DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਟਰੰਪ-ਸ਼ੀ ਗੱਲਬਾਤ ਤੇ ਚੁਣੌਤੀਆਂ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਇਆ ਵਾਸ਼ਿੰਗਟਨ ਸੰਮੇਲਨ ਸ਼ਾਨਦਾਰ ਜ਼ਰੂਰ ਸੀ, ਪਰ ਇਸ ਵਿੱਚ ਕੋਈ ਬਹੁਤ ਵੱਡੇ ਠੋਸ ਨਤੀਜੇ ਸਾਹਮਣੇ ਨਹੀਂ ਆਏ। ਸ਼ਾਨੋ-ਸ਼ੌਕਤ ਅਤੇ ਦਿਖਾਵੇ ਭਰੀ ਇਹ ਮੀਟਿੰਗ ਉਜਾਗਰ ਕਰਦੀ ਹੈ ਕਿ ਦੁਨੀਆ ਦੀਆਂ...

  • fb
  • twitter
  • whatsapp
  • whatsapp
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਇਆ ਵਾਸ਼ਿੰਗਟਨ ਸੰਮੇਲਨ ਸ਼ਾਨਦਾਰ ਜ਼ਰੂਰ ਸੀ, ਪਰ ਇਸ ਵਿੱਚ ਕੋਈ ਬਹੁਤ ਵੱਡੇ ਠੋਸ ਨਤੀਜੇ ਸਾਹਮਣੇ ਨਹੀਂ ਆਏ। ਸ਼ਾਨੋ-ਸ਼ੌਕਤ ਅਤੇ ਦਿਖਾਵੇ ਭਰੀ ਇਹ ਮੀਟਿੰਗ ਉਜਾਗਰ ਕਰਦੀ ਹੈ ਕਿ ਦੁਨੀਆ ਦੀਆਂ ਇਹ ਦੋਵੇਂ ਸਭ ਤੋਂ ਵੱਡੀਆਂ ਅਰਥ-ਵਿਵਸਥਾਵਾਂ ਆਪਸ ਵਿੱਚ ਕਿੰਨੀਆਂ ਡੂੰਘੀਆਂ ਜੁੜੀਆਂ ਹੋਈਆਂ ਹਨ ਅਤੇ ਨਾਲ ਹੀ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਇਨ੍ਹਾਂ ਵਿੱਚ ਕਿੰਨਾ ਡੂੰਘਾ ਪਾੜਾ ਵੀ ਹੈ। ਇਸ ਦਾ ਸਭ ਤੋਂ ਸਪੱਸ਼ਟ ਨਤੀਜਾ ਉਨ੍ਹਾਂ ਵੱਲੋਂ ਵਪਾਰਕ ਜੰਗਬੰਦੀ ਨੂੰ ਦੋ ਮਹੀਨੇ ਹੋਰ ਵਧਾਉਣਾ ਰਿਹਾ ਹੈ। ਦੋਵਾਂ ਨੇ ਆਪਸੀ ਸਮਝੌਤੇ ਲਈ ਦੋ ਮਹੀਨੇ ਹੋਰ ਵਧਾ ਲਏ ਹਨ, ਪਰ ਮੂਲ ਵਿਵਾਦ ਜਿਉਂ ਦੇ ਤਿਉਂ ਹਨ, ਜਿਵੇਂ ਕਿ ਦਰਾਮਦੀ ਡਿਊਟੀ (ਟੈਰਿਫ), ਚੀਨ ਵੱਲੋਂ ਅਮਰੀਕੀ ਵਸਤਾਂ ਦੀ ਖ਼ਰੀਦ, ਦੁਰਲੱਭ ਖਣਿਜਾਂ (ਰੇਅਰ-ਅਰਥ ਮੈਟੀਰੀਅਲਜ਼) ਦੀ ਸਪਲਾਈ ਅਤੇ ਉੱਨਤ ਤਕਨਾਲੋਜੀ ਉੱਤੇ ਅਮਰੀਕਾ ਦੀਆਂ ਪਾਬੰਦੀਆਂ। ਕਾਰੋਬਾਰੀਆਂ ਅਤੇ ਉਦਯੋਗਾਂ ਲਈ ਥੋੜ੍ਹੇ ਸਮੇਂ ਦੀ ਰਾਹਤ ਕਿਸੇ ਪੱਕੇ ਅਤੇ ਲੰਮੇ ਸਮੇਂ ਦੇ ਹੱਲ ਦਾ ਬਦਲ ਨਹੀਂ ਹੋ ਸਕਦੀ।

ਇਸ ਸੰਮੇਲਨ ਦੇ ਪ੍ਰਤੀਕਾਤਮਕ ਪੱਖ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਿਲ ਸੀ। ਟਰੰਪ ਨੇ ਮਾਣ ਨਾਲ ਵ੍ਹਾਈਟ ਹਾਊਸ ਕੰਪਲੈਕਸ ਦੇ ਨਵੀਨੀਕਰਨ ਦੀ ਝਲਕ ਦਿਖਾਈ ਅਤੇ ਰਾਤ ਦੀ ਇੱਕ ਸ਼ਾਨਦਾਰ ਦਾਅਵਤ ਦਾ ਆਯੋਜਨ ਕੀਤਾ। ਤਾਇਵਾਨ ਦੇ ਮਸਲੇ ’ਤੇ ਦੋਵਾਂ ਧਿਰਾਂ ਦਾ ਬਹੁਤ ਕੁਝ ਦਾਅ ’ਤੇ ਲੱਗਿਆ ਹੋਇਆ ਹੈ ਤੇ ਇਹ ਗੱਲ ਸਮਝ ਵੀ ਆਉਂਦੀ ਹੈ। ਸ਼ੀ ਨੇ ਵਾਸ਼ਿੰਗਟਨ ਨੂੰ ਤਾਇਵਾਨ ਦੀ ਆਜ਼ਾਦੀ ਦਾ ਵਿਰੋਧ ਕਰਨ ਅਤੇ ਇਸ ਮਸਲੇ ਨੂੰ ਪੇਈਚਿੰਗ ਦੀ ਸ਼ਬਦਾਵਲੀ ਵਿੱਚ ‘ਸੂਝ-ਬੂਝ’ ਨਾਲ ਨਜਿੱਠਣ ਦੀ ਤਾਕੀਦ ਕੀਤੀ। ਅਮਰੀਕਾ ਲੰਮੇ ਸਮੇਂ ਤੋਂ ਇਸ ਮਾਮਲੇ ਵਿੱਚ ਦੁਬਿਧਾ ਵਾਲੀ ਸਥਿਤੀ ’ਚ ਰਿਹਾ ਹੈ, ਉਹ ਤਾਇਵਾਨ ਨੂੰ ਆਪਣੀ ਰੱਖਿਆ ਆਪ ਕਰਨ ਦੇ ਸਮਰੱਥ ਤਾਂ ਬਣਾਉਂਦਾ ਹੈ, ਪਰ ਇਸ ਦੀ ਪ੍ਰਭੂਸੱਤਾ ਨੂੰ ਰਸਮੀ ਤੌਰ ’ਤੇ ਪ੍ਰਵਾਨ ਨਹੀਂ ਕਰਦਾ।

Advertisement

ਸ਼ੀ ਵੱਲੋਂ ‘ਥਿਊਸਿਡਿਡੀਸ ਟਰੈਪ’ (ਪੁਰਾਣੀ ਤੇ ਉੱਭਰ ਰਹੀ ਤਾਕਤ ਵਿਚਕਾਰ ਟਕਰਾਅ ਦਾ ਖ਼ਤਰਾ) ਦਾ ਹਵਾਲਾ ਦੇਣਾ ਵੱਡੀ ਰਣਨੀਤਕ ਚੁਣੌਤੀ ਨੂੰ ਉਜਾਗਰ ਕਰਦਾ ਹੈ। ਚੀਨੀ ਰਾਸ਼ਟਰਪਤੀ ਨੇ ਫ਼ੌਜੀ ਗੱਲਬਾਤ ਤੇ ਸੰਕਟ ਰੋਕਣ ਲਈ ਠੋਸ ਪ੍ਰਣਾਲੀਆਂ ਬਣਾਉਣ ’ਤੇ ਜ਼ੋਰ ਦਿੱਤਾ। ਅਜਿਹੀਆਂ ਪਹਿਲਕਦਮੀਆਂ ਇਸ ਲਈ ਅਹਿਮ ਹਨ ਕਿਉਂਕਿ ਵਾਸ਼ਿੰਗਟਨ ਤੇ ਪੇਈਚਿੰਗ ਦੇ ਮੱਤਭੇਦ ਅਰਥਚਾਰੇ ਤੋਂ ਇਲਾਵਾ ਸੁਰੱਖਿਆ ਤੇ ਤਕਨਾਲੋਜੀ ਤੱਕ ਫੈਲੇ ਹਨ। ਮਸਨੂਈ ਬੁੱਧੀ ਦੇ ਮਾਮਲੇ ’ਚ ਵੀ ਇਹ ਪਾੜਾ ਸਾਫ਼ ਦਿਸਦਾ ਹੈ। ਦਰਅਸਲ, ਜਿੱਥੇ ਟਰੰਪ ਪਾਬੰਦੀਆਂ ਤੋਂ ਬਚਣਾ ਚਾਹੁੰਦੇ ਹਨ, ਉੱਥੇ ਸ਼ੀ ਦਾ ਤਰਕ ਹੈ ਕਿ ਏ ਆਈ ਉੱਤੇ ਮਨੁੱਖੀ ਕੰਟਰੋਲ ਹੋਣਾ ਚਾਹੀਦਾ ਹੈ। ਇਹ ਵੱਖੋ-ਵੱਖਰੇ ਰੁਖ਼ ਦੱਸਦੇ ਹਨ ਕਿ ਇਸ ਖੇਤਰ ’ਚ ਸਹਿਯੋਗ ਮੁਸ਼ਕਿਲ ਹੋਵੇਗਾ। ਇਸ ਸੰਮੇਲਨ ਰਾਹੀਂ ਕੋਈ ਨਾਟਕੀ ਹੱਲ ਜਾਂ ਸਫ਼ਲਤਾ ਸਾਹਮਣੇ ਨਹੀਂ ਆਈ, ਪਰ ਇਸ ਦੀ ਅਸਲ ਅਹਿਮੀਅਤ ਇਸ ਵਿੱਚ ਹੈ ਕਿ ਕੀ ਵਾਸ਼ਿੰਗਟਨ ਤੇ ਪੇਈਚਿੰਗ ਇਸ ਲਗਾਤਾਰ ਚੱਲ ਰਹੀ ਗੱਲਬਾਤ ਨੂੰ ਵਿਹਾਰਕ ਸਥਿਰਤਾ ਵਿੱਚ ਬਦਲ ਸਕਦੇ ਹਨ ਜਾਂ ਨਹੀਂ? ਵਪਾਰਕ ਜੰਗਬੰਦੀ ਦੀ ਮਿਆਦ ਖ਼ਤਮ ਹੋ ਸਕਦੀ ਹੈ, ਤਕਨਾਲੋਜੀ ਦੀ ਦੌੜ ਹੋਰ ਤੇਜ਼ ਹੋ ਸਕਦੀ ਹੈ ਅਤੇ ਤਾਇਵਾਨ ਨੂੰ ਲੈ ਕੇ ਤਣਾਅ ਹੋਰ ਡੂੰਘਾ ਹੋ ਸਕਦਾ ਹੈ। ਅਸਲ ਔਖਾ ਅਤੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਕੰਮ ਮੁਕਾਬਲੇਬਾਜ਼ੀ ਨੂੰ ਆਹਮੋ-ਸਾਹਮਣੇ ਵਾਲੇ ਟਕਰਾਅ ਵਿੱਚ ਬਦਲਣ ਤੋਂ ਰੋਕਣਾ ਹੈ।

Advertisement

Advertisement
×