ਨਾ ਤਾਂ ਇਹ ਪਹਿਲੀ ਘਟਨਾ ਹੈ ਤੇ ਨਾ ਆਖ਼ਰੀ ...
ਪੰਜਾਬ ਵਿੱਚ ਇਸ ਵੇਲੇ ਚੋਣਾਂ ਦਾ ਮਾਹੌਲ ਭਖਣਾ ਸ਼ੁਰੂ ਹੋ ਗਿਆ ਹੈ ਅਤੇ ਸਾਰੀਆਂ ਪਾਰਟੀਆਂ ਆਪੋ-ਆਪਣੇ ਸਿਆਸੀ ਜਮ੍ਹਾਂ-ਘਟਾਉ ’ਚ ਰੁੱਝੀਆਂ ਹੋਈਆਂ ਹਨ। ਇਸ ਦੌਰਾਨ ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ 13 ਅਕਤੂਬਰ ਨੂੰ ਅਚਾਨਕ ਦਿਨ...
ਪੰਜਾਬ ਵਿੱਚ ਇਸ ਵੇਲੇ ਚੋਣਾਂ ਦਾ ਮਾਹੌਲ ਭਖਣਾ ਸ਼ੁਰੂ ਹੋ ਗਿਆ ਹੈ ਅਤੇ ਸਾਰੀਆਂ ਪਾਰਟੀਆਂ ਆਪੋ-ਆਪਣੇ ਸਿਆਸੀ ਜਮ੍ਹਾਂ-ਘਟਾਉ ’ਚ ਰੁੱਝੀਆਂ ਹੋਈਆਂ ਹਨ। ਇਸ ਦੌਰਾਨ ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ 13 ਅਕਤੂਬਰ ਨੂੰ ਅਚਾਨਕ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਮਗਰੋਂ ਇਸ ਘਟਨਾ ਵਿਰੁੱਧ ਪੰਜਾਬ ਭਰ ’ਚ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤੇ।
ਇਸ ਹੱਤਿਆ ਨੇ ਸੂਬੇ ਨੂੰ ਦਰਪੇਸ਼ ਨਸ਼ੇ ਦੀ ਸਮੱਸਿਆ ਦਾ ਖ਼ੌਫ਼ਨਾਕ ਚਿਹਰਾ ਇੱਕ ਵਾਰ ਫਿਰ ਸਾਹਮਣੇ ਲੈ ਆਂਦਾ ਹੈ। ਪਰਵਿੰਦਰ ਦੀ ਹੱਤਿਆ ਕਰਨ ਵਾਲਾ ਕੈਮਿਸਟ ਅਸ਼ਵਨੀ ਕੁਮਾਰ ਆਪਣੀ ਦੁਕਾਨ ’ਤੇ ਮੈਡੀਕਲ ਨਸ਼ੇ ਵੇਚਦਾ ਸੀ ਅਤੇ ਪਰਵਿੰਦਰ ਉਸ ਨੂੰ ਤਾੜਨਾ ਕਰਨ ਗਿਆ ਸੀ ਕਿ ਉਹ ਇਹ ਧੰਦਾ ਬੰਦ ਕਰ ਦੇਵੇ। ਉਸ ਮੌਕੇ ਵਧੀ ਤਲਖ਼ੀ ਦੌਰਾਨ ਅਸ਼ਵਨੀ ਕੁਮਾਰ ਨੇ ਆਪਣੀ ਪਿਸਤੌਲ ਕੱਢ ਲਈ ਅਤੇ ਪਰਵਿੰਦਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਪਰਵਿੰਦਰ ਇਹ ਸਾਰਾ ਮੰਜ਼ਰ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਲਾਈਵ ਦਿਖਾ ਰਿਹਾ ਸੀ। ਉਸ ਨੂੰ ਗੋਲੀਆਂ ਮਾਰੇ ਜਾਣ ਦੀ ਸਾਰੀ ਘਟਨਾ ਕੈਮਰੇ ’ਚ ਕੈਦ ਹੋ ਗਈ।
ਇਸ ਤਰ੍ਹਾਂ ਦੀ ਇਹ ਨਾ ਤਾਂ ਕੋਈ ਪਹਿਲੀ ਘਟਨਾ ਹੈ ਤੇ ਨਾ ਹੀ ਆਖ਼ਰੀ। ਪਰਵਿੰਦਰ ਦੀ ਹੱਤਿਆ ਤੋਂ ਤਿੰਨ ਦਿਨ ਬਾਅਦ ਹੀ ਸ੍ਰੀ ਹਰਗੋਬਿੰਦਪੁਰ ਨੇੜਲੇ ਪਿੰਡ ਮਾੜੀ ਪਨੂੰਆ ਵਿੱਚ ਨਸ਼ਾ ਵੇਚਣ ਤੋਂ ਰੋਕੇ ਜਾਣ ’ਤੇ ਹੋਏ ਝਗੜੇ ’ਚ ਤਸਕਰਾਂ ਨੇ ਪਿੰਡ ਦੇ ਤਿੰਨ ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ ਬਿਕਰਮਜੀਤ ਸਿੰਘ ਨਾਂ ਦੇ ਨੌਜਵਾਨ ਦੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ ਅਤੇ ਦੋ ਹੋਰ ਨੌਜਵਾਨ ਜ਼ਖ਼ਮੀ ਹੋ ਗਏ। ਸੱਤ ਸਾਲ ਪਹਿਲਾਂ 29 ਮਾਰਚ 2019 ਨੂੰ ਡਰੱਗ ਲਾਇਸੈਂਸਿੰਗ ਅਧਿਕਾਰੀ ਨੇਹਾ ਸ਼ੋਰੀ ਨੂੰ ਉਸ ਦੇ ਖਰੜ ਸਥਿਤ ਦਫ਼ਤਰ ਵਿੱਚ ਮੋਰਿੰਡਾ ਦੇ ਕੈਮਿਸਟ ਬਲਵਿੰਦਰ ਸਿੰਘ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਨੇਹਾ ਸ਼ੋਰੀ ਦੇ ਪਰਿਵਾਰ ਨੇ ਇਹ ਦੋੋਸ਼ ਲਾਇਆ ਸੀ ਕਿ ਉਨ੍ਹਾਂ ਦੀ ਧੀ ਦੇ ਕਤਲ ਪਿੱਛੇ ਡਰੱਗ ਮਾਫ਼ੀਆ ਦਾ ਹੱਥ ਹੈ।
ਜ਼ਾਹਿਰ ਹੈ ਕਿ ਪੰਜਾਬ ਵਿੱਚ ਨਸ਼ਿਆਂ ਨੇ ਇਹ ਵਿਕਰਾਲ ਰੂਪ ਕੋਈ ਅੱਜ ਨਹੀਂ ਧਾਰਿਆ। ਅੱਜ ਸਭ ਸਿਆਸੀ ਪਾਰਟੀਆਂ ਇੱਕ ਦੂਜੇ ਤੋਂ ਅੱਗੇ ਵਧ ਕੇ ਇਸ ਸਮੱਸਿਆ ਬਾਰੇ ਬਿਆਨ ਦੇ ਰਹੀਆਂ ਹਨ, ਪਰ ਯਾਦ ਕਰੋ ਅਕਤੂਬਰ 2012 ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਹੋਏ ਇੱਕ ਸਮਾਗਮ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਹ ਬਿਆਨ ਦਿੱਤਾ ਸੀ ਕਿ ਪੰਜਾਬ ਵਿੱਚ 10 ’ਚੋਂ 7 ਨੌਜਵਾਨ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਹਨ। ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਲੈ ਕੇ ਸਿਆਸੀ ਤੂਫ਼ਾਨ ਉੱਠ ਖੜ੍ਹਾ ਹੋਇਆ ਸੀ। ਰਾਹੁਲ ਗਾਂਧੀ ਦੇ ਬਿਆਨ ਵਿਚਲੇ ਅੰਕੜਿਆਂ ਦਾ ਸਰੋਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ. ਰਣਵਿੰਦਰ ਸਿੰਘ ਸੰਧੂ ਵੱਲੋਂ ਸਾਲ 2007-09 ਦੌਰਾਨ ਨਸ਼ਿਆਂ ਬਾਰੇ ਕੀਤੇ ਗਏ ਇੱਕ ਅਧਿਐਨ ਦੀ ਰਿਪੋਰਟ ਸੀ, ਪਰ ਇਸ ਮਾਮਲੇ ਦੇ ਤੂਲ ਫੜਨ ਮਗਰੋਂ ਪ੍ਰੋ. ਸੰਧੂ ਨੇ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦੇ ਅਧਿਐਨ ਵਿੱਚ ਨਸ਼ੀਲੇ ਪਦਾਰਥਾਂ ਦੇ ਆਦੀ ਵਿਅਕਤੀਆਂ ਵਿੱਚੋਂ 73 ਫ਼ੀਸਦੀ 16 ਤੋਂ 35 ਸਾਲ ਉਮਰ ਵਰਗ ਦੇ ਸਨ। ਉਨ੍ਹਾਂ ਦਾਅਵਾ ਕੀਤਾ ਸੀ ਕਿ ਹੇਠਲੇ ਪੱਧਰ ਦੀ ਅਫ਼ਸਰਸ਼ਾਹੀ ਨੇ ਇਸ ਦੀ ਗ਼ਲਤ ਵਿਆਖਿਆ ਕਰਦਿਆਂ ਅਦਾਲਤੀ ਹਲਫ਼ਨਾਮਿਆਂ ਵਿੱਚ ਇਸ ਨੂੰ ਸਾਰੇ ਨੌਜਵਾਨ ਵਰਗ ਨਾਲ ਜੋੜ ਕੇ ਪੇਸ਼ ਕਰ ਦਿੱਤਾ ਤੇ ਫਿਰ ਇਸੇ ਦੇ ਆਧਾਰ ’ਤੇ ਰਾਹੁਲ ਗਾਂਧੀ ਨੇ ਇਹ ਬਿਆਨ ਦਿੱਤਾ ਸੀ। ਪ੍ਰੋ. ਸੰਧੂ ਮੁਤਾਬਿਕ ਅਫ਼ਸਰਸ਼ਾਹੀ ਨੇ 600 ਨਸ਼ਾ ਪੀੜਤਾਂ ’ਤੇ ਆਧਾਰਿਤ ਇਸ ਅਧਿਐਨ ਤੋਂ ਪੰਜਾਬ ਦੀ ਪੂਰੀ ਆਬਾਦੀ ਬਾਰੇ ਇਹੋ ਸਿੱਟਾ ਕੱਢ ਲਿਆ ਤੇ ਸਿਤਮ ਦੀ ਗੱਲ ਇਹ ਸੀ ਕਿ ਪੰਜਾਬ ਸਰਕਾਰ ਦੀ ਆਫ਼ਤ ਪ੍ਰਬੰਧਨ ਯੋਜਨਾ ਦੇ ਖਰੜੇ ’ਚ ਵੀ ਇਹੋ ਅੰਕੜੇ ਵਰਤੇ ਗਏ ਸਨ।
ਖ਼ੈਰ, ਉਦੋਂ ਸੂਬੇ ਵਿਚਲੀ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਨੇ ਰਾਹੁਲ ਗਾਂਧੀ ਦੀ ਇਸ ਟਿੱਪਣੀ ਨੂੰ ‘ਕੌਮੀ ਚੁਟਕਲਾ’ ਦੱਸਦਿਆਂ ਕਿਹਾ ਸੀ ਕਿ ਅਜਿਹਾ ਕਰ ਕੇ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਭਾਵੇਂ ਇਹ ਅੰਕੜੇ ਵਧਾ-ਚੜ੍ਹਾ ਕੇ ਪੇਸ਼ ਕੀਤੇ ਗਏ, ਪਰ ਫਿਰ ਵੀ ਇਹ ਸਮੱਸਿਆ ਦੀ ਨਿਸ਼ਾਨਦੇਹੀ ਤਾਂ ਕਰਦੇ ਹੀ ਸਨ। ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਇਸ ਨੂੰ ਸਮੁੱਚੇ ਪੰਜਾਬੀਆਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਨਾਲ ਜੋੜ ਕੇ ਮਸਲੇ ਤੋਂ ਅੱਖਾਂ ਮੀਟਣ ਵਾਲਾ ਰਵੱਈਆ ਅਖ਼ਤਿਆਰ ਕਰ ਲਿਆ ਗਿਆ ਅਤੇ ਅੱਜ ਉਹੀ ‘ਕੌਮੀ ਚੁਟਕਲਾ’ ਸੂਬੇ ਦੀ ਸਿਆਹ ਹਕੀਕਤ ਦਾ ਰੂਪ ਧਾਰ ਕੇ ਸਾਡੇ ਸਾਹਮਣੇ ਆ ਖਲੋਤਾ ਹੈ। ਸੰਨ 2016 ਵਿੱਚ ਨਸ਼ਿਆਂ ਦੇ ਮੁੱਦੇ ’ਤੇ ਬਣੀ ਹਿੰਦੀ ਫਿਲਮ ‘ਉੜਤਾ ਪੰਜਾਬ’ ਨੂੰ ਲੈ ਕੇ ਉਦੋਂ ਇੱਕ ਵਾਰੀ ਫਿਰ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਕਟਹਿਰੇ ਵਿੱਚ ਸੀ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੌਲੀਵੁੱਡ ਅਤੇ ਮੀਡੀਆ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਪੰਜਾਬ ਅਤੇ ਖ਼ਾਸ ਕਰ ਕੇ ਇੱਥੋਂ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਲਈ ਨਸ਼ਿਆਂ ਦੀ ਸਮੱਸਿਆ ਨੂੰ ਫਿਲਮ ’ਚ ਬਹੁਤ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ। ਵਿਰੋਧੀ ਪਾਰਟੀਆਂ ਨੇ ਉਦੋਂ ਦੋਸ਼ ਲਾਏ ਸਨ ਕਿ ਸੱਤਾਧਾਰੀ ਧਿਰ ਨੇ ਸੈਂਸਰ ਬੋਰਡ ’ਤੇ ਫਿਲਮ ’ਚ ਕਈ ਕੱਟ ਲਾਉਣ ਅਤੇ ਪੰਜਾਬ ਤੇ ਸੂਬਾਈ ਚੋਣਾਂ ਸਬੰਧੀ ਹਵਾਲੇ ਕੱਢਣ ਲਈ ਦਬਾਅ ਪਾਇਆ ਸੀ। ਜੇ ਤੁਹਾਨੂੰ ਯਾਦ ਹੋਵੇ ਤਾਂ ਸੈਂਸਰ ਬੋਰਡ ਦੇ ਤਤਕਾਲੀ ਮੁਖੀ ਪਹਿਲਾਜ ਨਿਹਲਾਨੀ ਨੇ ਫਿਲਮ ਦੇ ਨਿਰਮਾਤਾ ਅਨੁਰਾਗ ਕਸ਼ਯਪ ਉੱਤੇ ਦੋਸ਼ ਲਾਇਆ ਸੀ ਕਿ ਉਸ ਨੇ ਇੱਕ ਸਿਆਸੀ ਪਾਰਟੀ ਤੋਂ ਪੈਸੇ ਲੈ ਕੇ ਜਾਣ-ਬੁੱਝ ਕੇ ਫਿਲਮ ’ਚ ਪੰਜਾਬ ਦੇ ਅਕਸ ਨੂੰ ਵਿਗਾੜ ਕੇ ਪੇਸ਼ ਕੀਤਾ ਹੈ।
ਹੁਣ ਪਰਵਿੰਦਰ ਦੀ ਹੱਤਿਆ ਮਗਰੋਂ ਪੰਜਾਬ ਵਿੱਚ ਵੱਡੇ ਪੱਧਰ ’ਤੇ ਹੋਏ ਰੋਸ ਵਿਖਾਵਿਆਂ ਤੋਂ ਇਹ ਗੱਲ ਤਾਂ ਸਾਬਿਤ ਹੁੰਦੀ ਹੈ ਕਿ ਨਸ਼ਿਆਂ ਨੂੰ ਠੱਲ੍ਹ ਪਾਉਣ ’ਚ ਨਾਕਾਮ ਰਹਿਣ ਕਾਰਨ ਲੋਕਾਂ ਵਿੱਚ ਕਿੰਨਾ ਰੋਹ ਹੈ। ਸੂਬੇ ਦੀਆਂ ਜੇਲ੍ਹਾਂ ਵਿੱਚ ਨਸ਼ੇ ਕਥਿਤ ਤੌਰ ’ਤੇ ਆਮ ਉਪਲਬਧ ਹੋਣ ਬਾਰੇ ਭਾਜਪਾ ਆਗੂ ਸੁਨੀਲ ਜਾਖੜ ਨੇ ਕੇਂਦਰੀ ਗ੍ਰਹਿ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਮਾਮਲੇ ਦੀ ਐੱਨ ਆਈ ਏ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਸੂਬੇ ਵਿੱਚ ਬੀਤੇ ਸਮਿਆਂ ’ਚ ਵੱਖ-ਵੱਖ ਪਾਰਟੀਆਂ ਇਸੇ ਮੁੱਦੇ ’ਤੇ ਵਾਅਦੇ ਕਰ ਕੇ ਸਰਕਾਰ ਬਣਾਉਣ ’ਚ ਸਫ਼ਲ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਸਾਲ 2015 ’ਚ ਤਖ਼ਤ ਸ੍ਰੀ ਦਮਦਮਾ ਸਾਹਿਬ ਨੇੜੇ ਬਠਿੰਡਾ ਰੈਲੀ ਵਿੱਚ ਹੱਥ ’ਚ ਗੁਟਕਾ ਸਾਹਿਬ ਫੜ ਕੇ ਸਹੁੰ ਚੁੱਕੀ ਸੀ, ‘‘ਕਾਂਗਰਸ ਪਾਰਟੀ ਸੱਤਾ ’ਚ ਆਉਂਦਿਆਂ ਹੀ ਮੈਂ ਚਾਰ ਹਫ਼ਤਿਆਂ ’ਚ ਨਸ਼ਿਆਂ ਦਾ ਲੱਕ ਤੋੜ ਦੂੰਗਾ।’’ ਸਾਲ 2017 ’ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਵੀ ਬਣੀ, ਪਰ ਕਾਂਗਰਸ ਪੰਜ ਸਾਲਾਂ ’ਚ ਵੀ ਨਸ਼ਿਆਂ ਦਾ ਲੱਕ ਨਾ ਤੋੜ ਸਕੀ, ਸੂਬੇ ਵਿੱਚ ਨਸ਼ਿਆਂ ਦੀ ਅਲਾਮਤ ਫੈਲਦੀ ਹੀ ਗਈ ਅਤੇ ਅੱਲ੍ਹੜ ਉਮਰ ਦੇ ਬੱਚੇ ਵੀ ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਦੀ ਮਾਰ ਹੇਠ ਆਉਣ ਲੱਗੇ। ਹਾਲਾਂਕਿ ਬਾਅਦ ਵਿੱਚ ਤਿੱਖੀ ਆਲੋਚਨਾ ਹੋਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ, ‘‘ਲੱਕ ਤੋੜਨ ਦਾ ਮਤਲਬ ਇਹ ਨਹੀਂ ਕਿ ਮੈਂ ਨਸ਼ੇ ਖ਼ਤਮ ਕਰ ਦੂੰਗਾ।’’
ਫਿਰ ਆਮ ਆਦਮੀ ਪਾਰਟੀ ਨੇ 2022 ਵਿੱਚ ਸਰਕਾਰ ਬਣਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਇਹ ਕੁਝ ਮਹੀਨਿਆਂ (ਤਿੰਨ ਤੋਂ ਛੇ ਮਹੀਨੇ) ’ਚ ਹੀ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰ ਦੇਵੇਗੀ ਪਰ ਉਹ ਵਾਅਦਾ ਵੀ ਵਫ਼ਾ ਨਾ ਹੋ ਸਕਿਆ ਤੇ ਸਥਿਤੀ ਹੁਣ ਸਭ ਦੇ ਸਾਹਮਣੇ ਹੈ। ਵੇਲਾ ਹੈ ਕਿ ਸਿਆਸਤਦਾਨ ਇਮਾਨਦਾਰੀ ਨਾਲ ਆਪਣੇ ਅੰਦਰ ਝਾਤੀ ਮਾਰਨ ਅਤੇ ਸਮੁੱਚੇ ਭ੍ਰਿਸ਼ਟ ਤੰਤਰ, ਜਿਸ ਲਈ ਉਹ ਖ਼ੁਦ ਜ਼ਿੰਮੇਵਾਰ ਹਨ, ਬਾਰੇ ਜਵਾਬਦੇਹੀ ਤੋਂ ਬਚਣ ਲਈ ਅੰਕੜਿਆਂ ਦੀ ਖੇਡ ਨਾ ਖੇਡਣ। ਸ਼ਾਇਦ ਇਉਂ ਪੰਜਾਬ ਦਾ ਕੁਝ ਭਲਾ ਹੋ ਸਕੇ। ਦਰਅਸਲ, ਹਰ ਸਿਆਸਤਦਾਨ ਦਾ ਤਰਕ ਹੁੰਦਾ ਹੈ ਕਿ ਉਨ੍ਹਾਂ ਦੇ ਵੇਲੇ ਏਨੇ ਤਸਕਰਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਤੇ ਏਨੀ ਮਾਤਰਾ ’ਚ ਨਸ਼ੇ ਦੀ ਬਰਾਮਦਗੀ ਹੋਈ। ਹਾਲ ਹੀ ਵਿੱਚ 30 ਸਤੰਬਰ ਨੂੰ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਸਮਾਪਤੀ ਮੌਕੇ ਜਲੰਧਰ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਦਾ ਵਾਅਦਾ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਸੂਬੇ ਵਿੱਚ ਆਉਂਦੀਆਂ ਚੋਣਾਂ ਇਸੇ ਮੁੱਦੇ ’ਤੇ ਲੜੇਗੀ। ਉਨ੍ਹਾਂ ਪੰਜਾਬੀਆਂ ਨੂੰ ਭਰੋਸਾ ਦਿੱਤਾ ਕਿ 31 ਦਸੰਬਰ 2029 ਤੱਕ ਉਹ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਟੀਚਾ ਹਾਸਲ ਕਰ ਲੈਣਗੇ। ਖ਼ੈਰ, ਉਨ੍ਹਾਂ ਨੇ ਸੱਤਾ ’ਚ ਆਉਣ ਦੀ ਸੂਰਤ ਵਿੱਚ ਚਾਰ ਹਫ਼ਤਿਆਂ ਜਾਂ ਚਾਰ ਮਹੀਨਿਆਂ ਦੀ ਥਾਂ ਲਗਭਗ ਦੋ ਸਾਲਾਂ ਦੇ ਅੰਦਰ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸਿਆਸੀ ਵਾਅਦਾ ਕੀਤਾ ਹੈ। ਹਾਲਾਂਕਿ ਕੇਂਦਰ ਸਰਕਾਰ ਨੇ ਦੇਸ਼ ’ਚ ਨਸ਼ਿਆਂ ਦਾ ਖ਼ਾਤਮਾ ਕਰਨ ਲਈ ‘ਨਸ਼ਾ ਮੁਕਤ ਭਾਰਤ ਅਭਿਆਨ’ ਤਹਿਤ ਇਸ ਦਾ ਟੀਚਾ ਵੀ 31 ਦਸੰਬਰ 2029 ਰੱਖਿਆ ਹੈ। ਜਦੋਂ ਸਮੁੱਚਾ ਦੇਸ਼ ਹੀ ਨਸ਼ਾ ਮੁਕਤ ਹੋ ਗਿਆ ਤਾਂ ਪੰਜਾਬ ਕਿਹੜਾ ਇਸ ਤੋਂ ਬਾਹਰ ਹੈ?
ਨਸ਼ੇ ਦੇ ਮੁੱਦੇ ਨੂੰ ਲੈ ਕੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਜਾਂਦਾ ਹੈ ਤਾਂ ਭਾਜਪਾ ਵੀ ਜਵਾਬਦੇਹੀ ਤੋਂ ਨਹੀਂ ਬਚ ਸਕਦੀ ਕਿਉਂਕਿ ਉਹ ਲਗਾਤਾਰ ਦਸ ਸਾਲ ਗੱਠਜੋੜ ਸਦਕਾ ਸੂਬੇ ਦੀ ਸੱਤਾ ’ਚ ਭਾਈਵਾਲ ਰਹੀ ਹੈ। ਇਸ ਦੇ ਨਾਲ ਹੀ 2014 ਤੋਂ ਭਾਜਪਾ ਲਗਾਤਾਰ ਕੇਂਦਰ ਦੀ ਸੱਤਾ ’ਤੇ ਕਾਬਜ਼ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਹੁਣ ਉਹ ਇੰਨੇ ਕੁ ਸਮੇਂ ’ਚ ਨਸ਼ਿਆਂ ’ਤੇ ਕਿਵੇਂ ਕਾਬੂ ਪਾ ਲਵੇਗੀ? 11 ਅਕਤੂਬਰ 2021 ਨੂੰ ਪੰਜਾਬ ਵਿੱਚ ਬੀ ਐੱਸ ਐੱਫ, ਜੋ ਕੇਂਦਰ ਸਰਕਾਰ ਦੇ ਅਧੀਨ ਹੈ, ਦਾ ਅਧਿਕਾਰ ਖੇਤਰ ਕੌਮਾਂਤਰੀ ਸਰਹੱਦ ਦੇ 15 ਕਿਲੋਮੀਟਰ ਦੇ ਘੇਰੇ ਤੋਂ ਵਧਾ ਕੇ 50 ਕਿਲੋਮੀਟਰ ਤੱਕ ਕਰ ਦਿੱਤਾ ਗਿਆ ਸੀ। ਮੌਜੂਦਾ ਸਥਿਤੀ ’ਚ ਦੁਸ਼ਮਣ ਦੇਸ਼ ਵੱਲੋਂ ਸਰਹੱਦ ’ਤੇ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਲਈ ਡਰੋਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਦਾ ਗਿਲਾ ਹੈ ਕਿ ਪੰਜਾਬ ਨੂੰ ਕੇਂਦਰ ਵੱਲੋਂ ਐਂਟੀ ਡਰੋਨ ਸਿਸਟਮ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਇਸ ਲਈ ਫੰਡ ਮੁਹੱਈਆ ਕਰਵਾਇਆ ਜਾ ਰਿਹਾ ਹੈ। ਹਾਲਾਂਕਿ ਕੌਮੀ ਸੁਰੱਖਿਆ ਲਈ ਪੰਜਾਬ ਬਹੁਤ ਅਹਿਮ ਸਰਹੱਦੀ ਸੂਬਾ ਹੈ।
ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਇੱਕ-ਦੂਜੇ ’ਤੇ ਤੋਹਮਤਬਾਜ਼ੀ ਕਰਨ ਦੀ ਥਾਂ ਇਸ ਗੰਭੀਰ ਮੁੱਦੇ ’ਤੇ ਸਾਂਝੀ ਲੜਾਈ ਲੜਨ ਲਈ ਸਾਂਝੀ ਰਣਨੀਤੀ ਉਲੀਕਣ ਦੀ ਲੋੜ ਹੈ। ਨਸ਼ਿਆਂ ਦੇ ਮੁੱਦੇ ’ਤੇ ਜਵਾਬਦੇਹੀ ਤੋਂ ਬਚਣ ਲਈ ਅੰਕੜਿਆਂ ਦੀ ਖੇਡ ਨਹਂੀਂ ਸਗੋਂ ਠੋਸ ਕਾਰਵਾਈ ਕਰਨ ਦੀ ਲੋੜ ਹੈ ਕਿਉਂਕਿ ਲੋਕ ਮਹਿਜ਼ ਵੋਟਰ ਨਹੀਂ ਹੁੰਦੇ, ਕਿਸੇ ਪਰਿਵਾਰ ਦੇ ਜੀਅ ਹੁੰਦੇ ਹਨ।

