ਭਾਰਤੀ ਜਨਤਾ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਅਗਲੇ ਸਾਲ ਪੰਜ ਰਾਜਾਂ- ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ, ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਦਾ ਪੜਾਅ ਹੋ ਨਿੱਬੜੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਰਟੀ ਦੇ ਪ੍ਰਧਾਨ ਜੇਪੀ ਨੱਢਾ ਅਤੇ ਹੋਰ ਆਗੂਆਂ ਦੇ ਭਾਸ਼ਨਾਂ ਨੇ ਸਾਫ਼ ਜ਼ਾਹਿਰ ਕਰ ਦਿੱਤਾ ਕਿ ਪਾਰਟੀ ਚੋਣਾਂ ਲਈ ਪੂਰੀ ਤਰ੍ਹਾਂ ਜੁਟ ਗਈ ਹੈ। ਪ੍ਰਧਾਨ ਮੰਤਰੀ ਨੇ ਤਾਂ ਪਾਰਟੀ ਵਰਕਰਾਂ ਨੂੰ ਪਾਰਟੀ ਅਤੇ ਆਮ ਲੋਕਾਂ ਵਿਚਕਾਰ ਪੁਲ ਬਣਨ ਦਾ ਸੱਦਾ ਵੀ ਦਿੱਤਾ ਹੈ। ਉਂਝ, ਇਸ ਮੀਟਿੰਗ ਵਿਚ ਨਵੇਂ ਖੇਤੀ ਕਾਨੂੰਨਾਂ ਖਿ਼ਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦਾ ਅਸਰ ਬਾਕਾਇਦਾ ਦਿਖਾਈ ਦਿੱਤਾ। ਕਾਰਜਕਾਰਨੀ ਵਿਚ ਪੇਸ਼ ਕੀਤੇ ਮਤੇ ਵਿਚ ਭਾਵੇਂ ਕਿਸਾਨ ਅੰਦੋਲਨ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਪਰ ਇਹ ਗੱਲ ਉਭਾਰਨ ਦਾ ਪੁਰਜ਼ੋਰ ਯਤਨ ਕੀਤਾ ਗਿਆ ਕਿ ਮੌਜੂਦਾ ਕੇਂਦਰੀ ਸਰਕਾਰ ਨੇ ਕਿਸਾਨਾਂ ਲਈ ਪਿਛਲੇ ਸੱਤ ਸਾਲਾਂ ਦੌਰਾਨ ਇੰਨੇ ਕੰਮ ਕੀਤੇ ਹਨ ਜਿੰਨੇ ਪਿਛਲੇ 70 ਸਾਲਾਂ ਵਿਚ ਵੀ ਨਹੀਂ ਹੋਏ। ਇਹੀ ਨਹੀਂ, ਪਾਰਟੀ ਪ੍ਰਧਾਨ ਨੇ ਤਾਂ ਸਿੱਖ ਭਾਈਚਾਰੇ ਲਈ ਉਠਾਏ ਕਈ ਕਦਮਾਂ ਦਾ ਉਚੇਚਾ ਜਿ਼ਕਰ ਕੀਤਾ।
ਅਸਲ ਵਿਚ, ਜਿਨ੍ਹਾਂ ਪੰਜ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿਚੋਂ ਤਿੰਨ- ਪੰਜਾਬ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ, ਵਿਚ ਭਾਰਤੀ ਜਨਤਾ ਪਾਰਟੀ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿਚ ਤਾਂ ਪਿਛਲੇ ਕਾਫੀ ਸਮੇਂ ਤੋਂ ਪਾਰਟੀ ਲੀਡਰਾਂ ਦਾ ਘਰਾਂ ਵਿਚੋਂ ਬਾਹਰ ਨਿੱਕਲਣਾ ਵੀ ਔਖਾ ਹੋਇਆ ਪਿਆ ਹੈ ਅਤੇ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਈ ਇਲਾਕਿਆਂ ਵਿਚ ਹੀ ਇਹੀ ਹਾਲਾਤ ਬਣ ਰਹੇ ਹਨ। ਪਿੱਛੇ ਜਿਹੇ ਪੱਛਮੀ ਬੰਗਾਲ ਤੇ ਕੁਝ ਹੋਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਨੇ ਪਾਰਟੀ ਦੀ ਜੇਤੂ ਮੁਹਿੰਮ ਨੂੰ ਵਾਹਵਾ ਠੱਲ੍ਹ ਲਿਆ ਸੀ ਅਤੇ ਹੁਣ ਹਾਲ ਹੀ ਵਿਚ ਮੁਲਕ ਭਰ ਵਿਚ ਹੋਈਆਂ ਜਿ਼ਮਨੀ ਚੋਣਾਂ ਦੌਰਾਨ ਪਾਰਟੀ ਨੂੰ ਤਕੜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨਾਲ ਸਿਆਸੀ ਮੈਦਾਨ ਵਿਚ ਨਵੀਂ ਸਫ਼ਬੰਦੀ ਦੇ ਆਸਾਰ ਬਣ ਗਏ ਹਨ।
ਭਾਰਤੀ ਜਨਤਾ ਪਾਰਟੀ ਨੇ ਪਿਛਲੇ ਸਮੇਂ ਦੌਰਾਨ ਜਿੰਨੀਆਂ ਵੀ ਚੋਣਾਂ ਲੜੀਆਂ ਹਨ, ਜਿੱਤਣ ਲਈ ਹਰ ਹਰਬਾ ਵਰਤਣ ਦਾ ਯਤਨ ਕੀਤਾ ਹੈ; ਇੱਥੋਂ ਤੱਕ ਕਿ ਇਸ ਨੇ ਸਮਾਜ ਅੰਦਰ ਵੰਡੀਆਂ ਪਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਦਰਅਸਲ, ਅੱਜ ਕੱਲ੍ਹ ਸਮੁੱਚੇ ਮੁਲਕ ਅੰਦਰ ਸਿਆਸਤ ਦਾ ਨਾੜੂਆਂ ਚੋਣ ਸਿਆਸਤ ਨਾਲ ਬੁਰੀ ਤਰ੍ਹਾਂ ਨੂੜਿਆ ਗਿਆ ਹੈ, ਇਸੇ ਲਈ ਚੋਣਾਂ ਲੜਨ ਅਤੇ ਜਿੱਤਣ ਲਈ ਅਕਸਰ ਅਜਿਹੇ ਪੈਂਤੜੇ ਮੱਲੇ ਜਾਂਦੇ ਹਨ ਜੋ ਆਖਿ਼ਰਕਾਰ ਅਵਾਮ ਦੇ ਖਿ਼ਲਾਫ਼ ਹੀ ਭੁਗਤਦੇ ਹਨ। ਇਸ ਮਾਮਲੇ ਵਿਚ ਭਾਰਤੀ ਜਨਤਾ ਪਾਰਟੀ ਬਾਕੀ ਸਭ ਸੱਤਾਵਾਦੀ ਧਿਰਾਂ ਨਾਲੋਂ ਚਾਰ ਕਦਮ ਅਗਾਂਹ ਨਿੱਕਲ ਗਈ ਹੈ। ਉਂਝ, ਕਿਸਾਨ ਅੰਦੋਲਨ ਨੇ ਦਰਸਾ ਦਿੱਤਾ ਹੈ ਕਿ ਅਜਿਹੀ ਕੋਝੀ ਚੋਣ ਸਿਆਸਤ ਨੂੰ ਸੰਘਰਸ਼ਾਂ ਦੇ ਮੈਦਾਨ ਵਿਚ ਨਿੱਤਰ ਕੇ ਮੋੜਾ ਵੀ ਪਾਇਆ ਜਾ ਸਕਦਾ ਹੈ। ਭਾਰਤੀ ਜਨਤਾ ਪਾਰਟੀ ਦੀ ਕਾਰਜਕਾਰਨੀ ਦੌਰਾਨ ਹੋਈਆਂ ਗੱਲਾਂ-ਬਾਤਾਂ ਇਸ ਦੀ ਮਿਸਾਲ ਹਨ।