ਸ਼ੁੱਕਰਵਾਰ ਦੀ ਸ਼ਾਮ ਕੁਝ ਟੈਲੀਵਿਜ਼ਨ ਚੈਨਲਾਂ ’ਤੇ ਹੋ ਰਹੀ ਬਹਿਸ ਹੈਰਾਨ ਕਰ ਦੇਣ ਵਾਲੀ ਸੀ। ਉਨ੍ਹਾਂ ਚੈਨਲਾਂ ਜਿਨ੍ਹਾਂ ਨੂੰ ਕੇਂਦਰ ਵਿਚ ਸੱਤਾਧਾਰੀ ਪਾਰਟੀ ਦੇ ਪੱਕੇ ਹਮਾਇਤੀ ਮੰਨਿਆ ਜਾਂਦਾ ਹੈ, ’ਤੇ ਕੁੰਭ ਵਿਚ ਲੱਖਾਂ ਲੋਕਾਂ ਦੇ ਇਕੱਠ ਬਾਰੇ ਵੱਡੇ ਤਰਕ-ਵਿਤਰਕ ਹੋ ਰਹੇ ਸਨ। ਇਨ੍ਹਾਂ ਟੈਲੀਵਿਜ਼ਨ ਚੈਨਲਾਂ ਦੇ ਐਂਕਰ ਜੋ ਆਪਣੇ ਰੋਜ਼ਾਨਾ ਪ੍ਰੋਗਰਾਮਾਂ ਵਿਚ ਸੱਤਾਧਾਰੀ ਪਾਰਟੀ ਦੀ ਪਿੱਠ ਪੂਰਦੇ ਹਨ, ਭਾਰਤੀ ਜਨਤਾ ਪਾਰਟੀ ਦੇ ਬੁਲਾਰਿਆਂ ਅਤੇ ਉੱਤਰਾਖੰਡ ਦੇ ਇਕ ਮੰਤਰੀ ਤੋਂ ਸਵਾਲ ਪੁੱਛ ਰਹੇ ਸਨ ਕਿ ਕੁੰਭ ਵਿਚ ਏਡਾ ਵੱਡਾ ਇਕੱਠ ਕਿਉਂ ਹੋਣ ਦਿੱਤਾ ਗਿਆ। ਇਹ ਵੀ ਦੱਸਿਆ ਜਾ ਰਿਹਾ ਸੀ ਕਿ ਕੁਝ ਧਾਰਮਿਕ ਅਖਾੜਿਆਂ ਜਿਨ੍ਹਾਂ ਵਿਚ ਮਹੱਤਵਪੂਰਨ ਨਿਰੰਜਣੀ ਅਖਾੜਾ ਵੀ ਸ਼ਾਮਲ ਹੈ, ਨੇ ਕੁੰਭ ’ਚ ਆਪਣੇ ਸਮਾਗਮ ਹੋਰ ਨਾ ਕਰਨ ਅਤੇ ਕੁੰਭ ’ਚੋਂ ਬਾਹਰ ਨਿਕਲਣ ਦਾ ਫ਼ੈਸਲਾ ਲਿਆ ਹੈ ਅਤੇ ਕੁਝ ਹੋਰ ਅਖਾੜਿਆਂ ਦੇ ਧਰਮ-ਗੁਰੂਆਂ ਨਾਲ ਗੱਲਬਾਤ ਹੋ ਰਹੀ ਹੈ। ਟੈਲੀਵਿਜ਼ਨ ਚੈਨਲ ’ਤੇ ਇਕ ਧਰਮ-ਆਚਾਰੀਆ ਨੇ ਇਹ ਦੱਸਦਿਆਂ ਕਿ ਧਾਰਮਿਕ ਇਕੱਠਾਂ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ, ਦਲੀਲ ਦਿੱਤੀ ਕਿ ਪਿਛਲੇ ਸਾਲ ਤੋਂ ਧਾਰਮਿਕ ਅਸਥਾਨਾਂ ’ਤੇ ਇਕੱਠ ਨਾ ਕਰਨ ਨਾਲ ਸਬੰਧਿਤ ਲਗਾਈਆਂ ਗਈਆਂ ਪਾਬੰਦੀਆਂ ਨੂੰ ਸ਼ਰਧਾਲੂਆਂ ਨੇ ਸਵੀਕਾਰ ਕਰ ਲਿਆ ਸੀ ਅਤੇ ਇਨ੍ਹਾਂ ਪਾਬੰਦੀਆਂ ਕਾਰਨ ਨਾ ਤਾਂ ਧਰਮ ਅਤੇ ਨਾ ਹੀ ਧਾਰਮਿਕ ਨਿਸ਼ਠਾ ਨੂੰ ਕੋਈ ਢਾਹ ਲੱਗੀ ਸੀ। ਇਸ ਧਰਮ-ਆਚਾਰੀਆ ਨੇ ਦੋਸ਼ ਲਗਾਇਆ ਕਿ ਉੱਤਰਾਖੰਡ ਸਰਕਾਰ ਨੇ ਇਸ਼ਤਿਹਾਰਬਾਜ਼ੀ ਰਾਹੀਂ ਲੋਕਾਂ ਨੂੰ ਵੱਡੀ ਗਿਣਤੀ ਵਿਚ ਕੁੰਭ ਵਿਚ ਇਕੱਠੇ ਹੋਣ ਲਈ ਉਤਸ਼ਾਹਿਤ ਕੀਤਾ ਅਤੇ ਸੂਬਾ ਸਰਕਾਰ ਦੀ ਇਹ ਕਾਰਵਾਈ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਉਲਟ ਸੀ।
ਸੱਤਾਧਾਰੀ ਪਾਰਟੀ ਦੇ ਬੁਲਾਰਿਆਂ ਨੇ ਭਾਜਪਾ ਸਰਕਾਰਾਂ ਦੀ ਪਹਿਲਕਦਮੀ ਦਾ ਬਚਾਓ ਕਰਨ ਦਾ ਯਤਨ ਕਰਦਿਆਂ ਇਹ ਕਿਹਾ ਕਿ ਕੁੰਭ ਵਿਚ ਕਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਸੈਂਕੜਿਆਂ ਵਿਚ ਹੈ ਜਦੋਂਕਿ ਮਹਾਰਾਸ਼ਟਰ ਅਤੇ ਛੱਤੀਸਗੜ੍ਹ (ਕਹਿਣ ਤੋਂ ਭਾਵ ਇਹ ਕਿ ਉਹ ਸੂਬੇ ਜਿੱਥੇ ਗ਼ੈਰ-ਭਾਜਪਾ ਸਰਕਾਰਾਂ ਹਨ) ਵਿਚ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਕੇਸ ਸਾਹਮਣੇ ਆ ਰਹੇ ਹਨ। ਬਹਿਸਾਂ ਵਿਚ ਸਵਾਲਾਂ ਦੇ ਅੰਬਾਰ ਲੱਗੇ ਹੋਏ ਸਨ। ਐਂਕਰ ਇਹ ਪੁੱਛ ਰਹੇ ਸਨ ਕਿ ਕਿੰਨੇ ਲੋਕਾਂ ਦੇ ਟੈਸਟ ਕਰਾਏ ਗਏ ਅਤੇ ਇਹ ਵੀ ਦੱਸ ਰਹੇ ਸਨ ਕਿ ਟੈਸਟ 100 ਫ਼ੀਸਦੀ ਸਹੀ ਨਤੀਜੇ ਨਹੀਂ ਦਿੰਦੇ। ਸੱਤਾਧਾਰੀ ਪਾਰਟੀ ਦੇ ਬੁਲਾਰਿਆਂ ਨੂੰ ਹੈਰਾਨੀ ਹੋਈ ਕਿ ਉਹ ਐਂਕਰ ਜੋ ਰੋਜ਼ ਉਨ੍ਹਾਂ ਦੇ ਮਿੱਤਰਾਂ ਅਤੇ ਹਮਾਇਤੀਆਂ ਵਾਂਗ ਬੋਲਦੇ ਰਹੇ ਹਨ, ਅਜਿਹੇ ਸਵਾਲ ਪੁੱਛ ਕੇ ਉਨ੍ਹਾਂ ਦੇ ਵਤੀਰੇ ਨੂੰ ਗ਼ੈਰ-ਜ਼ਿੰਮੇਵਾਰਾਨਾ ਕਿਉਂ ਠਹਿਰਾ ਰਹੇ ਸਨ। ਸ਼ਨਿੱਚਰਵਾਰ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਆਨ ਦਿੱਤਾ ਹੈ ਕਿ ਕੁੰਭ ਨੂੰ ਪ੍ਰਤੀਕਮਈ ਤਰੀਕੇ ਨਾਲ ਮਨਾਇਆ ਜਾਣਾ ਚਾਹੀਦਾ ਹੈ।
ਇਨ੍ਹਾਂ ਬਹਿਸਾਂ ਤੋਂ ਇਹ ਨਤੀਜਾ ਨਿਕਲਦਾ ਦਿਖਾਈ ਦੇ ਰਿਹਾ ਸੀ ਕਿ ਧਰਮ ਅਤੇ ਧਾਰਮਿਕ ਨਿਸ਼ਠਾ ਦੋ ਵੱਖੋ-ਵੱਖਰੇ ਵਰਤਾਰੇ ਹਨ। ਧਾਰਮਿਕ ਨਿਸ਼ਠਾ ਸਮਾਜਿਕ ਅਤੇ ਸੱਭਿਆਚਾਰਕ ਬਣਤਰ ਹੈ। ਧਰਮ-ਗੁਰੂ ਤੇ ਧਾਰਮਿਕ ਵਿਦਵਾਨ ਇਸ ਨੂੰ ਸੇਧ ਦੇ ਸਕਦੇ ਹਨ। ਪਿਛਲੇ ਸਾਲ ਦੁਨੀਆ ਭਰ ਦੇ ਧਾਰਮਿਕ ਆਗੂਆਂ ਨੇ ਸਰਕਾਰਾਂ ਨਾਲ ਸਹਿਯੋਗ ਕਰਦਿਆਂ ਵੱਡੇ ਇਕੱਠਾਂ ਤੋਂ ਪਰਹੇਜ਼ ਕਰ ਕੇ ਕੋਵਿਡ-19 ਵਿਰੁੱਧ ਲੜੀ ਜਾ ਰਹੀ ਲੜਾਈ ਵਿਚ ਹਿੱਸਾ ਪਾਇਆ ਹੈ। ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਸਿਆਸੀ ਪਾਰਟੀਆਂ ਧਰਮ ਨੂੰ ਆਪਣੀ ਤਾਕਤ ਅਤੇ ਸੱਤਾ ਵਧਾਉਣ ਦੇ ਹਥਿਆਰ ਵਜੋਂ ਵਰਤਦੀਆਂ ਹਨ। ਧਰਮ ਨੂੰ ਆਪਣੀ ਤਾਕਤ ਵਧਾਉਣ ਲਈ ਵਰਤਣ ਦਾ ਲਾਲਚ ਏਨਾ ਜ਼ਿਆਦਾ ਹੈ ਕਿ ਸਿਆਸੀ ਪਾਰਟੀਆਂ ਲੋਕਾਂ ’ਤੇ ਆਪਣੀ ਪਕੜ ਬਣਾਈ ਰੱਖਣ ਲਈ ਸਮਾਜ ਦੇ ਸਮੂਹਿਕ ਹਿੱਤ ਵੀ ਕੁਰਬਾਨ ਕਰ ਦਿੰਦੀਆਂ ਹਨ। ਇਹ ਬਹਿਸਾਂ ਇਹ ਵੀ ਦੱਸਦੀਆਂ ਹਨ ਕਿ ਜੇ ਸਰਕਾਰਾਂ ਚਾਹੁਣ ਤਾਂ ਉਹ ਧਾਰਮਿਕ ਆਗੂਆਂ ਨਾਲ ਗੱਲਬਾਤ ਕਰ ਕੇ ਲੋਕਾਂ ਨੂੰ ਕੋਵਿਡ-19 ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਲਈ ਪ੍ਰੇਰ ਸਕਦੀਆਂ ਹਨ। ਧਾਰਮਿਕ ਅਤੇ ਸੱਭਿਆਚਾਰਕ ਤਿਉਹਾਰ ਸਹਿਜ ਅਤੇ ਸੰਜਮ ਨਾਲ ਮਨਾਏ ਜਾਣੇ ਚਾਹੀਦੇ ਹਨ। ਕੋਵਿਡ-19 ਜਿਹੀ ਮਹਾਮਾਰੀ ਵਿਰੁੱਧ ਲੜਨ ਲਈ ਸਮਾਜ ਦੇ ਸਭ ਵਰਗਾਂ ਦੇ ਸਹਿਯੋਗ ਦੀ ਜ਼ਰੂਰਤ ਹੈ। ਧਾਰਮਿਕ ਆਗੂਆਂ ਨੂੰ ਸਿਹਤ ਵਿਗਿਆਨੀਆਂ ਅਤੇ ਡਾਕਟਰਾਂ ਦੀ ਸਲਾਹ ਵੱਲ ਧਿਆਨ ਦੇਣਾ ਚਾਹੀਦਾ ਹੈ।