DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਨੂੰਨ ਲਾਗੂ ਹੋਵੇ

ਖਣਨ ਨੂੰ ਨਿਯਮਿਤ ਕਰਨ ਵਾਲਾ ਪੰਜਾਬ ਦਾ ਨਵਾਂ ਕਾਨੂੰਨ ਸ਼ਾਸਨ ਦੇ ਇੱਕ ਜਾਣੇ-ਪਛਾਣੇ ਪੈਟਰਨ ਨੂੰ ਦਰਸਾਉਂਦਾ ਹੈ: ਪ੍ਰਸ਼ਾਸਕੀ ਢੰਗ ਤਰੀਕੇ ਅਪਣਾ ਕੇ ਹੀ ਸੁਲਝਾਈ ਜਾ ਸਕਣ ਵਾਲੀ ਕਿਸੇ ਸਮੱਸਿਆ ਨਾਲ ਸਿੱਝਣ ਲਈ ਸਖ਼ਤ ਕਾਨੂੰਨੀ ਰਾਹ ਅਖਤਿਆਰ ਕਰਨਾ। ਗ਼ੈਰ-ਕਾਨੂੰਨੀ ਰੇਤ ਅਤੇ...

  • fb
  • twitter
  • whatsapp
  • whatsapp
Advertisement
ਖਣਨ ਨੂੰ ਨਿਯਮਿਤ ਕਰਨ ਵਾਲਾ ਪੰਜਾਬ ਦਾ ਨਵਾਂ ਕਾਨੂੰਨ ਸ਼ਾਸਨ ਦੇ ਇੱਕ ਜਾਣੇ-ਪਛਾਣੇ ਪੈਟਰਨ ਨੂੰ ਦਰਸਾਉਂਦਾ ਹੈ: ਪ੍ਰਸ਼ਾਸਕੀ ਢੰਗ ਤਰੀਕੇ ਅਪਣਾ ਕੇ ਹੀ ਸੁਲਝਾਈ ਜਾ ਸਕਣ ਵਾਲੀ ਕਿਸੇ ਸਮੱਸਿਆ ਨਾਲ ਸਿੱਝਣ ਲਈ ਸਖ਼ਤ ਕਾਨੂੰਨੀ ਰਾਹ ਅਖਤਿਆਰ ਕਰਨਾ। ਗ਼ੈਰ-ਕਾਨੂੰਨੀ ਰੇਤ ਅਤੇ ਬੱਜਰੀ ਦੀ ਖੁਦਾਈ ਲੰਮੇ ਸਮੇਂ ਤੋਂ ਸੂਬੇ ਲਈ ਪਰੇਸ਼ਾਨੀ ਪੈਦਾ ਕਰ ਰਹੀ ਹੈ, ਜਿਸ ਨਾਲ ਦਰਿਆਵਾਂ ਦੇ ਕੰਢਿਆਂ ਤੇ ਤਲ ਨੂੰ ਖੋਰਾ ਲੱਗਣ ਅਤੇ ਪਿੰਡਾਂ ਦੀਆਂ ਸੜਕਾਂ ਨੂੰ ਨੁਕਸਾਨ ਪੁੱਜਣ ਕਾਰਨ ਵੱਡੇ ਪੱਧਰ ’ਤੇ ਮਾਲੀ ਨੁਕਸਾਨ ਹੁੰਦਾ ਹੈ। ਨਵੇਂ ਬਿੱਲ ਨੂੰ ਬਣਾਉਣ ਪਿੱਛੇ ਮਨਸ਼ਾ ਨੇਕ ਜਾਪਦੀ ਹੈ, ਪਰ ਇਕੱਲਾ ਕਾਨੂੰਨ ਬਣਾ ਕੇ ਹੀ ਅਜਿਹੇ ਤੰਤਰ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ, ਜੋ ਕਮਜ਼ੋਰ ਕਾਨੂੰਨ ਵਿਵਸਥਾ ਅਤੇ ਰਾਜਨੀਤਿਕ ਸਰਪ੍ਰਸਤੀ ਹੇਠ ਵਧਦਾ-ਫੁੱਲਦਾ ਹੈ। ਸਮੇਂ ਸਮੇਂ ਦੀਆਂ ਸਰਕਾਰਾਂ ਨੇ ਲਗਾਤਾਰ ਸਖ਼ਤ ਨਿਯਮ, ਭਾਰੀ ਜੁਰਮਾਨੇ ਅਤੇ ਵਧੇਰੇ ਗੁੰਝਲਦਾਰ ਲਾਇਸੈਂਸਿੰਗ ਪ੍ਰਣਾਲੀਆਂ ਲਾਗੂ ਕੀਤੀਆਂ ਹਨ। ਫਿਰ ਵੀ ਗ਼ੈਰ-ਕਾਨੂੰਨੀ ਖਣਨ ਜਾਰੀ ਹੈ। ਰੋਪੜ ਵਿੱਚ ਸਵਾਂ ਨਦੀ ਦੇ ਤਲ ’ਤੇ ਹੁੰਦੇ ਵਿਆਪਕ ਗ਼ੈਰ-ਕਾਨੂੰਨੀ ਰੇਤ ਖਣਨ ਦਾ ਪਰਦਾਫਾਸ਼ ਹੋਇਆ ਹੈ; ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਰਾਤ ਦੇ ਹਨੇਰੇ ਵਿੱਚ ਵੀ ਉੱਥੇ ਭਾਰੀ ਮਸ਼ੀਨਰੀ ਨਾਲ ਖਣਨ ਚਲਦਾ ਰਹਿੰਦਾ ਹੈ। ਇਹ ਕਾਨੂੰਨ ਲਾਗੂ ਕਰਨ ਵਿੱਚ ਅਸਫ਼ਲ ਰਹਿਣ, ਵਾਤਾਵਰਣ ਨੂੰ ਪੁੱਜ ਰਹੇ ਨੁਕਸਾਨ ਅਤੇ ਅਧਿਕਾਰੀਆਂ ਦੀ ਸੰਭਾਵੀ ਮਿਲੀਭੁਗਤ ਬਾਰੇ ਗੰਭੀਰ ਤੌਖ਼ਲੇ ਪੈਦਾ ਕਰਦਾ ਹੈ।ਗ਼ੈਰ-ਕਾਨੂੰਨੀ ਖਣਨ ਕਾਨੂੰਨਾਂ ਦੀ ਘਾਟ ਕਾਰਨ ਨਹੀਂ ਸਗੋਂ ਜ਼ਮੀਨੀ ਪੱਧਰ ’ਤੇ ਜਵਾਬਦੇਹੀ ਤੈਅ ਕਰਨ ਦੀ ਘਾਟ ਕਾਰਨ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿੱਚ ਜਾਂ ਤਾਂ ਸਟਾਫ ਦੀ ਕਮੀ ਹੈ ਜਾਂ ਅਧਿਕਾਰੀਆਂ ਦੀ ਮਿਲੀਭੁਗਤ ਹੋ ਸਕਦੀ ਹੈ; ਨਿਗਰਾਨੀ ਕਦੇ-ਕਦਾਈਂ ਹੁੰਦੀ ਹੈ ਅਤੇ ਵੱਖ-ਵੱਖ ਵਿਭਾਗਾਂ ਵਿੱਚ ਤਾਲਮੇਲ ਦੀ ਕਮੀ ਹੁੰਦੀ ਹੈ। ਬਹੁਤ ਸਾਰੇ ਮਾਮਲਿਆਂ ਵਿੱਚ ਸਥਾਨਕ ਭਾਈਚਾਰਿਆਂ ਨੂੰ ਵਾਤਾਵਰਣ ਅਤੇ ਬੁਨਿਆਦੀ ਢਾਂਚੇ ਦੇ ਨੁਕਸਾਨ ਦਾ ਮੁੱਲ ਤਾਰਨਾ ਪੈਂਦਾ ਹੈ ਜਦੋਂਕਿ ਸੂਬੇ ਦੇ ਸਰਕਾਰੀ ਖ਼ਜ਼ਾਨੇ ਨੂੰ ਮਾਲੀਏ ਪੱਖੋਂ ਨੁਕਸਾਨ ਹੁੰਦਾ ਹੈ।

ਇਸ ਲਈ ਅਸਲ ਚੁਣੌਤੀ ਸਿਰਫ਼ ਕਾਨੂੰਨ ਬਣਾਉਂਦੇ ਰਹਿਣ ਦੀ ਥਾਂ ਇਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਹੈ। ਤਕਨਾਲੋਜੀ ਇਸ ਸਬੰਧੀ ਅਹਿਮ ਭੂਮਿਕਾ ਨਿਭਾ ਸਕਦੀ ਹੈ, ਜਿਵੇਂ ਖਣਨ ’ਚ ਸ਼ਾਮਿਲ ਵਾਹਨਾਂ ਦੀ ਜੀ ਪੀ ਐੱਸ ਟਰੈਕਿੰਗ, ਖਣਨ ਸਾਈਟਾਂ ਦੀ ਨਿਗਰਾਨੀ ਅਤੇ ਪਾਰਦਰਸ਼ੀ ਈ-ਨਿਲਾਮੀ ਪ੍ਰਣਾਲੀਆਂ ਮਨਮਾਨੀਆਂ ਕੀਤੇ ਜਾਣ ਅਤੇ ਮਾਲੀਏ ਦੇ ਨੁਕਸਾਨ ਨੂੰ ਰੋਕ ਸਕਦੀਆਂ ਹਨ। ਜਵਾਬਦੇਹੀ ਤੈਅ ਕਰਨਾ ਵੀ ਇੰਨਾ ਹੀ ਜ਼ਰੂਰੀ ਹੈ: ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਵਿੱਚ ਅਸਫ਼ਲ ਰਹਿਣ ਵਾਲੇ ਅਧਿਕਾਰੀਆਂ ਨੂੰ ਨਤੀਜੇ ਭੁਗਤਣੇ ਪੈਣ। ਰੋਕਥਾਮ ਜਾਂ ਜਾਂਚ ਦੀ ਅਣਹੋਂਦ ਵਿੱਚ ਸਰਕਾਰ ਵੱਲੋਂ ਬਣਾਏ ਗਏ ਬਿਹਤਰੀਨ ਕਾਨੂੰਨ ਵੀ ਮਹਿਜ਼ ਰਸਮੀ ਕਾਰਵਾਈ ਬਣ ਕੇ ਰਹਿ ਜਾਣਗੇ। ਪੰਜਾਬ ਨੂੰ ਗ਼ੈਰ-ਕਾਨੂੰਨੀ ਖਣਨ ਦੇ ‘ਮੰਗ’ ਪੱਖ ਨੂੰ ਵੀ ਸੰਬੋਧਿਤ ਕਰਨਾ ਚਾਹੀਦਾ ਹੈ। ਉਸਾਰੀ ਸਰਗਰਮੀਆਂ ਲਗਾਤਾਰ ਗ਼ੈਰ-ਕਾਨੂੰਨੀ ਖਣਨ ਨੂੰ ਵਧਾਉਂਦੀਆਂ ਹਨ। ਅਜਿਹਾ ਅਕਸਰ ਇਸ ਲਈ ਹੁੰਦਾ ਹੈ ਕਿਉਂਕਿ ਕਾਨੂੰਨੀ ਤੌਰ ’ਤੇ ਕੱਢੀ ਰੇਤ ਤੇ ਬੱਜਰੀ ਦੀ ਮਾਤਰਾ ਨਾਕਾਫ਼ੀ ਹੁੰਦੀ ਹੈ ਜਾਂ ਫਿਰ ਰੈਗੂਲੇਟਰੀ ਰੁਕਾਵਟਾਂ ਕਾਰਨ ਇਹ ਬਹੁਤ ਮਹਿੰਗੀ ਹੁੰਦੀ ਹੈ। ਕਾਨੂੰਨੀ ਖਣਨ ਨੂੰ ਸੁਚਾਰੂ ਅਤੇ ਸਮੱਗਰੀ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾ ਕੇ ਗ਼ੈਰ-ਕਾਨੂੰਨੀ ਖਣਨ ਨੂੰ ਉਤਸ਼ਾਹਿਤ ਕਰਨ ਵਾਲੇ ਮੂਲ ਕਾਰਕਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਖਣਨ ਸਬੰਧੀ ਕਾਨੂੰਨਾਂ ਦੀ ਅਸਲ ਭਰੋਸੇਯੋਗਤਾ ਅੰਤ ਵਿੱਚ ਮਿਲੇ ਨਤੀਜਿਆਂ ਰਾਹੀਂ ਹੀ ਮਾਪੀ ਜਾਵੇਗੀ, ਜਿਵੇਂ ਕਿ ਨਦੀਆਂ ਦੇ ਸਾਫ਼ ਤਲ, ਸੁਰੱਖਿਅਤ ਬੁਨਿਆਦੀ ਢਾਂਚਾ ਅਤੇ ਰਾਜ ਦੇ ਮਾਲੀਏ ਵਿੱਚ ਵਾਧਾ।

Advertisement

Advertisement

Advertisement
×