ਕੈਨੇਡਾ ਵਿਚ ਨਿਊ ਡੈਮੋਕਰੈਟਿਕ ਪਾਰਟੀ ਦੇ ਕੇਂਦਰੀ ਮੁਖੀ ਜਗਮੀਤ ਸਿੰਘ ਨੂੰ ਦੇਸ਼ ਦੇ ਹੇਠਲੇ ਸਦਨ ‘ਹਾਊਸ ਆਫ਼ ਕਾਮਨਜ਼’ ’ਚੋਂ ਇਕ ਦਿਨ ਲਈ ਇਸ ਵਾਸਤੇ ਮੁਅੱਤਲ ਕਰ ਦਿੱਤਾ ਗਿਆ ਹੈ ਕਿਉਂਕਿ ਉਸ ਨੇ ਸਦਨ ਵਿਚ ਇਕ ਬਹਿਸ ਦੌਰਾਨ ਇਕ ਹੋਰ ਵਿਰੋਧੀ ਪਾਰਟੀ ਬਲਾਕ ਕਿਊਬਕੁਆ (Bloc Quebecois) ਦੇ ਆਗੂ ਅਲੈਨ ਥੇਰੀਅਨ ਨੂੰ ਨਸਲਵਾਦੀ ਕਿਹਾ। ਜਗਮੀਤ ਨੇ ਸਦਨ ਵਿਚ ਕਿਹਾ ਕਿ ਕੈਨੇਡਾ ਦੀਆਂ ਵੱਖ ਵੱਖ ਸੰਸਥਾਵਾਂ ਅਤੇ ਖ਼ਾਸ ਕਰਕੇ ਉੱਥੋਂ ਦੀ ਪੁਲੀਸ, ਜਿਸ ਨੂੰ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐੱਮਪੀ) ਕਿਹਾ ਜਾਂਦਾ ਹੈ, ਵਿਚ ਨਸਲਵਾਦ ਸੰਸਥਾਤਮਕ ਰੂਪ ਵਿਚ ਮੌਜੂਦ ਹੈ। ਕੁਝ ਦਿਨ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਵਿਚ ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਹੋ ਰਹੇ ਮੁਜ਼ਾਹਰਿਆਂ ਬਾਰੇ ਕਿਹਾ ਸੀ ਕਿ ਉਹ ਬੜੇ ਖ਼ੌਫ਼ ਨਾਲ ਇਸ ਵਰਤਾਰੇ ਨੂੰ ਵੇਖ ਰਹੇ ਹਨ ਪਰ ਉਨ੍ਹਾਂ ਦੇ ਆਪਣੇ ਦੇਸ਼ ਵਿਚ ਬਹੁਤ ਕੁਝ ਕਰਨ ਵਾਲਾ ਹੈ। ਇਨ੍ਹਾਂ ਹੀ ਦਿਨਾਂ ਵਿਚ ਕੈਨੇਡੀਅਨ ਰਾਇਲ ਮਾਊਂਟਿਡ ਪੁਲੀਸ (ਆਰਸੀਐੱਮਪੀ) ਕੁਝ ਘਟਨਾਵਾਂ, ਜਿਹੜੀਆਂ ਇਕ ਸਿਆਹਫ਼ਾਮ ਔਰਤ, ਕੈਨੇਡਾ ਦੀ ਮੂਲ ਵਾਸੀ ਔਰਤ ਅਤੇ ਮੂਲ ਵਾਸੀ ਮਰਦ ਨਾਲ ਸਬੰਧਿਤ ਹਨ, ਕਰਕੇ ਚਰਚਾ ਵਿਚ ਹੈ। ਜਨਤਕ ਤੌਰ ’ਤੇ ਛਿੜੀ ਬਹਿਸ ਦੌਰਾਨ ਆਰਸੀਐੱਮਪੀ ਦੀ ਕਮਿਸ਼ਨਰ ਬਰੈਂਡਾ ਲੁਕੀ ਨੇ ਇਹ ਤਸਲੀਮ ਕੀਤਾ ਕਿ ਸੰਸਥਾ ਵਿਚ ਨਸਲਵਾਦ ਦੀ ਸਮੱਸਿਆ ਕਿਸੇ ਨਾ ਕਿਸੇ ਪੱਧਰ ’ਤੇ ਸੰਸਥਾਤਮਕ ਰੂਪ ਵਿਚ ਮੌਜੂਦ ਹੈ। ਜਸਟਿਨ ਟਰੂਡੋ ਨੇ ਵੀ ਕਈ ਸੰਸਥਾਵਾਂ ਵਿਚ ਨਸਲਵਾਦ ਦੇ ਵੱਖ ਵੱਖ ਰੂਪਾਂ ਦੇ ਪਨਪਣ ਨੂੰ ਸਵੀਕਾਰ ਕੀਤਾ ਸੀ। ਉਸ ਸਮੇਂ ਜਗਮੀਤ ਸਿੰਘ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮਿੱਠੇ ਮਿੱਠੇ ਸ਼ਬਦ ਬੋਲ ਕੇ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ; ਉਨ੍ਹਾਂ ਕੋਲ ਤਾਕਤ ਹੈ ਅਤੇ ਉਨ੍ਹਾਂ ਨੂੰ ਸੰਸਥਾਵਾਂ ਵਿਚ ਸੁਧਾਰ ਲਈ ਕਦਮ ਚੁੱਕਣੇ ਚਾਹੀਦੇ ਹਨ।
18 ਜੂਨ ਨੂੰ ‘ਹਾਊਸ ਆਫ਼ ਕਾਮਨਜ਼’ ਵਿਚ ਹੋ ਰਹੀ ਬਹਿਸ ਵਿਚ ਜਗਮੀਤ ਸਿੰਘ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਸਦਨ ਸਰਬਸੰਮਤੀ ਨਾਲ ਇਹ ਮਤਾ ਪਾਸ ਕਰੇ ਕਿ ਨਸਲਵਾਦ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਵਿਚ ਬਾਕਾਇਦਾ ਅਤੇ ਸੰਸਥਾਤਮਕ ਰੂਪ ਵਿਚ ਮੌਜੂਦ ਹੈ ਅਤੇ ਇਸ ਸੰਸਥਾ ਦੇ ਬਜਟ ਦੀ ਪਰਖ-ਪੜਚੋਲ ਕੀਤੀ ਜਾਏ। ਇਸ ਬਹਿਸ ਦੌਰਾਨ ਜਗਮੀਤ ਸਿੰਘ ਅਤੇ ਬਲਾਕ ਕਿਊਬਕੁਆ ਪਾਰਟੀ ਦੇ ਆਗੂ ਅਲੈਨ ਥੇਰੀਅਨ ਵਿਚਕਾਰ ਤਿੱਖੀਆਂ ਝੜਪਾਂ ਹੋਈਆਂ ਜਿਸ ਵਿਚ ਜਗਮੀਤ ਸਿੰਘ ਨੇ ਥੇਰੀਅਨ ਨੂੰ ਨਸਲਵਾਦੀ ਕਿਹਾ। ਜਗਮੀਤ ਸਿੰਘ ’ਤੇ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਗ਼ੈਰ-ਪਾਰਲੀਮਾਨੀ ਭਾਸ਼ਾ ਵਰਤੀ ਹੈ ਅਤੇ ਉਸ ਦੇ ਮੁਆਫ਼ੀ ਮੰਗਣ ਤੋਂ ਇਨਕਾਰ ਕਰਨ ’ਤੇ ਸਪੀਕਰ ਨੇ ਉਸ ਨੂੰ ਬਾਕੀ ਦੇ ਦਿਨ ਲਈ ਸੰਸਦ ਵਿਚੋਂ ਮੁਅੱਤਲ ਕਰ ਦਿੱਤਾ। ਜਗਮੀਤ ਸਿੰਘ ਨੇ ਇਲਜ਼ਾਮ ਲਗਾਇਆ ਕਿ ਕੁਝ ਲੋਕ ਸਦਨ ਵਿਚ ਨਸਲਵਾਦੀ ਕਾਰਵਾਈਆਂ ਕਰ ਰਹੇ ਹਨ ਪਰ ਉਨ੍ਹਾਂ ਨੂੰ ਕੁਝ ਨਹੀਂ ਕਿਹਾ ਜਾ ਰਿਹਾ ਜਦੋਂਕਿ ਜੇ ਕੋਈ ਉਨ੍ਹਾਂ ਨੂੰ ਨਸਲਵਾਦੀ ਕਹੇ ਤਾਂ ਉਸ ਨੂੰ ਸਦਨ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਜਸਟਿਨ ਟਰੂਡੋ ਬਾਅਦ ਵਿਚ ਜਗਮੀਤ ਸਿੰਘ ਦੀ ਹਮਾਇਤ ’ਤੇ ਆਇਆ ਅਤੇ ਉਸ ਨੇ ਕਿਹਾ ਕਿ ਜੇ ਅਸੀਂ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਅਜਿਹੀ ਬਹਿਸ ਹੋਣੀ ਚਾਹੀਦੀ ਹੈ।
ਨਸਲਵਾਦ ਸਾਰੀ ਦੁਨੀਆਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਮੌਜੂਦ ਹੈ। ਉੱਤਰੀ ਅਮਰੀਕਾ ਅਤੇ ਯੂਰੋਪ ਵਿਚ ਇਤਿਹਾਸਕ ਕਾਰਨਾਂ ਕਰਕੇ ਇਕ ਪਾਸੇ ਗੋਰੇ ਲੋਕਾਂ ਅਤੇ ਦੂਸਰੇ ਪਾਸੇ ਅਫ਼ਰੀਕੀ ਤੇ ਏਸ਼ੀਆ ਦੇ ਵਸਨੀਕਾਂ ਵਿਚਕਾਰ ਇਸ ਸਮੱਸਿਆ ਦਾ ਰੂਪ ਕਾਫ਼ੀ ਹਿੰਸਾਤਮਕ ਰਿਹਾ ਹੈ। ਤਾਕਤ ਗੋਰੇ ਲੋਕਾਂ ਦੇ ਹੱਥਾਂ ਵਿਚ ਕੇਂਦਰਿਤ ਹੋਣ ਕਾਰਨ ਏਸ਼ੀਆ ਤੇ ਅਫ਼ਰੀਕਾ ਦੇ ਲੋਕਾਂ ਨਾਲ ਰੰਗ ਅਤੇ ਨਸਲ ਦੇ ਆਧਾਰ ’ਤੇ ਵੱਡੇ ਵਿਤਕਰੇ ਹੁੰਦੇ ਆਏ ਹਨ। ਅਮਰੀਕੀ ਮਹਾਂਦੀਪ ਵਿਚ ਉੱਥੋਂ ਦੇ ਮੂਲ ਵਾਸੀਆਂ ਵਿਰੁੱਧ ਵੀ ਵੱਡੇ ਜ਼ੁਲਮ ਹੋਏ ਅਤੇ ਉਹ ਅਜੇ ਵੀ ਕਈ ਵਿਤਕਰਿਆਂ ਦਾ ਸ਼ਿਕਾਰ ਹਨ। ਸਿਆਹਫ਼ਾਮ ਲੋਕਾਂ ਨੇ ਵੱਖ ਵੱਖ ਦੇਸ਼ਾਂ ਵਿਚ ਬਰਾਬਰੀ ਦਾ ਦਰਜਾ ਪਾਉਣ ਲਈ ਵੱਡੇ ਸੰਘਰਸ਼ ਕਰੇ ਪਰ ਨਸਲਵਾਦ ਦੀਆਂ ਜੜ੍ਹਾਂ ਏਨੀਆਂ ਡੂੰਘੀਆਂ ਹਨ ਕਿ ਇਹ ਗੋਰੇ ਲੋਕਾਂ ਦੇ ਮਨਾਂ ਵਿਚ ਇਕ ਸੁਭਾਵਿਕ ਸਮਝ ਵਾਂਗ ਅਜੇ ਵੀ ਮੌਜੂਦ ਹੈ। ਜਗਮੀਤ ਸਿੰਘ ਨੇ ਇਸ ਸਬੰਧ ਵਿਚ ਸਹੀ ਪੈਂਤੜਾ ਲਿਆ ਹੈ ਅਤੇ ਬਹੁਤ ਵਾਰ ਸਹੀ ਪੈਂਤੜੇ ਲੈਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿਆਸੀ ਪਾਰਟੀਆਂ ਅਤੇ ਆਮ ਲੋਕਾਂ ਵੱਲੋਂ ਜਗਮੀਤ ਸਿੰਘ ਦੇ ਪੈਂਤੜੇ ਦੀ ਹਮਾਇਤ ਇਹ ਦੱਸਦੀ ਹੈ ਕਿ ਕੈਨੇਡਾ ਦੇ ਲੋਕ ਨਸਲਵਾਦ ਤੋਂ ਮੁਕਤੀ ਚਾਹੁੰਦੇ ਹਨ।