ਕੱਟੜਪੰਥੀ ਜਥੇਬੰਦੀਆਂ ਹਮੇਸ਼ਾ ਸਮਾਜ ਵਿਚ ਨਫ਼ਰਤ ਵਧਾਉਣ ਅਤੇ ਵੰਡ-ਪਾਊ ਭਾਵਨਾਵਾਂ ਭੜਕਾਉਣ ਵਾਲੇ ਕੰਮ ਇਸ ਲਈ ਕਰਦੀਆਂ ਰਹਿੰਦੀਆਂ ਹਨ ਕਿਉਂਕਿ ਇਕ ਤਾਂ ਉਨ੍ਹਾਂ ਦੀ ਹੋਂਦ ਅਜਿਹੀਆਂ ਭਾਵਨਾਵਾਂ ਦੇ ਵਧਣ ਅਤੇ ਬਣੇ ਰਹਿਣ ’ਤੇ ਨਿਰਭਰ ਕਰਦੀ ਹੈ, ਦੂਸਰਾ ਉਹ ਆਪਣੇ ਮੈਂਬਰਾਂ ਤੇ ਹਮਾਇਤੀਆਂ ਨੂੰ ਇਸ ਮਾਨਸਿਕ ਉਲਝਣ ਵਿਚ ਪਾਈ ਰੱਖਣਾ ਚਾਹੁੰਦੀਆਂ ਹਨ ਕਿ ਧਰਮ, ਜਿਸ ਦੀ ਨੁਮਾਇੰਦਗੀ ਕਰਨ ਦਾ ਉਹ ਦਾਅਵਾ ਕਰਦੀਆਂ ਹਨ, ਖ਼ਤਰੇ ਵਿਚ ਹੈ। ਉਹ ਜਜ਼ਬਿਆਂ ਨੂੰ ਭੜਕਾ ਕੇ ਇਹ ਵੀ ਦੱਸਣਾ ਚਾਹੁੰਦੀਆਂ ਹਨ ਕਿ ਜਿਹੜੇ ਕੰਮ ਉਹ ਕਰ ਰਹੀਆਂ ਹਨ, ਉਸ ਨਾਲ ਉਨ੍ਹਾਂ ਦੇ ਧਰਮ ਦਾ ਸਿਰ ਉੱਚਾ ਹੁੰਦਾ ਹੈ। ਅਜਿਹੀਆਂ ਜਥੇਬੰਦੀਆਂ ਪੈਰ ਪੈਰ ’ਤੇ ਦੂਸਰੇ ਧਰਮਾਂ ਦੇ ਲੋਕਾਂ ਨੂੰ ਨੀਵਾਂ ਦਿਖਾਉਣ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਕੁਝ ਅਜਿਹਾ ਹੀ ਮੱਧ ਪ੍ਰਦੇਸ਼ ਮੰਦਸੌਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਵਾਪਰਿਆ ਹੈ ਜਿੱਥੇ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੁੜੀਆਂ ਕੁਝ ਜਥੇਬੰਦੀਆਂ ਅਯੁੱਧਿਆ ਵਿਚ ਰਾਮ ਮੰਦਰ ਬਣਾਉਣ ਲਈ ਪੈਸਾ ਇਕੱਠਾ ਕਰ ਰਹੀਆਂ ਸਨ ਜਿਸ ਦੌਰਾਨ ਹਿੰਸਾ ਹੋਈ ਅਤੇ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਅਤੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਬਜਰੰਗ ਦਲ ਤੇ ਕੁਝ ਹੋਰ ਜਥੇਬੰਦੀਆਂ ਨੇ ਪੈਸਾ ਇਕੱਠਾ ਕਰਨ ਲਈ ਇਕ ਪਿੰਡ ’ਚ ਰੈਲੀ ਕੀਤੀ ਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਘੱਟਗਿਣਤੀ ਫ਼ਿਰਕੇ ਦੇ ਘਰਾਂ ’ਤੇ ਹਮਲਾ ਕੀਤਾ ਗਿਆ। ਸੋਸ਼ਲ ਮੀਡੀਆ ’ਤੇ ਦਿਖਾਈ ਜਾ ਰਹੀ ਵੀਡੀਓ ’ਚ ਕੁਝ ਲੋਕ ਮਸਜਿਦ ’ਤੇ ਚੜ੍ਹ ਕੇ ਨੁਕਸਾਨ ਪਹੁੰਚਾਉਂਦੇ ਦਿਖਾਈ ਦੇ ਰਹੇ ਹਨ। ਖ਼ਬਰਾਂ ਅਨੁਸਾਰ ਉਜੈਨ ਤੇ ਧਾਰ ਦੇ ਜ਼ਿਲ੍ਹਿਆਂ ਵਿਚ ਵੀ ਅਜਿਹੀਆਂ ਘਟਨਾਵਾਂ ਹੋਈਆਂ ਹਨ। ਮੱਧ ਪ੍ਰਦੇਸ਼ ’ਚ ਫ਼ਿਰਕੂ ਭਾਵਨਾਵਾਂ ਪਹਿਲਾਂ ਹੀ ਭੜਕੀਆਂ ਹੋਈਆਂ ਹਨ; ਮੱਧ ਪ੍ਰਦੇਸ਼ ਸਰਕਾਰ ਨੇ ਹੁਣੇ ਹੁਣੇ ਆਰਡੀਨੈਂਸ ਜਾਰੀ ਕੀਤਾ ਹੈ ਜਿਸ ਦਾ ਟੀਚਾ, ਸਰਕਾਰੀ ਅਤੇ ਭਾਜਪਾ ਸੂਤਰਾਂ ਅਨੁਸਾਰ, ‘ਲਵ ਜਹਾਦ’ ਰੋਕਣਾ ਹੈ। ਭਾਜਪਾ ਤੇ ਆਰਐਸਐਸ ਨਾਲ ਸਬੰਧਿਤ ਜਥੇਬੰਦੀਆਂ ‘ਲਵ ਜਹਾਦ’ ਸ਼ਬਦ ਦਾ ਪ੍ਰਚਾਰ ਇਹ ਦੱਸਣ ਲਈ ਕਰਦੀਆਂ ਹਨ ਕਿ ਦੇਸ਼ ਦੀ ਵੱਡੀ ਘੱਟਗਿਣਤੀ ਫ਼ਿਰਕੇ ਦੇ ਮਰਦ ਦੇਸ਼ ਦੀ ਵੱਡੀ ਬਹੁਗਿਣਤੀ ਫ਼ਿਰਕੇ ਦੀਆਂ ਕੁੜੀਆਂ ਨੂੰ ਵਰਗਲਾ ਕੇ ਵਿਆਹ ਕਰ ਲੈਂਦੇ ਹਨ ਅਤੇ ਇਸ ਤਰ੍ਹਾਂ ਆਪਣੇ ਧਰਮ ਦੇ ਲੋਕਾਂ ਦੀ ਸੰਖਿਆ ਵਧਾਉਣ ਦੀ ਕੋਸ਼ਿਸ਼ ਕਰਦੇ ਹਨ।
ਅਜਿਹੀਆਂ ਕਾਰਵਾਈਆਂ ਦਾ ਟੀਚਾ ਲੋਕਾਂ ’ਚ ਵੰਡੀਆਂ ਪਾਉਣਾ ਅਤੇ ਜਜ਼ਬਾਤ ਭੜਕਾਉਣਾ ਹੈ ਤਾਂ ਕਿ ਲੋਕ ਇਕੱਠੇ ਹੋ ਕੇ ਉਨ੍ਹਾਂ ਮੁੱਦਿਆਂ ਜਿਨ੍ਹਾਂ ਦਾ ਤੁਅੱਲਕ ਉਨ੍ਹਾਂ ਦੇ ਜੀਵਨ ਨਾਲ ਬੁਨਿਆਦੀ ਤੇ ਡੂੰਘਾ ਹੈ, ਬਾਰੇ ਨਾ ਸੋਚ ਸਕਣ। ਕਿਸਾਨ ਅੰਦੋਲਨ ਨੇ ਦਿਖਾਇਆ ਹੈ ਕਿ ਜਦ ਲੋਕ ਆਪਣੇ ਹਿੱਤਾਂ ਲਈ ਸੰਘਰਸ਼ ਕਰਦੇ ਹਨ ਤਾਂ ਆਪਸੀ ਪਾੜੇ ਘਟਦੇ ਤੇ ਭਾਈਚਾਰਕ ਸਾਂਝ ਵਧਦੀ ਹੈ। ਅਜਿਹੀ ਪਹੁੰਚ ਕੱਟੜਪੰਥੀ ਜਥੇਬੰਦੀਆਂ ਨੂੰ ਰਾਸ ਨਹੀਂ ਆਉਂਦੀ ਅਤੇ ਉਹ ਲੋਕਾਂ ਨੂੰ ਭਾਵਨਾਵਾਂ ਭੜਕਾਉਣ ਵਾਲੀ ਰਾਜਨੀਤੀ ਵਿਚ ਉਲਝਾਈ ਰੱਖਣਾ ਚਾਹੁੰਦੀਆਂ ਹਨ। ਮੱਧ ਪ੍ਰਦੇਸ਼ ਵਿਚ ਹੀ ਭੋਪਾਲ ਜ਼ਿਲ੍ਹੇ ਦੇ ਚੰਦਰ ਖੇੜੀ ਪਿੰਡ ਵਿਚ ਕੁਝ ਕੱਟੜਪੰਥੀਆਂ ਨੇ ਮੰਗਲਵਾਰ ਮਸਜਿਦ ਦੇ ਸਾਹਮਣੇ ਖੜ੍ਹੇ ਹੋ ਕੇ ਹਨੂੰਮਾਨ ਚਾਲੀਸਾ ਪੜ੍ਹਨਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿਚ ਪਿੰਡ ਵਿਚ ਫ਼ਿਰਕੂ ਹਿੰਸਾ ਹੋਈ। ਪ੍ਰਸ਼ਾਸਨ ਅਤੇ ਪੁਲੀਸ ਮੂਕ ਦਰਸ਼ਕ ਬਣੇ ਰਹਿੰਦੇ ਹਨ ਅਤੇ ਕਾਨੂੰਨ ’ਤੇ ਆਧਾਰਿਤ ਰਾਜ (Rule of Law) ਦੇ ਅਸੂਲ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ। ਦੁਖਾਂਤ ਇਹ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਪਿਛਲੇ ਕੁਝ ਸਾਲਾਂ ਤੋਂ ਅਜਿਹੇ ਤੱਤਾਂ ਨੂੰ ਸ਼ਹਿ ਦੇ ਰਹੀ ਹੈ। ਦੇਸ਼ ਦੀਆਂ ਸਭ ਜਮਹੂਰੀ ਧਿਰਾਂ ਨੂੰ ਅਜਿਹੀਆਂ ਫੁੱਟ-ਪਾਊ ਅਤੇ ਫ਼ਿਰਕੂ ਤਾਕਤਾਂ ਵਿਰੁੱਧ ਇਕੱਠੇ ਹੋਣ ਦੀ ਜ਼ਰੂਰਤ ਹੈ। ਅਜਿਹੇ ਰੁਝਾਨਾਂ ਨੂੰ ਲੋਕ ਹਿੱਤਾਂ ਲਈ ਕੀਤੇ ਜਾ ਰਹੇ ਲੋਕ ਸੰਘਰਸ਼ਾਂ ਰਾਹੀਂ ਹੀ ਰੋਕਿਆ ਜਾ ਸਕਦਾ ਹੈ।