ਨਵਾਂ ਅਕਾਲੀ ਦਲ

ਨਵਾਂ ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਸ੍ਰੀ ਸੁਖਦੇਵ ਸਿੰਘ ਢੀਂਡਸਾ ਨੇ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਾਉਣ ਦਾ ਐਲਾਨ ਕੀਤਾ ਅਤੇ ਢੀਂਡਸਾ ਉਸ ਦੇ ਪ੍ਰਧਾਨ ਹੋਣਗੇ। ਦਸ ਸਾਲ ਸੱਤਾ ਵਿਚ ਰਹਿਣ ਤੋਂ ਬਾਅਦ ਅਕਾਲੀ ਦਲ ਵਿਚ ਟੁੱਟ-ਭੱਜ ਸ਼ੁਰੂ ਹੋਈ ਅਤੇ ਮਾਝੇ ਦੇ ਪੁਰਾਣੇ ਆਗੂਆਂ ਨੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਿਚ ਅਕਾਲੀ ਦਲ (ਟਕਸਾਲੀ) ਬਣਾਇਆ। ਉਸ ਸਮੇਂ ਢੀਂਡਸਾ ਟਕਸਾਲੀ ਆਗੂਆਂ ਦੇ ਨਾਲ ਨਹੀਂ ਗਏ ਪਰ ਕਈ ਵਾਰ ਉਨ੍ਹਾਂ ਨੇ ਅਜਿਹਾ ਪੈਂਤੜਾ ਲਿਆ ਜੋ ਸ਼੍ਰੋਮਣੀ ਅਕਾਲੀ ਦਲ ਦੇ ਅਧਿਕਾਰਤ ਪੈਂਤੜੇ ਦੇ ਵਿਰੁੱਧ ਸੀ। 2017 ਅਕਾਲੀ ਦਲ ਲਈ ਇਸ ਲਈ ਮਹੱਤਵਪੂਰਨ ਹੋ ਨਿੱਬੜਦਾ ਹੈ ਕਿ ਇਸ ਸਾਲ ਇਕ ਤਾਂ ਪਾਰਟੀ ਦੇ ਹੱਥੋਂ ਦਸ ਸਾਲ ਪੁਰਾਣੀ ਸੱਤਾ ਗਵਾਚਦੀ ਹੈ; ਦੂਸਰੇ ਪਾਸੇ ਪ੍ਰਕਾਸ਼ ਸਿੰਘ ਬਾਦਲ ਹੌਲੀ ਹੌਲੀ ਸਰਗਰਮ ਸਿਆਸਤ ਤੋਂ ਦੂਰ ਹੋਣਾ ਸ਼ੁਰੂ ਹੁੰਦੇ ਹਨ। ਹਕੂਮਤ ਦੇ ਜਲੌਅ ਕਾਰਨ ਪਾਰਟੀ ਵਿਚ ਵੱਖ ਵੱਖ ਧੜੇ ਇਕੱਠੇ ਰਹਿ ਰਹੇ ਸਨ ਪਰ ਸੱਤਾ ਤੋਂ ਬਾਹਰ ਆਉਣ ’ਤੇ ਉਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਕੰਮ ਕਰਨਾ ਮੁਸ਼ਕਿਲ ਲੱਗਿਆ। ਬਹੁਤ ਸਾਰੇ ਸੀਨੀਅਰ ਆਗੂਆਂ ਨੂੰ ਇਹ ਮਹਿਸੂਸ ਹੋਇਆ ਕਿ ਉਨ੍ਹਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ।

ਇਤਿਹਾਸਕ ਪ੍ਰਸੰਗ ਵਿਚ ਸ਼੍ਰੋਮਣੀ ਅਕਾਲੀ ਦਲ 1920 ਵਿਚ ਸ਼ੁਰੂ ਹੋਈ ਇਤਿਹਾਸਕ ਗੁਰਦੁਆਰਾ ਸੁਧਾਰ ਲਹਿਰ ਦੇ ਨਾਲ ਹੋਂਦ ਵਿਚ ਆਈ ਸਿਆਸੀ ਪਾਰਟੀ ਹੈ। ਇਹ ਉਸ ਦੀ ਸਥਾਪਤੀ ਦਾ 100ਵਾਂ ਸਾਲ ਹੈ। ਇਸ ਲਹਿਰ ਦੌਰਾਨ ਸਿੱਖਾਂ ਨੇ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਅਨੂਠੀਆਂ ਕੁਰਬਾਨੀਆਂ ਦਿੱਤੀਆਂ। ਇਹ ਲਹਿਰ ਪੂਰਨ ਸ਼ਾਂਤਮਈ ਢੰਗ ਨਾਲ ਚਲਾਈ ਗਈ ਅਤੇ ਕੁੰਜੀਆਂ ਵਾਲੇ ਮੋਰਚੇ ਵਿਚ ਜਿੱਤ ਤੋਂ ਬਾਅਦ ਮਹਾਤਮਾ ਗਾਂਧੀ ਨੇ ਇਸ ਨੂੰ ਆਜ਼ਾਦੀ ਦੀ ਜੰਗ ਵਿਚ ਹੋਈ ਪਹਿਲੀ ਜਿੱਤ ਕਰਾਰ ਦਿੱਤਾ। ਇਸ ਤਰ੍ਹਾਂ ਅਕਾਲੀ ਦਲ ਦਾ ਆਧਾਰ ਅਤੇ ਖ਼ਾਸਾ ਸਾਮਰਾਜ-ਵਿਰੋਧੀ ਅਤੇ ਲੋਕ-ਹਿਤੈਸ਼ੀ ਹਨ। ਪਾਰਟੀ ਬੜੇ ਡੂੰਘੇ ਤਰੀਕੇ ਨਾਲ ਪੰਜਾਬ ਦੇ ਲੋਕਾਂ ਨਾਲ ਜੁੜੀ ਅਤੇ ਉਨ੍ਹਾਂ ਨੇ ਇਸ ਦੇ ਆਗੂਆਂ ਨੂੰ ਜਥੇਦਾਰ ਕਹਿ ਕੇ ਪਿਆਰ ਦਿੱਤਾ। ਪਾਰਟੀ ਨੇ ਕਿਸਾਨੀ ਦੇ ਹੱਕ ਵਿਚ ਵੱਡੇ ਸੰਘਰਸ਼ ਕੀਤੇ ਅਤੇ ਆਜ਼ਾਦੀ ਦੀ ਲਹਿਰ ਵਿਚ ਕੁਰਬਾਨੀਆਂ ਦਿੱਤੀਆਂ। ਆਜ਼ਾਦੀ ਤੋਂ ਬਾਅਦ ਅਕਾਲੀ ਦਲ ਨੇ ਪੰਜਾਬੀ ਸੂਬੇ ਦੀ ਮੰਗ ਨੂੰ ਲੈ ਕੇ ਲੰਮਾ ਸੰਘਰਸ਼ ਕੀਤਾ ਜਿਹੜਾ 1 ਨਵੰਬਰ 1966 ਨੂੰ ਹੋਂਦ ਵਿਚ ਆਇਆ। 1967 ਵਿਚ ਹੋਈਆਂ ਚੋਣਾਂ ਵਿਚ ਸਾਰੇ ਭਾਰਤ ਵਿਚ ਕਈ ਸੂਬਿਆਂ ਵਿਚ ਗ਼ੈਰ-ਕਾਂਗਰਸੀ ਸਰਕਾਰਾਂ ਬਣੀਆਂ ਅਤੇ ਪੰਜਾਬ ਵਿਚ ਵੀ ਅਕਾਲੀ ਦਲ ਦੀ ਅਗਵਾਈ ਵਿਚ ਸੰਯੁਕਤ ਮੋਰਚੇ ਦੀ ਸਰਕਾਰ ਬਣੀ। ਇਸ ਤਰ੍ਹਾਂ ਨਵੇਂ ਪੰਜਾਬ ਵਿਚ ਅਕਾਲੀ ਦਲ ਅਤੇ ਕਾਂਗਰਸ ਮੁੱਖ ਪਾਰਟੀਆਂ ਵਜੋਂ ਉੱਭਰੀਆਂ।

ਪਾਰਟੀ ਦਾ ਹੁਣ ਵਾਲਾ ਸੰਕਟ ਬਹੁਪਰਤੀ ਹੈ। ਸਮੇਂ ਦੇ ਬਦਲਣ ਨਾਲ ਪਾਰਟੀ ਦਾ ਜਥੇਦਾਰਾਂ ਰਾਹੀਂ ਲੋਕਾਂ ਨਾਲ ਜੁੜੇ ਰਹਿਣ ਵਾਲਾ ਸਰੂਪ ਹੁਣ ਬਦਲ ਚੁੱਕਾ ਹੈ। ਪਾਰਟੀ ਹਮੇਸ਼ਾ ਪੰਜਾਬ ਦੇ ਹਿੱਤਾਂ ਅਤੇ ਫੈਡਰਲਿਜ਼ਮ ਦੀ ਵਕਾਲਤ ਕਰਦੀ ਰਹੀ ਹੈ। ਇਸ ਸਬੰਧ ਵਿਚ ਆਨੰਦਪੁਰ ਸਾਹਿਬ ਦਾ ਮਤਾ ਅਤੇ 1980ਵਿਆਂ ਵਿਚ ਪਾਣੀਆਂ ਲਈ ਲਗਾਇਆ ਗਿਆ ਧਰਮ ਯੁੱਧ ਮੋਰਚਾ ਮਹੱਤਵਪੂਰਨ ਹਨ। 1996 ਤੋਂ ਬਾਅਦ ਅਕਾਲੀ ਦਲ ਦੇ ਭਾਰਤੀ ਜਨਤਾ ਪਾਰਟੀ ਨਾਲ ਤਅੱਲਕਾਤ ਬਹੁਤ ਸੰਘਣੇ ਹੋ ਗਏ ਅਤੇ ਪਰਿਵਾਰਵਾਦ ਭਾਰੂ ਹੋਣ ਲੱਗਾ। ਇਹ ਪ੍ਰਵਿਰਤੀਆਂ 2007 ਤੋਂ 2017 ਦੇ ਸਮੇਂ ਵਿਚ ਪਾਰਟੀ ਦੀ ਸਿਆਸਤ ਵਿਚ ਹੋਰ ਉੱਭਰ ਕੇ ਸਾਹਮਣੇ ਆਈਆਂ। ਇਸ ਵੇਲੇ ਪਾਰਟੀ ਫੈਡਰਲਿਜ਼ਮ ਦੀ ਮੁਦਈ ਦਿਖਾਈ ਨਹੀਂ ਦਿੰਦੀ ਅਤੇ ਲੋਕਾਂ ਨਾਲੋਂ ਵੀ ਇਸ ਦਾ ਰਿਸ਼ਤਾ ਟੁੱਟ ਚੁੱਕਾ ਹੈ। ਢੀਂਡਸਾ ਨੇ ਨਵੀਂ ਪਾਰਟੀ ਤਾਂ ਬਣਾ ਲਈ ਹੈ ਪਰ ਸਵਾਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲੋਂ ਟੁੱਟ ਕੇ ਬਣੇ ਨਵੇਂ ਅਕਾਲੀ ਦਲ ਕਦੇ ਵੀ ਪੰਜਾਬ ਦੀ ਸਿਆਸਤ ’ਤੇ ਡੂੰਘਾ ਪ੍ਰਭਾਵ ਨਹੀਂ ਪਾ ਸਕੇ। ਵਿਰੋਧੀ ਪਾਰਟੀਆਂ ਕੋਲ ਪੰਜਾਬ ਨੂੰ ਦਰਪੇਸ਼ ਸੰਕਟਾਂ ਵਿਚੋਂ ਕੱਢਣ ਲਈ ਕੋਈ ਸਪੱਸ਼ਟ ਏਜੰਡਾ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਖ ਵੱਖ ਨਾਵਾਂ ਹੇਠ ਬਣੀਆਂ ਪਾਰਟੀਆਂ ਪੰਥਕ ਏਜੰਡੇ ਦਾ ਦਾਅਵਾ ਤਾਂ ਕਰਦੀਆਂ ਹਨ ਪਰ ਲੋਕਾਂ ਵਿਚ ਉਨ੍ਹਾਂ ਦਾ ਆਧਾਰ ਬਹੁਤ ਘੱਟ ਹੈ। ਇਸ ਸਮੇਂ ਢੀਂਡਸਾ ਦੁਆਰਾ ਨਵਾਂ ਅਕਾਲੀ ਦਲ ਬਣਾਉਣਾ ਪੰਜਾਬ ਦੀ ਸਿਆਸਤ ਵਿਚ ਪਹਿਲਾਂ ਤੋਂ ਹੋ ਰਹੀ ਟੁੱਟ-ਭੱਜ ਦਾ ਪ੍ਰਤੀਕ ਹੈ। ਇਸ ਟੁੱਟ-ਭੱਜ ਵਿਚ ਕੋਈ ਵੀ ਵਿਰੋਧੀ ਪਾਰਟੀ, ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ, ਕੋਈ ਰਚਨਾਤਮਕ ਭੂਮਿਕਾ ਨਿਭਾਉਣ ਦੇ ਯੋਗ ਨਹੀਂ ਲੱਗਦੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All