ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਨੇ ਇਤਿਹਾਸ ਰਚਿਆ ਹੈ। ਪੁਰਸ਼ਾਂ ਦੀ ਹਾਕੀ ਟੀਮ ਨੇ 1980 ਦੀਆਂ ਮਾਸਕੋ ਓਲੰਪਿਕ ਖੇਡਾਂ ਜਿਨ੍ਹਾਂ ਦਾ ਵੱਡੀ ਪੱਧਰ ’ਤੇ ਬਾਈਕਾਟ ਹੋਇਆ ਸੀ, ਵਿਚ ਸੋਨੇ ਦਾ ਤਗ਼ਮਾ ਜਿੱਤਿਆ ਸੀ ਪਰ ਉਸ ਤੋਂ ਬਾਅਦ ਕਦੀ ਵੀ ਸੈਮੀ ਫਾਈਨਲ ਵਿਚ ਪ੍ਰਵੇਸ਼ ਨਹੀਂ ਕਰ ਸਕੀ। ਤਕਨੀਕੀ ਤੌਰ ’ਤੇ ਪੁਰਸ਼ਾਂ ਦੀ ਹਾਕੀ ਟੀਮ ਨੇ 1972 ਦੀਆਂ ਮਿਊਨਿਖ ਓਲੰਪਿਕ ਵਿਚ ਸੈਮੀ ਫਾਈਨਲ ਵਿਚ ਖੇਡ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਭਾਰਤ ਨੇ ਭਾਵੇਂ 1975 ਵਿਚ ਵਿਸ਼ਵ ਹਾਕੀ ਕੱਪ ਜਿੱਤਿਆ ਸੀ ਪਰ ਉਸ ਤੋਂ ਬਾਅਦ ਇਸ ਖੇਡ ਦਾ ਪਤਨ ਹੋਣਾ ਸ਼ੁਰੂ ਹੋ ਗਿਆ। ਸਭ ਤੋਂ ਕਰਾਰੀ ਹਾਰ ਸ਼ਾਇਦ 1982 ਵਿਚ ਦਿੱਲੀ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਸੀ ਜਦ ਪਾਕਿਸਤਾਨ ਨੇ ਭਾਰਤ ਨੂੰ 7-1 ਨਾਲ ਹਰਾਇਆ। ਪਾਕਿਸਤਾਨ ਦੀ ਹਾਕੀ ਟੀਮ ਦਾ ਦਬਦਬਾ ਕੁਝ ਦੇਰ ਤਕ ਕਾਇਮ ਰਿਹਾ ਪਰ ਕੁਝ ਸਮੇਂ ਬਾਅਦ ਉਹ ਵੀ ਨਿਘਾਰ ਵੱਲ ਜਾਣ ਲੱਗੀ। ਇਸ ਸਭ ਦਾ ਇਕ ਵੱਡਾ ਕਾਰਨ ਹਾਕੀ ਦਾ ਐਸਟਰੋਟਰਫ਼ ’ਤੇ ਖੇਡੇ ਜਾਣਾ ਸੀ ਅਤੇ ਤੀਸਰੀ ਦੁਨੀਆ ਦੇ ਦੇਸ਼ਾਂ, ਖ਼ਾਸ ਕਰਕੇ ਭਾਰਤ ਤੇ ਪਾਕਿਸਤਾਨ ਵਿਚ ਇਹੋ ਜਿਹੇ ਮੈਦਾਨਾਂ ਦੀ ਘਾਟ ਸੀ/ਹੈ। ਇਹ ਮੈਦਾਨ ਬਣਾਉਣ ’ਤੇ ਬਹੁਤ ਖਰਚ ਆਉਂਦਾ ਹੈ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਅਜਿਹੇ ਮੈਦਾਨ ਬਣਾਉਣਾ ਕਾਫ਼ੀ ਮੁਸ਼ਕਿਲ ਕੰਮ ਹੈ। ਭਾਰਤ ਦੀ ਹਾਕੀ ਟੀਮ ਵਿਚ ਨਿਘਾਰ ਦਾ ਇਕ ਹੋਰ ਕਾਰਨ 1980ਵਿਆਂ ਅਤੇ ਬਾਅਦ ਵਿਚ ਪੰਜਾਬ ਵਿਚ ਹਾਲਾਤ ਖਰਾਬ ਹੋਣਾ ਸੀ ਜਦੋਂ ਉਹ ਪੀੜ੍ਹੀਆਂ ਸਰਕਾਰੀ ਅਤੇ ਅਤਿਵਾਦੀ ਤਸ਼ੱਦਦ ਅਤੇ ਨਸ਼ਿਆਂ ਦੀ ਭੇਟ ਚੜ੍ਹ ਗਈਆਂ। ਲਗਾਤਾਰ ਹਾਰਾਂ ਕਾਰਨ ਲੋਕਾਂ ਦਾ ਆਪਣੀ ਪਿਆਰੀ ਖੇਡ ਤੋਂ ਮੋਹ-ਭੰਗ ਹੋਣਾ ਸ਼ੁਰੂ ਹੋ ਗਿਆ।
ਪਿਛਲੇ ਕੁਝ ਵਰ੍ਹਿਆਂ ਤੋਂ ਹਾਕੀ ਵਿਚ ਵੱਡੇ ਸੁਧਾਰ ਦੇਖਣ ਨੂੰ ਮਿਲੇ ਹਨ। ਪੁਰਸ਼ਾਂ ਅਤੇ ਔਰਤਾਂ ਦੀਆਂ ਹਾਕੀ ਟੀਮਾਂ ਦਾ ਸੈਮੀ ਫਾਈਨਲ ਵਿਚ ਪ੍ਰਵੇਸ਼ ਕਰਨਾ ਨੌਜਵਾਨਾਂ ਨੂੰ ਉਤਸ਼ਾਹਿਤ ਕਰੇਗਾ। ਟੀਮਾਂ ਦੀ ਇਸ ਕਾਰਗੁਜ਼ਾਰੀ ਵਿੱਚ ਉੜੀਸਾ ਸਰਕਾਰ ਦਾ ਵੱਡਾ ਯੋਗਦਾਨ ਹੈ ਜੋ 2018 ਤੋਂ ਟੀਮਾਂ ਨੂੰ ਸਪਾਂਸਰ ਕਰ ਰਹੀ ਹੈ ਅਤੇ ਵੱਡੇ ਪੱਧਰ ’ਤੇ ਸਹਾਇਤਾ ਕਰ ਰਹੀ ਹੈ। ਪੁਰਸ਼ਾਂ ਦੀ ਮੌਜੂਦਾ ਹਾਕੀ ਟੀਮ ਵਿਚ ਪੰਜਾਬ ਦੇ 12 ਖਿਡਾਰੀ ਹਨ ਅਤੇ ਇਸੇ ਲਈ ਪੰਜਾਬੀ ਇਹ ਉਡੀਕ ਰਹੇ ਹਨ ਕਿ ਟੀਮ ਇਸ ਵਾਰ ਤਗ਼ਮਾ ਜਿੱਤ ਕੇ ਪਰਤੇ। ਇਕ ਸ਼ੁਰੂਆਤੀ ਮੈਚ ਵਿਚ ਟੀਮ ਨੂੰ ਭਾਵੇਂ ਆਸਟਰੇਲੀਆ ਹੱਥੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਟੀਮ ਨੇ ਮਜ਼ਬੂਤ ਇੱਛਾ-ਸ਼ਕਤੀ ਦਿਖਾਉਂਦੇ ਹੋਏ ਬਾਕੀ ਦੇ ਸਭ ਮੈਚ ਜਿੱਤੇ ਅਤੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਐਤਵਾਰ ਇੰਗਲੈਂਡ ਦੀ ਮਜ਼ਬੂਤ ਟੀਮ ਨੂੰ 3-1 ਨਾਲ ਦਿੱਤੀ ਹਾਰ ਟੀਮ ਦੇ ਇਰਾਦਿਆਂ, ਰਣਨੀਤੀ ਅਤੇ ਹੌਂਸਲੇ ਦਾ ਪ੍ਰਤੀਕ ਹੈ। ਭਾਰਤ ਦਾ ਅਗਲਾ ਮੁਕਾਬਲਾ ਦੁਨੀਆ ਦੀ ਸ਼ਕਤੀਸ਼ਾਲੀ ਟੀਮ ਬੈਲਜੀਅਮ ਨਾਲ ਹੈ।
ਸੋਮਵਾਰ ਪੰਜਾਬ ਦੀ ਗੁਰਜੀਤ ਕੌਰ ਦੇ ਕੁਆਰਟਰ ਫਾਈਨਲ ਵਿਚ ਆਸਟਰੇਲੀਆ ’ਤੇ ਗੋਲ ਨਾਲ ਮਹਿਲਾ ਹਾਕੀ ਟੀਮ ਨੇ ਪਹਿਲੀ ਵਾਰ ਸੈਮੀ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਸ ਖੇਡ ਵਿਚ ਹਰਿਆਣਾ ਦੀਆਂ ਔਰਤ ਖਿਡਾਰੀਆਂ ਨੇ ਬਹੁਤ ਤਰੱਕੀ ਕੀਤੀ ਅਤੇ ਹਰਿਆਣੇ ਵਿਚ ਬਣੇ ਕੋਚਿੰਗ ਸੈਂਟਰਾਂ ਕਾਰਨ ਸੂਬੇ ਦੀਆਂ ਕਈ ਖਿਡਾਰਨਾਂ ਕਈ ਵਰ੍ਹਿਆਂ ਤੋਂ ਕੌਮੀ ਟੀਮ ਦਾ ਹਿੱਸਾ ਬਣ ਰਹੀਆਂ ਹਨ। ਮੌਜੂਦਾ ਹਾਕੀ ਟੀਮ ਵਿਚ ਹਰਿਆਣੇ ਦੀਆਂ 9 ਖਿਡਾਰਨਾਂ ਹਨ। ਪੰਜਾਬ ਨੂੰ ਵੀ ਔਰਤਾਂ ਦੀ ਹਾਕੀ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਵਾਰ ਦੀਆਂ ਓਲੰਪਿਕ ਖੇਡਾਂ ਵਿਚ ਭਾਰਤ ਦੀ ਹਿੱਸੇਦਾਰੀ ਵਿਚ ਔਰਤਾਂ ਦਾ ਸਥਾਨ ਵਿਸ਼ੇਸ਼ ਹੈ; ਦੋ ਮਹਿਲਾ ਖਿਡਾਰੀ ਪਹਿਲਾਂ ਹੀ ਮੈਡਲ ਜਿੱਤ ਚੁੱਕੀਆਂ ਹਨ: ਭਾਰ ਚੁੱਕਣ ਵਿਚ ਮੀਰਾਬਾਈ ਚਾਨੂ ਨੇ ਚਾਂਦੀ ਅਤੇ ਬੈਡਮਿੰਟਨ ਵਿਚ ਪੀਵੀ ਸਿੰਧੂ ਨੇ ਤਾਂਬੇ ਦਾ ਮੈਡਲ ਜਿੱਤਿਆ ਹੈ। ਬਾਕਸਿੰਗ ਵਿਚ ਲਵਲੀਨਾ ਬੋਰਗੋਹੇਨ ਦਾ ਮੈਡਲ ਵੀ ਪੱਕਾ ਹੈ। 2000 ਦੀਆਂ ਓਲੰਪਿਕ ਖੇਡਾਂ ਵਿਚ ਵੀ ਕਰਨਮ ਮਲੇਸਵਰੀ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਸੀ। ਖੇਡਾਂ ਮਨੁੱਖੀ ਇਤਿਹਾਸ ਅਤੇ ਸੱਭਿਆਚਾਰ ਦਾ ਹਿੱਸਾ ਬਣ ਚੁੱਕੀਆਂ ਹਨ। ਇਹ ਸਰੀਰਕ ਕੌਸ਼ਲ ਦੇ ਨਾਲ ਨਾਲ ਖਿਡਾਰੀਆਂ ਵਿਚ ਟੀਮ ਜਜ਼ਬਾ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ। ਸਾਡੇ ਦੇਸ਼ ਵਿਚ ਸਰਕਾਰਾਂ ਨੂੰ ਇਸ ਖੇਤਰ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਖਿਡਾਰੀਆਂ ਨੂੰ ਓਲੰਪਿਕ ਜਾਂ ਹੋਰ ਖੇਡਾਂ ਲਈ ਚੁਣੇ ਜਾਣ ਅਤੇ ਮੈਡਲ ਜਿੱਤਣ ’ਤੇ ਨਿੱਜੀ ਇਨਾਮ ਦੇਣਾ ਠੀਕ ਹੈ ਪਰ ਜ਼ਰੂਰਤ ਹੈ ਕਿ ਵੱਸੋਂ ਦਾ ਵੱਡਾ ਹਿੱਸਾ ਖੇਡਾਂ ਵਿਚ ਲਗਾਤਾਰ ਹਿੱਸਾ ਲਵੇ ਜਿਸ ਨਾਲ ਲੋਕ ਸਿਹਤਮੰਦ ਬਣਨ।