ਰੇਲਾਂ ਦੀ ਦੇਰੀ
ਭਾਰਤੀ ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਅਕਸਰ ਤਰੱਕੀ ਅਤੇ ਆਧੁਨਿਕੀਕਰਨ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਜਾਂਦਾ ਹੈ: ਰਿਕਾਰਡ ਬਜਟ ਵੰਡ, ਤੇਜ਼ ਰਫ਼ਤਾਰ ਵਾਲੀਆਂ ਰੇਲਗੱਡੀਆਂ, ਲਗਪਗ ਸਾਰੀਆਂ ਰੇਲਾਂ ਦਾ ਬਿਜਲਈਕਰਨ ਅਤੇ ਤੇਜ਼ੀ ਨਾਲ ਰੇਲਵੇ ਟਰੈਕਾਂ ਦਾ ਵਿਸਥਾਰ। ਇਸ ਸ਼ਾਨਦਾਰ ਬਿਰਤਾਂਤ ਦਾ...
ਭਾਰਤੀ ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਅਕਸਰ ਤਰੱਕੀ ਅਤੇ ਆਧੁਨਿਕੀਕਰਨ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਜਾਂਦਾ ਹੈ: ਰਿਕਾਰਡ ਬਜਟ ਵੰਡ, ਤੇਜ਼ ਰਫ਼ਤਾਰ ਵਾਲੀਆਂ ਰੇਲਗੱਡੀਆਂ, ਲਗਪਗ ਸਾਰੀਆਂ ਰੇਲਾਂ ਦਾ ਬਿਜਲਈਕਰਨ ਅਤੇ ਤੇਜ਼ੀ ਨਾਲ ਰੇਲਵੇ ਟਰੈਕਾਂ ਦਾ ਵਿਸਥਾਰ। ਇਸ ਸ਼ਾਨਦਾਰ ਬਿਰਤਾਂਤ ਦਾ ਇੱਕ ਗੰਭੀਰ ਪੱਖ ਵੀ ਹੈ। ਸੰਸਦੀ ਲੋਕ ਲੇਖਾ ਕਮੇਟੀ (ਪਬਲਿਕ ਅਕਾਊਂਟਸ ਕਮੇਟੀ) ਦੀ ਰਿਪੋਰਟ ਅਨੁਸਾਰ ਸਮੇਂ ਦੀ ਪਾਬੰਦੀ ਦੇ ਪੱਖ ਤੋਂ ਰੇਲ ਸੇਵਾ ਵਿੱਚ ਵੱਡੇ ਪੱਧਰ ’ਤੇ ਨਿਘਾਰ ਦਰਜ ਕੀਤਾ ਗਿਆ ਹੈ। 2021-22 ਵਿੱਚ 90 ਫ਼ੀਸਦੀ ਰੇਲਾਂ ਸਮੇਂ ’ਤੇ ਪਹੁੰਚ ਰਹੀਆਂ ਸਨ, ਜਿਸ ਦੇ ਮੁਕਾਬਲੇ 2023-24 ਵਿੱਚ ਇਹ ਅੰਕੜਾ ਘਟ ਕੇ 73.62 ਫ਼ੀਸਦੀ ਰਹਿ ਗਿਆ ਹੈ। ਉਤਸ਼ਾਹੀ ਟੀਚਿਆਂ ਸਾਹਮਣੇ ਯਾਤਰੀਆਂ ਦੇ ਰੋਜ਼ਾਨਾ ਤਜਰਬਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਪੀ ਏ ਸੀ ਨੇ ਰੇਲਵੇ ਵਿਭਾਗ ਵੱਲੋਂ ਸਮੇਂ ਦੀ ਪਾਬੰਦੀ ਨੂੰ ਮਾਪਣ ਸਬੰਧੀ ਵਰਤੇ ਜਾਂਦੇ ਤਰੀਕੇ ’ਤੇ ਵੀ ਸਵਾਲ ਉਠਾਇਆ ਹੈ। ਸਿਰਫ਼ ਆਖ਼ਰੀ ਸਟੇਸ਼ਨਾਂ ’ਤੇ ਸਮੇਂ ਸਿਰ ਪਹੁੰਚਣ ਨੂੰ ਸਮੇਂ ਦੀ ਪਾਬੰਦੀ ਗਿਣਨਾ ਅਤੇ 15 ਮਿੰਟਾਂ ਦੀ ਦੇਰੀ ਦੀ ਛੋਟ ਦੇਣਾ ਇੱਕ ਗੁਮਰਾਹਕੁਨ ਤਸਵੀਰ ਪੇਸ਼ ਕਰਦੇ ਹਨ। ਜਪਾਨ ਦਾ ‘ਹਰ ਸਕਿੰਟ ਅਹਿਮ ਹੈ’ ਵਰਗਾ ਵਿਸ਼ਵ ਪੱਧਰੀ ਮਾਣਕ ਇਹ ਦਰਸਾਉਂਦਾ ਹੈ ਕਿ ਭਾਰਤ ਨੇ ਆਪਣੇ ਮਿਆਰ ਕਿੰਨੇ ਨੀਵੇਂ ਕਰ ਲਏ ਹਨ। ਰਾਹ ਵਿੱਚ ਹੋਣ ਵਾਲੀ ਦੇਰੀ ਨੂੰ ਲੁਕਾਉਣ ਵਾਲੀ ਪ੍ਰਣਾਲੀ ਲਾਪਰਵਾਹੀ ਨੂੰ ਹੱਲਾਸ਼ੇਰੀ ਦਿੰਦੀ ਹੈ।
ਨਿਵੇਸ਼ ਦੇ ਪੈਮਾਨੇ ਦੇ ਮੱਦੇਨਜ਼ਰ ਇਹ ਨਿਘਾਰ ਸਪੱਸ਼ਟ ਰੂਪ ਵਿੱਚ ਦਿਖਾਈ ਦਿੰਦਾ ਹੈ। ਕੇਂਦਰੀ ਬਜਟ ਵਿੱਚ ਲਗਪਗ 2.77 ਲੱਖ ਕਰੋੜ ਰੁਪਏ ਦੀ ਰਿਕਾਰਡ ਵੰਡ ਅਤੇ ਆਰਥਿਕ ਸਰਵੇਖਣ ਵਿੱਚ 2014 ਤੋਂ ਬਾਅਦ ਰੇਲਵੇ ਟਰੈਕਾਂ ਦੀ ਲੰਬਾਈ ਵਧ ਕੇ ਦੁੱਗਣੀ ਹੋਣ ਦੇ ਅੰਕੜੇ ਰੇਲਵੇ ਦੇ ਵਿਕਾਸ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਨ। ਮਾਲ ਦੀ ਢੋਆ-ਢੁਆਈ ਦੇ ਕੌਰੀਡੋਰ (Dedicated freight corridors), ਬੁਲੇਟ ਟ੍ਰੇਨ ਪ੍ਰਾਜੈਕਟ ਅਤੇ ਅੰਮ੍ਰਿਤ ਭਾਰਤ ਯੋਜਨਾ ਤਹਿਤ ਸਟੇਸ਼ਨਾਂ ਦੇ ਮੁੜ ਵਿਕਾਸ ਨਾਲ ਰੇਲਵੇ ਵਿਕਾਸ ਦੇ ਮਿਆਰ ਸੁਧਾਰਨ ਦੀਆਂ ਕੋਸ਼ਿਸ਼ਾਂ ਤਾਂ ਸਹੀ ਦਿਸ਼ਾ ਵਿੱਚ ਹਨ, ਪਰ ਸਿਰਫ਼ ਬੁਨਿਆਦੀ ਢਾਂਚੇ ਨਾਲ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਮਿਲਦੀ। ‘ਮਿਸ਼ਨ ਰਫ਼ਤਾਰ’ ਦੀਆਂ ਮਾਮੂਲੀ ਉਪਲੱਬਧੀਆਂ, ਜੋ ਰਫ਼ਤਾਰ ਨੂੰ ਲੈ ਕੇ ਇਸ ਦੇ ਮਿੱਥੇ ਟੀਚਿਆਂ ਨਾਲੋਂ ਕਿਤੇ ਘੱਟ ਹਨ, ਜ਼ੋਨਲ ਰੇਲਵੇ ਵਿੱਚ ਤਾਲਮੇਲ ਸਬੰਧੀ ਇਸ ਦੀਆਂ ਅਸਫ਼ਲਤਾਵਾਂ ਨੂੰ ਉਜਾਗਰ ਕਰਦੀਆਂ ਹਨ। ਪੀ ਏ ਸੀ ਦਾ ਕਹਿਣਾ ਕਿ ਦੇਰੀ ਦੇ 33 ਕਾਰਨਾਂ ਵਿੱਚੋਂ 27 ਰੇਲਵੇ ਵੱਲੋਂ ਨਿਯੰਤਰਿਤ ਕੀਤੇ ਜਾ ਸਕਦੇ ਹਨ, ਵਿਸ਼ੇਸ਼ ਤੌਰ ’ਤੇ ਫ਼ਿਕਰ ’ਚ ਪਾਉਣ ਵਾਲੀ ਗੱਲ ਹੈ।
ਅੱਗੇ ਵਧਣ ਦਾ ਰਾਹ ਸੁਰਖ਼ੀਆਂ ਵਿੱਚ ਰਹਿਣ ਲਈ ਕੀਤੇ ਜਾਣ ਵਾਲੇ ਵਿਕਾਸ ਦੀ ਥਾਂ ਅਮਲੀ ਰੂਪ ਵਿੱਚ ਕਦਮ ਚੁੱਕਣ ਦੀ ਮੰਗ ਕਰਦਾ ਹੈ। ਸ਼ੁਰੂਆਤੀ, ਵਿਚਕਾਰਲੇ ਅਤੇ ਅੰਤਿਮ ਸਟੇਸ਼ਨਾਂ ’ਤੇ ਸਮੇਂ ਦੀ ਇਕਸਾਰ ਨਿਗਰਾਨੀ ਜ਼ਰੂਰੀ ਹੈ। ਅਤਿ-ਆਧੁਨਿਕ ਸਿਗਨਲ ਪ੍ਰਣਾਲੀ ਤੋਂ ਲੈ ਕੇ ਡੇਟਾ-ਸੰਚਾਲਿਤ ਦੇਰੀ ਪ੍ਰਬੰਧਨ ਤੱਕ, ਹਰ ਤਕਨੀਕੀ ਸਾਜ਼ੋ-ਸਾਮਾਨ ਪੂਰੀ ਜਵਾਬਦੇਹੀ ਨਾਲ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ। ਸੰਸਾਰ ਦੇ ਚੌਥੇ ਸਭ ਤੋਂ ਵੱਡੇ ਰੇਲਵੇ ਨੈੱਟਵਰਕ ਵਾਲੇ ਦੇਸ਼ ਸਾਹਮਣੇ ਚੁਣੌਤੀ ਸਿਰਫ਼ ਤੇਜ਼ ਰਫ਼ਤਾਰ, ਸੁਰੱਖਿਅਤ ਅਤੇ ਵਧੇਰੇ ਅਰਾਮਦਾਇਕ ਰੇਲਗੱਡੀਆਂ ਬਣਾਉਣ ਦੀ ਹੀ ਨਹੀਂ, ਸਗੋਂ ਉਨ੍ਹਾਂ ਨੂੰ ਸਮੇਂ ਸਿਰ ਚਲਾਉਣ ਦੀ ਵੀ ਹੈ।

