ਟਰੰਪ ਨੂੰ ਨੋਬੇਲ ਇਨਾਮ !

ਟਰੰਪ ਨੂੰ ਨੋਬੇਲ ਇਨਾਮ !

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੋਬੇਲ ਅਮਨ ਇਨਾਮ ਲਈ ਨਾਮਜ਼ਦ ਕਰਨ ਨੇ ਬਹੁਤ ਲੋਕਾਂ ਨੂੰ ਹੈਰਾਨੀ ਵਿਚ ਪਾ ਦਿੱਤਾ। ਟਰੰਪ ਨੂੰ ਸੂਝਵਾਨ ਸਿਆਸਤ, ਕੌਮਾਂਤਰੀ ਰਿਸ਼ਤਿਆਂ ਦੀ ਸਮਝ ਜਾਂ ਦੇਸ਼ ਦੇ ਮਸਲਿਆਂ ਬਾਰੇ ਗੰਭੀਰ ਸੋਚ ਰੱਖਣ ਵਾਸਤੇ ਨਹੀਂ ਸਗੋਂ ਨਸਲਵਾਦ ਨੂੰ ਵਧਾਉਣ, ਪਰਵਾਸੀ       ਵਿਰੋਧੀ, ਸਰਮਾਏਦਾਰ-ਪੱਖੀ ਅਤੇ ਬਿਨਾ ਸੋਚੇ ਸਮਝੇ ਬਿਆਨ ਦੇਣ ਵਾਲੇ ਸਿਆਸਤਦਾਨ  ਵਜੋਂ ਜਾਣਿਆ ਜਾਂਦਾ ਹੈ। ਉਸ ਨੂੰ ਇਸਰਾਈਲ ਅਤੇ ਸੰਯੁਕਤ ਅਰਬ ਅਮੀਰਾਤ (United Arab Emirates-ਯੂਏਈ) ਵਿਚਕਾਰ ਹੋਏ ਅਮਨ ਸਮਝੌਤੇ ਦੌਰਾਨ ਉਸ ਦੀ ਭੂਮਿਕਾ      ਲਈ ਨਾਮਜ਼ਦ ਕੀਤਾ ਗਿਆ ਹੈ। 

ਡੋਨਲਡ ਟਰੰਪ ਨੂੰ ਨਾਰਵੇ ਦੀ ਸੰਸਦ ਦੇ ਮੈਂਬਰ ਕ੍ਰਿਸਚੀਅਨ ਟਿਬਰਿੰਗ-ਯੇਦੇ (Christian Tybringh-Gyedde) ਨੇ ਨਾਮਜ਼ਦ ਕੀਤਾ ਹੈ। ਉਹ 2010 ਤੋਂ 2014 ਤਕ ਆਪਣੇ ਦੇਸ਼ ਦੀ ਪ੍ਰੋਗਰੈਸ ਪਾਰਟੀ ਦਾ ਆਗੂ ਰਿਹਾ ਹੈ ਅਤੇ ਆਪਣੇ ਪਰਵਾਸੀ ਵਿਰੋਧੀ ਵਿਚਾਰਾਂ ਅਤੇ ਖ਼ਾਸ ਕਰ ਕੇ ਮੁਸਲਮਾਨ ਪਰਵਾਸੀਆਂ ਦਾ ਵਿਰੋਧ ਕਰਨ ਲਈ ਜਾਣਿਆ ਜਾਂਦਾ ਹੈ। ਕ੍ਰਿਸਚੀਅਨ ਟਿਬਰਿੰਗ ਅਤੇ ਨਾਰਵੇ ਦੇ 2 ਹੋਰ ਸੰਸਦ ਮੈਂਬਰਾਂ ਨੇ 2018 ਵਿਚ ਵੀ ਟਰੰਪ ਨੂੰ ਉੱਤਰੀ ਅਤੇ ਦੱਖਣੀ ਕੋਰੀਆ ਵਿਚਕਾਰ ਸੁਲਾਹ ਸਫ਼ਾਈ ਕਰਾਉਣ ਦੇ ਯਤਨਾਂ ਲਈ ਨੋਬੇਲ ਅਮਨ ਇਨਾਮ ਲਈ ਵੀ ਨਾਮਜ਼ਦ ਕੀਤਾ ਸੀ। ਟਿਬਰਿੰਗ ਅਜਿਹੇ ਬਿਆਨ ਆਮ ਦਿੰਦਾ ਰਹਿੰਦਾ ਹੈ ਕਿ ਜੇ ਨਾਰਵੇ ਨੇ ਪਰਵਾਸੀਆਂ ਦੇ ਆਉਣ ’ਤੇ ਪਾਬੰਦੀ ਨਾ ਲਾਈ ਤਾਂ ਨਾਰਵੇ ਦਾ ਰਾਸ਼ਟਰੀ ਕਿਰਦਾਰ ਖ਼ਤਰੇ ਵਿਚ ਪੈ ਜਾਵੇਗਾ। ਉਹ ਵਾਤਾਵਰਨ ਨੂੰ ਬਚਾਉਣ ਦੇ ਹੱਕ ਵਿਚ ਅੰਦੋਲਨ ਕਰਨ ਵਾਲਿਆਂ ਦੇ ਵੀ ਵਿਰੁੱਧ ਹੈ। ਨਿਸ਼ਚੇ ਹੀ ਉਸ ਦੇ ਅਤੇ ਟਰੰਪ ਦੇ ਵਿਚਾਰ ਮਿਲਦੇ ਜੁਲਦੇ ਹਨ।

ਇਸ ਨਾਮਜ਼ਦਗੀ ਦਾ ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਵੱਡੇ ਪੱਧਰ ’ਤੇ ਵਿਰੋਧ ਹੋਇਆ ਹੈ। ਸੋਸ਼ਲ ਮੀਡੀਆ ਤੇ ਲੋਕਾਂ ਨੇ ਕਿਹਾ ਹੈ ਕਿ ਉਹ ਸ਼ਖ਼ਸ ਜਿਹੜਾ ਆਪਣੇ ਦੇਸ਼ ਵਿਚ ਗ੍ਰਹਿ-ਯੁੱਧ ਵਰਗੇ ਹਾਲਾਤ ਪੈਦਾ ਕਰ ਰਿਹਾ ਹੋਵੇ, ਨੂੰ ਨੋਬੇਲ ਅਮਨ ਇਨਾਮ ਲਈ ਨਾਮਜ਼ਦ ਕਰਨਾ ਕਿਸੇ ਬਿਮਾਰ ਮਾਨਸਿਕਤਾ ਵਾਲੇ ਵਿਅਕਤੀ ਦੀ ਹੀ ਸੋਚ ਦਾ ਨਤੀਜਾ ਹੋ ਸਕਦਾ ਹੈ। ਪਿਛਲੇ ਕੁਝ ਮਹੀਨਿਆਂ ਵਿਚ ਸਿਆਹਫ਼ਾਮ ਲੋਕਾਂ ਦੁਆਰਾ ਕੀਤੇ ਮੁਜ਼ਾਹਰਿਆਂ ਦੌਰਾਨ ਟਰੰਪ ਦਾ ਨਸਲਵਾਦੀ ਚਿਹਰਾ ਸਾਹਮਣੇ ਆਇਆ ਹੈ। ਉਹ ਪਰਵਾਸੀਆਂ ਦਾ ਹਮੇਸ਼ਾਂ ਵਿਰੋਧੀ ਰਿਹਾ ਹੈ ਅਤੇ ਉਸ ਨੇ ਉਨ੍ਹਾਂ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹਨ। ਉਸ ਦੇ ਰਾਜਕਾਲ ਵਿਚ ਮੁਸਲਮਾਨ ਪਰਵਾਸੀਆਂ ਨੂੰ ਖ਼ਾਸ ਕਰ ਕੇ ਨਿਸ਼ਾਨਾ ਬਣਾਇਆ ਅਤੇ ਫ਼ਲਸਤੀਨੀਆਂ ਦੀਆਂ ਭਾਵਨਾਵਾਂ ਦਾ ਨਿਰਾਦਰ ਕਰਦੇ ਹੋਏ ਇਸਰਾਈਲ ਦੇ ਹਿੱਤਾਂ ਨੂੰ ਤਰਜੀਹ ਦਿੱਤੀ ਗਈ। ਕੋਵਿਡ-19 ਦੀ ਮਹਾਮਾਰੀ ਦੌਰਾਨ ਉਸ ਦੀਆਂ ਕਾਰਵਾਈਆਂ ਤੇ ਵਿਹਾਰ ਗ਼ੈਰ-ਜ਼ਿੰਮੇਵਾਰਾਨਾ ਰਹੇ ਹਨ। ਟਰੰਪ ਨੇ ਵਾਤਾਵਰਨ ਨੂੰ ਬਚਾਉਣ ਲਈ ਕੀਤੇ ਸਮਝੌਤਿਆਂ ਤੋਂ ਮੂੰਹ ਮੋੜਿਆ ਹੈ ਅਤੇ ਵਿਸ਼ਵ ਸਿਹਤ ਸੰਗਠਨ (World Health Organisation-ਡਬਲਿਊਐੱਚਓ) ਅਤੇ ਸੰਯੁਕਤ ਰਾਸ਼ਟਰ (ਯੂਐੱਨਓ) ਦੀਆਂ ਹੋਰ ਸੰਸਥਾਵਾਂ ਦਾ ਤ੍ਰਿਸਕਾਰ ਕੀਤਾ ਹੈ। ਉਸ ਦੇ ਸਲਾਹਕਾਰ ਹੌਲੀ ਹੌਲੀ ਕਰ ਕੇ ਉਸ ਨੂੰ ਛੱਡਦੇ ਗਏ ਹਨ ਅਤੇ ਉਸ ’ਤੇ ਸਰਕਾਰੀ ਸੰਸਥਾਵਾਂ ਵਿਚ ਗ਼ੈਰ-ਜ਼ਰੂਰੀ ਦਖ਼ਲਅੰਦਾਜ਼ੀ ਕਰਨ ਦੇ ਦੋਸ਼ ਵੀ ਲੱਗੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਨੋਬੇਲ ਇਨਾਮ ਵੀ ਕਈ ਵਾਰ ਸਿਆਸਤ ਤੋਂ ਪ੍ਰੇਰਿਤ ਹੁੰਦੇ ਹਨ ਅਤੇ ਵਿਵਾਦਾਂ ਦੇ ਘੇਰੇ ਵਿਚ ਰਹੇ ਹਨ। ਕਈ ਵਾਰ ਉਨ੍ਹਾਂ ਵਿਅਕਤੀਆਂ, ਜਿਨ੍ਹਾਂ ਨੂੰ ਇਸ ਇਨਾਮ ਦਾ ਹੱਕਦਾਰ ਸਮਝਿਆ ਜਾਂਦਾ ਸੀ, ਨੂੰ ਇਹ ਇਨਾਮ ਨਹੀਂ ਦਿੱਤੇ ਗਏ। ਇਸ ਸਭ ਕੁਝ ਦੇ ਬਾਵਜੂਦ ਨੋਬੇਲ ਇਨਾਮਾਂ ਦੀ ਆਪਣੀ ਸ਼ਖ਼ਸੀਅਤ ਅਤੇ ਮਹੱਤਵ ਹੈ ਅਤੇ ਟਰੰਪ ਨੂੰ ਇਸ ਇਨਾਮ ਲਈ ਨਾਮਜ਼ਦ ਕਰਨਾ ਨੋਬੇਲ ਇਨਾਮਾਂ ਦੀ ਭਾਵਨਾ ਦੇ ਵਿਰੁੱਧ ਜਾਂਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All