ਟੋਕੀਓ ਵਿਚ ਓਲੰਪਿਕ ਖੇਡਾਂ ਸ਼ੁਰੂ ਹੋ ਗਈਆਂ ਹਨ। ਇਹ ਖੇਡਾਂ 2020 ਵਿਚ ਹੋਣੀਆਂ ਸਨ ਪਰ ਕੋਵਿਡ-19 ਦੀ ਮਹਾਮਾਰੀ ਫੈਲਣ ਕਾਰਨ ਇਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਵੀ 23 ਜੁਲਾਈ ਤੋਂ 8 ਅਗਸਤ ਤਕ ਹੋ ਰਹੀਆਂ ਇਹ ਖੇਡਾਂ ਕੋਵਿਡ-19 ਦੇ ਪ੍ਰਛਾਵੇਂ ਹੇਠ ਹੀ ਕਰਾਈਆਂ ਜਾ ਰਹੀਆਂ ਹਨ। ਇਸ ਵਿਚ ਲਗਭਗ 11,500 ਖਿਡਾਰੀ ਹਿੱਸਾ ਲੈ ਰਹੇ ਹਨ ਜਦੋਂਕਿ ਪ੍ਰਬੰਧਕਾਂ, ਰੈਫ਼ਰੀਆਂ, ਅਖ਼ਬਾਰਾਂ ਤੇ ਟੈਲੀਵਿਜ਼ਨ ਚੈਨਲਾਂ ਦੇ ਪੱਤਰਕਾਰਾਂ, ਖੇਡ ਮੈਦਾਨਾਂ ਦੀ ਸਾਂਭ-ਸੰਭਾਲ ਕਰਨ ਵਾਲੇ ਅਮਲੇ ਤੇ ਹੋਰਨਾਂ ਦੀ ਗਿਣਤੀ ਲਗਭਗ 79,000 ਹੈ।
ਪੁਰਾਤਨ ਓਲੰਪਿਕ ਖੇਡਾਂ ਈਸਾ ਦੇ ਜਨਮ ਤੋਂ 776 ਪਹਿਲਾਂ ਤੋਂ ਲੈ ਕੇ 394 ਈਸਵੀ ਤਕ ਲਗਾਤਾਰ ਦੱਖਣ ਪੱਛਮੀ ਯੂਨਾਨ ਦੇ ਸ਼ਹਿਰ ਓਲੰਪੀਆ ਵਿਚ ਕਰਾਈਆਂ ਜਾਂਦੀਆਂ ਸਨ। ਕੁਝ ਇਤਿਹਾਸਕਾਰ ਇਸ ਦਾ ਜਨਮ 776 ਈਸਵੀ ਪੂਰਬ ਤੋਂ ਪਹਿਲਾਂ ਦਾ ਵੀ ਦੱਸਦੇ ਹਨ। ਪਹਿਲੀ ਓਲੰਪਿਕ ਵਿਚ ਸਿਰਫ਼ 192 ਮੀਟਰ ਦੀ ਦੌੜ ਹੋਈ ਜਿਸ ਵਿਚ ਕੋਰੋਬਿਸ (Coroebus) ਜੋ ਖਾਨਸਾਮਾ ਸੀ, ਨੇ ਜਿੱਤ ਪ੍ਰਾਪਤ ਕੀਤੀ। ਹੌਲੀ ਹੌਲੀ ਇਨ੍ਹਾਂ ਖੇਡਾਂ ਦੀ ਅਹਿਮੀਅਤ ਵਧਦੀ ਗਈ ਅਤੇ ਦੂਰ ਦੂਰ ਤੋਂ ਖਿਡਾਰੀ ਇਨ੍ਹਾਂ ਵਿਚ ਹਿੱਸਾ ਲੈਣ ਲਈ ਪਹੁੰਚਣ ਲੱਗੇ। ਔਰਤਾਂ ਇਨ੍ਹਾਂ ਖੇਡਾਂ ਵਿਚ ਹਿੱਸਾ ਨਹੀਂ ਸੀ ਲੈਂਦੀਆਂ ਅਤੇ ਵਿਆਹੀਆਂ ਔਰਤਾਂ ਨੂੰ ਖੇਡਾਂ ਵੇਖਣ ਦੀ ਇਜਾਜ਼ਤ ਨਹੀਂ ਸੀ। ਕੁਆਰੀਆਂ ਕੁੜੀਆਂ ਖੇਡਾਂ ਵੇਖਦੀਆਂ ਅਤੇ ਜੇਤੂਆਂ ਦੇ ਸਿਰ ’ਤੇ ਜੈਤੂਨ ਦੇ ਪੱਤਿਆਂ ਦੇ ਮੁਕਟ ਬੰਨ੍ਹਦੀਆਂ ਸਨ। ਖੇਡਾਂ ਦੇ ਨਾਲ ਨਾਲ ਧਾਰਮਿਕ ਰਸਮਾਂ ਵੀ ਹੁੰਦੀਆਂ ਜੋ ਮੁੱਖ ਤੌਰ ’ਤੇ ਜੀਊਸ (Zeus) ਦੇਵਤਾ ਨੂੰ ਸਮਰਪਿਤ ਸਨ ਅਤੇ ਯੂਨਾਨੀਆਂ ਦਾ ਮੰਨਣਾ ਸੀ ਕਿ ਇਹ ਖੇਡਾਂ ਜੀਊਸ ਦੇ ਪੁੱਤਰ ਹੇਰਾਕਲੀਸ ਨੇ ਸ਼ੁਰੂ ਕਰਾਈਆਂ ਸਨ ਅਤੇ ਪਹਿਲਾਂ ਪਹਿਲਾਂ ਦੇਵਤੇ ਵੀ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਂਦੇ ਸਨ। ਇਹ ਖੇਡਾਂ ਖਿਡਾਰੀਆਂ ਦੇ ਨਿੱਜੀ ਬਲ ਤੇ ਫੁਰਤੀ ਦਾ ਪ੍ਰਦਰਸ਼ਨ ਹੁੰਦੀਆਂ ਸਨ ਕਿਉਂਕਿ ਇਨ੍ਹਾਂ ਵਿਚ ਕੋਈ ਟੀਮਾਂ ਹਿੱਸਾ ਨਹੀਂ ਸਨ ਲੈਂਦੀਆਂ। ਯੂਨਾਨ ਦੀਆਂ ਅੰਦਰੂਨੀ ਜੰਗਾਂ ਕਾਰਨ ਇਨ੍ਹਾਂ ਖੇਡਾਂ ਵਿਚ ਵਿਘਨ ਪਿਆ।
ਆਧੁਨਿਕ ਓਲੰਪਿਕ ਖੇਡਾਂ 1896 ਵਿਚ ਯੂਨਾਨ ਦੀ ਰਾਜਧਾਨੀ ਏਥਨਜ਼ ਵਿਚ ਸ਼ੁਰੂ ਹੋਈਆਂ ਅਤੇ ਪਹਿਲੀ ਓਲੰਪਿਕ ਵਿਚ 12 ਦੇਸ਼ਾਂ ਦੇ 1896 ਖਿਡਾਰੀਆਂ ਨੇ ਹਿੱਸਾ ਲਿਆ। 1994 ਤੋਂ ਗਰਮੀਆਂ ਤੇ ਸਰਦੀਆਂ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਨੂੰ ਵੱਖ ਵੱਖ ਕਰ ਦਿੱਤਾ ਗਿਆ। ਇਨ੍ਹਾਂ ਖੇਡਾਂ ਤੋਂ ਦੋ ਵਰ੍ਹੇ ਬਾਅਦ ਹੁੰਦੀਆਂ ਸਰਦੀਆਂ ਦੀਆਂ ਓਲੰਪਿਕ ਖੇਡਾਂ ਵਿਚ ਬਰਫ਼ ’ਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਜਿਵੇਂ ਬਰਫ਼ ’ਤੇ ਖੇਡੀ ਜਾਣ ਵਾਲੀ ਹਾਕੀ, ਸਕਾਇੰਗ, ਸਕੇਟਿੰਗ ਆਦਿ ਦੇ ਮੁਕਾਬਲੇ ਹੁੰਦੇ ਹਨ। ਸਰੀਰਕ ਕਮਜ਼ੋਰੀਆਂ ਵਾਲੇ ਖਿਡਾਰੀਆਂ ਲਈ ਪੈਰਾ-ਓਲੰਪਿਕਸ ਖੇਡਾਂ ਲਗਭਗ ਗਰਮੀਆਂ ਦੀ ਓਲੰਪਿਕ ਦੇ ਨਾਲ ਨਾਲ ਕਰਾ ਲਈਆਂ ਜਾਂਦੀਆਂ ਹਨ। ਜਿੱਥੇ ਓਲੰਪਿਕ ਖੇਡਾਂ ਮਨੁੱਖੀ ਊਰਜਾ, ਮਿਹਨਤ ਅਤੇ ਕੌਸ਼ਲ ਦਾ ਇਮਤਿਹਾਨ ਹਨ, ਉੱਥੇ ਇਨ੍ਹਾਂ ਨਾਲ ਵੱਡੇ ਵਪਾਰਕ ਹਿੱਤ ਵੀ ਜੁੜੇ ਹੋਏ ਹਨ। ਖੇਡਾਂ ਅਤੇ ਖਿਡਾਰੀਆਂ ਦੀ ਲੋਕਾਂ ਵਿਚ ਪਹੁੰਚ ਇੰਨੀ ਵੱਡੀ ਅਤੇ ਵਿਆਪਕ ਹੋ ਚੁੱਕੀ ਹੈ ਕਿ ਇਸ ਨੂੰ ਵਪਾਰ ਤੇ ਕਾਰੋਬਾਰ ਤੋਂ ਵੱਖਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਇਹ ਖੇਡਾਂ ਖਿਡਾਰੀਆਂ ਵਾਸਤੇ ਆਪਣੀ ਕੁਸ਼ਲਤਾ ਨੂੰ ਦਿਖਾਉਣ ਦਾ ਦੁਨੀਆ ਦਾ ਸਭ ਤੋਂ ਵੱਡਾ ਮੰਚ ਬਣ ਚੁੱਕੀਆਂ ਹਨ। ਖੇਡ ਪ੍ਰੇਮੀਆਂ ਲਈ ਇਹ ਖੇਡਾਂ ਇਕ ਤਰ੍ਹਾਂ ਦਾ ਮਹਾਂ-ਪੁਰਬ ਅਤੇ ਤਿਉਹਾਰ ਹਨ। ਬਹੁਤ ਸਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਖੇਡਾਂ ਕਰਵਾਈਆਂ ਨਹੀਂ ਸਨ ਜਾਣੀਆਂ ਚਾਹੀਦੀਆਂ ਪਰ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਵਿਡ-19 ਤੋਂ ਪ੍ਰਭਾਵਿਤ ਨਾ ਹੋਣ ਵਾਲੇ ਖਿਡਾਰੀਆਂ ਅਤੇ ਲੋਕਾਂ ਦਾ ਇਕੱਠ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਡਾਕਟਰਾਂ ਅਤੇ ਸਿਹਤ ਵਿਗਿਆਨੀਆਂ ਲਈ ਇਹ ਖੇਡਾਂ ਵੱਡਾ ਇਮਤਿਹਾਨ ਹੋਣਗੀਆਂ ਅਤੇ ਸੰਸਾਰ ਵਿਚ ਕੁਝ ਖੇੜਾ ਅਤੇ ਖੁਸ਼ੀ ਲਿਆਉਣਗੀਆਂ।