ਲੋਕ ਫਤਵੇ ਦੇ ਮਾਅਨੇ
ਪੰਜਾਬ ਵਿੱਚ ਹੋਈਆਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਨੇ ਸਿਆਸੀ ਦਬਦਬੇ ਅਤੇ ਵਿਵਸਥਾ ਦੀਆਂ ਖ਼ਾਮੀਆਂ ਦਾ ਬਿਰਤਾਂਤ ਸਿਰਜਿਆ ਹੈ। ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਪੇਂਡੂ ਸੰਸਥਾਵਾਂ ਦੀਆਂ ਚੋਣਾਂ ਵਿੱਚ ਹੂੰਝਾ ਫੇਰੂ ਜਿੱਤ ਪ੍ਰਾਪਤ ਕੀਤੀ ਤੇ ਰਾਜ ਭਰ ਵਿੱਚ...
ਪੰਜਾਬ ਵਿੱਚ ਹੋਈਆਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਨੇ ਸਿਆਸੀ ਦਬਦਬੇ ਅਤੇ ਵਿਵਸਥਾ ਦੀਆਂ ਖ਼ਾਮੀਆਂ ਦਾ ਬਿਰਤਾਂਤ ਸਿਰਜਿਆ ਹੈ। ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਪੇਂਡੂ ਸੰਸਥਾਵਾਂ ਦੀਆਂ ਚੋਣਾਂ ਵਿੱਚ ਹੂੰਝਾ ਫੇਰੂ ਜਿੱਤ ਪ੍ਰਾਪਤ ਕੀਤੀ ਤੇ ਰਾਜ ਭਰ ਵਿੱਚ ਵੱਡੀ ਗਿਣਤੀ ਸੀਟਾਂ ਹਾਸਲ ਕੀਤੀਆਂ ਹਨ। ਜਿਸ ਨਾਲ ਸ਼ਹਿਰੀ ਖੇਤਰਾਂ ਤੋਂ ਪਰ੍ਹੇ ਇਸ ਨੂੰ ਪ੍ਰਵਾਨਗੀ ਦੀ ਪੁਸ਼ਟੀ ਹੁੰਦੀ ਹੈ। ਫਿਰ ਵੀ ਇਸ ਸਫਲਤਾ ਨਾਲ ਕੁਝ ਚਿਤਾਵਨੀਆਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ’ਤੇ ਪਾਰਟੀ ਅਤੇ ਇਸ ਦੇ ਆਲੋਚਕਾਂ ਦੋਵਾਂ ਨੂੰ ਵਿਚਾਰ ਕਰਨਾ ਚਾਹੀਦਾ ਹੈ। ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵਧੀਆ ਪ੍ਰਦਰਸ਼ਨ ਤੋਂ ਪਿੰਡਾਂ ਵਿੱਚ ਇਸ ਨੂੰ ਹਾਲੇ ਵੀ ਸਮਰਥਨ ਮਿਲਣ ਦਾ ਸੰਕੇਤ ਮਿਲਦਾ ਹੈ ਅਤੇ ਇਹ ਨਤੀਜਾ 2027 ਦੀਆਂ ਰਾਜ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਹੱਕ ਵਿੱਚ ਮਾਹੌਲ ਸਿਰਜ ਸਕਦਾ ਹੈ। ਦੂਜੇ ਪਾਸੇ, ਅਜਿਹੀਆਂ ਕੁਝ ਮਹੱਤਵਪੂਰਨ ਉਦਾਹਰਣਾਂ ਵੀ ਹਨ, ਜਿੱਥੇ ਆਮ ਆਦਮੀ ਪਾਰਟੀ ਆਪਣੇ ਆਗੂਆਂ ਦੇ ਗੜ੍ਹਾਂ ਵਿੱਚ ਹੀ ਹਾਰ ਗਈ ਹੈ। ਪਾਰਟੀ ਦੇ ਮੁੱਖ ਆਗੂ ਆਪਣੇ ਪਿੰਡਾਂ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਵੀ ਅਸਮਰੱਥ ਰਹੇ ਹਨ।
ਇਸੇ ਦੌਰਾਨ ਵਿਰੋਧੀ ਪਾਰਟੀਆਂ ਨੇ ਵੀ ਆਸਾਨੀ ਨਾਲ ਹਾਰ ਸਵੀਕਾਰ ਨਹੀਂ ਕੀਤੀ। ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਵਰਗੇ ਕੁਝ ਇਲਾਕਿਆਂ ਵਿੱਚ ਆਪਣੀ ਪਕੜ ਮਜ਼ਬੂਤ ਕੀਤੀ ਹੈ। ਇਸ ਨਾਲ ਸੰਭਾਵਨਾ ਪੈਦਾ ਹੁੰਦੀ ਹੈ ਕਿ ਜੇਕਰ ਇਹ ਪਾਰਟੀ ਇਸੇ ਲੀਹ ’ਤੇ ਅੱਗੇ ਵਧਦੀ ਰਹੀ ਤਾਂ ਲੰਮੇ ਸਮੇਂ ਵਿੱਚ ਇਸ ਦੀ ਸੁਰਜੀਤੀ ਹੋ ਸਕਦੀ ਹੈ। ਕਾਂਗਰਸ ਆਪਣੀ ਗੁਆਚੀ ਹੋਈ ਸਾਖ਼ ਮੁੜ ਬਹਾਲ ਕਰਨ ਲਈ ਸੰਘਰਸ਼ ਕਰ ਰਹੀ ਹੈ ਕਿਉਂਕਿ ਇਹ ਆਪਣੇ ਰਵਾਇਤੀ ਗੜ੍ਹਾਂ ਵਿੱਚ ਵਿਰੋਧੀ ਪਾਰਟੀਆਂ ਨੂੰ ਤਕੜੀ ਚੁਣੌਤੀ ਦੇਣ ਵਿੱਚ ਵੀ ਨਾਕਾਮ ਰਹੀ ਹੈ। ਭਾਜਪਾ ਨੇ ਵਿਰਲੇ-ਟਾਵੇਂ ਇਲਾਕਿਆਂ ਵਿੱਚ ਹੌਲੀ ਹੌਲੀ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਹਨ। ਕੁੱਲ ਮਿਲਾ ਕੇ ਇਹ ਤਸਵੀਰ ਪੰਜਾਬ ਵਿੱਚ ਬਦਲਦੇ ਸਿਆਸੀ ਦ੍ਰਿਸ਼ ਵੱਲ ਇਸ਼ਾਰਾ ਕਰਦੀ ਹੈ।
ਇਹ ਨਤੀਜੇ ਚੋਣ ਦੰਗਲ ਦਾ ਇੱਕ ਸੂਖ਼ਮ ਦ੍ਰਿਸ਼ ਪੇਸ਼ ਕਰਦੇ ਹਨ। ਵੋਟਰ ਜ਼ਮੀਨੀ ਪੱਧਰ ’ਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਕਾਫ਼ੀ ਹੱਦ ਤੱਕ ਸੰਤੁਸ਼ਟ ਜਾਪਦੇ ਹਨ, ਫਿਰ ਵੀ ਸਥਾਨਕ ਪੱਧਰ ’ਤੇ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਕਿਸੇ ਵਿਸ਼ੇਸ਼ ਉਮੀਦਵਾਰ ਦੀ ਸਾਖ਼ ਵੀ ਵੱਡਾ ਮਹੱਤਵ ਰੱਖਦੀ ਹੈ। ਆਮ ਆਦਮੀ ਪਾਰਟੀ ਨੂੰ ਆਪਣੇ ਗੜ੍ਹਾਂ ਵਿੱਚ ਮਿਲੀ ਹਾਰ ਇਸ ਗੱਲ ਦੀ ਯਾਦ ਦਿਵਾਉਂਦੀ ਹੈ ਕਿ ਸਿਆਸੀ ਸੱਤਾ ਦਾ ਸਫ਼ਰ ਕਦੇ ਵੀ ਇਕਸਾਰ ਤੇ ਸਾਵਾਂ ਪੱਧਰਾ ਨਹੀਂ ਹੁੰਦਾ। ਪਿੰਡਾਂ ਦੇ ਵੋਟਰ ਸਮਝਦਾਰ ਹਨ ਤੇ ਸਥਾਨਕ ਲੀਡਰਸ਼ਿਪ ਪ੍ਰਤੀ ਵੀ ਓਨੇ ਹੀ ਸੰਵੇਦਨਸ਼ੀਲ ਹਨ ਜਿੰਨੇ ਰਾਜ-ਪੱਧਰੀ ਮੁੱਦਿਆਂ ਲਈ। ਜੇਕਰ ਆਮ ਆਦਮੀ ਪਾਰਟੀ ਪੰਜਾਬ ਵਿੱਚ ਲੋਕ ਫ਼ਤਵਾ ਆਪਣੇ ਹੱਕ ਵਿੱਚ ਕਾਇਮ ਰੱਖਣਾ ਚਾਹੁੰਦੀ ਹੈ ਤਾਂ ਇਸ ਨੂੰ ਜ਼ਮੀਨੀ ਪੱਧਰ ਦੀ ਲੀਡਰਸ਼ਿਪ ਨੂੰ ਹੋਰ ਮਜ਼ਬੂਤ ਕਰਨਾ ਅਤੇ ਪੇਂਡੂ ਵੋਟਰਾਂ ਦੀਆਂ ਸਮੱਸਿਆਵਾਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ।

