ਦੇਸ਼ ਦੇ ਚਾਰ ਸੂਬਿਆਂ ਬਿਹਾਰ, ਗੁਜਰਾਤ, ਮਿਜ਼ੋਰਮ ਅਤੇ ਨਾਗਾਲੈਂਡ ਵਿਚ ਪੂਰਨ ਤੌਰ ’ਤੇ ਸ਼ਰਾਬਬੰਦੀ ਲਾਗੂ ਹੈ। ਗੁਜਰਾਤ ਵਿਚ ਸ਼ਰਾਬਬੰਦੀ 6 ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਲਾਗੂ ਹੈ। ਆਜ਼ਾਦੀ ਸਮੇਂ ਬੰਬੇ ਸੂਬੇ (Bombay State) ਜਿਸ ਵਿਚ ਗੁਜਰਾਤ ਤੇ ਮਹਾਰਾਸ਼ਟਰ ਦੇ ਵੱਡੇ ਹਿੱਸੇ ਸ਼ਾਮਲ ਸਨ, ਵਿਚ 1948 ਤੋਂ 1950 ਵਿਚਕਾਰ ਤੇ ਫਿਰ 1958 ਵਿਚ ਸ਼ਰਾਬਬੰਦੀ ਕੀਤੀ ਗਈ। ਗੁਜਰਾਤ ਸੂਬਾ 1960 ਵਿਚ ਹੋਂਦ ਵਿਚ ਆਇਆ ਅਤੇ ਇਸ ਵਿਚ ਉਦੋਂ ਤੋਂ ਹੀ ਸ਼ਰਾਬਬੰਦੀ ਲਾਗੂ ਹੈ। ਵਿਰੋਧਾਭਾਸ ਇਹ ਹੈ ਕਿ ਗੁਜਰਾਤ ਵਿਚ ਸ਼ਰਾਬਬੰਦੀ ਬੰਬੇ ਸ਼ਰਾਬਬੰਦੀ ਕਾਨੂੰਨ (Bombay Prohibition Act) 1949 ਤਹਿਤ ਲਾਗੂ ਕੀਤੀ ਗਈ ਹੈ ਜਦੋਂਕਿ ਬੰਬੇ, ਜਿਸ ਦਾ ਨਾਂ ਹੁਣ ਮੁੰਬਈ ਹੈ, ਵਿਚ ਕੋਈ ਸ਼ਰਾਬਬੰਦੀ ਨਹੀਂ ਹੈ। ਨਾਗਾਲੈਂਡ ਵਿਚ 1989 ਤੋਂ ਸ਼ਰਾਬਬੰਦੀ ਕੀਤੀ ਗਈ। ਮਿਜ਼ੋਰਮ ਵਿਚ 1997 ਤੋਂ 2014 ਤਕ ਅਤੇ ਬਾਅਦ ਵਿਚ 2019 ਤੋਂ ਨਵੇਂ ਕਾਨੂੰਨ ਤਹਿਤ ਸ਼ਰਾਬਬੰਦੀ ਹੋਈ। ਬਿਹਾਰ ਵਿਚ 2016 ਤੋਂ ਸ਼ਰਾਬ ਵੇਚਣਾ ਤੇ ਪੀਣਾ ਮਨ੍ਹਾ ਹੈ।
ਪਿਛਲੇ ਦਿਨੀਂ ਗੁਜਰਾਤ ਦੇ ਬੋਟਾਦ ਜ਼ਿਲ੍ਹੇ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 40 ਤੋਂ ਜ਼ਿਆਦਾ ਵਿਅਕਤੀਆਂ ਦੀ ਹੋਈ ਮੌਤ ਨੇ ਲੋਕਾਂ ਦਾ ਧਿਆਨ ਫਿਰ ਇਸ ਮੁੱਦੇ ਵੱਲ ਖਿੱਚਿਆ ਹੈ। ਪੁਲੀਸ ਨੇ ਇਸ ਸਬੰਧ ਵਿਚ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਅਨੁਸਾਰ ਇਹ ਸ਼ਰਾਬ ਮੈਥਾਨੋਲ/ਮਿਥਾਈਲ ਅਲਕੋਹਲ ਵਿਚ ਪਾਣੀ ਮਿਲਾ ਕੇ ਬਣਾਈ ਗਈ ਸੀ ਜਿਹੜੀ ਅਤਿਅੰਤ ਜ਼ਹਿਰੀਲੀ ਸੀ। ਸਭ ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਰੋਜਿਡ ਪਿੰਡ ਵਿਚ ਹੋਈ। ਜਾਣਕਾਰਾਂ ਅਨੁਸਾਰ ਗੁਜਰਾਤ ਵਿਚ ਗ਼ੈਰ-ਕਾਨੂੰਨੀ ਤਰੀਕੇ ਨਾਲ ਕੱਢੀ ਜਾਂਦੀ ਸ਼ਰਾਬ ਜਿਸ ਨੂੰ ‘ਲੱਠਾ’ (ਜਿਵੇਂ ਪੰਜਾਬ ਵਿਚ ਲਾਹਣ) ਕਿਹਾ ਜਾਂਦਾ ਹੈ, ਦੀ ਵੱਡੀ ਪੱਧਰ ’ਤੇ ਵਿਕਰੀ ਹੁੰਦੀ ਹੈ। 2009 ਵਿਚ ਅਹਿਮਦਾਬਾਦ ਵਿਚ ‘ਲੱਠਾ’ ਪੀਣ ਨਾਲ 150 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋਈ ਸੀ। ਨਸ਼ਾ ਤੇਜ਼ ਕਰਨ ਲਈ ਗ਼ੈਰ-ਕਾਨੂੰਨੀ ਢੰਗ ਨਾਲ ਕੱਢੀ ਇਸ ਸ਼ਰਾਬ ਵਿਚ ਮੈਥਾਨੋਲ ਜਾਂ ਅਜਿਹੇ ਪਦਾਰਥ ਵਾਲੀ ਸਪਿਰਟ ਮਿਲਾਈ ਜਾਂਦੀ ਹੈ ਜਿਸ ਕਾਰਨ ਸ਼ਰਾਬ ਜ਼ਹਿਰੀਲੀ ਹੋ ਜਾਂਦੀ ਹੈ। ਅਨੁਮਾਨਾਂ ਅਨੁਸਾਰ ਗ਼ੈਰ-ਕਾਨੂੰਨੀ ਢੰਗ ਨਾਲ ਕੱਢੀ ਸ਼ਰਾਬ ਦਾ ਧੰਦਾ ਹਜ਼ਾਰਾਂ ਕਰੋੜ ਰੁਪਏ ਦਾ ਹੈ। ਇਸੇ ਤਰ੍ਹਾਂ ਗੁਆਂਢੀ ਸੂਬਿਆਂ ਤੋਂ ਲਗਭਗ ਕਰੋੜਾਂ ਰੁਪਏ ਦੇ ਮੁੱਲ ਦੀ ‘ਅੰਗਰੇਜ਼ੀ’ ਸ਼ਰਾਬ (ਇੰਡੀਅਨ ਮੇਡ ਫਾਰਨ ਲਿਕਰ-ਆਈਐੱਮਐੱਫਐੱਲ-ਭਾਰਤ ਵਿਚ ਬਣਾਈ ਗਈ ਵਿਦੇਸ਼ੀ ਤਰੀਕੇ ਦੀ ਸ਼ਰਾਬ) ਗੁਜਰਾਤ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਲਿਆ ਕੇ ਵੇਚੀ ਜਾਂਦੀ ਹੈ। ਨਾਗਾਲੈਂਡ ਦੇ ਸ਼ਹਿਰ ਦੀਮਾਪੁਰ ਵਿਚ ਲਗਭਗ 500 ਟਿਕਾਣਿਆਂ ਉੱਤੇ ਗ਼ੈਰ-ਕਾਨੂੰਨੀ ਢੰਗ ਨਾਲ ਸ਼ਰਾਬ ਵਿਕਦੀ ਹੈ। ਬਿਹਾਰ ਵਿਚ ਵੀ ਗ਼ੈਰ-ਕਾਨੂੰਨੀ ਢੰਗ-ਤਰੀਕੇ ਨਾਲ ਸ਼ਰਾਬ ਕੱਢਣ, ਵੇਚਣ ਤੇ ਸਮਗਲਿੰਗ ਕਰਨ ਦੇ ਧੰਦੇ ਵਧ-ਫੁੱਲ ਰਹੇ ਹਨ। ਮਾਰਚ 2022 ਵਿਚ ਬਾਂਕਾ, ਮੇਧਪੁਰਾ ਅਤੇ ਭਾਗਲਪੁਰ ਜ਼ਿਲ੍ਹਿਆਂ ਵਿਚ ਜ਼ਹਿਰੀਲਾ ਪਦਾਰਥ ਪੀਣ ਕਾਰਨ 37 ਤੋਂ ਵੱਧ ਵਿਅਕਤੀਆਂ ਦੀ ਜਾਨ ਗਈ ਪਰ ਬਿਹਾਰ ਪੁਲੀਸ ਅਨੁਸਾਰ ਉਹ ਪਦਾਰਥ ਸ਼ਰਾਬ ਨਹੀਂ ਸੀ। 2016 ਵਿਚ ਗੋਪਾਲਗੰਜ ਜ਼ਿਲ੍ਹੇ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 16 ਵਿਅਕਤੀਆਂ ਦੀ ਮੌਤ ਹੋਈ ਸੀ।
ਅਮਰੀਕਾ ਵਿਚ 1920 ਤੋਂ ਸ਼ਰਾਬਬੰਦੀ ਲਾਗੂ ਕੀਤੀ ਗਈ। ਉਸ ਸਮੇਂ ਗ਼ੈਰ-ਕਾਨੂੰਨੀ ਤਰੀਕੇ ਨਾਲ ਸ਼ਰਾਬ ਕੱਢਣ ਤੇ ਵੇਚਣ ਦਾ ਧੰਦਾ ਪ੍ਰਫੁੱਲਿਤ ਹੋਇਆ ਅਤੇ ਵੱਡੇ ਗੈਂਗ ਤੇ ਮਾਫ਼ੀਆ ਹੋਂਦ ਵਿਚ ਆਏ। 1933 ਵਿਚ ਸਰਕਾਰ ਨੂੰ ਇਹ ਪਾਬੰਦੀ ਹਟਾਉਣੀ ਪਈ। ਇਸ ਸਮੱਸਿਆ ਨੂੰ ਵਿਹਾਰਕ ਦ੍ਰਿਸ਼ਟੀਕੋਣ ਤੋਂ ਦੇਖਿਆ-ਪਰਖਿਆ ਜਾਣਾ ਚਾਹੀਦਾ ਹੈ। ਇਕ ਪਾਸੇ ਤਾਂ ਹਵਾਈ ਅੱਡਿਆਂ ਅਤੇ ਪੰਜ ਸਿਤਾਰਾ ਹੋਟਲਾਂ ਵਿਚ ਸ਼ਰਾਬ ਵੇਚਣ ਤੇ ਪੀਣ ਦਾ ਸੱਭਿਆਚਾਰ ਪ੍ਰਫੁੱਲਿਤ ਕੀਤਾ ਜਾਂਦਾ ਹੈ, ਦੂਸਰੇ ਪਾਸੇ ਸ਼ਰਾਬ ਬਣਾਉਣ, ਵੇਚਣ ਅਤੇ ਪੀਣ ’ਤੇ ਸਖ਼ਤ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ। ਕਿਸੇ ਖ਼ਿੱਤੇ ਵਿਚ ਸ਼ਰਾਬਬੰਦੀ ਲਾਗੂ ਕਰ ਦੇਣ ਨਾਲ ਉੱਥੇ ਸ਼ਰਾਬ ਪੀਣ ਵਾਲੇ ਖ਼ਤਮ ਹੋ ਜਾਣ ਦੀ ਦਲੀਲ ਦੇਣੀ ਬੇਥਵੀ ਗੱਲ ਹੈ। ਗੁਜਰਾਤ ਵਿਚ ਸੂਬਾ ਸਰਕਾਰ ਨੇ ਸਿਹਤ ਨਾਲ ਸਬੰਧਿਤ ਕਾਰਨਾਂ ਦੇ ਆਧਾਰ ’ਤੇ 50,000 ਤੋਂ ਵੱਧ ਵਿਅਕਤੀਆਂ ਨੂੰ ਸ਼ਰਾਬ ਪੀਣ ਦੀ ਇਜਾਜ਼ਤ ਦੇਣ ਵਾਲੇ ਲਾਇਸੈਂਸ ਦਿੱਤੇ ਹੋਏ ਹਨ। ਪਾਬੰਦੀਆਂ ਲਗਾਉਣ ਅਤੇ ਥਾਂ ਥਾਂ ’ਤੇ ਸ਼ਰਾਬ ਦੇ ਠੇਕੇ ਖੋਲ੍ਹਣ ਦੀਆਂ ਨੀਤੀਆਂ ਵਿਚਕਾਰ ਸੰਤੁਲਨ ਬਣਾਉਣ ਦੀ ਜ਼ਰੂਰਤ ਹੈ। ਪਾਬੰਦੀ ਲਗਾਉਣ ਕਾਰਨ ਸ਼ਰਾਬ ਗ਼ੈਰ-ਕਾਨੂੰਨੀ ਢੰਗ ਨਾਲ ਕੱਢੀ ਜਾਂਦੀ ਹੈ, ਰਿਸ਼ਵਤਖੋਰੀ ਵਧਦੀ ਅਤੇ ਸਰਕਾਰਾਂ ਨੂੰ ਮਾਲੀਏ ਦਾ ਨੁਕਸਾਨ ਹੁੰਦਾ ਹੈ। ਇਸ ਸੰਦਰਭ ਵਿਚ ਸੂਬਾ ਸਰਕਾਰਾਂ ਨੂੰ ਸਮਾਜਿਕ ਸਰੋਕਾਰਾਂ ਅਤੇ ਵਿਹਾਰਕ ਦ੍ਰਿਸ਼ਟੀਕੋਣ ਨੂੰ ਧਿਆਨ ਵਿਚ ਰੱਖਦਿਆਂ ਸੰਤੁਲਿਤ ਨੀਤੀਆਂ ਬਣਾਉਣ ਦੀ ਲੋੜ ਹੈ।