ਟੀ-20 ਦਾ ਰਾਜਾ
ਬੇਖ਼ੌਫ਼ ਟੀਮ ਇੰਡੀਆ ਨੇ ਕ੍ਰਿਕਟ ਦੀ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਟੀ-20 ਵਿੱਚ ਤੀਜੀ ਵਾਰ ਵਿਸ਼ਵ ਕੱਪ ਜਿੱਤ ਕੇ ਦੇਸ਼ ਦਾ ਸਿਰ ਉੱਚਾ ਕਰ ਦਿੱਤਾ ਹੈ। ਨਿਊਜ਼ੀਲੈਂਡ ਦੀ ਟੀਮ ਦੇ ਛੇਤੀ ਹੀ ਢਹਿ-ਢੇਰੀ ਹੋਣ ਨੇ ਦਰਸ਼ਕਾਂ ਨੂੰ ਇੱਕ ਰੋਮਾਂਚਕ...
ਬੇਖ਼ੌਫ਼ ਟੀਮ ਇੰਡੀਆ ਨੇ ਕ੍ਰਿਕਟ ਦੀ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਟੀ-20 ਵਿੱਚ ਤੀਜੀ ਵਾਰ ਵਿਸ਼ਵ ਕੱਪ ਜਿੱਤ ਕੇ ਦੇਸ਼ ਦਾ ਸਿਰ ਉੱਚਾ ਕਰ ਦਿੱਤਾ ਹੈ। ਨਿਊਜ਼ੀਲੈਂਡ ਦੀ ਟੀਮ ਦੇ ਛੇਤੀ ਹੀ ਢਹਿ-ਢੇਰੀ ਹੋਣ ਨੇ ਦਰਸ਼ਕਾਂ ਨੂੰ ਇੱਕ ਰੋਮਾਂਚਕ ਫਾਈਨਲ ਦੇਖਣ ਤੋਂ ਵਾਂਝਾ ਕਰ ਦਿੱਤਾ, ਪਰ ਫਾਈਨਲ ਮੈਚ ਦੀ ਇਸ ਜਿੱਤ ਨੇ ਕ੍ਰਿਕਟ ਦੀ ਖੇਡ ਵਿੱਚ ਭਾਰਤ ਦਾ ਦਬਦਬਾ ਸਪੱਸ਼ਟ ਤੌਰ ’ਤੇ ਦਰਸਾ ਦਿੱਤਾ ਹੈ। ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਹਿੰਮਤ ਦਿਖਾਈ ਕਿਉਂਕਿ ਅਭਿਸ਼ੇਕ ਸ਼ਰਮਾ ਅਤੇ ਵਰੁਣ ਚੱਕਰਵਰਤੀ ਨੂੰ ਉਨ੍ਹਾਂ ਦੀ ਮਾੜੀ ਫਾਰਮ ਦੇ ਬਾਵਜੂਦ ਇਸ ਮਹੱਤਵਪੂਰਨ ਫਾਈਨਲ ਮੈਚ ਲਈ ਟੀਮ ਵਿੱਚ ਸ਼ਾਮਲ ਕੀਤਾ ਗਿਆ। ਸੰਜੂ ਸੈਮਸਨ ਨੇ ਟੀ-20 ਵਿਸ਼ਵ ਕੱਪ 2026 ਦੇ ਇਸ ਇੱਕੋ ਟੂਰਨਾਮੈਂਟ ਦੇ ਤਿੰਨ ਮੈਚਾਂ ਵਿੱਚ 80 ਤੋਂ ਵੱਧ ਦੌੜਾਂ ਦੀਆਂ ਪਾਰੀਆਂ ਖੇਡੀਆਂ, ਜੋ ਬਹੁਤ ਮਾਅਨੇ ਰੱਖਦੀਆਂ ਸਨ। ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਵੀ ਆਪਣੀ ਗੇਂਦਬਾਜ਼ੀ ਦੇ ਕਈ ਜੌਹਰ ਦਿਖਾਏ। ਹਾਰਦਿਕ ਪਾਂਡਿਆ, ਅਕਸ਼ਰ ਪਟੇਲ, ਇਸ਼ਾਨ ਕਿਸ਼ਨ ਅਤੇ ਸ਼ਿਵਮ ਦੂਬੇ ਨੇ ਵੀ ਮਹੱਤਵਪੂਰਨ ਪਲਾਂ ਵਿੱਚ ਆਪੋ-ਆਪਣਾ ਅਹਿਮ ਯੋਗਦਾਨ ਪਾਇਆ।
ਸੁਪਰ ਅੱਠ ਮੈਚ ਵਿੱਚ ਦੱਖਣੀ ਅਫਰੀਕਾ ਤੋਂ ਮਿਲੀ ਕਰਾਰੀ ਹਾਰ ਭਾਰਤੀ ਟੀਮ ਨੂੰ ਆਪਣੀ ਫਾਰਮ ਮੁੜ ਹਾਸਲ ਕਰਨ ਲਈ ਲੋੜੀਂਦੀ ਚਿਤਾਵਨੀ ਸਾਬਿਤ ਹੋਈ। ਦੋ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਦੋ ਟੀ-20 ਵਿਸ਼ਵ ਕੱਪ ਖਿਤਾਬ ਜਿੱਤਣ ਦੀ ਸ਼ਾਨਦਾਰ ਸਫ਼ਲਤਾ ਦਾ ਸਿਹਰਾ ਮੁੱਖ ਤੌਰ ’ਤੇ ਖਿਡਾਰੀਆਂ ਲਈ ਭਰਪੂਰ ਕਮਾਈ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਨੂੰ ਜਾਂਦਾ ਹੈ, ਜੋ ਕ੍ਰਿਕਟ ਦੇ ਜਨੂੰਨ ਦੀ ਹੱਦ ਤੱਕ ਦੀਵਾਨੇ ਇਸ ਦੇਸ਼ ਲਈ ਪ੍ਰਤਿਭਾ ਦਾ ਇੱਕ ਵਿਆਪਕ ਸਰੋਤ ਸਾਬਿਤ ਹੋ ਰਹੀ ਹੈ। ਇਹ ਸ਼ਾਨਦਾਰ ਜਿੱਤ ਭਾਰਤ ਨੇ ਇੱਕ ਰੋਜ਼ਾ ਚੈਂਪੀਅਨਜ਼ ਟਰਾਫੀ ਜਿੱਤਣ ਤੋਂ ਇੱਕ ਸਾਲ ਬਾਅਦ ਹਾਸਲ ਕੀਤੀ ਹੈ। ਇਹ ਵੀ ਤੱਥ ਹੈ ਕਿ ਕ੍ਰਿਕਟ ਦੇ ਇੱਕ ਰੋਜ਼ਾ ਤੇ ਹੋਰ ਛੋਟੇ ਫਾਰਮੈਟਾਂ ਅਤੇ ਵਪਾਰ ਦੇ ਸਿਰ ਚੜ੍ਹ ਕੇ ਬੋਲਣ ਵਾਲੇ ਸੁਮੇਲ ਨੇ ਭਾਰਤ ਨੂੰ ਟੈਸਟ ਕ੍ਰਿਕਟ ਵਿੱਚ ਪਿਛਾਂਹ ਧੱਕਿਆ ਹੈ। ਟੈਸਟ ਕ੍ਰਿਕਟ ਇੱਕ ਅਜਿਹਾ ਫਾਰਮੈਟ ਹੈ, ਜਿਸ ਨੂੰ ਕ੍ਰਿਕਟ ਦੇ ਮੂਲ ਰੂਪ ਦੇ ਸ਼ੈਦਾਈ ਬਹੁਤ ਪਸੰਦ ਕਰਦੇ ਹਨ। ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਤੋਂ ਘਰੇਲੂ ਲੜੀ ਵਿੱਚ ਮਿਲੀਆਂ ਸ਼ਰਮਨਾਕ ਹਾਰਾਂ ਚਿੰਤਾ ਦਾ ਵਿਸ਼ਾ ਹਨ। ਟੈਸਟ ਕ੍ਰਿਕਟ ਵਿੱਚ ਆਪਣੀ ਜਗ੍ਹਾ ਮਜ਼ਬੂਤ ਕੀਤੇ ਬਿਨਾਂ ਇਸ ਖੇਡ ਵਿੱਚ ਭਾਰਤ ਦਾ ਵਿਸ਼ਵ ਪੱਧਰ ’ਤੇ ਦਬਦਬਾ ਅਧੂਰਾ ਰਹੇਗਾ।
ਪਿਛਲੇ ਸਾਲ ਨਵੰਬਰ ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ’ਤੇ ਵੀ ਇਹੋ ਗੱਲ ਢੁਕਦੀ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਵੀ ਟੈਸਟ ਕ੍ਰਿਕਟ ਵਿੱਚ ਪਿੱਛੇ ਰਹਿ ਗਈ ਹੈ। ਕ੍ਰਿਕਟ ਦੇ ਤਿੰਨਾਂ ਫਾਰਮੈਟਾਂ ਵਿੱਚ ਇੱਕ ਸੰਤੁਲਿਤ ਪਹੁੰਚ ਅਪਣਾ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ। ਵਿਆਪਕ ਤਸਵੀਰ ਦੇ ਮੱਦੇਨਜ਼ਰ ਇਹ ਸਪੱਸ਼ਟ ਹੈ ਕਿ ਚੰਗਾ ਹੋਵੇ ਜਾਂ ਮਾੜਾ, ਭਾਰਤ ਵਿੱਚ ਖੇਡ ਜਗਤ ਫਿਲਹਾਲ ਕ੍ਰਿਕਟ ਦੁਆਲੇ ਹੀ ਘੁੰਮਦਾ ਰਹੇਗਾ।

