DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦੋ-ਬੱਚਿਆਂ ਦਾ ਨਿਯਮ

ਦੁੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਸਾਡੇ ਦੇਸ਼ ਲਈ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਬਿਲਕੁਲ ਸਹੀ ਸਮੇਂ ’ਤੇ ਆਈਆਂ ਹਨ। ਭਾਰਤ ਦਾ ਬਦਲਦਾ ਵੱਸੋਂ ਦਾ ਸਰੂਪ ਆਬਾਦੀ ਨੀਤੀਆਂ ਬਾਰੇ ਇੱਕ ਨਵੇਂ ਨਜ਼ਰੀਏ ਦੀ ਮੰਗ ਕਰਦਾ ਹੈ। ਜਿਹੜੇ ਕਾਨੂੰਨ ਕਦੇ ਦੋ...

  • fb
  • twitter
  • whatsapp
  • whatsapp
Advertisement

ਦੁੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਸਾਡੇ ਦੇਸ਼ ਲਈ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਬਿਲਕੁਲ ਸਹੀ ਸਮੇਂ ’ਤੇ ਆਈਆਂ ਹਨ। ਭਾਰਤ ਦਾ ਬਦਲਦਾ ਵੱਸੋਂ ਦਾ ਸਰੂਪ ਆਬਾਦੀ ਨੀਤੀਆਂ ਬਾਰੇ ਇੱਕ ਨਵੇਂ ਨਜ਼ਰੀਏ ਦੀ ਮੰਗ ਕਰਦਾ ਹੈ। ਜਿਹੜੇ ਕਾਨੂੰਨ ਕਦੇ ਦੋ ਤੋਂ ਵੱਧ ਬੱਚੇ ਹੋਣ ’ਤੇ ਨਾਗਰਿਕਾਂ ਨੂੰ ਸਥਾਨਕ ਚੋਣਾਂ ਲੜਨ ਤੋਂ ਅਯੋਗ ਕਰਾਰ ਦੇ ਕੇ ਆਬਾਦੀ ਦੇ ਵਾਧੇ ਨੂੰ ਕਾਬੂ ਕਰਨਾ ਚਾਹੁੰਦੇ ਸਨ, ਉਹ ਅਜੋਕੇ ਸਮੇਂ ਵਿੱਚ ਬੇਲੋੜੇ ਅਤੇ ਨੁਕਸਾਨਦੇਹ ਸਾਬਿਤ ਹੋ ਸਕਦੇ ਹਨ। ਜਦੋਂ ਅਦਾਲਤ ਨੇ 2003 ਦੇ ‘ਜਾਵੇਦ ਬਨਾਮ ਹਰਿਆਣਾ ਰਾਜ’ ਫ਼ੈਸਲੇ ਵਿੱਚ ਦੋ-ਬੱਚਿਆਂ ਦੇ ਨਿਯਮ ਦੀ ਵੈਧਤਾ ਨੂੰ ਬਰਕਰਾਰ ਰੱਖਿਆ ਸੀ, ਉਦੋਂ ਭਾਰਤ ਦੀ ਕੁੱਲ ਜਣਨ ਦਰ (ਟੋਟਲ ਫਰਟਿਲਿਟੀ ਰੇਟ) ਲਗਪਗ 3 ਸੀ। ਅੱਜ ਇਹ ਘਟ ਕੇ 1.9 ’ਤੇ ਆ ਗਈ ਹੈ, ਜੋ ਕਿ 2.1 ਦੇ ਤਸੱਲੀਬਖ਼ਸ਼ (ਬਦਲਵੇਂ) ਪੱਧਰ ਤੋਂ ਵੀ ਹੇਠਾਂ ਹੈ। ਇਹ ਗਿਰਾਵਟ ਬਦਲਦੀਆਂ ਸਮਾਜਿਕ ਹਕੀਕਤਾਂ ਨੂੰ ਦਰਸਾਉਂਦੀ ਹੈ, ਜਿਸ ਵਿੱਚ ਵਧ ਰਹੀ ਸਾਖਰਤਾ, ਸ਼ਹਿਰੀਕਰਨ, ਬਿਹਤਰ ਸਿਹਤ ਸੇਵਾਵਾਂ ਅਤੇ ਪਰਿਵਾਰ ਨਿਯੋਜਨ ਪ੍ਰਤੀ ਵਧ ਰਹੀ ਜਾਗਰੂਕਤਾ ਸ਼ਾਮਿਲ ਹੈ।

ਅਦਾਲਤ ਨੇ ਮਹਾਰਾਸ਼ਟਰ ਦੀ ਇੱਕ ਸਾਬਕਾ ਸਰਪੰਚ, ਜਿਸ ਨੂੰ ਤੀਜੇ ਬੱਚੇ ਦੇ ਜਨਮ ਤੋਂ ਬਾਅਦ ਚੋਣ ਲੜਨ ਤੋਂ ਰੋਕ ਦਿੱਤਾ ਗਿਆ ਸੀ, ਦੀ ਅਯੋਗਤਾ ਨੂੰ ਬਿਲਕੁਲ ਜਾਇਜ਼ ਤਰੀਕੇ ਨਾਲ ਰੱਦ ਕਰ ਦਿੱਤਾ ਹੈ ਅਤੇ ਸੰਵਿਧਾਨਕ ਸਵਾਲ ਨੂੰ ਇੱਕ ਵੱਡੇ ਬੈਂਚ ਕੋਲ ਭੇਜ ਦਿੱਤਾ ਹੈ। ਸੁਪਰੀਮ ਕੋਰਟ ਦੀਆਂ ਟਿੱਪਣੀਆਂ ਆਬਾਦੀ ਨੀਤੀ ਅਤੇ ਮੌਲਿਕ ਅਧਿਕਾਰਾਂ ਵਿੱਚ ਤਾਲਮੇਲ ਬਣਾਉਣ ਦੀ ਜ਼ਰੂਰਤ ਨੂੰ ਉਜਾਗਰ ਕਰਦੀਆਂ ਹਨ। ਦੋ ਤੋਂ ਵੱਧ ਬੱਚੇ ਹੋਣਾ ਲੋਕਾਂ ਦੀ ਸੇਵਾ ਕਰਨ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਨਾ ਚਾਹੀਦਾ। ਅਜਿਹੇ ਵਿਅਕਤੀਆਂ ਨੂੰ ਚੋਣ ਲੜਨ ਦੇ ਅਧਿਕਾਰ ਤੋਂ ਵਾਂਝਾ ਕਰਨਾ ਪਰਿਵਾਰਕ ਫ਼ੈਸਲਿਆਂ ਦੇ ਆਧਾਰ ’ਤੇ ਜਮਹੂਰੀ ਹਿੱਸੇਦਾਰੀ ਨੂੰ ਸੀਮਿਤ ਕਰਨ ਦੇ ਬਰਾਬਰ ਹੈ। ਇਹ ਸੰਵਿਧਾਨ ਦੀ ਧਾਰਾ 21 (ਜੀਵਨ ਅਤੇ ਨਿੱਜੀ ਆਜ਼ਾਦੀ ਦੀ ਸੁਰੱਖਿਆ) ਤਹਿਤ ਜਣਨ ਆਜ਼ਾਦੀ ਬਾਰੇ ਵੀ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਹਰਿਆਣਾ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਰਾਜਸਥਾਨ ਸਮੇਤ ਕਈ ਸੂਬੇ ਇਹ ਮਹਿਸੂਸ ਕਰਦਿਆਂ ਪਹਿਲਾਂ ਹੀ ਇਸ ਪਾਬੰਦੀ ਨੂੰ ਵਾਪਸ ਲੈ ਚੁੱਕੇ ਹਨ ਕਿ ਆਬਾਦੀ ਦੇ ਹਾਲਾਤ ਬਦਲ ਚੁੱਕੇ ਹਨ। ਦੂਜੇ ਸੂਬਿਆਂ ਨੂੰ ਵੀ ਅਜਿਹੇ ਨਿਯਮਾਂ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।

Advertisement

ਘਟ ਰਹੀ ਜਣਨ ਦਰ ਬਜ਼ੁਰਗਾਂ ਦੀ ਵਧਦੀ ਆਬਾਦੀ ਤੇ ਸੁੰਗੜਦੀ ਕਿਰਤ ਸ਼ਕਤੀ ਸਿਹਤ ਸੰਭਾਲ ਤੇ ਸਮਾਜਿਕ ਸੁਰੱਖਿਆ ਪ੍ਰਣਾਲੀਆਂ ’ਤੇ ਵਾਧੂ ਦਬਾਅ ਦਾ ਕਾਰਨ ਬਣ ਸਕਦੀ ਹੈ। ਭਾਰਤ ਨੂੰ ਬਿਹਤਰ ਸਿਹਤ ਸਹੂਲਤਾਂ, ਬਾਲ ਸੰਭਾਲ ਕੇਂਦਰਾਂ, ਹੁਨਰ ਵਿਕਾਸ ਅਤੇ ਟਿਕਾਊ ਪੈਨਸ਼ਨ ਯੋਜਨਾਵਾਂ ਰਾਹੀਂ ਇਸ ਤਬਦੀਲੀ ਲਈ ਤਿਆਰੀ ਕਰਨੀ ਚਾਹੀਦੀ ਹੈ। ਸੁਨੇਹਾ ਬਿਲਕੁਲ ਸਪੱਸ਼ਟ ਹੈ ਕਿ ‘ਛੋਟੇ ਪਰਿਵਾਰ’ ਦੇ ਨਿਯਮ ਨੂੰ ਸਮੇਂ ਦੇ ਹਿਸਾਬ ਨਾਲ ਬਦਲਣ ਦੀ ਲੋੜ ਹੈ।

Advertisement

Advertisement
×