ਕਿਸਾਨ ਅੰਦੋਲਨ ਵਿਚ ਇਸ ਸਮੇਂ ਸਭ ਤੋਂ ਵੱਡੀ ਜ਼ਰੂਰਤ ਸਹੀ ਜਾਣਕਾਰੀ ਪ੍ਰਾਪਤ ਕਰਨਾ ਅਤੇ ਉਸ ਨੂੰ ਲੋਕਾਂ, ਮੀਡੀਆ ਤੇ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਤਕ ਪਹੁੰਚਾਉਣਾ ਹੈ। 26 ਜਨਵਰੀ 2021 ਨੂੰ ਕੁਝ ਸ਼ਰਾਰਤੀ ਤੱਤਾਂ ਨੇ ਨੌਜਵਾਨਾਂ ਅਤੇ ਕਿਸਾਨਾਂ ਨੂੰ ਗੁਮਰਾਹ ਕਰ ਕੇ ਲਾਲ ਕਿਲ੍ਹੇ, ਆਈਟੀਓ ਅਤੇ ਕਈ ਹੋਰ ਥਾਵਾਂ ’ਤੇ ਹੁੱਲੜਬਾਜ਼ੀ ਕੀਤੀ। ਦਿੱਲੀ ਪੁਲੀਸ ਅਨੁਸਾਰ ਵੱਡੀ ਗਿਣਤੀ ਪੁਲੀਸ ਕਰਮਚਾਰੀਆਂ ਨੂੰ ਸੱਟਾਂ ਲੱਗੀਆਂ ਹਨ। ਕਈ ਮਹੀਨਿਆਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਸ਼ਾਂਤਮਈ ਢੰਗ ਨਾਲ ਚੱਲਿਆ ਹੈ ਅਤੇ ਕਿਸਾਨ ਆਗੂ ਇਸ ਨੂੰ ਇਸੇ ਜ਼ਬਤ ਭਰੇ ਢੰਗ-ਤਰੀਕੇ ਨਾਲ ਚਲਾਉਣ ਲਈ ਵਚਨਬੱਧ ਹਨ। 26 ਜਨਵਰੀ ਨੂੰ ਵੱਡੀ ਗਿਣਤੀ ਵਿਚ ਨੌਜਵਾਨ ਅਤੇ ਕਿਸਾਨ ਗ੍ਰਿਫ਼ਤਾਰ ਹੋਏ ਹਨ। ਇਸ ਵੇਲੇ ਵੱਡੀ ਜ਼ਰੂਰਤ ਇਹ ਹੈ ਕਿ ਉਨ੍ਹਾਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰ ਕੇ ਉਨ੍ਹਾਂ ਦੇ ਮਾਪਿਆਂ ਤਕ ਪਹੁੰਚਾਈ ਜਾਵੇ ਅਤੇ ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਨ ਦਾ ਪ੍ਰਬੰਧ ਕੀਤਾ ਜਾਵੇ।
ਕੁਝ ਕਿਸਾਨ ਵਿਰੋਧੀ ਸ਼ਰਾਰਤੀ ਅਨਸਰਾਂ ਨੇ ਗਾਜ਼ੀਪੁਰ ਅਤੇ ਸਿੰਘੂ ਵਿਚ ਕਿਸਾਨਾਂ ’ਤੇ ਹਮਲਾ ਬੋਲਿਆ। ਸਿੰਘੂ ਵਿਚ ਸ਼ਾਂਤ ਬੈਠੇ ਕਿਸਾਨਾਂ ਦੀ ਡਾਂਗਾਂ-ਲਾਠੀਆਂ ਨਾਲ ਮਾਰ-ਕੁਟਾਈ ਕੀਤੀ ਗਈ। ਕਿਸਾਨ ਸ਼ਾਂਤ ਬੈਠੇ ਵਹਿਗੁਰੂ/ਪ੍ਰਭੂ ਦਾ ਨਾਂ ਜਪਦੇ ਰਹੇ। ਸਿੰਘੂ ਬਾਰਡਰ ’ਤੇ ਹੋਈ ਘਟਨਾ ਬਾਰੇ ਵੱਡਾ ਸਵਾਲ ਇਹ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਸ਼ਰਾਰਤੀ ਅਨਸਰ ਕਿਸਾਨਾਂ ਤਕ ਕਿਵੇਂ ਪਹੁੰਚੇ ਅਤੇ ਕਿਵੇਂ ਪੁਲੀਸ ਦੀ ਮੌਜੂਦਗੀ ਵਿਚ ਕਿਸਾਨਾਂ ’ਤੇ ਹਮਲਾ ਬੋਲਿਆ ਗਿਆ? ਇਹ ਗੱਲ 5 ਜਨਵਰੀ 2020 ਦੀ ਸ਼ਾਮ ਨੂੰ ਗੁੰਡਿਆਂ ਦੇ ਜਵਾਹਰਲਾਲ ਨਹਿਰੂ ਯੂਨੀਵਰਿਸਟੀ ਵਿਚ ਜ਼ਬਰਦਸਤੀ ਦਾਖ਼ਲ ਹੋ ਕੇ ਅਦਾਰੇ ਦੇ ਵਿਦਿਆਥੀਆਂ ਅਤੇ ਅਧਿਆਪਕਾਂ ਦੀ ਬੇਰਹਿਮੀ ਨਾਲ ਕੀਤੀ ਗਈ ਮਾਰ-ਕੁਟਾਈ ਦੀ ਯਾਦ ਕਰਵਾਉਂਦੀ ਹੈ। ਗਾਜ਼ੀਪੁਰ ਅਤੇ ਸਿੰਘੂ ਵਿਚ ਹੋਈਆਂ ਘਟਨਾਵਾਂ ਸਬੰਧੀ ਕਿਸਾਨ ਆਗੂਆਂ ਨੂੰ ਉੱਥੇ ਮੌਜੂਦ ਆਪਣੇ ਸਾਥੀਆਂ ਦੁਆਰਾ ਮੋਬਾਇਲ ਫੋਨਾਂ ’ਤੇ ਕੀਤੀ ਗਈ ਰਿਕਾਰਡਿੰਗ ਨੂੰ ਇਕੱਠਾ ਕਰ ਕੇ ਕਾਨੂੰਨੀ ਮਾਹਿਰਾਂ ਤਕ ਪਹੁੰਚਾਇਆ ਜਾਣਾ ਚਾਹੀਦਾ ਹੈ ਤਾਂ ਕਿ ਕਿਸਾਨ ਵਿਰੋਧੀ ਸ਼ਰਾਰਤੀ ਅਨਸਰਾਂ ਦੀ ਪਛਾਣ ਹੋ ਸਕੇ।
ਕਿਸਾਨ ਜਥੇਬੰਦੀਆਂ ਨੇ ਗਾਜ਼ੀਪੁਰ ਅਤੇ ਸਿੰਘੂ ਵਿਚ ਕਿਸਾਨਾਂ ’ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਇਸ ਸਬੰਧ ਵਿਚ ਚੌਕਸੀ ਦੀ ਸਖ਼ਤ ਜ਼ਰੂਰਤ ਹੈ। ਪਿਛਲੇ ਸਮੇਂ ਵਿਚ ਫ਼ਿਲਮੀ ਦੁਨੀਆ ਨਾਲ ਸਬੰਧਿਤ ਇਕ ਵਿਅਕਤੀ ਅਤੇ ਗੈਂਗਸਟਰ ਦੁਨੀਆ ਤੋਂ ਵਾਪਸ ਆ ਕੇ ਸਮਾਜਿਕ ਕਾਰਕੁਨ ਬਣ ਜਾਣ ਦਾ ਦਾਅਵਾ ਕਰਨ ਵਾਲੇ ਇਕ ਸ਼ਖ਼ਸ ਤੇ ਉਨ੍ਹਾਂ ਦੇ ਸਾਥੀਆਂ ਨੇ ਕਈ ਵਾਰ ਸਿੰਘੂ ਬਾਰਡਰ ਦੀ ਸਟੇਜ ਹਥਿਆ ਕੇ ਸਾਂਝੇ ਮੰਚ ਦੀ ਗ਼ਲਤ ਵਰਤੋਂ ਕੀਤੀ ਹੈ। ਸੰਯੁਕਤ ਕਿਸਾਨ ਮੋਰਚੇ ਵਿਚਲੀਆਂ ਜਥੇਬੰਦੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਮੰਚ ਦੀ ਗ਼ਲਤ ਵਰਤੋਂ ਨਾ ਹੋਣ ਦੇਣ। ਇਸ ਨਾਲ ਵੱਡੇ ਨੁਕਸਾਨ ਹੁੰਦੇ ਹਨ, ਜਿਵੇਂ 26 ਜਨਵਰੀ ਨੂੰ ਲਾਲ ਕਿਲ੍ਹੇ ਵਿਚ ਹੋਈ ਹੁੱਲੜਬਾਜ਼ੀ ਨਾਲ ਹੋਇਆ। ਗਾਜ਼ੀਪੁਰ ਵਿਚ ਹੋਈ ਘਟਨਾ ਦੌਰਾਨ ਰਾਕੇਸ਼ ਟਿਕੈਤ ਦੇ ਭਾਵੁਕ ਭਾਸ਼ਨ ਨੇ ਅੰਦੋਲਨ ਨੂੰ ਹੋਰ ਸੰਭਾਵਨਾਵਾਂ ਅਤੇ ਨਵੀਂ ਦਿਸ਼ਾ ਦਿੱਤੀ ਹੈ। ਉਸ ਦੇ ਭਾਸ਼ਨ ਦਾ ਵੱਡਾ ਅਸਰ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿਚ ਹੋਇਆ ਹੈ ਜਿੱਥੇ ਖਾਪ ਪੰਚਾਇਤਾਂ ਨੇ ਇਕੱਠੇ ਹੋ ਕੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਹੈ। ਕਿਸਾਨ ਵਿਰੋਧੀ ਤਾਕਤਾਂ ਇਹ ਸਮਝਦੀਆਂ ਸਨ ਕਿ ਇਸ ਅੰਦੋਲਨ ਨੂੰ ਰਾਸ਼ਟਰ ਵਿਰੋਧੀ ਰੰਗ ਦੇਣ ਦੀ ਆਪਣੀ ਸਾਜ਼ਿਸ਼ ਵਿਚ ਕਾਮਯਾਬ ਹੋਈਆਂ ਹਨ ਅਤੇ ਹੁਣ ਉਹ ਕੁਝ ਸ਼ਰਾਰਤੀ ਤੱਤਾਂ ਦੀ ਮਦਦ ਨਾਲ ਕਿਸਾਨਾਂ ਨੂੰ ਧਰਨਿਆਂ ਤੋਂ ਉਠਾ ਦੇਣ ਗਈਆਂ; ਪਰ ਇਹ ਸਾਜ਼ਿਸ਼ ਕਾਮਯਾਬ ਨਹੀਂ ਹੋਈ ਅਤੇ ਕਿਸਾਨ ਅੰਦੋਲਨ ਪ੍ਰੀਖਿਆ ਦੀ ਇਸ ਘੜੀ ਵਿਚੋਂ ਹੋਰ ਮਜ਼ਬੂਤ ਹੋਣ ਵਿਚ ਸਫ਼ਲ ਹੋਇਆ ਹੈ। ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਕਿਸਾਨ ਇਹ ਦੱਸਣ ਵਿਚ ਕਾਮਯਾਬ ਹੋਏ ਹਨ ਕਿ ਰਾਸ਼ਟਰ ਕੋਈ ਅਮੂਰਤ ਚੀਜ਼ ਨਹੀਂ ਹੈ; ਲੋਕ ਹੀ ਰਾਸ਼ਟਰ ਹਨ; ਕਿਸਾਨ ਰਾਸ਼ਟਰ ਹਨ; ਮਜ਼ਦੂਰ ਰਾਸ਼ਟਰ ਹਨ; ਰਾਸ਼ਟਰ ਲੋਕਾਂ ਤੋਂ ਬਾਹਰ ਨਹੀਂ ਹੋ ਸਕਦਾ ਸਗੋਂ ਰਾਸ਼ਟਰ ਦਾ ਨਾਂ ਵਰਤ ਕੇ ਰਾਸ਼ਟਰ ਦੇ ਮਜ਼ਦੂਰਾਂ, ਕਿਸਾਨਾਂ ਤੇ ਹੋਰ ਕਿਰਤੀਆਂ ਦੇ ਹੱਕ ਲਤਾੜਨ ਵਾਲੇ ਤੱਤ ਰਾਸ਼ਟਰ ਸ਼ਬਦ ਦੀ ਗ਼ਲਤ ਵਰਤੋਂ ਕਰਦੇ ਹਨ। ਇਸ ਸ਼ਾਂਤਮਈ ਕਿਸਾਨ ਅੰਦੋਲਨ ਦੀ ਵੱਡੀ ਸਫ਼ਲਤਾ ਇਹ ਹੈ ਕਿ ਇਸ ਨੇ ਰਾਸ਼ਟਰ ਸ਼ਬਦ ਦੀ ਗ਼ਲਤ ਵਰਤੋਂ ਕਰ ਕੇ ਲੋਕਾਂ ਤੋਂ ਅੰਧ-ਰਾਸ਼ਟਰਵਾਦ ਦੇ ਨਾਂ ’ਤੇ ਵੋਟਾਂ ਬਟੋਰਨ ਵਾਲੀਆਂ ਲੋਕ ਵਿਰੋਧੀ ਤਾਕਤਾਂ ਦਾ ਪਰਦਾਫਾਸ਼ ਕੀਤਾ ਹੈ।