ਮਿੱਲਟ ਦੀ ਵਰਤੋਂ ਦਾ ਵੇਲਾ : The Tribune India

ਮਿੱਲਟ ਦੀ ਵਰਤੋਂ ਦਾ ਵੇਲਾ

ਮਿੱਲਟ ਦੀ ਵਰਤੋਂ ਦਾ ਵੇਲਾ

ਮਿੱਲਟ (ਬਾਜਰਾ, ਜੌਂ, ਮੱਕੀ, ਰਾਗੀ, ਕੋਧਰਾ ਆਦਿ ਮੋਟੇ ਅਨਾਜ) ਦੀ ਪੈਦਾਵਾਰ ਵਿਚ ਭਾਰਤ ਮੋਹਰੀ ਹੈ ਅਤੇ ਆਲਮੀ ਪੱਧਰ ’ਤੇ ਕੁੱਲ ਪੈਦਾਵਾਰ ’ਚ ਇਸ ਦਾ ਯੋਗਦਾਨ ਲਗਭਗ 41 ਫ਼ੀਸਦੀ ਹੈ। ਇਸ ਲਈ ਭਾਰਤ ਦੀ ਜ਼ਿੰਮੇਵਾਰੀ ਹੈ ਕਿ ਉਹ ਸੰਯੁਕਤ ਰਾਸ਼ਟਰ ਆਮ ਸਭਾ ਵੱਲੋਂ 2023 ਨੂੰ ਮਿੱਲਟ ਦੀ ਵਰਤੋਂ ਦਾ ਕੌਮਾਂਤਰੀ ਵਰ੍ਹਾ (ਆਈਵਾਈਓਐਮ) ਐਲਾਨੇ ਜਾਣ ਪਿੱਛੋਂ ਦੁਨੀਆ ਭਰ ’ਚ ਇਸ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਭੂਮਿਕਾ ਨਿਭਾਵੇ। ਦਰਅਸਲ, ਇਹ ਭਾਰਤ ਹੀ ਸੀ ਜਿਸ ਨੇ 2018 ’ਚ ਮਿੱਲਟ ਦਾ ਕੌਮੀ ਵਰ੍ਹਾ ਮਨਾਉਂਦਿਆਂ ਇਸ ਦੀ ਭਰਪੂਰ ਪੈਦਾਵਾਰ ਕੀਤੀ ਸੀ ਅਤੇ ਸੰਯੁਕਤ ਰਾਸ਼ਟਰ ਨੂੰ ਵੀ ਅਜਿਹਾ ਵਰ੍ਹਾ ਮਨਾਉਣ ਦੀ ਤਜਵੀਜ਼ ਭੇਜੀ ਸੀ। ਉਸੇ ਸਾਲ (2018) ਭਾਰਤ ਸਰਕਾਰ ਨੇ ਮਿੱਲਟ ਨੂੰ ਪੋਸ਼ਣ ਮੁਹਿੰਮ ’ਚ ਸ਼ਾਮਲ ਕਰਦਿਆਂ ‘ਪੋਸ਼ਕ ਅਨਾਜ’ ਵਜੋਂ ਮਾਨਤਾ ਦਿੱਤੀ ਤਾਂ ਜੋ ਗ਼ਰੀਬ ਵਰਗ ’ਚ ਕੁਪੋਸ਼ਣ ਤੇ ਸੂਖ਼ਮ ਪੋਸ਼ਕ ਤੱਤਾਂ ਦੀ ਘਾਟ ਨੂੰ ਦੂਰ ਕੀਤਾ ਜਾ ਸਕੇ। ਮੋਟੇ ਅਨਾਜ ’ਤੇ ਜ਼ੋਰ ਦੇਣ ਸਦਕਾ 2020-21 ’ਚ ਪੈਦਾਵਾਰ ਵਿਚ 27 ਫ਼ੀਸਦੀ ਵਾਧਾ ਹੋਇਆ।

ਭਾਰਤ ਕੋਲ ਇਹ ਖ਼ਾਸ ਪੌਸ਼ਟਿਕ ਅਨਾਜ ਹੈ ਜਿਸ ਨੂੰ ਉਹ ਖੇਤੀ ਅਤੇ ਫ਼ਸਲਾਂ ਸਬੰਧੀ ਖੋਜ ਕਰਨ ਵਾਲੀਆਂ ਏਜੰਸੀਆਂ ਅਤੇ ਵਿਦੇਸ਼ੀ ਸਫ਼ਾਰਤਖਾਨਿਆਂ ਦੀ ਮਦਦ ਨਾਲ ਪੂਰੀ ਦੁਨੀਆ ਅੱਗੇ ਪੇਸ਼ ਕਰਨ ਅਤੇ ਕੌਮਾਂਤਰੀ ਨਕਸ਼ੇ ’ਤੇ ਲਿਆਉਣ ਵਾਸਤੇ ਯਤਨਸ਼ੀਲ ਹੈ। ਇਸ ਦੇ ਨਾਲ ਹੀ ਭਾਰਤ ਮੋਟੇ ਅਨਾਜ ਨਾਲ ਜੁੜੇ ਫੂਡ ਪ੍ਰੋਸੈਸਿੰਗ ਕਾਰੋਬਾਰ ਅਤੇ ਨਵੇਂ ਉੱਦਮੀਆਂ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ। ਭਾਰਤ ’ਚ ਜਵਾਰ, ਬਾਜਰਾ, ਕੋਧਰਾ ਅਤੇ ਰਾਗੀ ਸਮੇਤ ਕਈ ਤਰ੍ਹਾਂ ਦੇ ਮਿੱਲਟ (ਮੋਟੇ ਅਨਾਜ) ਪੈਦਾ ਕੀਤੇ ਜਾਂਦੇ ਹਨ ਤੇ 1967-70 ਤੱਕ ਇਨ੍ਹਾਂ ਦੀ ਮੂਲ ਅਨਾਜ ਵਜੋਂ ਵਰਤੋਂ ਹੁੰਦੀ ਰਹੀ ਹੈ ਜਦੋਂ ਤੱਕ ਕਣਕ ਅਤੇ ਚੌਲਾਂ ਨੇ ਸਾਡੇ ਰਵਾਇਤੀ ਭੋਜਨ ’ਚ ਦਖਲ ਨਹੀਂ ਦਿੱਤਾ ਸੀ। ਭਾਰਤ ’ਚ ਪੌਸ਼ਟਿਕਤਾ ਨਾਲ ਭਰਪੂਰ ਮੋਟੇ ਅਨਾਜ ਤੋਂ ਕਈ ਤਰ੍ਹਾਂ ਦੇ ਸੁਆਦੀ ਪਕਵਾਨ ਬਣਾਏ ਜਾਂਦੇ ਹਨ। ਵਿਰੋਧਾਭਾਸ ਇਹ ਹੈ ਕਿ ਹੁਣ ਇਹ ਮੋਟੇ ਅਨਾਜ ਕਣਕ ਨਾਲੋਂ ਕਿਤੇ ਵੱਧ ਭਾਅ ’ਤੇ ਵਿਕ ਰਹੇ ਹਨ। ਇਨ੍ਹਾਂ ਮੋਟੇ ਅਨਾਜਾਂ ਨੂੰ ਉੱਤਮ ਖ਼ੁਰਾਕ ਕਿਹਾ ਜਾਂਦਾ ਹੈ ਕਿਉਂਕਿ ਇਹ ਫਾਈਬਰ, ਵਿਟਾਮਿਨ, ਖਣਿਜ ਪਦਾਰਥਾਂ ਕਾਰਬੋਹਾਈਡ੍ਰੇਟ, ਫਾਈਟੋਕੈਮੀਕਲ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਖ਼ਾਸ ਤੌਰ ’ਤੇ ਇਹ ਅੰਤੜੀਆਂ ਦੇ ਰੋਗਾਂ ਤੋਂ ਪੀੜਤਾਂ ਲਈ ਵਰਦਾਨ ਹਨ ਅਤੇ ਸ਼ੂਗਰ ਤੇ ਬਲੱਡ ਪ੍ਰੈਸ਼ਰ ਨੂੰ ਦੂਰ ਰੱਖਣ ਲਈ ਵੀ ਜਾਣੇ ਜਾਂਦੇ ਹਨ।

ਇਨ੍ਹਾਂ ਮੋਟੇ ਅਨਾਜਾਂ ਨੂੰ ਵਿਕਸਤ ਕਰਨਾ, ਇਨ੍ਹਾਂ ਬਾਰੇ ਖੋਜ ਕਰਨਾ ਤੇ ਇਨ੍ਹਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਇਸ ਲਈ ਵੀ ਅਹਿਮ ਹੈ ਕਿਉਂਕਿ ਇਨ੍ਹਾਂ ਦੀ ਖੇਤੀ ਵਾਸਤੇ ਬਹੁਤ ਚੰਗੀ ਜ਼ਮੀਨ, ਵਧੇਰੇ ਪਾਣੀ ਜਾਂ ਵਧੇਰੇ ਸਮੇਂ ਦੀ ਜ਼ਰੂਰਤ ਨਹੀਂ ਪੈਂਦੀ। ਇਨ੍ਹਾਂ ਦੀ ਖੇਤੀ ਸੌਖੀ ਅਤੇ ਕਈ ਤਰ੍ਹਾਂ ਦੇ ਬੋਝ ਝੱਲ ਰਹੀ ਸਾਡੀ ਧਰਤੀ ਵਾਸਤੇ ਢੁੱਕਵੀਂ ਹੈ। ਜਲਵਾਯੂ ਤਬਦੀਲੀ ਦੇ ਇਸ ਦੌਰ ਵਿਚ ਇਹ ਜਿੱਥੇ ਵਧਦੀ ਜਨਸੰਖਿਆ ਦਾ ਢਿੱਡ ਭਰ ਸਕਦੇ ਹਨ, ਉੱਥੇ ਅਨਾਜ ਸੁਰੱਖਿਆ ਦੇਣ ਲਈ ਵੀ ਸਹਾਈ ਹੋ ਸਕਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All