DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੋਸ਼ਲ ਮੀਡੀਆ ਦੀ ਮਾਰ

ਕੌਮਾਂਤਰੀ ਖ਼ੁਸ਼ੀ ਦਿਹਾੜੇ ਮੌਕੇ ਜਾਰੀ ਕੀਤੀ ਗਈ ‘ਵਰਲਡ ਹੈਪੀਨਸ ਰਿਪੋਰਟ 2026’ ਅਜਿਹਾ ਵਿਰੋਧਾਭਾਸ ਪੇਸ਼ ਕਰਦੀ ਹੈ, ਜਿਸ ਨੂੰ ਭਾਰਤ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਰਿਪੋਰਟ ਮੁਤਾਬਿਕ ਫਿਨਲੈਂਡ ਲਗਾਤਾਰ ਨੌਵੇਂ ਸਾਲ ਪਹਿਲੇ ਸਥਾਨ ’ਤੇ ਕਾਇਮ ਹੈ, ਪਰ ਭਾਰਤ 147 ਦੇਸ਼ਾਂ ਦੀ ਸੂਚੀ...

  • fb
  • twitter
  • whatsapp
  • whatsapp
Advertisement

ਕੌਮਾਂਤਰੀ ਖ਼ੁਸ਼ੀ ਦਿਹਾੜੇ ਮੌਕੇ ਜਾਰੀ ਕੀਤੀ ਗਈ ‘ਵਰਲਡ ਹੈਪੀਨਸ ਰਿਪੋਰਟ 2026’ ਅਜਿਹਾ ਵਿਰੋਧਾਭਾਸ ਪੇਸ਼ ਕਰਦੀ ਹੈ, ਜਿਸ ਨੂੰ ਭਾਰਤ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਰਿਪੋਰਟ ਮੁਤਾਬਿਕ ਫਿਨਲੈਂਡ ਲਗਾਤਾਰ ਨੌਵੇਂ ਸਾਲ ਪਹਿਲੇ ਸਥਾਨ ’ਤੇ ਕਾਇਮ ਹੈ, ਪਰ ਭਾਰਤ 147 ਦੇਸ਼ਾਂ ਦੀ ਸੂਚੀ ਵਿੱਚ 116ਵੇਂ ਸਥਾਨ ’ਤੇ ਹੈ। ਅਜਿਹਾ ਆਰਥਿਕ ਵਿਕਾਸ ਅਤੇ ਰੋਜ਼ਾਨਾ ਵਿਹਾਰਕ ਜੀਵਨ ਦਰਮਿਆਨ ਵਧਦੇ ਪਾੜੇ ਕਾਰਨ ਹੋਇਆ ਹੈ। ਰਿਪੋਰਟ ਦੀ ਖ਼ਾਸੀਅਤ ਇਸ ਦਾ ਸੋਸ਼ਲ ਮੀਡੀਆ ਅਤੇ ਨੌਜਵਾਨਾਂ ’ਤੇ ਸੋਸ਼ਲ ਮੀਡੀਆ ਦੇ ਮਾਰੂ ਪ੍ਰਭਾਵਾਂ ’ਤੇ ਧਿਆਨ ਕੇਂਦਰਿਤ ਕਰਨਾ ਹੈ। ਜੇਕਰ ਖੇਤਰ ਦੇ ਹਿਸਾਬ ਨਾਲ ਦੇਖੀਏ ਤਾਂ ਉੱਤਰੀ ਅਮਰੀਕਾ ਅਤੇ ਯੂਰੋਪ ਵਿੱਚ ਨੌਜਵਾਨ ਹੁਣ ਓਨੇ ਖ਼ੁਸ਼ ਨਹੀਂ ਹਨ, ਜਿੰਨੇ ਪੰਦਰਾਂ ਸਾਲ ਪਹਿਲਾਂ ਸਨ। ਇਹ ਰਿਪੋਰਟ ਡਿਜੀਟਲ ਪਲੈਟਫਾਰਮਾਂ ਦੇ ਹੱਦੋਂ ਵੱਧ ਪਸਾਰ ਦੇ ਦੌਰ ਵਿੱਚ ਪੇਸ਼ ਕੀਤੀ ਗਈ ਹੈ। ਇਸ ਰੁਝਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਲੰਮਾ ਸਮਾਂ ਸੋਸ਼ਲ ਮੀਡੀਆ ਨਾਲ ਚਿਪਕੇ ਰਹਿਣਾ ਸਫ਼ਲਤਾ ਅਤੇ ਸਵੈ-ਯੋਗਤਾ ਜਾਂ ਆਪਣੀ ਕਾਬਲੀਅਤ ਸਬੰਧੀ ਧਾਰਨਾਵਾਂ ਨੂੰ ਬਦਲ ਰਿਹਾ ਹੈ।

ਭਾਰਤ ਵਿੱਚ ਨੌਜਵਾਨ ਆਬਾਦੀ ਦੁਨੀਆ ਦੇ ਹੋਰ ਮੁਲਕਾਂ ਨਾਲੋਂ ਵੱਧ ਹੈ, ਜਿੱਥੇ ਇੰਟਰਨੈੈੈੈੱਟ ਦੀ ਤੇਜ਼ੀ ਨਾਲ ਵਧਦੀ ਪਹੁੰਚ ਦੇ ਘਾਤਕ ਨਤੀਜੇ ਸਾਹਮਣੇ ਆ ਰਹੇ ਹਨ। ਸੋਸ਼ਲ ਮੀਡੀਆ ਜਿੱਥੇ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਜਮਹੂਰੀ ਸਾਧਨ ਬਣਿਆ ਹੋਇਆ ਹੈ, ਉੱਥੇ ਇਹ ਦੁਨੀਆ ਵਿੱਚ ਚਿੰਤਾ ਤੇ ਇਕਲਾਪੇ ਨੂੰ ਵੀ ਵਧਾ ਰਿਹਾ ਹੈ ਅਤੇ ਨੌਜਵਾਨਾਂ ਨੂੰ ਅਜਿਹੀਆਂ ਖ਼ਾਹਿਸ਼ਾਂ ਦੀ ਚੇਟਕ ਲਾ ਰਿਹਾ ਹੈ, ਜੋ ਪੂਰੀਆਂ ਨਹੀਂ ਹੋ ਸਕਦੀਆਂ। ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਆਮਦਨ ਵਧਣ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੇ ਬਾਵਜੂਦ ਲੋਕਾਂ ’ਚ ਸਬਰ ਘਟਦਾ ਜਾ ਰਿਹਾ ਹੈ। ਦੂਜੇ ਪਾਸੇ, ਕੋਸਟਾ ਰੀਕਾ ਵਰਗੇ ਮੁਲਕਾਂ ਦੀ ਸਫ਼ਲਤਾ ਹੋਰਨਾਂ ਲਈ ਸਬਕ ਹੈ ਕਿ ਖ਼ੁਸ਼ੀ ਪੈਸੇ ਨਾਲ ਨਹੀਂ ਮਿਲਦੀ ਸਗੋਂ ਮਜ਼ਬੂਤ ਸਮਾਜਿਕ ਰਿਸ਼ਤਿਆਂ, ਭਰੋਸੇ ਅਤੇ ਭਾਈਚਾਰਕ ਸਾਂਝ ਨਾਲ ਮਿਲਦੀ ਹੈ। ਨੌਰਡਿਕ ਮੁਲਕ ਮਜ਼ਬੂਤ ਭਲਾਈ ਪ੍ਰਣਾਲੀ ਅਤੇ ਸੰਸਥਾਗਤ ਭਰੋਸੇ ਸਦਕਾ ਇਸ ਸੰਤੁਲਨ ਦੀ ਮਿਸਾਲ ਬਣ ਗਏ ਹਨ, ਹਾਲਾਂਕਿ ਅਜਿਹੇ ਖੇਤਰਾਂ ਵਿੱਚ ਭਾਰਤ ਬਹੁਤ ਪਿੱਛੇ ਹੈ। ਇਸ ਦਾ ਸੁਨੇਹਾ ਬਿਲਕੁਲ ਸਪੱਸ਼ਟ ਹੈ। ਸਿਰਫ਼ ਜੀ ਡੀ ਪੀ ਦੀ ਦਰ ਨੂੰ ਵਧਾਉਣ ’ਤੇ ਕੇਂਦਰਿਤ ਨੀਤੀਆਂ ਘੜਨ ਦੀ ਥਾਂ ਅਜਿਹੀਆਂ ਨੀਤੀਆਂ ਬਣਾਈਆਂ ਜਾਣ, ਜੋ ਲੋਕਾਂ ਦੀ ਮਾਨਸਿਕ ਸਿਹਤ, ਸਮਾਜਿਕ ਏਕਤਾ ਅਤੇ ਡਿਜੀਟਲ ਜਾਗਰੂਕਤਾ ਨੂੰ ਸੰਬੋਧਿਤ ਹੋਣ। ਇਸ ਲਈ ਨੁਕਸਾਨਦੇਹ ਔਨਲਾਈਨ ਈਕੋਸਿਸਟਮਾਂ ਨੂੰ ਨੇਮਬੱਧ ਕਰਨਾ, ਡਿਜੀਟਲ ਸਾਖਰਤਾ ਨੂੰ ਉਤਸ਼ਾਹਿਤ ਕਰਨਾ ਅਤੇ ਲੋਕ ਭਲਾਈ ਯੋਜਨਾਵਾਂ ਵਿੱਚ ਨਿਵੇਸ਼ ਕਰਨਾ ਲਾਜ਼ਮੀ ਹੈ। ਭਾਰਤ ਵਿੱਚ ਮਹਿਜ਼ ਆਰਥਿਕ ਇੱਛਾਵਾਂ ਤੇ ਸਮਰੱਥਾਵਾਂ ਦੇ ਬਲ ’ਤੇ ਲੋਕਾਂ ਨੂੰ ਖ਼ੁਸ਼ੀ ਨਹੀਂ ਮਿਲ ਸਕਦੀ। ਲੋਕਾਂ ਦੀ ਖ਼ੁਸ਼ਹਾਲੀ ਤੋਂ ਬਗ਼ੈਰ ਹੋਣ ਵਾਲੇ ਵਿਕਾਸ ਨਾਲ ਸੋਸ਼ਲ ਮੀਡੀਆ ਦੇ ਦੌਰ ਵਿੱਚ ਬੇਚੈਨੀ ਅਤੇ ਇਕਲਾਪੇ ਦਾ ਖ਼ਤਰਾ ਬਹੁਤ ਵਧ ਜਾਵੇਗਾ। ਇਸ ਦਿਸ਼ਾ ਵਿੱਚ ਇਹਤਿਆਤ ਨਾਲ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਭਾਰਤ ਸਹੀ ਅਰਥਾਂ ਵਿੱਚ ਖੁਸ਼ਹਾਲ ਲੋਕਾਂ ਦਾ ਮੁਲਕ ਬਣ ਸਕੇ।

Advertisement

Advertisement
Advertisement
×