ਪਾਕਿਸਤਾਨ ‘ਚ ਸਰਗਰਮ ਦਹਿਸ਼ਤਗਰਦ ਜਥੇਬੰਦੀ ਲਸ਼ਕਰ-ਏ-ਤੋਇਬਾ ਨੇ 56 ਕਸ਼ਮੀਰੀ ਪੰਡਤ ਮੁਲਾਜ਼ਮਾਂ ਦੀ ‘ਹਿੱਟ ਲਿਸਟ’ ਜਾਰੀ ਕੀਤੀ ਹੈ ਜੋ ਪ੍ਰਧਾਨ ਮੰਤਰੀ ਮੁੜ ਵਸੇਬਾ ਪੈਕੇਜ ਤਹਿਤ ਵਾਦੀ ਵਿਚ ਨੌਕਰੀਆਂ ਕਰ ਰਹੇ ਹਨ। ਇਹ ਖੁੱਲ੍ਹੀ ਧਮਕੀ ਘੱਟੋ-ਘੱਟ ਦੋ ਕਾਰਨਾਂ ਕਰ ਕੇ ਫ਼ਿਕਰਮੰਦੀ ਦਾ ਸਬਬ ਹੈ: ਪਹਿਲਾ ਇਹ ਕਿ ਜਿਸ ਤਰ੍ਹਾਂ ਇਹ ਸੂਚੀ ਜਥੇਬੰਦੀ ਦੇ ਬਲੌਗ ‘ਤੇ ਪਾਈ ਗਈ ਹੈ, ਉਸ ਤੋਂ ਲੱਗਦਾ ਹੈ ਕਿ ਪੋਸਟ ਪਾਉਣ ਵਾਲਿਆਂ ਨੂੰ ਸੁਰੱਖਿਆ ਏਜੰਸੀਆਂ ਦਾ ਕੋਈ ਖੌਫ਼ ਨਹੀਂ; ਦੂਸਰਾ ਮੁਲਾਜ਼ਮਾਂ ਸਬੰਧੀ ਸਾਰੀ ਜਾਣਕਾਰੀ ਲੀਕ ਹੋਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਕੁਝ ‘ਅੰਦਰਲੇ’ ਕਰਮਚਾਰੀ/ਵਿਅਕਤੀ ਅਤਿਵਾਦੀਆਂ ਨਾਲ ਮਿਲੇ ਹੋਏ ਹਨ।
ਪਿਛਲੇ ਕਰੀਬ ਇਕ ਸਾਲ ਤੋਂ ਵਾਦੀ ਵਿਚ ਲਗਾਤਾਰ ਕੁਝ ਖ਼ਾਸ ਵਰਗਾਂ ਨੂੰ ਅਤਿਵਾਦੀ ਹਮਲਿਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਨ੍ਹਾਂ ਵਿਚ ਕਸ਼ਮੀਰੀ ਪੰਡਤ ਅਤੇ ਪਰਵਾਸੀ ਮਜ਼ਦੂਰ ਸ਼ਾਮਿਲ ਹਨ। ਇਸ ਸਾਲ ਮਈ ਵਿਚ ਮਾਲੀਆ ਵਿਭਾਗ ਦੇ ਕਲਰਕ ਰਾਹੁਲ ਭੱਟ ਨੂੰ ਬਡਗਾਮ ਸਥਿਤ ਉਸ ਦੇ ਦਫ਼ਤਰ ਵਿਚ ਗੋਲੀ ਮਾਰ ਦਿੱਤੀ ਗਈ। ਇਸ ਵੇਲੇ ਬਹੁਤ ਸਾਰੇ ਹਿੰਦੂ ਮੁਲਾਜ਼ਮ ਇਹ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀਆਂ ਬਦਲੀਆਂ ਕਿਧਰੇ ਹੋਰ ਕਰ ਦਿੱਤੀਆਂ ਜਾਣ ਅਤੇ ਜਦੋਂ ਹਾਲਾਤ ਸੁਖਾਵੇਂ ਹੋ ਜਾਣਗੇ ਤਾਂ ਉਹ ਕਸ਼ਮੀਰ ਪਰਤ ਆਉਣਗੇ।
ਕੇਂਦਰ ਸਰਕਾਰ ਨੇ ਤਿੰਨ ਸਾਲ ਪਹਿਲਾਂ ਧਾਰਾ 370 ਨੂੰ ਰੱਦ ਕਰਦਿਆਂ ਰਾਜ ਦੀ ਵੰਡ ਕਰ ਦਿੱਤੀ ਸੀ। ਇਸ ਵੇਲੇ ਕੇਂਦਰ ਅਤੇ ਸਥਾਨਕ ਪ੍ਰਸ਼ਾਸਨ ਦੋਵਾਂ ਲਈ ਹੀ ਇਹ ਸਮੱਸਿਆ ਬਣੀ ਹੋਈ ਹੈ ਕਿ ਉਹ ਪੰਡਤ ਭਾਈਚਾਰੇ ਨੂੰ ਕਸ਼ਮੀਰ ਵਾਦੀ ਵਿਚ ਕਿਵੇਂ ਰੋਕ ਕੇ ਰੱਖਣ। ਖ਼ੂਨ ਦੇ ਪਿਆਸੇ ਕਿਸੇ ਬੰਦੂਕਧਾਰੀ ਦਾ ਅਗਲਾ ਨਿਸ਼ਾਨਾ ਬਣਨ ਦੇ ਖੌਫ਼ ਨੇ ਇਸ ਭਾਈਚਾਰੇ ਦੇ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਇਨ੍ਹਾਂ ਮੁਲਾਜ਼ਮਾਂ ਦੀ ਸੁਰੱਖਿਆ ਵਧਾਉਣਾ ਅਤੇ ਉਨ੍ਹਾਂ ਦੇ ਵੇਰਵੇ ਲੀਕ ਹੋਣ ਸਬੰਧੀ ਮੁਕੰਮਲ ਜਾਂਚ ਕਰਵਾਉਣਾ ਮੁਲਾਜ਼ਮਾਂ ਦਾ ਭਰੋਸਾ ਬਹਾਲ ਕਰਨ ਲਈ ਤੁਰੰਤ ਚੁੱਕੇ ਜਾਣ ਵਾਲੇ ਕਦਮ ਹਨ। ਇਸ ਤੋਂ ਇਲਾਵਾ ਬਹੁਗਿਣਤੀ ਮੁਸਲਿਮ ਭਾਈਚਾਰੇ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਕਸ਼ਮੀਰੀ ਪੰਡਤਾਂ ਨੂੰ ਇਹ ਭਰੋਸਾ ਦਿਵਾਏ ਕਿ 1990 ਵਾਲੀਆਂ ਘਟਨਾਵਾਂ ਦੁਬਾਰਾ ਨਹੀਂ ਵਾਪਰਨ ਦਿੱਤੀਆਂ ਜਾਣਗੀਆਂ। ਦਹਿਸ਼ਤਗਰਦ ਜਥੇਬੰਦੀਆਂ ਸਥਾਨਕ ਵਾਸੀਆਂ ਦੀ ਹਮਾਇਤ ‘ਤੇ ਨਿਰਭਰ ਕਰਦੀਆਂ ਹਨ। 2021-22 ਵਿਚ ਕੁਝ ਹਮਲੇ ਅਜਿਹੇ ‘ਹਾਈਬ੍ਰਿਡ ਅਤਿਵਾਦੀਆਂ’ ਵੱਲੋਂ ਕੀਤੇ ਗਏ ਜੋ ਆਪਣੇ ਦਹਿਸ਼ਤਗਰਦ ਸਰਪ੍ਰਸਤਾਂ (ਹੈਂਡਲਰ) ਵੱਲੋਂ ਸੌਂਪਿਆ ਕੰਮ ਪੂਰਾ ਕਰਨ ਤੋਂ ਤੁਰੰਤ ਬਾਅਦ ਆਮ ਲੋਕਾਂ ਵਰਗਾ ਜੀਵਨ ਜਿਊਣ ਲੱਗ ਪੈਂਦੇ ਹਨ। ਵਾਦੀ ਵਿਚ ਇਨ੍ਹਾਂ ਅਤਿਵਾਦੀਆਂ ਦੇ ਜਾਸੂਸਾਂ ਦਾ ਨੈੱਟਵਰਕ ਲਸ਼ਕਰ-ਏ-ਤੋਇਬਾ ਵਰਗੀਆਂ ਜਥੇਬੰਦੀਆਂ ਨੂੰ ਪੰਡਤ ਭਾਈਚਾਰੇ ਦੀਆਂ ਗਤੀਵਿਧੀਆਂ ਬਾਰੇ ਪੂਰੀ ਜਾਣਕਾਰੀ ਪਹੁੰਚਾਉਂਦਾ ਹੈ। ਅਜਿਹੇ ਮੁਖ਼ਬਰ ਨਾ ਕੇਵਲ ਅਮਨ ਵਾਸਤੇ ਖ਼ਤਰਾ ਹਨ ਸਗੋਂ ਇਹ ਸੈਰ-ਸਪਾਟਾ ਖੇਤਰ ਨਾਲ ਜੁੜੇ ਕਸ਼ਮੀਰੀਆਂ ਦੀ ਰੋਜ਼ੀ-ਰੋਟੀ ਵੀ ਸੰਕਟ ‘ਚ ਪਾਉਂਦੇ ਹਨ। ਸਥਾਨਕ ਮੁਸਲਿਮ ਭਾਈਚਾਰੇ ਨੂੰ ਚਾਹੀਦਾ ਹੈ ਕਿ ਉਹ ਪੰਡਤਾਂ ਨਾਲ ਭਰਾਵਾਂ ਵਾਲਾ ਵਿਹਾਰ ਕਰਨ ਅਤੇ ਅਤਿਵਾਦੀਆਂ ਅਤੇ ਉਨ੍ਹਾਂ ਦੇ ਮੁਖ਼ਬਰਾਂ ਦੇ ਖਾਤਮੇ ਲਈ ਸੁਰੱਖਿਆ ਏਜੰਸੀਆਂ ਨੂੰ ਸਹਿਯੋਗ ਦੇਣ।