ਨਾਂ ਬਦਲਣ ਦੀ ਸਿਆਸਤ

ਨਾਂ ਬਦਲਣ ਦੀ ਸਿਆਸਤ

 ਗੁਜਰਾਤ ਦੇ ਮੁੱਖ ਮੰਤਰੀ ਨੇ ‘ਡਰੈਗਨ ਫਰੂਟ’ ਦਾ ਨਾਂ ਬਦਲ ਕੇ ‘ਕਮਲਮ’ ਰੱਖਣ ਦਾ ਐਲਾਨ ਕੀਤਾ ਹੈ। ਇਹ ਪੌਦਾ, ਜਿਹੜਾ ਕੈਕਟਸ ਪਰਿਵਾਰ ਨਾਲ ਸਬੰਧਿਤ ਹੈ, ਕੁਦਰਤੀ ਤੌਰ ’ਤੇ ਲਾਤੀਨੀ ਅਮਰੀਕਾ ਦੇ ਦੇਸ਼ਾਂ ਵਿਚ ਮਿਲਦਾ ਹੈ। ਉੱਥੇ ਇਸ ਨੂੰ ਪਿਤੈਆ ਜਾਂ ਪਿਤਾਯਾ ਕਿਹਾ ਜਾਂਦਾ ਹੈ। ਫਰਾਂਸੀਸੀ ਆਪਣੇ ਰਾਜ ਦੌਰਾਨ ਇਸ ਨੂੰ ਵੀਅਤਨਾਮ ਵਿਚ ਲੈ ਕੇ ਆਏ ਅਤੇ ਇਸ ਵੇਲੇ ਵੀਅਤਨਾਮ ਇਸ ਦੀ ਪੈਦਾਵਾਰ ਕਰਨ ਵਾਲਾ ਸਿਖ਼ਰਲਾ ਦੇਸ਼ ਹੈ। ਭਾਰਤ ਵਿਚ ਇਹ ਪੌਦਾ 1990ਵਿਆਂ ਵਿਚ ਲਿਆਂਦਾ ਗਿਆ। ਇਸ ਦੇ ਫ਼ਲ ਵਿਚ ਕੈਲਸ਼ੀਅਮ, ਵਿਟਾਮਨ-ਸੀ ਅਤੇ ਹੋਰ ਗੁਣਕਾਰੀ ਤੱਤ ਪਾਏ ਜਾਂਦੇ ਹਨ। ਇਹ ਫ਼ਲ ਇਸ ਕਰ ਕੇ ਖ਼ਬਰਾਂ ਵਿਚ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਨੇ ਇਸ ਦਾ ਨਾਮ ‘ਕਮਲਮ’ ਰੱਖਣ ਦਾ ਐਲਾਨ ਕੀਤਾ ਹੈ। ਰੁਪਾਨੀ ਅਨੁਸਾਰ ਇਸ ਦਾ ਮੌਜੂਦਾ ਨਾਮ ਡਰੈਗਨ ਫ਼ਲ ਸਹੀ ਨਹੀਂ ਹੈ। ਡਰੈਗਨ ਇਕ ਕਾਲਪਨਿਕ ਜੀਵ ਹੈ ਜਿਸ ਨੂੰ ਸਾਡੀਆਂ ਨੇੜੇ ਦੀਆਂ ਬੋਲੀਆਂ ਵਿਚ ਅਜਦਹਾ ਜਾਂ ਅਝਦਹਾ ਕਿਹਾ ਜਾਂਦਾ ਹੈ। ਮਿਸਰ, ਚੀਨ ਤੇ ਕਈ ਹੋਰ ਸੱਭਿਆਤਾਵਾਂ ਵਿਚ ਇਸ ਜੀਵ ਦੀ ਕਲਪਨਾ ਸੱਪ, ਮਗਰਮੱਛ ਅਤੇ ਵੱਡੇ ਕਿਰਲੇ ਦੇ ਸੰਯੁਕਤ ਰੂਪ ਵਿਚ ਕੀਤੀ ਗਈ ਹੈ ਜਿਹੜਾ ਉੱਡਦਾ ਅਤੇ ਮੂੰਹ ਵਿਚੋਂ ਅੱਗ ਉਗਲਦਾ ਹੈ। ਚੀਨ ਦੀ ਹਾਕਮ ਜਮਾਤ ਦਾ ਚਿੰਨ੍ਹ ਰਿਹਾ ਹੋਣ ਕਰ ਕੇ ਇਸ ਦੀ ਪਛਾਣ ਚੀਨ ਨਾਲ ਕੀਤੀ ਜਾਂਦੀ ਹੈ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਗੁਜਰਾਤ ਦਾ ਮੁੱਖ ਮੰਤਰੀ ਇਸ ਦਾ ਨਾਂ ਬਦਲਣਾ ਚਾਹੁੰਦਾ ਹੈ।

ਪੌਦਿਆਂ, ਜਾਨਵਰਾਂ, ਸ਼ਹਿਰਾਂ, ਪਿੰਡਾਂ, ਬਸਤੀਆਂ, ਸ਼ਾਹਰਾਹਾਂ, ਰਾਹ-ਰਸਤਿਆਂ, ਜੰਗਲਾਂ ਆਦਿ ਦੇ ਨਾਮ ਖ਼ਾਸ ਭੂਗੋਲਿਕ, ਇਤਿਹਾਸਕ ਅਤੇ ਸੱਭਿਆਚਾਰਕ ਸਥਿਤੀਆਂ ’ਚੋਂ ਪੈਦਾ ਹੁੰਦੇ ਹਨ। ਕਈ ਵਾਰ ਉਨ੍ਹਾਂ ਦੇ ਨਾਂ ਬਦਲਣ ਦੀ ਇਤਿਹਾਸਕ ਜ਼ਰੂਰਤ ਇਸ ਕਾਰਨ ਹੁੰਦੀ ਹੈ ਕਿ ਉਹ ਹਾਕਮ ਜਮਾਤਾਂ ਜਾਂ ਬਸਤੀਵਾਦੀ ਤਾਕਤਾਂ ਦੇ ਜ਼ੁਲਮ-ਜਬਰ ਨਾਲ ਜੁੜੇ ਹੁੰਦੇ ਹਨ। ਬਹੁਤ ਵਾਰ ਅਜਿਹੀਆਂ ਘਟਨਾਵਾਂ ਪੁਰਾਣੀਆਂ ਹੋ ਜਾਣ ਕਾਰਨ ਸੱਭਿਆਚਾਰਾਂ ਦਾ ਹਿੱਸਾ ਬਣ ਜਾਂਦੀਆਂ ਹਨ। ਉਦਾਹਰਨ ਦੇ ਤੌਰ ’ਤੇ ਮੈਸੀਡੋਨੀਆ (ਯੂਨਾਨ) ਦੇ ਸਿਕੰਦਰ ਨੇ ਪੰਜਾਬ ’ਤੇ ਹਮਲਾ ਕੀਤਾ ਅਤੇ ਹੁਣ ਪ੍ਰਾਪਤ ਹੋ ਰਹੇ ਇਤਿਹਾਸ ਅਨੁਸਾਰ ਪੋਰਸ ਤੇ ਸਿਕੰਦਰ ਵਿਚਕਾਰ ਹੋਏ ਯੁੱਧ ਵਿਚ ਕਿਸੇ ਦੀ ਜਿੱਤ ਨਹੀਂ ਸੀ ਹੋਈ। ਪੰਜਾਬੀ ਸਿਕੰਦਰ ਵਿਰੁੱਧ ਬਹੁਤ ਬਹਾਦਰੀ ਨਾਲ ਲੜੇ ਸਨ ਪਰ ਸਦੀਆਂ ਤੋਂ ਪੰਜਾਬ ਵਿਚ ਸਿਕੰਦਰ ਨਾਂ ਪ੍ਰਚਲਿਤ ਰਿਹਾ ਹੈ ਅਤੇ ਇਸ ਨਾਂ ਦੀਆਂ ਕਈ ਸ਼ਖ਼ਸੀਅਤਾਂ ਨੇ ਪੰਜਾਬ ਦੇ ਇਤਿਹਾਸ ਵਿਚ ਵੱਡਾ ਯੋਗਦਾਨ ਪਾਇਆ ਹੈ। ਇਸ ਤਰ੍ਹਾਂ ਇਤਿਹਾਸਕ ਨਾਵਾਂ ਦੀ ਪਛਾਣ ਕਾਇਮ ਰੱਖਣੀ ਚਾਹੀਦੀ ਹੈ ਅਤੇ ਨਾਂ ਤਾਂ ਹੀ ਬਦਲੇ ਜਾਣੇ ਚਾਹੀਦੇ ਹਨ, ਜੇ ਲੋਕਾਂ ਵਿਚ ਕਿਸੇ ਅਜਿਹੇ ਨਾਮ ਵਿਰੁੱਧ ਵੱਡੀਆਂ ਭਾਵਨਾਵਾਂ ਹੋਣ।

ਡਰੈਗਨ ਫ਼ਲ ਦਾ ਨਾਂ ਕਮਲਮ ਰੱਖਣ ਨੂੰ ਭਾਰਤੀ ਜਨਤਾ ਪਾਰਟੀ ਦੇ ਸਿਆਸੀ ਏਜੰਡੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਪਾਰਟੀ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਅਤੇ ਗੁਜਰਾਤ ਵਿਚ ਪਾਰਟੀ ਦੇ ਦਫ਼ਤਰ ਦਾ ਨਾਮ ‘ਸ੍ਰੀ ਕਮਲਮ’ ਹੈ। ਕਿਸੇ ਦਾ ਕਮਲ ਦੇ ਫੁੱਲ ਨਾਲ ਵਿਰੋਧ ਨਹੀਂ ਹੋ ਸਕਦਾ ਪਰ ਇਹ ਯਤਨ ਇਹ ਦਿਖਾਉਂਦਾ ਹੈ ਕਿ ਕਿਵੇਂ ਹਾਕਮ ਜਮਾਤਾਂ ਆਪਣੀ ਵਿਚਾਰਧਾਰਾ ਅਤੇ ਚਿੰਨ੍ਹਾਂ ਨੂੰ ਲੋਕਾਂ ਦੇ ਅਵਚੇਤਨ ਵਿਚ ਵੀ ਵਸਾ ਦੇਣਾ ਚਾਹੁੰਦੀਆਂ ਹਨ। ਹਾਕਮ ਜਮਾਤਾਂ ਸਦੀਆਂ ਤੋਂ ਇਹ ਕੰਮ ਕਰਦੀਆਂ ਆਈਆਂ ਹਨ। ਅਜਿਹੇ ਯਤਨ ਕਦੇ ਸਫ਼ਲ ਅਤੇ ਕਦੇ ਅਸਫ਼ਲ ਹੁੰਦੇ ਰਹੇ ਹਨ। ਤਾਨਾਸ਼ਾਹਾਂ ਅਤੇ ਜੇਤੂਆਂ ਨੇ ਆਪਣੇ ਬੁੱਤ ਲਗਵਾਏ ਅਤੇ ਸ਼ਖ਼ਸੀ ਪੂਜਾ ਕਰਵਾਈ ਪਰ ਸਮਿਆਂ ਦੇ ਬਦਲਣ ਨਾਲ ਲੋਕਾਂ ਨੇ ਬੁੱਤ ਤੋੜ ਦਿੱਤੇ। ਸ਼ਖ਼ਸੀ ਪੂਜਾ ਦੇ ਸਮੇਂ ਇਤਿਹਾਸ ਵਿਚ ਹਾਸ਼ੀਏ ’ਤੇ ਧੱਕੇ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵਰਤਾਰਾ ਸਮਾਜਵਾਦੀ ਦੇਸ਼ਾਂ ਵਿਚ ਵੀ ਵੱਡੇ ਪੱਧਰ ’ਤੇ ਵਾਪਰਿਆ। ਹੁਣ ਭਾਰਤ ਵਿਚ ਭਾਜਪਾ ਪੁਰਾਣੇ ਆਗੂਆਂ, ਸਮਾਜ ਸੁਧਾਰਕਾਂ ਅਤੇ ਦੇਸ਼ ਭਗਤਾਂ ਨੂੰ ਆਪਣੀ ਵਿਚਾਰਧਾਰਾ ਨਾਲ ਜੁੜੇ ਦਿਖਾ ਕੇ ਲੋਕਾਂ ਦੇ ਮਨਾਂ ਵਿਚ ਆਪਣੀ ਵਿਚਾਰਧਾਰਕ ਸਰਦਾਰੀ (Hegemony) ਕਾਇਮ ਕਰਨਾ ਚਾਹੁੰਦੀ ਹੈ। ਸ਼ਹਿਰਾਂ, ਨਗਰਾਂ, ਰੇਲਵੇ ਸਟੇਸ਼ਨਾਂ ਅਤੇ ਸੜਕਾਂ ਦੇ ਨਾਂ ਬਦਲੇ ਗਏ ਹਨ। ਉਰਦੂ ਸ਼ਾਇਰ ਜਾਵੇਦ ਅਖ਼ਤਰ ਨੇ ਵਿਅੰਗ ਕੱਸਿਆ ਹੈ ਕਿ ਇਹ ਸਿਲਸਿਲਾ ਏਦਾਂ ਹੀ ਜਾਰੀ ਰਿਹਾ ਤਾਂ ਹੋ ਸਕਦਾ ਹੈ ਇਨਸਾਨ ਦੇ ਅੰਗਾਂ ਦੇ ਵੀ ਨਵੇਂ ਨਾਮ ਰੱਖ ਦਿੱਤੇ ਜਾਣ। ਸਿਆਸੀ ਜਮਾਤਾਂ ਅਤੇ ਸਰਕਾਰਾਂ ਨੂੰ ਅਜਿਹੇ ਰੁਝਾਨਾਂ ਤੋਂ ਬਚਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All