਾਵਾਂ ਅਮਰੀਕਾ-ਇਰਾਨ ਸਬੰਧਾਂ ਦੀ ਵਿਸ਼ੇਸ਼ਤਾ ਹੈ। ਟਰੰਪ ਦੀ ਇਸ ਬਾਰੇ ਵਿਸਤਾਰ ਸਹਿਤ ਖੁਲਾਸੇ ਕਰਨ ਵਿੱਚ ਅਸਫ਼ਲਤਾ ਦੋ ਮੁੱਖ ਸਵਾਲ ਖੜ੍ਹੇ ਕਰਦੀ ਹੈ: ਕੀ ਮੌਜੂਦਾ ਗੱਲਬਾਤ ਤਣਾਅ ਘਟਾਉਣ ਵੱਲ ਇੱਕ ਠੋਸ ਕਦਮ ਹੈ ਜਾਂ ਸਿਰਫ਼ ਰਾਜਨੀਤਿਕ ਅਤੇ ਫ਼ੌਜੀ ਦਬਾਅ ਦੁਆਰਾ ਸੰਚਾਲਿਤ ਇੱਕ ਰਣਨੀਤਕ ਵਿਰਾਮ? ਅਤੇ ਇਜ਼ਰਾਈਲ ਇਸ ਦਿਸ਼ਾ ਵਿੱਚ ਕੀ ਭੂਮਿਕਾ ਨਿਭਾਉਂਦਾ ਹੈ? ਅਜਿਹੇ ਗੁੰਝਲਦਾਰ ਵਿਵਾਦ, ਜਿਨ੍ਹਾਂ ਦੀਆਂ ਜੜ੍ਹਾਂ ਦਹਾਕਿਆਂ ਦੀ ਦੁਸ਼ਮਣੀ ਵਿੱਚ ਪਈਆਂ ਹੋਣ, ਘੱਟ ਹੀ ਤੇਜ਼ੀ ਨਾਲ ਹੱਲ ਕੀਤੇ ਜਾ ਸਕਦੇ ਹਨ। ਜੇਕਰ ਗੱਲਬਾਤ ਰੁਕ ਜਾਂ ਟੁੱਟ ਜਾਂਦੀ ਹੈ ਤਾਂ ਬਹੁਤ ਜ਼ਿਆਦਾ ਵਾਅਦੇ ਕਰਨ ਨਾਲ ਟਰੰਪ ਦੀ ਭਰੋਸੇਯੋਗਤਾ ਨੂੰ ਖੋਰਾ ਲੱਗ ਸਕਦਾ ਹੈ। ਇਹ ਯਕੀਨੀ ਬਣਾਉਣ ਲਈ ਸਪੱਸ਼ਟਤਾ ਅਤੇ ਪਾਰਦਰਸ਼ਤਾ ਬੇਹੱਦ ਜ਼ਰੂਰੀ ਹੈ ਕਿ ਨਵੀਂ ਕੂਟਨੀਤਕ ਗੱਲਬਾਤ ਜ਼ਮੀਨੀ ਪੱਧਰ ’ਤੇ ਠੋਸ ਤਬਦੀਲੀ ਲਿਆ ਸਕਦੀ ਹੈ।

